ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਸੈਣੀ ( ਉਚਾਰਨ ) ਉੱਤਰੀ ਭਾਰਤ ਵਿੱਚ ਇੱਕ ਜਾਤੀ ਹੈ, ਜੋ ਕਿ ਰਵਾਇਤੀ ਤੌਰ ਤੇ ਜ਼ਮੀਂਦਾਰ ਅਤੇ ਕਿਸਾਨ ਹੁੰਦੇ ਹਨ। ਸੈਣੀ, ਇੱਕ ਪ੍ਰਾਚੀਨ ਸ਼ੂਰਸੈਨੀ ਕਬੀਲੇ ਦੇ ਰਾਜਾ ਸ਼ੂਰਸੇਨਾ ਦੀ ਔਲਾਦ ਹੋਣ ਦਾ ਦਾਅਵਾ ਕਰਨ ਦੇ ਨਾਲ ਨਾਲ ਕ੍ਰਿਸ਼ਨਾ ਅਤੇ ਪੋਰਸ ਨਾਲ ਸਬੰਧਤ ਹਨ। ਪੁਰਾਣਿਕ ਸਾਹਿਤ ਵਿਚ, 1901 ਦੀ ਮਰਦਮਸ਼ੁਮਾਰੀ ਚ ਪਾਇਆ ਗਿਆ ਕਿ ਜੋ ਲੋਕ ਸ਼ੂਰਸੈਨੀ ਨਾਮ ਵਰਤਦੇ ਸਨ ਸਿਰਫ ਵਿਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਵਸਨੀਕ ਸਨ। ਸੈਣੀ, ਰਾਜਪੂਤਾਂ ਦੇ ਨਾਲ ਸਬੰਧ ਹੋਣ ਦਾ ਦਾਅਵਾ ਵੀ ਕਰਦੇ ਹਨ। ਖੇਤੀਬਾੜੀ ਦੇ ਪਰਿਵਾਰ-ਸਮੂਹ ਅਤੇ ਇੱਕ ਮਨੋਨੀਤ ਲੜਾਕੂ ਕੌਮ ਦੋਨੋ ਤਰਾਂ ਦੇ ਨਾਲ ਜਾਣੇ ਜਾਂਦੇ ਸੈਣੀਆਂ ਨੇ , ਬ੍ਰਿਟਿਸ਼ ਰਾਜ ਯੁੱਗ ਦੋਰਾਨ ਭਾਰਤੀ ਬਗਾਵਤ ਦੇ 1857 ਚ ਪੂਰਾ ਹਿੱਸਾ ਪਾਇਆ.
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਕੁਆਂਟਮ ਮਕੈਨਿਕਸ ਵਿੱਚ, ਸ਼੍ਰੋਡਿੰਜਰ ਇਕੁਏਸ਼ਨ ਇੱਕ ਅਜਿਹੀ ਗਣਿਤਿਕ ਸਮੀਕਰਨ ਹੁੰਦੀ ਹੈ ਜੋ ਕਿਸੇ ਅਜਿਹੇ ਭੌਤਿਕੀ ਸਿਸਟਮ ਦੀਆਂ ਵਕਤ ਬੀਤਣ ਉਪਰੰਤ ਤਬਦੀਲੀਆਂ ਨੂੰ ਦਰਸਾਉਂਦੀ ਹੈ, ਜਿਹਨਾਂ ਵਿੱਚ ਕੁਆਂਟਮ ਪ੍ਰਭਾਵ, ਜਿਵੇਂ ਵੇਵ-ਪਾਰਟੀਕਲ ਡਿਊਲਿਟੀ, ਮਹੱਤਵਪੂਰਨ ਹੋ ਜਾਂਦੇ ਹਨ। ਇਹ ਇਕੁਏਸ਼ਨ ਕੁਆਂਟਮ ਮਕੈਨੀਕਲ ਸਿਸਟਮਾਂ ਦਾ ਅਧਿਐਨ ਕਰਨ ਲਈ ਇੱਕ ਗਣਿਤਿਕ ਫਾਰਮੂਲਾ ਵਿਓਂਤਬੰਦੀ ਹੈ। ਇਹ ਕੁਆਂਟਮ ਸਿਸਟਮਾਂ ਦੇ ਅਧਿਐਨ ਲਈ ਇੱਕ ਕੇਂਦਰੀ ਨਤੀਜਾ ਮੰਨੀ ਜਾਂਦੀ ਹੈ ਅਤੇ ਇਸਦੀ ਵਿਓਂਤਬੰਦੀ ਕੁਆਂਟਮ ਮਕੈਨਿਕਸ ਦੀ ਥਿਊਰੀ ਵਿਕਸਿਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲਪੱਥਰ ਰਹੀ ਸੀ। ਇਸਦਾ ਨਾਮ ਐਰਵਿਨ ਸ਼੍ਰੋਡਿੰਜਰ ਦੇ ਨਾਮ ਤੋਂ ਰੱਖਿਆ ਗਿਆ ਸੀ, ਜਿਸਨੇ 1925 ਵਿੱਚ ਸਮੀਕਰਨ ਵਿਓਂਤਬੰਦ ਕੀਤੀ ਸੀ ਅਤੇ 1933 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪ੍ਰਾਈਜ਼ ਜਿੱਤਣ ਦਾ ਨਤੀਜਾ ਦੇਣ ਵਾਲੇ ਉਸਦੇ ਕੰਮ ਦਾ ਅਧਾਰ ਰਚਦੇ ਹੋਏ 1926 ਵਿੱਚ ਛਾਪੀ ਸੀ। ਇਹ ਇਕੁਏਸ਼ਨ ਕਿਸੇ ਤਰੰਗ-ਸਮੀਕਰਨ ਦੇ ਤੌਰ ਤੇ ਜਾਣੀ ਜਾਂਦੀ ਇੱਕ ਕਿਸਮ ਦੀ ਡਿਫ੍ਰੈਂਸ਼ੀਅਲ ਇਕੁਏਸ਼ਨ ਹੈ, ਜੋ ਤਰੰਗਾਂ ਦੀ ਹਿੱਲਜੁੱਲ ਦੇ ਇੱਕ ਗਣਿਤਿਕ ਮਾਡਲ ਦੇ ਤੌਰ ਤੇ ਕੰਮ ਕਰਦੀ ਹੈ।
ਖਾਦ (ਅਮਰੀਕਨ ਅੰਗ੍ਰੇਜ਼ੀ: Fertilizer; ਬ੍ਰਿਟਿਸ਼ ਅੰਗ੍ਰੇਜ਼ੀ: Fertiliser), ਇੱਕ ਕੁਦਰਤੀ ਜਾਂ ਸਿੰਥੈਟਿਕ ਮੂਲ (ਚੂਨਾ ਸਮੱਗਰੀ ਤੋਂ ਇਲਾਵਾ) ਦੀ ਕੋਈ ਵੀ ਸਾਮੱਗਰੀ ਹੈ ਜੋ ਇੱਕ ਜਾਂ ਇੱਕ ਤੋਂ ਵੱਧ ਪੌਦਿਆਂ ਦੇ ਪੋਸ਼ਟਿਕ ਤੱਤਾਂ ਨੂੰ ਸਪਲਾਈ ਕਰਨ ਲਈ ਮਿੱਟੀ ਜਾਂ ਪੌਦੇ ਦੇ ਟਿਸ਼ੂਆਂ (ਆਮ ਤੌਰ ਤੇ ਪੱਤੀਆਂ) ਨੂੰ ਲਗਾਇਆ/ਦਿੱਤਾ ਜਾਂਦਾ ਹੈ। ਇਹ ਪੌਦਿਆਂ ਦੇ ਵਿਕਾਸ ਲਈ ਜ਼ਰੂਰੀ ਹੈ।
ਦਿਵਾਲੀ ਜਾਂ ਦੀਪਾਵਲੀ ਭਾਰਤ ਦਾ ਇੱਕ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਮਨਾਂਦੇ ਹਨ। ਹਿੰਦੂ ਇਸਨੂੰ ਸ੍ਰੀ ਰਾਮ ਦੀ ਦੇਸ ਨਿਕਾਲੇ ਤੋਂ ਮੁੜਨ ਦੀ ਖੁਸ਼ੀ ਵਿੱਚ ਮਨਾਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਨਿਰਵਾਣ ਪ੍ਰਾਪਤੀ ਦੀ ਖੁਸ਼ੀ ਵਿੱਚ ਇਸਨੂੰ ਮਨਾਂਦੇ ਹਨ। ਇਹ ਤਿਉਹਾਰ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਮਨਾਇਆ ਜਾਂਦਾ ਹੈ।
ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 22 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਵਾਰ ਵਿੱਚੋਂ ਹਿੰਦ-ਇਰਾਨੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਕੁਆਂਟਮ ਟੈਲੀਪੋਰਟੇਸ਼ਨ ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਕੁਆਂਟਮ ਸੂਚਨਾ (ਉਦਾਹਰਨ ਦੇ ਤੌਰ ਤੇ, ਕਿਸੇ ਐਟਮ ਜਾਂ ਫੋਟੌਨ ਦੀ ਸਹੀ ਸਹੀ ਅਵਸਥਾ) ਨੂੰ, ਭੇਜਣ ਵਾਲੇ ਅਤੇ ਰਿਸੀਵ ਕਰਨ ਵਾਲੇ ਸਥਾਨ ਦਰਮਿਆਨ ਕਲਾਸੀਕਲ ਦੂਰ-ਸੰਚਾਰ ਅਤੇ ਪੂਰਵ-ਸਾਂਝੀ ਕੁਆਂਟਮ ਇੰਟੈਂਗਲਮੈਂਟ ਦੀ ਮੱਦਦ ਨਾਲ, ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੱਕ (ਮੁੱਖ ਤੌਰ ਤੇ, ਸਹੀ ਸਹੀ) ਸੰਚਾਰਿਤ (ਟ੍ਰਾਂਸਮਿਟ) ਕੀਤਾ ਜਾ ਸਕਦਾ ਹੈ। ਕਿਉਂਕਿ ਇਹ ਕਲਾਸੀਕਲ ਦੂਰਸੰਚਾਰ ਉੱਤੇ ਨਿਰਭਰ ਕਰਦੀ ਹੈ, ਜੋ ਪ੍ਰਕਾਸ਼ ਦੀ ਸਪੀਡ ਤੋਂ ਤੇਜ਼ ਪ੍ਰੋਸੈੱਸ ਨਹੀਂ ਕੀਤਾ ਜਾ ਸਕਦਾ, ਇਸਲਈ ਇਸਦੀ ਵਰਤੋਂ ਵਰਤਮਾਨ ਤੌਰ ਤੇ ਕਲਾਸੀਕਲ ਬਿੱਟਾਂ ਦੇ ਪ੍ਰਕਾਸ਼ ਤੋਂ ਤੇਜ਼ ਸੰਚਾਰ ਜਾਂ ਦੂਰ-ਸੰਚਾਰ ਲਈ ਨਹੀਂ ਕੀਤੀ ਜਾ ਸਕਦੀ । ਜਦੋਂਕਿ ਦੋ (ਇੰਟੈਗਲਡ) ਐਟਮਾਂ ਦਰਮਿਆਨ ਸੂਚਨਾ ਦੇ ਇੱਕ ਜਾਂ ਇੱਕ ਤੋਂ ਜਿਆਦਾ ਕਿਉਬਿਟਾਂ ਨੂੰ ਸੰਚਾਰਿਤ ਕਰਨਾ ਸੰਭਵ ਸਾਬਤ ਕੀਤਾ ਜਾ ਚੁੱਕਾ ਹੈ, ਫੇਰ ਵੀ ਅਜੇ ਤੱਕ ਇਹ ਮੌਲੀਕਿਊਲਾਂ ਜਾਂ ਕਿਸੇ ਵੱਡੀ ਚੀਜ਼ ਦਰਮਿਆਨ ਪ੍ਰਾਪਤ ਨਹੀਂ ਕੀਤਾ ਗਿਆ ਹੈ। ਭਾਵੇਂ ਇਹ ਨਾਮ ਫਿਕਸ਼ਨ ਵਿੱਚ ਸਾਂਝੇ ਤੌਰ ਤੇ ਵਰਤੇ ਜਾਂਦੇ ਟੈਲੀਪੋਰਟੇਸ਼ਨ ਸ਼ਬਦ ਤੋਂ ਪ੍ਰੇਰਿਤ ਹੋਇਆ ਹੈ, ਫੇਰ ਵੀ ਨਾਮ ਤੋਂ ਇਲਾਵਾ ਇਸਦਾ ਹੋਰ ਕੋਈ ਸਬੰਧ ਨਹੀਂ ਹੈ, ਕਿਉਂਕਿ ਕੁਆਂਟਮ ਟੈਲੀਪੋਰਟੇਸ਼ਨ ਦਾ ਵਾਸਤਾ ਸਿਰਫ ਸੂਚਨਾ ਦੇ ਸੰਚਾਰ ਨਾਲ ਹੀ ਪੈਂਦਾ ਹੈ। ਕੁਆਂਟਮ ਟੈਲੀਪੋਰਟੇਸ਼ਨ ਕਿਸੇ ਕਿਸਮ ਦਾ ਸੰਚਾਰ ਨਹੀਂ ਹੈ, ਸਗੋਂ ਦੂਰਸੰਚਾਰ ਦੀ ਇੱਕ ਕਿਸਮ ਹੈ; ਇਹ ਕਿਸੇ ਭੌਤਿਕੀ ਕਣ ਨੂੰ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੱਕ ਗਤੀ ਕਰਵਾਏ ਬਗੈਰ ਹੀ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਕਿਸੇ ਕਿਉਬਿਟ ਨੂੰ ਸੰਚਾਰਿਤ ਕਰਨ ਦਾ ਇੱਕ ਰਸਤਾ ਮੁਹੱਈਆ ਕਰਵਾਉਂਦਾ ਹੈ। ਸੈਮੀਨਾਰ ਪੇਪਰ ਜਿਸਨੇ ਪਹਿਲੀ ਵਾਰ ਕੁਆਂਟਮ ਟੈਲੀਪੋਰਟੇਸ਼ਨ ਦੇ ਵਿਚਾਰ ਦੀ ਵਿਆਖਿਆ ਕੀਤੀ ਸੀ, ਸੀ. ਐੱਚ. ਬੇਨੇੱਟ, ਜੀ.
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਸਿੱਖ ਤਿਉਹਾਰ ਹੈ।ਸਿੱਖ ਜਗਤ ਵਿਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹਾ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਸਾਹਿਬ ਪਹੁੰਚੇ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਇਕ ਸਾਲਾਨਾ ਪੌਦਾ (ਇੰਗ: Annual Plant) ਇੱਕ ਅਜਿਹਾ ਪੌਦਾ ਹੁੰਦਾ ਹੈ ਜੋ ਇੱਕ ਸਾਲ ਦੇ ਅੰਦਰ ਆਵਦੇ ਜੀਵਨ ਚੱਕਰ ਨੂੰ ਮੁਕੰਮਲ ਕਰ ਦਿੰਦਾ ਹੈ। ਬੀਜ ਦੀ ਪੈਦਾਵਾਰ ਤੋਂ, ਬੀਜ ਪੈਦਾ ਕਰਨ ਤਕ ਰਹਿੰਦਾ ਹੈ ਅਤੇ ਫਿਰ ਮਰ ਜਾਂਦਾ ਹੈ। ਇਹ ਪੌਦੇ ਗਰਮੀਆਂ ਦੀਆਂ ਸਾਲਾਨਾ ਬਸੰਤਾਂ ਜਾਂ ਗਰਮੀ ਦੀ ਰੁੱਤ ਦੇ ਦੌਰਾਨ ਉਗਦੇ ਹਨ ਅਤੇ ਉਸੇ ਸਾਲ ਦੀ ਪਤਝੜ ਦੁਆਰਾ ਪੱਕਦੇ ਹਨ ਜਾਂ ਸਰਦੀ ਸਾਲਾਨਾ ਪਤਝੜ ਦੌਰਾਨ ਉਗਦੇ ਹਨ ਅਤੇ ਅਗਲੇ ਕੈਲੰਡਰ ਵਰ੍ਹੇ ਦੇ ਬਸੰਤ ਜਾਂ ਗਰਮੀ ਦੇ ਦੌਰਾਨ ਪੱਕਦੇ ਹਨ। ਸਲਾਨਾ ਲਈ ਇਕ ਬੀਜ-ਟੂ-ਬੀਜ ਜੀਵਨ ਚੱਕਰ ਕੁੱਝ ਪ੍ਰਜਾਤੀਆਂ ਵਿੱਚ ਇੱਕ ਮਹੀਨੇ ਦੇ ਬਰਾਬਰ ਘੱਟ ਹੋ ਸਕਦਾ ਹੈ, ਹਾਲਾਂਕਿ ਪਿਛਲੇ ਕਈ ਮਹੀਨਿਆਂ ਵਿੱਚ। ਤੇਲਬੀਜ਼ ਰਪਾ ਫਲੋਰੈਂਸ ਲੈਂਪਾਂ ਦੇ ਇੱਕ ਬੈਂਕ ਦੇ ਤਹਿਤ ਲਗਭਗ ਪੰਜ ਹਫ਼ਤਿਆਂ ਵਿੱਚ ਬੀਜ ਪੁੰਗਰਨ ਤੋਂ ਬੀਜ ਪੈਦਾ ਕਰਨ ਤੱਕ ਜਾ ਸਕਦਾ ਹੈ.
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਸਮਲਿੰਗਕਤਾ ਦਾ ਅਰਥ ਕਿਸੇ ਵਿਅਕਤੀ ਦਾ ਸਮਾਨ ਲਿੰਗ ਦੇ ਲੋਕਾਂ ਦੇ ਪ੍ਰਤੀ ਯੋਨ ਅਤੇ ਰੋਮਾਂਸਪੂਰਵਕ ਰੂਪ ’ਚ ਆਕਰਸ਼ਤ ਹੋਣਾ ਹੈ। ਉਹ ਪੁਰਸ਼, ਜੋ ਹੋਰ ਪੁਰਸ਼ਾਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਪੁਰਸ਼ ਸਮਲਿੰਗੀ ਜਾਂ ਗੇਅ, ਅਤੇ ਜੋ ਮਹਿਲਾ ਕਿਸੇ ਹੋਰ ਮਹਿਲਾ ਦੇ ਪ੍ਰਤੀ ਆਕਰਸ਼ਤ ਹੁੰਦੀਆਂ ਹਨ ਉਸਨੂੰ ਮਹਿਲਾ ਸਮਲਿੰਗੀ ਜਾਂ ਲੈਸਬੀਅਨ ਆਖਿਆ ਜਾਂਦਾ ਹੈ। ਜੋ ਲੋਕ ਮਹਿਲਾ ਅਤੇ ਪੁਰਸ਼ ਦੋਨ੍ਹੋਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਦੁਲਿੰਗੀ ਆਖਿਆ ਜਾਂਦਾ ਹੈ। ਕੁੱਲ ਮਿਲਾ ਕੇ ਸਮਲੈਂਗਿਕ, ਉਭਇਲੈਂਗਿਕ, ਅਤੇ ਲਿੰਗਪਰਿਵਰਤੀਤ ਲੋਕਾਂ ਨੂੰ ਮਿਲਾ ਕੇ ਐਲਜੀਬੀਟੀ (ਅੰਗਰੇਜੀ: LGBT) ਭਾਈਚਾਰਾ ਬਣਦਾ ਹੈ। ਇਹ ਕਹਿਣਾ ਔਖਾ ਹੈ ਕਿ ਕਿੰਨੇ ਲੋਕ ਸਮਲਿੰਗੀ ਹੈ। ਸਮਲੈਂਗਿਕਤਾ ਦਾ ਅਸਤੀਤਵ ਸਾਰੇ ਸਭਿਆਚਾਰਾਂ ਅਤੇ ਦੇਸ਼ਾਂ ਵਿੱਚ ਪਾਇਆ ਗਿਆ ਹੈ, ਹਾਲਾਂਕਿ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਇਸ ਗੱਲ ਦਾ ਖੰਡਨ ਕਰਦੀ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਪ੍ਰੋ. ਪੂਰਨ ਸਿੰਘ ਦੀ ਰਚਨਾ ਅਤੇ ਮੁੱਖ ਪ੍ਰਵਿਰਤੀਆਂ
ਭਾਵੇਂ ਕਿਸੇ ਵੀ ਲੇਖਕ ਦੀ ਰਚਨਾ ਉਸ ਦੇ ਜੀਵਨ-ਅਨੁਭਵ ਦਾ ਇੰਨ-ਬਿੰਨ ਸਿੱਧੇ ਰੂਪ `ਚ ਕੀਤਾ ਗਿਆ ਪ੍ਰਗਟਾਵਾ ਨਹੀਂ ਹੁੰਦੀ ਪਰ ਫਿਰ ਵੀ ਉਸ ਦੇ ਜੀਵਨ ਦੇ ਕੁਝ ਅਹਿਮ ਵੇਰਵਿਆਂ ਦੀ ਜਾਣਕਾਰੀ ਉਸ ਦੀ ਰਚਨਾ ਦੇ ਅਧਿਐਨ ਲਈ ਸਹਾਈ ਹੋ ਸਕਦੀ ਹੈ।ਇਸ ਪੱਖ ਤੋਂ ਪੋ੍ਰ. ਪੂਰਨ ਸਿੰਘ ਦੇ ਜੀਵਨੀਗਤ ਵੇਰਵਿਆਂ ਵਿਚੋਂ ਉਨ੍ਹਾਂ ਨੂੰ ਅਗਰਭੂਮਿਤ ਕਰਕੇ ਵੇਖਣ ਜ਼ਰੂਰੀ ਹੈ।ਜਿਨ੍ਹਾਂ ਨੇ ਉਸ ਦੀ ਰਚਨਾ ਦ੍ਰਿਸ਼ਟੀ ਨੂੰ ਪ੍ਰਭਾਵਿਤ ਕੀਤਾ।ਪੂਰਨ ਸਿੰਘ ਦਾ ਜਨਮ 17 ਫਰਵਰੀ ਨੂੰ ਪਿੰਡ ਪਠਾਣੀ ਸਲਹੱਡ ਜ਼ਿਲ੍ਹਾ ਐਬਟਾਬਾਦ (ਪਾਕਿਸਤਾਨ) ਵਿਖੇ ਸਰਕਾਰ ਕਰਤਾਰ ਸਿੰਘ ਦੇ ਘਰ ਹੋਇਆ।ਉਹ ਵਧੇਰੇ ਕਰਕੇ ਆਪਣੀ ਮਾਤਾ ਸ੍ਰੀਮਤੀ ਪਰਮਾ ਦੇਵੀ ਦੇ ਸਾਥ ਵਿੱਚ ਹੀ ਰਿਹਾ।ਉਸ ਦੇ ਵਿਅਕਤਿੱਤਵ ਉਤੇ ਮਾਂ ਦੇ ਵਾਤਸਲ ਪਿਆਰ ਏਨਾ ਪ੍ਰਭਾਵ ਪਿਆ ਕਿ ਉਸ ਦੀ ਕਵਿਤਾ ਪੂਰਨ ਨਾਥ ਜੋਗੀ ਦੀ ਪਾਤਰ ਇੱਛਰਾਂ ਦੇ ਭਾਵਾਂ ਵਿੱਚੋਂ ਇਹ ਪ੍ਰਭਾਵ ਪ੍ਰਤੱਖ ਤੌਰ ਤੇ ਝਲਕਦਾ ਵੇਖਿਆ ਜਾ ਸਕਦਾ ਹੈ।ਜਾਪਾਨ ਵਿੱਚ ਪੂਰਨ ਸਿੰਘ ਛੇਤੀ ਹੀ ਉਸ ਉਰੀਐਂਟਲ ਕਲੱਬ ਦਾ ਮੈਂਬਰ ਬਣ ਗਿਆ।ਪੂਰਨ ਸਿੰਘ ਨੂੰ ਭਾਰਤ ਲਈ ਸੁਤੰਤਰਤਾ ਪ੍ਰਾਪਤੀ ਦੀ ਚੇਟਕ ਲੱਗ ਗਈ।ਇਸੇ ਪ੍ਰੇਰਣਾ ਅਧੀਨ ਹੀ ਉਸ ਨੇ ਥੰਡਰਿੰਗ ਡਾਨ ਨਾਂ ਦਾ ਰਸਾਲਾ ਵੀ ਕੱਢਿਆ ਆਜ਼ਾਦੀ ਦੀ ਇਹ ਤਾਂਘ ਪੂਰਨ ਸਿੰਘ ਦੀਆਂ ਕਾਵਿ-ਰਚਨਾਵਾਂ ਵਿੱਚ ਸਮਾਈ ਹੋਈ ਮਿਲਦੀ ਹੈ। 1912 ਵਿੱਚ ਜਦ ਸਿਆਲਕੋਟ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਹੋ ਰਹੀ ਸੀ ਤਾਂ ਪੂਰਨ ਸਿੰਘ ਦੇ ਮੇਲ-ਮਿਲਾਪ ਭਾਈ ਵੀਰ ਸਿੰਘ ਨਾਲ ਹੋਇਆ ਉਹ ਮੁੜ ਸਿੱਖੀ ਦੇ ਰੰਗ ਵਿੱਚ ਰੰਗਿਆ ਗਿਆ।1930 ਦੇ ਅੰਤ ਵਿੱਚ ਪੂਰਨ ਸਿੰਘ ਨੂੰ ਟੀ.ਬੀ. ਦੀ ਬਿਮਾਰੀ ਨੇ ਘੇਰ ਲਿਆ।ਜਦ ਰੋਗ ਲਾਇਲਾਜ਼ ਹੋਣ ਦੀ ਹੱਦ ਤੱਕ ਵੱਧ ਅਿਗਾ ਤਾਂ 31 ਮਾਰਚ 1931 ਨੂੰ ਉਸ ਦਾ ਦੇਹਾਂਤ ਹੋ ਗਿਆ। ਪ੍ਰੋ.
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।
ਖੇਤੀਬਾੜੀ ਪਸਾਰ ਸਿੱਖਿਆ (ਐਗਰੀਕਲਚਰ ਐਕਸਟੈਂਸ਼ਨ, Eng: Agricultural Extension) ਕਿਸਾਨ ਦੀ ਸਿੱਖਿਆ ਦੁਆਰਾ ਖੇਤੀਬਾੜੀ ਦੇ ਅਮਲਾਂ ਨੂੰ ਵਿਗਿਆਨਕ ਖੋਜ ਅਤੇ ਨਵੇਂ ਗਿਆਨ ਦਾ ਕਾਰਜ ਹੈ। 'ਐਕਸਟੈਂਸ਼ਨ' ਦੇ ਖੇਤਰ ਵਿੱਚ ਹੁਣ ਖੇਤੀਬਾੜੀ, ਖੇਤੀਬਾੜੀ ਮਾਰਕੀਟਿੰਗ, ਸਿਹਤ ਅਤੇ ਬਿਜ਼ਨਸ ਅਧਿਐਨ ਸਮੇਤ ਵੱਖ-ਵੱਖ ਵਿਸ਼ਿਆਂ ਦੇ ਸਿੱਖਿਅਕਾਂ ਦੁਆਰਾ ਪੇਂਡੂ ਲੋਕਾਂ ਲਈ ਸੰਚਾਰ ਅਤੇ ਸਿੱਖਣ ਦੀਆਂ ਗਤੀਵਿਧੀਆਂ ਦੀ ਵਿਸ਼ਾਲ ਸ਼੍ਰੇਣੀ ਸ਼ਾਮਿਲ ਹੈ।
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.
ਲਾਲਾ ਧਨੀਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿੱਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਨ੍ਹਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ ।
ਵਿਧੀ ਵਿਗਿਆਨ (Forensic Science) ਵਿਗਿਆਨ ਦੀ ਉਹ ਸ਼ਾਖਾ ਹੈ ਜਿਸ ਵਿੱਚ ਸਮੂਹ ਵਿਗਿਆਨਾਂ ਦੇ ਸਿਧਾਂਤਾਂ ਅਤੇ ਅਸੂਲਾਂ ਦਾ ਮੇਲ ਹੈ ਜਿੰਨ੍ਹਾ ਨੂੰ ਪੀੜਤ ਨੂੰ ਇਨਸਾਫ਼ ਦਵਾਉਣ ਦੇ ਉਦੇਸ਼ ਲਈ ਵਰਤਿਆ ਜਾਂਦਾ ਹੈ। ਵਿਸ਼ਵ ਵਿੱਚ ਵੱਧ ਰਹੇ ਜੁਰਮਾਂ ਨੇ ਇਸ ਖੇਤਰ ਨੂੰ ਵਧਣ ਲਈ ਪ੍ਰੇਰਿਤ ਕੀਤਾ ਹੈ। ਇਸ ਦਾ ਮੰਤਵ ਜੁਰਮ ਨੂੰ ਖਤਮ ਕਰਨਾ, ਦੋਸ਼ੀ ਨੂੰ ਸਜ਼ਾ ਦਵਾਉਣਾ ਅਤੇ ਪੀੜਤ ਨੂੰ ਇਨਸਾਫ਼ ਦਵਾਉਣਾ ਹੈ। ਇਸ ਦਾ ਅੰਗ੍ਰੇਜ਼ੀ ਅਨੁਵਾਦ ਇੱਕ ਲਾਤਿਨੀ ਸ਼ਬਦ forensis ਤੋਂ ਲਿਆ ਗਿਆ ਹੈ ਜਿਸਦਾ ਮਤਲਬ ਹੈ ਸੰਗਠ ਦੀ ਜਾਂ ਸੰਗਠ ਦੇ ਸਾਹਮਣੇ। ਰੋਮਨ ਕਾਲ ਵਿੱਚ ਅਪਰਾਧਕ ਮਾਮਲਿਆਂ ਦੇ ਹੱਲ ਲਈ ਪੀੜਤ ਅਤੇ ਅਪਰਾਧੀ ਦੋਵੇਂ ਧਿਰਾਂ ਆਪਣਾ ਆਪਣਾ ਪੱਖ ਸੰਗਠ ਦੇ ਸਾਹਮਣੇ ਰਖਦੇ ਸਨ ਅਤੇ ਜਿਸਦੀ ਦਲੀਲ ਸੰਗਠ ਨੂੰ ਬੇਹਤਰ ਲਗਦੀ ਸੀ, ਸੰਗਠ ਉਸ ਦੇ ਹੱਕ ਵਿੱਚ ਆਪਣਾ ਫ਼ੈਸਲਾ ਸੁਣਾ ਦਿੰਦਾ ਸੀ। ਪਰ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਇਹ ਫੈਸਲਿਆਂ ਨੇ ਦਲੀਲਾਂ ਦੀ ਜਗਹ ਵਿਗਿਆਨਕ ਸਬੂਤਾਂ ਨੂੰ ਮਹੱਤਵਤਾ ਦੇਣੀ ਸ਼ੁਰੂ ਕਰ ਦਿੱਤੀ, ਜਿਸ ਨਾਲ ਫੈਸਲਿਆਂ ਨੇ ਪ੍ਰਮਾਣਿਕ ਅਤੇ ਭਰੋਸੇਯੋਗ ਢੰਗ ਲੈ ਲਿਆ। ਜੁਰਮ ਮਨੁੱਖੀ ਜਾਤੀ ਦੀ ਸ਼ੁਰੁਆਤ ਦੇ ਵੇਲਿਆਂ ਤੋਂ ਹੀ ਸਾਡੇ ਸਮਾਜ ਵਿੱਚ ਮੌਜੂਦ ਹੈ। ਵਿਗਿਆਨ ਵਿੱਚ ਅਤੇ ਤਕਨੀਕੀ ਤਰੱਕੀਆਂ ਕਰ ਕੇ ਅੱਜ ਜੁਰਮ, ਉਸਨੂੰ ਕਰਨ ਦੇ ਢੰਗ, ਅਪਰਾਧ ਦੀ ਧਾਰਨਾ ਵਿੱਚ ਬਹੁਤ ਬਦਲਾਵ ਆਇਆ ਹੈ। ਜਿੱਥੇ ਇੱਕ ਪਾਸੇ ਇੱਕ ਹੁਸ਼ਿਆਰ ਅਪਰਾਧੀ ਨੇ ਆਪਣੇ ਮੰਤਵ ਲਈ ਵਿਗਿਆਨ ਦਾ ਸ਼ੋਸ਼ਣ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਖੋਜਕਾਰ ਅਜਿਹੇ ਮਾਮਲਿਆਂ ਦੀ ਤਫਤੀਸ਼ ਲਈ ਪੁਰਾਣੇ ਨਿਯਮਾਂ ਅਤੇ ਤਕਨੀਕਾਂ ਤੇ ਨਿਰਭਰ ਹੋ ਕੇ ਨਹੀਂ ਰਹਿ ਸਕਦੇ। ਇਸੇ ਜ਼ਰੁਰਤ ਦੇ ਚਲਦਿਆਂ ਵਿਧੀ ਵਿਗਿਆਨ ਦਾ ਵਿਕਾਸ ਹੋਇਆ ਹੈ ਅਤੇ ਅੱਜ ਇਹ ਇੱਕ ਮਹੱਤਵਪੂਰਣ ਵਿਸ਼ੇ ਦੀ ਤਰਾਂ ਉਭਰਿਆ ਹੈ। ਸਮੂਹ ਵਿਸ਼ਵ ਦੇ ਲਗਭਗ ਹਰ ਦੇਸ਼ ਅਤੇ ਰਾਜ ਵਿੱਚ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਬਣਾਈ ਗਈ ਹੈ ਤਾਂ ਕੀ ਘਟਣਾ ਸਥਲ ਤੇ ਮਿਲੇ ਹੋਏ ਸਬੂਤਾਂ ਦੀ ਜਲਦ ਅਤੇ ਭਰੋਸੇਯੋਗ ਜਾਂਚ ਕੀਤੀ ਜਾ ਸਕੇ।
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਭਾਰਤ ਦਾ ਇਤਿਹਾਸ ਲੱਗਭੱਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲੱਗਭੱਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿੱਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।
ਸੂਰਜ ਪ੍ਰਕਾਸ਼ ਜਿਸ ਦਾ ਨਾਮ ਗੁਰਪ੍ਰਤਾਪ ਸੂਰਜ ਹੈ, ਭਾਈ ਸੰਤੋਖ ਸਿੰਘ ਦੀ ਮਹਾਨ ਰਚਨਾ ਹੈ ਜੋ ਆਪ ਨੇ 10 ਸਾਲਾਂ ਦੀ ਕਰੜੀ ਮਿਹਨਤ ਕਰਕੇ ਤਿਆਰ ਕੀਤਾ। ਏਨੀ ਵੱਡੀ ਪੁਸਤਕ ਸੰਸਾਰ ਭਰ ਵਿਚ ਹੋਰ ਕਿਸੇ ਲਿਖਾਰੀ ਨੇ ਨਹੀਂ ਲਿਖੀ। ਸੂਰਜ ਪ੍ਰਕਾਸ਼ ਦੇ ਕੁੱਲ 115 ਅਧਿਆਏ ਹਨ। 64 ਹਜ਼ਾਰ ਤੋਂ ਵੱਧ ਛੰਦ ਹਨ, ਜਿਨ੍ਹਾਂ ਦੀਆਂ ਲਗਪਗ ਢਾਈ ਲੱਖ ਸਤਰਾਂ ਹਨ। ਇਸ ਗ੍ਰੰਥ ਦੀਆਂ ਕੁੱਲ 14 ਜਿਲਦਾਂ ਹਨ ਅਤੇ 6 ਹਜ਼ਾਰ ਪੰਨੇ ਹਨ। ਪੰਜਾਹ ਹਜ਼ਾਰ ਤੋਂ ਵਧੇਰੇ ਬੰਦਾਂ ਵਿੱਚ ਲਿਖੇ ਗਏ ਇਸ ਗ੍ਰੰਥ ਵਿਚਲੇ ਸਾਰੇ ਇਤਿਹਾਸਕ ਪ੍ਰਸੰਗ ਆਪੋ ਆਪਣੀ ਥਾਂ ਮਹੱਤਵਪੂਰਨ ਹਨ। ਵਰਤਮਾਨ ਸਦੀ ਦੇ ਬਹੁਤ ਸਾਰੇ ਲੇਖਕਾਂ ਨੇ ਸਿੱਖ ਇਤਿਹਾਸ ਲਿਖਿਆ ਹੈ, ਉਨ੍ਹਾਂ ਨੇ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਹੀ ਆਧਾਰ ਬਣਾਇਆ ਹੈ। ਭਾਈ ਸੰਤੋਖ ਸਿੰਘ ਮਹਾਂਕਵੀ ਸੰਸਕ੍ਰਿਤ ਦੇ ਪੰਡਤ, ਬਜ ਭਾਸ਼ਾ ਦੇ ਨਿਪੁੰਨ ਅਤੇ ਵਡ-ਆਕਾਰੀ ਕਵੀ ਅਤੇ ਪੰਜਾਬੀ ਸੰਵੇਦਨਾ ਦੇ ਗੂੜ੍ਹ-ਗਿਆਤਾ ਸਨ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਕਾਵਿ ਸ਼ਾਸਤਰ (Poetics) ਕਵਿਤਾ ਅਤੇ ਸਾਹਿਤ ਦਾ ਫਲਸਫਾ ਅਤੇ ਵਿਗਿਆਨ ਹੈ। ਇਹ ਕਾਵਿ ਕ੍ਰਿਤੀਆਂ ਅਤੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਸਮੇਂ-ਸਮੇਂ ਸਾਹਮਣੇ ਆਏ ਸਿਧਾਂਤਾਂ ਦਾ ਗਿਆਨ ਹੈ। ਪਰ ਕੁਝ ਵਿਦਵਾਨ ਇਸ ਦੀ ਵਰਤੋਂ ਏਨੇ ਵਿਆਪਕ ਅਧਾਰ ਤੇ ਕਰਦੇ ਹਨ ਕਿ ਖੁਦ ਸਿਧਾਂਤ ਵੀ ਇਸ ਦੇ ਕਲਾਵੇ ਵਿੱਚ ਆ ਜਾਂਦਾ ਹੈ। ਯੁੱਗ ਪ੍ਰਸਥਿਤੀਆਂ ਦੇ ਅਨੁਸਾਰ ਕਵਿਤਾ ਅਤੇ ਸਾਹਿਤ ਦਾ ਕੰਟੈਂਟ ਅਤੇ ਰੂਪ ਬਦਲਦਾ ਰਹਿੰਦਾ ਹੈ; ਨਤੀਜੇ ਵਜੋਂ ਕਾਵਿ-ਸ਼ਾਸਤਰੀ ਸਿਧਾਂਤਾਂ ਵਿੱਚ ਵੀ ਲਗਾਤਾਰ ਤਬਦੀਲੀ ਹੁੰਦੀ ਰਹੀ ਹੈ। ਭਾਰਤ ਵਿੱਚ ਭਰਤ ਦੇ ਸਿਧਾਂਤਾਂ ਤੋਂ ਲੈ ਕੇ ਅੱਜ ਤੱਕ ਅਤੇ ਪੱਛਮ ਵਿੱਚ ਸੁਕਰਾਤ ਅਤੇ ਉਸਦੇ ਚੇਲੇ ਅਫਲਾਤੂਨ ਤੋਂ ਲੈ ਕੇ ਨਵਆਲੋਚਨਾ ਤੱਕ ਦੇ ਸਿਧਾਂਤਾਂ ਦੇ ਇਤਿਹਾਸਿਕ ਸਰਵੇ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ। ਭਾਰਤ ਵਿੱਚ ਕਵਿਤਾ ਨਾਟਕ ਆਦਿ ਕ੍ਰਿਤੀਆਂ ਨੂੰ ਲਕਸ਼ ਗਰੰਥ ਅਤੇ ਸਿਧਾਂਤਕ ਗ੍ਰੰਥਾਂ ਨੂੰ ਲੱਛਣ ਗਰੰਥ ਕਿਹਾ ਜਾਂਦਾ ਹੈ। ਇਹ ਲੱਛਣ ਗਰੰਥ ਹਮੇਸ਼ਾ ਲਕਸ਼ ਗਰੰਥਾਂ ਦੇ ਅਨੁਗਾਮੀ ਹੁੰਦੇ ਹਨ ਅਤੇ ਮਹਾਨ ਕਵੀ ਇਹਨਾਂ ਦੀਆਂ ਦਸੀਆਂ ਲੀਹਾਂ ਨੂੰ ਚੁਣੌਤੀ ਦਿੰਦੇ ਵੇਖੇ ਜਾਂਦੇ ਹਨ। ਕਾਵਿ ਸ਼ਾਸਤਰ ਲਈ ਪੁਰਾਣੇ ਨਾਮ ਸਾਹਿਤਸ਼ਾਸਤਰ ਅਤੇ ਅਲੰਕਾਰਸ਼ਾਸਤਰ ਹਨ ਅਤੇ ਸਾਹਿਤ ਦੇ ਵਿਆਪਕ ਰਚਨਾਤਮਕ ਖੇਤਰ ਨੂੰ ਅਪਣਾ ਲੈਣ ਉੱਤੇ ਇਸਨੂੰ ਸਮੀਖਿਆ ਸ਼ਾਸਤਰ ਵੀ ਕਿਹਾ ਜਾਣ ਲਗਾ। ਮੂਲ ਤੌਰ ਤੇ ਕਾਵਿ ਸ਼ਾਸਤਰੀ ਚਿੰਤਨ ਸ਼ਬਦ ਕਾਵਿ ਅਤੇ ਨਾਟਕ ਦੇ ਹੀ ਸੰਬੰਧ ਵਿੱਚ ਸਿਧਾਂਤ ਨਿਰਮਾਣ ਕਰਦਾ ਮਿਲਦਾ ਹੈ। ਅਰਸਤੂ ਦੀ ਰਚਨਾ ਪੋਇਟਿਕਸ ਵਿੱਚ ਕਾਮੇਡੀ, ਟਰੈਜੇਡੀ, ਅਤੇ ਐਪਿਕ ਦੀ ਸਮੀਖਿਆਤਮਕ ਕਸੌਟੀ ਦਾ ਆਕਲਨ ਹੈ ਅਤੇ ਭਰਤ ਦਾ ਨਾਟਸ਼ਾਸਤਰ ਕੇਵਲ ਰੂਪਕ ਜਾਂ ਨਾਟਕ ਦੇ ਹੀ ਸਮੀਖਿਆ ਸਿਧਾਂਤ ਪੇਸ਼ ਕਰਦਾ ਹੈ। ਭਾਰਤ ਅਤੇ ਪੱਛਮ ਵਿੱਚ ਇਹ ਚਿੰਤਨ ਈ. ਪੂ.
ਅੰਤਰਰਾਸ਼ਟਰੀ ਬਾਲੜੀ ਦਿਵਸ ਅੰਤਰਰਾਸ਼ਟਰੀ ਸੰਸਥਾ ਯੂਨੀਸੈਫ ਦੁਆਰਾ ਹਰ ਸਾਲ 11 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਸਾਲ 2012 ਵਿੱਚ ਮਨਾਇਆ ਗਿਆ। ਬਾਲੜੀਆਂ ਨੂੰ ਦੁਨੀਆ ਭਰ ਵਿੱਚ ਮੁੱਦਤ ਤੋਂ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਬਾਲ ਵਿਆਹ ਇਸ ਸ਼ੋਸ਼ਣ ਦਾ ਸਭ ਤੋਂ ਘਟੀਆ ਰੂਪ ਹੈ। ਇਸ ਨਾਲ ਬਾਲੜੀਆਂ ਜਿੱਥੇ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਉੱਥੇ ਹੀ ਛੋਟੀ ਉਮਰ ਵਿੱਚ ਕਮਜ਼ੋਰ ਬੱਚੇ ਪੈਦਾ ਕਰ ਕੇ ਪੂਰੇ ਸਮਾਜ ਵਿੱਚ ਸਿਹਤ ਦੀ ਸਮੱਸਿਆ ਦਾ ਕਾਰਨ ਬਣਦੀਆਂ ਹਨ।
ਗਠੀਆ (ਅੰਗਰੇਜ਼ੀ: Arthritis (ਆਰਥਰਾਈਟਸ) ਯੂਨਾਨੀ ਤੋਂ arthro-, ਜੋੜ + -itis, ਜਲਣ) ਇਹ ਇੱਕ ਹੱਡੀਆਂ ਦੀ ਬਿਮਾਰੀ ਹੈ। ਜੋ ਕਿ ਖਾਸ ਤੌਰ ਤੇ ਇੱਕ ਜਾਂ ਇੱਕ ਤੋਂ ਵਧ ਜੋੜਾਂ ਨੂੰ ਪ੍ਰਭਾਵਿਤ ਕਰਦੀ ਹੈ। ਜੋੜਾਂ ਦੇ ਦੁਆਲੇ ਇੱਕ ਰਖਿਅਕ ਪਰਤ ਹੁੰਦੀ ਹੈ। ਜਿਸ ਨੂੰ ਸਾਇਨੋਵੀਅਲ ਕੈਵਿਟੀ(ਮੈਂਬਰੇਨ) ਝਿੱਲੀ ਹੁੰਦੀ ਹੈ। ਇਸ ਬਿਮਾਰੀ ਨਾਲ ਉਸ ਵਿੱਚ ਸੋਜ ਆ ਜਾਂਦੀ ਹੈ ਤੇ ਉਹ ਲਾਲ ਹੋ ਜਾਂਦੀ ਹੈ, ਇਸ ਅਵਸਥਾ ਨੂੰ ਸਇਨੋਵਾਇਟਿਸ ਕਿਹਾ ਜਾਂਦਾ ਹੈ।
ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਮੂਲ ਹਰ ਸਿੱਖ ਜਥੇਬੰਦੀ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀ ਹੈ,[ਸਰੋਤ ਚਾਹੀਦਾ] ਕੁਝ ਵਿਦਵਾਨ ਸ਼੍ਰੇਣੀ ਇਸ ਗੱਲ ਤੋਂ ਇਨਕਾਰੀ ਹੈ ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ
ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ (Film and Television Institute of India) (FTII), ਭਾਰਤ ਦੇ ਪੁਣੇ ਸ਼ਹਿਰ ਵਿੱਚ ਸਥਿਤ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਇਸ ਨੂੰ ਭਾਰਤ ਦੀ ਕੇਂਦਰ ਸਰਕਾਰ ਵਲੋਂ ਅੰਸ਼ਕ ਤੌਰ ਤੇ ਸਹਾਇਤਾ ਪ੍ਰਾਪਤ ਹੈ।
ਬਵਾਸੀਰ (Hemorrhoids) (ਅਮਰੀਕੀ ਅੰਗਰੇਜ਼ੀ) ਜਾਂ ਬਵਾਸੀਰ (haemorrhoids) ਬਰਤਾਨਵੀ /ˈhɛmərɔɪdz/, ਮਲ-ਤਿਆਗ ਦੇ ਨਿਯੰਤਰਣ ਵਿੱਚ ਸਹਾਇਤਾ ਕਰਨ ਵਾਲੀ ਗੁਦਾ ਨਲੀ ਵਿੱਚ ਨਾੜੀ ਸੰਬੰਧੀ ਸੰਰਚਨਾਵਾਂ ਹੁੰਦੀਆਂ ਹਨ। ਉਹ ਉਦੋਂ ਰੋਗਾਤਮਕ ਜਾਂ ਬਵਾਸੀਰ ਬਣ ਜਾਂਦੀਆਂ ਹਨ ਜਦੋਂ ਉਹ ਸੁੱਜ ਜਾਂਦੀਆਂ ਹਨ ਜਾਂ ਲਾਲ ਹੋ ਜਾਂਦੀਆਂ ਹਨ। ਉਹਨਾਂ ਦੀ ਸਰੀਰਿਕ ਅਵਸਥਾ ਵਿੱਚ, ਉਹ ਧਮਣੀਦਾਰ-ਰਗਦਾਰ ਰਸਤਾ ਅਤੇ ਸੰਯੋਜਕ ਊਤਕ ਦੇ ਬਣੇ ਸਿਰਹਾਣਿਆਂ ਵਾਂਗ ਕੰਮ ਕਰਦੀਆਂ ਹਨ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।
ਪਰੌਂਠਾ ਇਕ ਫਲੈਟ ਬਰੈਡ ਹੈ ਜੋ ਭਾਰਤੀ ਉਪ-ਮਹਾਂਦੀਪ ਵਿਚੋਂ ਉਪਜਿਆ ਹੈ। ਇਹ ਹਾਲੇ ਵੀ ਪਾਕਿਸਤਾਨ, ਭਾਰਤ ਅਤੇ ਬਰਮਾ ਵਿੱਚ ਪ੍ਰਚਲਿਤ ਹੈ, ਜਿਥੇ ਕਣਕ ਉਗਾਈ ਜਾਂਦੀ ਹੈ ਅਤੇ ਇਹ ਖੇਤਰ ਦਾ ਰਵਾਇਤੀ ਭੋਜਨ ਹੈ। ਪਰੌਂਠਾ, ਪਰਾਂਤ ਅਤੇ ਆਟਾ ਸ਼ਬਦ ਦਾ ਇੱਕ ਸੰਯੋਗ ਹੈ ਜਿਸਦਾ ਸ਼ਾਬਦਿਕ ਅਰਥ ਹੈ ਗੁੰਨੇ ਹੋਏ ਆਟੇ ਦਾ ਪਕਵਾਨ। ਵਿਕਲਪਿਕ ਸਪੈਲਿੰਗਜ਼ ਅਤੇ ਨਾਵਾਂ ਵਿੱਚ ਪਰੰੰਥਾ, ਪੈਰਾਉਂਥਾ, ਪ੍ਰਥਾਂ, ਪਰਾਉਂਠੇ (ਪੰਜਾਬੀ ਵਿੱਚ), ਪੋੋਰੋਟਾ (ਬੰਗਾਲੀ ਵਿੱਚ), ਪਲਾਤਾ (ਉਚਾਰਨ: [ਪਾਲੇਲਾ]; ਬਰਮਾ ਵਿੱਚ), ਬਰੋਟਾ (ਸਿਲਲੇਤੀ ਵਿੱਚ) ਅਤੇ ਫਾਰਟਾ (ਮੌਰੀਸ਼ੀਅਸ, ਸ਼੍ਰੀਲੰਕਾ ਅਤੇ ਮਾਲਦੀਵਜ਼) ਨਾਮ ਨਾਲ ਜਾਣਿਆ ਜਾਂਦਾ ਹੈ।
ਕਬੀਰ (ਹਿੰਦੀ: कबीर, ਉਰਦੂ: کبير) (1440–1518) ਭਾਰਤ ਦੇ ਇੱਕ ਸੰਤ ਕਵੀ ਸਨ। ਆਪਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਮਹਾਨ ਹੈ। ਕਬੀਰ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।