ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਬੇਗਮ ਅਖ਼ਤਰ ਰਿਆਜ਼ਉੱਦੀਨ (15 ਅਕਤੂਬਰ 1928) ਦਾ ਅਸਲ ਖੇਤਰ ਪੜ੍ਹਨਾ ਪੜ੍ਹਾਉਣਾ ਸੀ, ਉਸ ਦੇ ਨਾਲ ਨਾਲ ਉਸਨੇ ਉਰਦੂ ਵਿੱਚ ਲਿਖਣਾ ਜਾਰੀ ਰੱਖਿਆ। ਉਹਦਾ ਪਤੀ ਇੱਕ ਸੀਐੱਸਪੀ ਅਫ਼ਸਰ ਰਿਆਜ਼ਉੱਦੀਨ ਸੀ, ਜੋ ਮੌਲਾਨਾ ਸਲਾਹਉੱਦੀਨ ਦਾ ਰਿਸ਼ਤੇ ਵਿਚੋਂ ਭਤੀਜਾ ਸੀ। ਬੇਗਮ ਅਖ਼ਤਰ ਰਿਆਜ਼ਉੱਦੀਨ ਨੇ ਅੰਗਰੇਜ਼ੀ ਐਮਏ ਕੀਤੀ ਅਤੇ ਫਿਰ ਅਧਿਆਪਨ ਦਾ ਪੇਸ਼ਾ ਇਖ਼ਤਿਆਰ ਕੀਤਾ। ਕੁਛ ਮੁਦਤ ਪੜ੍ਹਾਉਂਦੀ ਰਹੀ ਅਤੇ ਅੰਗਰੇਜ਼ੀ ਤੇ ਉਰਦੂ ਲੇਖ ਲਿਖਣ ਦਾ ਸ਼ੌਕ ਭੀ ਉਸ ਨੇ ਬਰਾਬਰ ਜਾਰੀ ਰੱਖਿਆ। ਉਸ ਦੇ ਅੰਗਰੇਜ਼ੀ ਲੇਖ ਪਾਕਿਸਤਾਨ ਟਾਈਮਜ਼ ਵਿੱਚ ਛਪਦੇ ਰਹਿੰਦੇ ਹਨ। ਸਫ਼ਰਨਾਮੇ ਮੁਲਕ ਦੇ ਵਧੀਆ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੁੰਦੇ ਹਨ।
ਕੁਆਂਟਮ ਮਕੈਨਿਕਸ ਵਿੱਚ, ਸ਼੍ਰੋਡਿੰਜਰ ਇਕੁਏਸ਼ਨ ਇੱਕ ਅਜਿਹੀ ਗਣਿਤਿਕ ਸਮੀਕਰਨ ਹੁੰਦੀ ਹੈ ਜੋ ਕਿਸੇ ਅਜਿਹੇ ਭੌਤਿਕੀ ਸਿਸਟਮ ਦੀਆਂ ਵਕਤ ਬੀਤਣ ਉਪਰੰਤ ਤਬਦੀਲੀਆਂ ਨੂੰ ਦਰਸਾਉਂਦੀ ਹੈ, ਜਿਹਨਾਂ ਵਿੱਚ ਕੁਆਂਟਮ ਪ੍ਰਭਾਵ, ਜਿਵੇਂ ਵੇਵ-ਪਾਰਟੀਕਲ ਡਿਊਲਿਟੀ, ਮਹੱਤਵਪੂਰਨ ਹੋ ਜਾਂਦੇ ਹਨ। ਇਹ ਇਕੁਏਸ਼ਨ ਕੁਆਂਟਮ ਮਕੈਨੀਕਲ ਸਿਸਟਮਾਂ ਦਾ ਅਧਿਐਨ ਕਰਨ ਲਈ ਇੱਕ ਗਣਿਤਿਕ ਫਾਰਮੂਲਾ ਵਿਓਂਤਬੰਦੀ ਹੈ। ਇਹ ਕੁਆਂਟਮ ਸਿਸਟਮਾਂ ਦੇ ਅਧਿਐਨ ਲਈ ਇੱਕ ਕੇਂਦਰੀ ਨਤੀਜਾ ਮੰਨੀ ਜਾਂਦੀ ਹੇ ਅਤੇ ਇਸਦੀ ਵਿਓਂਤਬੰਦੀ ਕੁਆਂਟਮ ਮਕੈਨਿਕਸ ਦੀ ਥਿਊਰੀ ਵਿਕਸਿਤ ਕਰਨ ਵਿੱਚ ਇੱਕ ਮਹੱਤਵਪੂਰਨ ਮੀਲਪੱਥਰ ਰਹੀ ਸੀ। ਇਸਦਾ ਨਾਮ ਐਰਵਿਨ ਸ਼੍ਰੋਡਿੰਜਰ ਦੇ ਨਾਮ ਤੋਂ ਰੱਖਿਆ ਗਿਆ ਸੀ, ਜਿਸਨੇ 1925 ਵਿੱਚ ਸਮੀਕਰਨ ਵਿਓਂਤਬੰਦ ਕੀਤੀ ਸੀ ਅਤੇ 1933 ਵਿੱਚ ਭੌਤਿਕ ਵਿਗਿਆਨ ਵਿੱਚ ਨੋਬਲ ਪ੍ਰਾਈਜ਼ ਜਿੱਤਣ ਦਾ ਨਤੀਜਾ ਦੇਣ ਵਾਲੇ ਉਸਦੇ ਕੰਮ ਦਾ ਅਧਾਰ ਰਚਦੇ ਹੋਏ 1926 ਵਿੱਚ ਛਾਪੀ ਸੀ। ਇਹ ਇਕੁਏਸ਼ਨ ਕਿਸੇ ਤਰੰਗ-ਸਮੀਕਰਨ ਦੇ ਤੌਰ ਤੇ ਜਾਣੀ ਜਾਂਦੀ ਇੱਕ ਕਿਸਮ ਦੀ ਡਿਫ੍ਰੈਂਸ਼ੀਅਲ ਇਕੁਏਸ਼ਨ ਹੈ, ਜੋ ਤਰੰਗਾਂ ਦੀ ਹਿੱਲਜੁੱਲ ਦੇ ਇੱਕ ਗਣਿਤਿਕ ਮਾਡਲ ਦੇ ਤੌਰ ਤੇ ਕੰਮ ਕਰਦੀ ਹੈ।
ਕਾਜ਼ੂਓ ਇਸ਼ੀਗੁਰੋ OBE FRSA FRSL (ਜਪਾਨੀ: カズオ・イシグロ ਜ 石黒 一雄石黒 一雄; ਜਨਮ 8 ਨਵੰਬਰ 1954) ਇੱਕ ਬ੍ਰਿਟਿਸ਼ ਨਾਵਲਕਾਰ, ਪਟਕਥਾਕਾਰ, ਅਤੇ ਕਹਾਣੀਕਾਰ ਹੈ। ਉਸ ਦਾ ਜਨਮ ਜਪਾਨ ਦੇ ਨਾਗਾਸਾਕੀ ਵਿਚ ਹੋਇਆ; ਜਦੋਂ ਉਹ ਪੰਜ ਸਾਲ ਦਾ ਸੀ, ਉਸ ਦਾ ਪਰਿਵਾਰ 1960 ਵਿਚ ਇੰਗਲੈਂਡ ਚਲਾ ਗਿਆ ਸੀ। ਇਸ਼ੀਗੂਰੋ ਨੇ ਕੈਂਟ ਯੂਨੀਵਰਸਿਟੀ ਤੋਂ 1978 ਵਿਚ ਅੰਗਰੇਜ਼ੀ ਅਤੇ ਫ਼ਿਲਾਸਫ਼ੀ ਵਿਚ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ 1980 ਵਿਚ ਈਸਟ ਐਂਗਲਿਆ ਯੂਨੀਵਰਸਿਟੀ ਦੇ ਰਚਨਾਤਮਕ ਲੇਖਣੀ ਕੋਰਸ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਵਾਰ ਵਿੱਚੋਂ ਹਿੰਦ-ਇਰਾਨੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਪੂਰਨ ਗੁਰਸਿੱਖ ਬਾਬਾ ਬੁੱਢਾ ਜੀ' ਦਾ ਜਨਮ (7 ਕੱਤਕ 1563 ਬਿਕਰਮੀ) ਜਾਂ (22 ਅਕਤੂਬਰ, 1506-16 ਨਵੰਬਰ 1631) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਨ੍ਹਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਕੁਆਂਟਮ ਮਕੈਨਿਕਸ ਅੰਦਰ, ਮੋਮੈਂਟਮ ਓਪਰੇਟਰ ਇੱਕ ਅਜਿਹਾ ਓਪਰੇਟਰ ਹੁੰਦਾ ਹੈ ਜੋ ਕਿਸੇ ਵੇਵ ਫੰਕਸ਼ਨ ψ(x, t) ਦਾ ਕਿਸੇ ਹੋਰ ਫੰਕਸ਼ਨ ਪ੍ਰਤਿ ਕੋਈ ਕੁਆਂਟਮ ਅਵਸਥਾ ਪ੍ਰਸਤੁਤ ਕਰਦਾ ਹੋਇਆ ਕਿਸੇ ਹਿਲਬ੍ਰਟ ਸਪੇਸ ਅੰਦਰ ਨਕਸ਼ਾ ਬਣਾਉਂਦਾ ਹੈ। ਜੇਕਰ ਇਹ ਨਵਾਂ ਫੰਕਸ਼ਨ ਮੂਲ ਵੇਵ ਫੰਕਸ਼ਨ ψ ਨਾਲ ਗੁਣਨਫਲ ਕੀਤਾ ਹੋਇਆ ਕੋਈ ਕੌਂਸਟੈਂਟ p ਰਹੇ, ਤਾਂ p, ਮੋਮੈਂਟਮ ਓਪਰੇਟਰ ਦਾ ਇੱਕ ਆਈਗਨਮੁੱਲ ਹੁੰਦਾ ਹੈ, ਅਤੇ ψ, ਮੋਮੈਂਟਮ ਓਪਰੇਟਰ ਦਾ ਆਈਗਨ-ਫੰਕਸ਼ਨ ਹੁੰਦਾ ਹੈ। ਕੁਆਂਟਮ ਮਕੈਨਿਕਸ ਵਿੱਚ, ਕਿਸੇ ਓਪਰੇਟਰ ਦੇ ਆਈਗਨਮੁੱਲਾਂ ਦਾ ਸੈੱਟ, ਜੋ ਸਪੈਕਟ੍ਰਮ ਹੁੰਦਾ ਹੈ, ਕਿਸੇ ਪ੍ਰਯੋਗ ਵਿੱਚ ਨਾਪੇ ਗਏ ਸੰਭਵ ਨਤੀਜੇ ਹੁੰਦਾ ਹੈ, ਜੋ ਇਸ ਮਾਮਲੇ ਵਿੱਚ, ਲੀਨੀਅਰ ਮੋਮੈਂਟਮ ਦੇ ਨਾਪ ਦੇ ਸੰਭਵ ਨਤੀਜੇ ਹੁੰਦਾ ਹੈ। ਪੁਜੀਸ਼ਨ ਪ੍ਰਸਤੁਤੀ ਅੰਦਰ, ਮੋਮੈਂਟਮ ਓਪਰੇਟਰ ਕਿਸੇ ਡਿਫ੍ਰੈਂਸ਼ੀਅਲ ਓਪਰੇਟਰ ਦੀ ਇੱਕ ਉਦਾਹਰਨ ਹੈ। ਇੱਕ ਅਯਾਮ ਅੰਦਰ ਇੱਕ ਕਣ ਦੇ ਮਾਮਲੇ ਲਈ, ਪਰਿਭਾਸ਼ਾ ਇਹ ਹੁੰਦੀ ਹੈ;
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਗਣਿਤ ਵਿੱਚ, ਕਈ ਡਾਇਮੈਨਸ਼ਨਾਂ ਵਾਲੇ ਕਿਸੇ ਫੰਕਸ਼ਨ ਉੱਤੇ ਕਿਸੇ ਫੰਕਸ਼ਨ ਦੇ ਇੱਕ-ਡਾਇਮੈਨਸ਼ਨ ਵਿੱਚ ਡੈਰੀਵੇਟਿਵ ਦੇ ਆਮ ਸੰਕਲਪ ਦੇ ਸਰਵ ਸਧਾਰਣ ਕਰਨ (ਜਨਰਲਾਈਜ਼ੇਸ਼ਨ) ਨੂੰ ਗਰੇਡੀਐਂਟ ਕਿਹਾ ਜਾਂਦਾ ਹੈ। ਜੇਕਰ f(x1, ..., xn) ਕੋਈ ਯੂਕਿਲਡਨ ਸਪੇਸ ਵਾਲੇ ਸਟੈਂਡਰਡ ਕਾਰਟੀਜ਼ੀਅਨ “ਕੋ-ਆਰਡੀਨੇਟਾਂ” ਦੇ “ਸਕੇਲਰ-ਮੁੱਲਾਂ” ਵਾਲਾ ਡਿਫਰੈਂਸ਼ੀਅਲ ਕਰਨ ਯੋਗ ਫੰਕਸ਼ਨ ਹੋਵੇ, ਤਾਂ ਓਸ ਵੈਕਟਰ ਨੂੰ ਇਸਦਾ ਗਰੇਡੀਐਂਟ ਕਿਹਾ ਜਾਂਦਾ ਹੈ ਜਿਸਦੇ ਕੰਪੋਨੈਂਟ ਜਾਂ ਹਿੱਸੇ, ਓਸ ਫੰਕਸ਼ਨ ਦੇ n ਗਿਣਤੀ ਦੇ ਪਾਰਸ਼ਲ ਡੈਰੀਵੇਟਿਵ (ਅੰਸ਼ਿਕ ਵਿਉਂਤਪੱਤੀ) ਹੋਣ । ਇਸਤਰਾਂ ਇਹ ਇੱਕ ਵੈਕਟਰ-ਮੁੱਲ ਰੱਖਣ ਵਾਲਾ ਫੰਕਸ਼ਨ ਹੁੰਦਾ ਹੈ। (ਡੇਰੀਵੇਟਿਵ ਅਜਿਹੀ ਚੀਜ਼ ਨੂੰ ਕਹਿੰਦੇ ਹਨ ਜੋ ਕਿਸੇ ਹੋਰ ਚੀਜ਼ ਤੇ ਨਿਰਭਰ ਹੁੰਦੀ ਹੈ) ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 26,912 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਕਰਵਾ ਚੌਥ ਇੱਕ ਦਿਨ ਦਾ ਤਿਉਹਾਰ ਹੁੰਦਾ ਹੈ ਜੋ ਕਿ ਉੱਤਰੀ ਭਾਰਤ ਦੀਆਂ ਹਿੰਦੂ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ ਜਿਸ ਵਿੱਚ ਵਿਆਹੀਆਂ ਔਰਤਾਂ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਖੁਸ਼ਾਮਦੀ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੋਂ ਲੈ ਕੇ ਚੰਨ ਚੜ੍ਹਨ ਤੱਕ ਵਰਤ ਰੱਖਦੀਆਂ ਹਨ। ਔਰਤਾ ਦੁਪਿਹਰ ਵੇਲੇ ਵਰਤ ਦੀ ਕਥਾ ਸੁਣ ਕੇ ਪਾਣੀ,ਚਾਹ ਜਾਂ ਦੁੱਧ ਪਈ ਸਕਦੀਆਂ ਹਨ| ਇਹ ਵਰਤ ਸੁਹਾਗਣਾਂ ਆਪਣੇ ਪਤੀ ਦੇਵ ਦੀ ਚੰਗੀ ਸਿਹਤ ਲਈ ਅਤੇ ਚਿਰ ਜਿਊਣ ਦੀ ਕਾਮਨਾ ਕਰਨ ਲਈ ਰੱਖਦੀਆਂ ਸਨ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਦੁਸ਼ਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਅੱਸੂ (ਕੁਆਰ) ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਤਿਥੀ ਨੂੰ ਇਸ ਦਾ ਅਯੋਜਨ ਹੁੰਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਵਧ ਕੀਤਾ ਸੀ। ਇਸਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸਲਈ ਇਸ ਦਸਮੀ ਨੂੰ ਵਿਜੈਦਸਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੁਸ਼ਹਿਰਾ ਸਾਲ ਦੀਆਂ ਤਿੰਨ ਅਤਿਅੰਤ ਸ਼ੁੱਭ ਤਿਥੀਆਂ ਵਿਚੌਂ ਇੱਕ ਹੈ, ਹੋਰ ਦੋ ਹਨ ਚੇਤ ਸ਼ੁਕਲ ਦੀ, ਅਤੇ ਕੱਤਕ ਸ਼ੁਕਲ ਦੀ ਇਕਮ। ਇਸ ਦਿਨ ਲੋਕ ਨਵਾਂ ਕਾਰਜ ਸ਼ੁਰੂ ਕਰਦੇ ਹਨ, ਸ਼ਸਤਰ-ਪੂਜਾ ਦਿੱਤੀ ਜਾਂਦੀ ਹੈ। ਪ੍ਰਾਚੀਨ ਕਾਲ ਵਿੱਚ ਰਾਜਾ ਲੋਕ ਇਸ ਦਿਨ ਵਿਜੈ ਦੀ ਅਰਦਾਸ ਕਰ ਕੇ ਰਣ-ਯਾਤਰਾ ਲਈ ਪ੍ਰਸਥਾਨ ਕਰਦੇ ਸਨ। ਇਸ ਦਿਨ ਥਾਂ-ਥਾਂ ਮੇਲੇ ਲੱਗਾਉਂਦੇ ਹਨ। ਰਾਮਲੀਲਾ ਦਾ ਅਯੋਜਨ ਹੁੰਦਾ ਹੈ। ਰਾਵਣ ਦਾ ਵਿਸ਼ਾਲ ਪੁਤਲਾ ਬਣਾ ਕੇ ਉਸਨੂੰ ਜਲਾਇਆ ਜਾਂਦਾ ਹੈ। ਦੁਸ਼ਹਿਰਾ ਅਤੇ ਵਿਜੈਦਸਮੀ ਭਗਵਾਨ ਰਾਮ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਵੇ ਅਤੇ ਦੁਰਗਾ ਪੂਜਾ ਦੇ ਰੂਪ ’ਚ, ਦੋਨ੍ਹਾਂ ਹੀ ਰੂਪਾਂ ਵਿੱਚ ਇਹ ਸ਼ਕਤੀ-ਪੂਜਾ ਦਾ ਪਰਬ ਹੈ, ਸ਼ਸਤਰ ਪੂਜਨ ਦੀ ਤਿਥੀ ਹੈ। ਹਰਸ਼, ਉੱਲਾਸ ਅਤੇ ਵਿਜੈ ਦਾ ਤਹਿਵਾਰ ਹੈ। ਭਾਰਤੀ ਸਭਿਆਚਾਰ ਬਹਾਦਰੀ ਦੀ ਉਪਾਸਕ ਹੈ, ਸੂਰਮਗਤੀ ਦੀ ਸੇਵਕ ਹੈ। ਵਿਅਕਤੀ ਅਤੇ ਸਮਾਜ ਦੇ ਰਕਤ ਵਿੱਚ ਬਹਾਦਰੀ ਪ੍ਰਕਟ ਹੋਵੇ ਇਸਲਈ ਦੁਸ਼ਹਿਰੇ ਦਾ ਉੱਤਸਵ ਰੱਖਿਆ ਗਿਆ ਹੈ। ਦੁਸ਼ਹਿਰਾ ਦਾ ਤਹਿਵਾਰ ਦਸ ਪ੍ਰਕਾਰ ਦੇ ਪਾਪਾਂ- ਕਾਮ, ਕ੍ਰੋਧ, ਲੋਭ, ਮੋਹ ਮਦ, ਮਤਸਰ, ਅਹੰਕਾਰ, ਆਲਸ, ਹਿੰਸਾ ਤੇ ਚੋਰੀ ਦੇ ਪਰਿਤਯਾਗ ਦੀ ਸਦਪ੍ਰੇਰਣਾ ਪ੍ਰਦਾਨ ਕਰਦਾ ਹੈ।
ਸੁਖਮਨੀ ਸਾਹਿਬ ਇਕ ਪ੍ਰਾਥਨਾ ਹੈ ਜੋ ਕਿ ਗੀਤ ਦੇ ਰੂਪ ਵਿਚ ਹੈ ਤੇ ਸਭ ਨੂੰ ਸ਼ਾਂਤੀ ਦੇਣ ਵਾਲੀ ਤੇ ਮਨ ਨੂੰ ਸੁੱਖ ਦਿੰਦੀ ਹੈ। ਇਸ ਦੀ ਅਵਾਜ ਨਾਲ ਤਣਾਓ ਦੂਰ ਹੰਦਾ ਹੈ। ਸੁਖਮਨੀ ਸਾਹਿਬ ਜੀ ਨੂੰ ਪੜ੍ਹਨ ਨਾਲ ਬੰਦੇ ਦੇ ਦਿਲ ਦੇ ਬੰਦ ਦਰਵਾਜੇ ਖੁਲ ਜਾਂਦੇ ਹਨ। ਤੁਹਾਡੇ ਵਿਚ ਅਧਿਆਤਮਕ ਅਨੁਸ਼ਾਸਨ ਪੈਦਾ ਹੁੰਦਾ ਹੈ ਅਤੇ ਤੁਸੀ ਸ਼ਕਤੀ, ਧੀਰਜ, ਸਾਹਸ ਅਤੇ ਅੰਨਤ ਚੇਤਨਾ ਨਾਲ ਜੁੜ ਜਾਦੇ ਹੋ। ਦਿਨ ਵਿਚ ਇਕ ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ ਤੁਹਾਡੇ ਵਿਚ ਅੰਦਰੂਨੀ ਸੰਤੁਲਨ, ਦਯਾ, ਪ੍ਰਕਾਸ਼, ਉਰਜਾ ਤੇ ਬਲੀਦਾਨ ਦੇਣ ਦੀ ਹਿੰਮਤ ਆ ਜਾਂਦੀ ਹੈ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋ ਇਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ। ਸੁਖਮਨੀ ਸਾਹਿਬ ਵਿਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਅਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਅਰਥ:- (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।੧। ਅਸਟਪਦੀ ॥ ਅਰਥ:- ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ। ਅਰਥ:- ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ। ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ। ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ,ਉਸ ਨੂੰ) ਹੇ ਨਾਨਕ!
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਮੁਨਾਫ਼ਾ ਨਾ ਕਮਾਉਣ ਵਾਲ਼ੀ ਇੱਕ ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆਂ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।
ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਕਾਵਿ ਸ਼ਾਸਤਰ (Poetics) ਕਵਿਤਾ ਅਤੇ ਸਾਹਿਤ ਦਾ ਫਲਸਫਾ ਅਤੇ ਵਿਗਿਆਨ ਹੈ। ਇਹ ਕਾਵਿ ਕ੍ਰਿਤੀਆਂ ਅਤੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਸਮੇਂ-ਸਮੇਂ ਸਾਹਮਣੇ ਆਏ ਸਿਧਾਂਤਾਂ ਦਾ ਗਿਆਨ ਹੈ। ਪਰ ਕੁਝ ਵਿਦਵਾਨ ਇਸ ਦੀ ਵਰਤੋਂ ਏਨੇ ਵਿਆਪਕ ਅਧਾਰ ਤੇ ਕਰਦੇ ਹਨ ਕਿ ਖੁਦ ਸਿਧਾਂਤ ਵੀ ਇਸ ਦੇ ਕਲਾਵੇ ਵਿੱਚ ਆ ਜਾਂਦਾ ਹੈ। ਯੁੱਗ ਪ੍ਰਸਥਿਤੀਆਂ ਦੇ ਅਨੁਸਾਰ ਕਵਿਤਾ ਅਤੇ ਸਾਹਿਤ ਦਾ ਕੰਟੈਂਟ ਅਤੇ ਰੂਪ ਬਦਲਦਾ ਰਹਿੰਦਾ ਹੈ; ਨਤੀਜੇ ਵਜੋਂ ਕਾਵਿ-ਸ਼ਾਸਤਰੀ ਸਿਧਾਂਤਾਂ ਵਿੱਚ ਵੀ ਲਗਾਤਾਰ ਤਬਦੀਲੀ ਹੁੰਦੀ ਰਹੀ ਹੈ। ਭਾਰਤ ਵਿੱਚ ਭਰਤ ਦੇ ਸਿਧਾਂਤਾਂ ਤੋਂ ਲੈ ਕੇ ਅੱਜ ਤੱਕ ਅਤੇ ਪੱਛਮ ਵਿੱਚ ਸੁਕਰਾਤ ਅਤੇ ਉਸਦੇ ਚੇਲੇ ਅਫਲਾਤੂਨ ਤੋਂ ਲੈ ਕੇ ਨਵਆਲੋਚਨਾ ਤੱਕ ਦੇ ਸਿਧਾਂਤਾਂ ਦੇ ਇਤਿਹਾਸਿਕ ਸਰਵੇ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ। ਭਾਰਤ ਵਿੱਚ ਕਵਿਤਾ ਨਾਟਕ ਆਦਿ ਕ੍ਰਿਤੀਆਂ ਨੂੰ ਲਕਸ਼ ਗਰੰਥ ਅਤੇ ਸਿਧਾਂਤਕ ਗ੍ਰੰਥਾਂ ਨੂੰ ਲੱਛਣ ਗਰੰਥ ਕਿਹਾ ਜਾਂਦਾ ਹੈ। ਇਹ ਲੱਛਣ ਗਰੰਥ ਹਮੇਸ਼ਾ ਲਕਸ਼ ਗਰੰਥਾਂ ਦੇ ਅਨੁਗਾਮੀ ਹੁੰਦੇ ਹਨ ਅਤੇ ਮਹਾਨ ਕਵੀ ਇਹਨਾਂ ਦੀਆਂ ਦਸੀਆਂ ਲੀਹਾਂ ਨੂੰ ਚੁਣੌਤੀ ਦਿੰਦੇ ਵੇਖੇ ਜਾਂਦੇ ਹਨ। ਕਾਵਿ ਸ਼ਾਸਤਰ ਲਈ ਪੁਰਾਣੇ ਨਾਮ ਸਾਹਿਤਸ਼ਾਸਤਰ ਅਤੇ ਅਲੰਕਾਰਸ਼ਾਸਤਰ ਹਨ ਅਤੇ ਸਾਹਿਤ ਦੇ ਵਿਆਪਕ ਰਚਨਾਤਮਕ ਖੇਤਰ ਨੂੰ ਅਪਣਾ ਲੈਣ ਉੱਤੇ ਇਸਨੂੰ ਸਮੀਖਿਆ ਸ਼ਾਸਤਰ ਵੀ ਕਿਹਾ ਜਾਣ ਲਗਾ। ਮੂਲ ਤੌਰ ਤੇ ਕਾਵਿ ਸ਼ਾਸਤਰੀ ਚਿੰਤਨ ਸ਼ਬਦ ਕਾਵਿ ਅਤੇ ਨਾਟਕ ਦੇ ਹੀ ਸੰਬੰਧ ਵਿੱਚ ਸਿਧਾਂਤ ਨਿਰਮਾਣ ਕਰਦਾ ਮਿਲਦਾ ਹੈ। ਅਰਸਤੂ ਦੀ ਰਚਨਾ ਪੋਇਟਿਕਸ ਵਿੱਚ ਕਾਮੇਡੀ, ਟਰੈਜੇਡੀ, ਅਤੇ ਐਪਿਕ ਦੀ ਸਮੀਖਿਆਤਮਕ ਕਸੌਟੀ ਦਾ ਆਕਲਨ ਹੈ ਅਤੇ ਭਰਤ ਦਾ ਨਾਟਸ਼ਾਸਤਰ ਕੇਵਲ ਰੂਪਕ ਜਾਂ ਨਾਟਕ ਦੇ ਹੀ ਸਮੀਖਿਆ ਸਿਧਾਂਤ ਪੇਸ਼ ਕਰਦਾ ਹੈ। ਭਾਰਤ ਅਤੇ ਪੱਛਮ ਵਿੱਚ ਇਹ ਚਿੰਤਨ ਈ. ਪੂ.
ਗੁਰਦਾਸ ਮਾਨ (Gurdas Maan) ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫ਼ਰ ਅਤੇ ਅਦਾਕਾਰ ਹੈ। 1980 ਵਿੱਚ ਗਾਏ ਗੀਤ, “ਦਿਲ ਦਾ ਮਾਮਲਾ ਹੈ” ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ। 2013 ਵਿਚ ਉਸ ਨੇ ਵੀਡੀਓ ਬਲੌਗ ਰਾਹੀਂ ਪੁਰਾਣੇ ਅਤੇ ਨਵੇਂ ਸੰਗੀਤ ਵੀਡੀਓ ਦੁਆਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੇ ਯੂ ਟਿਊਬ ਚੈਨਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।
ਲੋਕ ਕਲਾਵਾਂ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਮਝ ਪੈਂਦੀ ਹੈ ਕਿ ਪੰਜਾਬ ਦੇ ਲੋਕ ਕਲਾਕਾਰ ਤੇ ਸਧਾਰਨ ਲੋਕ ਵੀ ਜਦੋਂ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਹਨ ਚਾਹੇ ਉਹ ਲੱਕੜੀ ਦਾ ਕੰਮ ਹੋਵੇ ਸਿਲਾਈ ਕਢਾਈ ਵਿਚ ਸੂਈ, ਕਰੋਛੀਏ ਅਤੇ ਧਾਗੇ ਦੀਆਂ ਯਗਤਾਂ ਨਾਲ ਮਿੱਟੀ ਦੇ ਬਰਤਨਾਂ ਦੀ ਬਣਾਵਟ ਅਤੇ ਸਜਾਵਟ ਜਾਂ ਘਰ ਦੇ ਚੁੱਲੇ ਚੌਕਿਆਂ ਆਹਰਿਆਂ ਅਤੇ ਕੰਧਾਂ ਉੱਪਰ ਹੋਵੇ। ਉਹਨਾਂ ਦੀਆਂ ਕਲਾਂ ਵਿਚ ਯੁਗਤਾਂ, ਰੂੜ੍ਹੀਆਂ ਅਤੇ ਸਾਜੋ ਸਮਾਨ ਅਤੇ ਨਿੱਜੀ ਦ੍ਰਿਸ਼ਟੀ ਉੱਪਰ ਹੀ ਨਹੀਂ ਹੁੰਦੀ ਸਗੋਂ ਇਸ ਕਲਾ ਵਿਚ ਸੱਭਿਆਚਾਰ ਸਮੂਹ ਦੀ ਸਾਝੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਲੋਕਾਂ ਵੱਲੋਂ ਇਸ ਪ੍ਰਗਟਾਵੇ ਲਈ ਵਰਤੀਆਂ ਯੁਗਤਾਂ ਰੂੜ੍ਹੀਆਂ ਅਤੇ ਬਿਨ੍ਹਾਂ ਪ੍ਰਤੀਕ ਆਤਮਿਕ ਵਸਤੂਆਂ ਅਤੇ ਜੀਵਾਂ ਨੂੰ ਕਿਸੇ ਸਖਿਅਤ ਕਲਾਕਾਰ ਵਾਂਗ ਹੂ-ਬ-ਹੂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੁੰਦੀ ਸਗੋਂ ਇਨ੍ਹਾਂ ਦੀ ਬਣਾਟ ਦਾ ਖੁਦਰਾਪਣ ਹੀ ਇਸ ਦੀ ਖੂਬਸ਼ੁਰਤੀ ਅਤੇ ਸੋਜ ਦਾ ਗੁਣ ਹੈ। ਜੇਕਰ ਇਸ ਕਲਾ ਨੂੰ ਗੋਰ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਮਝ ਪਵੇਗੀ ਕਿ ਕੱਪੜਿਆ ਦਾ ਕਢਾਈ , ਬਰਤਨਾਂ ਦੀ ਸਜਾਵਟ ਲਈ ਬਣਾਏ ਇਨ੍ਹਾਂ ਚਿੱਤਰਾਂ ਮੋਟਿਫਾ ਗ੍ਰਾਫਾਂ, ਅਤੇ ਖਾਨਿਆਂ ਵਿਚੋਂ ਸਾਨੰ ਪੂਰੇ ਬ੍ਰਹਿਮੰਡ ਦੇ ਦਰਸ਼ਨ ਹੁੰਦੇ ਹਨ। ਇਹ ਲੋਕਾਂ ਦਾ ਬ੍ਰਹਿਮੰਡ ਹੈ ਨਾ ਕਿ ਕਿਸੇ ਵਿਗਿਆਨੀ ਦਾ ਨਹੀਂ। ਜਿਹੜਾ ਕਦੀ ਸਾਡੇ ਪੁਰਖਿਆ ਨੇ ਦੇਖਿਆ ਸੋਚਿਆ ਅਤੇ ਸਿਰਜਿਆ ਹੋਵੇਗਾ ਇਸ ਚਿੱਤਰਕਾਰੀ ਵਿਚ ਕਾਂ, ਤੋਤੇ, ਚਿੜ੍ਹਿਆ, ਮੋਰ , ਘੁੱਗੀਆਂ, ਕੁੱਤੇ ਆਦਿ ਜਾਨਵਰ ਪੰਜਾਬੀ ਮਨੁੱਖ ਨਾਲ ਉਨ੍ਹਾਂ ਦੇ ਰਿਸ਼ਤਿਆਂ ਦੀ ਗਵਾਹੀ ਭਰਦੇ ਹਨ। ਇਹ ਪਸ਼ੂ ਪੰਛੀ ਅਤੇ ਜੀਵ ਸਾਡੀਆਂ ਹੀ ਮਿੱਥਾਂ, ਦੰਦ ਕਥਾਵਾਂ, ਪਰੀ ਕਹਾਣੀਆਂ ਵਿਚੋਂ ਰੂਪਾਂਤਰਿਤ ਹੋ ਲੋਕ ਰੂੜ੍ਹੀਆਂ ਵਿਚ ਸਾਡੀ ਚਿੱਤਰਕਾਰੀ ਕਲਾ ਵਿਚ ਪੇਸ਼ ਹੋਏ ਹਨ। ਲੋਕ ਕਲਾ ਬਾਰੇ ਅਰਨਿਸਟਰ ਫੀਸਰ ਲਿਖਦੇ ਹਨ-ਸਭਿਅਤਾ ਦੇ ਮੁੱਢਲੇ ਪੜਾਵਾ ਉੱਤੇ ਕਲਾ ਦਾ ਸੁਹਜ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਇਸ ਲਈ ਕਿਹਾ ਜਾ ਸਕਦਾ ਕਿ ਲੋਕ ਕਲਾਵਾਂ ਦੀ ਖੂਬਸ਼ੁਰਤੀ ਉਸਦੀ ਰੂੜ੍ਹੀਆਂ ਵਿਚ ਨਾ ਕਿ ਬਣਾਵਟ ਵਿਚ। ਲੋਕ ਕਲਾਂ ਜਨਮ ਜੀਵਨ ਦੀਆਂ ਮੁਢਲੀਆਂ ਪਦਾਰਥਕ, ਆਰਥਿਕ ਲੋੜਾ ਦੀ ਪੂਰਤੀ ਹਿੱਤ ਹੋਇਆ। ਆਦਿਮ ਕਲਾਂ ਮਨੁੱਖ ਦੀ ਉਤਪਾਦਿਕ ਜਾ ਆਰਥਿਕ ਕਾਰਗੁਜ਼ਾਰੀ ਦਾ ਅਨਿੱਖੜ ਅੰਗ ਸੀ। ਲੋਕ ਕਲਾ ਮਨੁੱਖ ਵਿਚਾਰ ਪ੍ਰਕਿਰਤੀ ਦੇ ਵਰਤਾਰਿਆਂ ਦੀ ਮਨੁੱਖੀ ਵਿਹਾਰ ਦੀ ਨਕਲ ਹੈ ਆਦਿ ਕਾਲ ਤੋਂ ਮਨੁੱਖ ਪ੍ਰਕਿਰਤੀਕ ਵਰਤਾਰਿਆਂ ਤੋਂ ਭੈ-ਭੀਤ ਹੁੰਦਾ ਆਇਆ ਹੈ। ਇਨ੍ਹਾਂ ਵਰਤਾਰਿਆ ਨੂੰ ਉਸ ਨੂੰ ਦੇਵੀ ਸ਼ਕਤੀ ਦੇ ਰੂਪ ਵਿਚ ਲਿਆ ਹੈ ਅਤੇ ਉਨ੍ਹਾਂ ਦੀ ਉਪਾਸਨਾ ਆਰੰਭ ਕੀਤੀ। ਇਸ ਉਪਾਸਨਾ ਵਿਚ ਉਨ੍ਹਾਂ ਦੀ ਪੂਜਾ ਤੇ ਨਕਲਾ ਦੇ ਰੂਪ ਸ਼ੁਰੂ ਹੋਏ। ਜਿਨ੍ਹਾਂ ਨੂੰ ਉਸਨੇ ਆਪਣੀ ਕਲਾ ਰਾਹੀ ਸਾਰਥਿਕ ਅਤੇ ਪਰਤੱਖ ਰੂਪ ਦੇਣ ਦੀ ਕੋਸ਼ਿਸ਼ ਕੀਤੀ। ਲੋਕ ਕਲਾਂ ਜੀਵਨ ਦੀਆਂ ਲੋੜਾਂ ਵਿਚੋਂ ਉਪਜੀ ਹੋਣ ਕਰਕੇ ਜਨ ਜੀਵਨ ਅਤੇ ਸੱਭਿਆਚਾਰ ਨਾਲ ਇਕਸਾਰ ਹੁੰਦੀ ਹੈ।ਇਸ ਦਾ ਸੁਹਜ ਫ਼ਸਲ ਜਾਤੀ ਦੀਆਂ ਕਲਾ ਰੁਚੀਆਂ ਦਾ ਬੋਧਿਕ ਹੈ। ਲੋਕ ਕਲਾ ਪਿੰਡਾਂ ਦੇ ਅੱਲੜ ਲੋਕਾਂ ਦੀਆਂ ਅੰਤਰੀਵ ਖਾਹਿਸ਼ਾਂ, ਭਾਵਨਾਵਾਂ ਤੇ ਤਜਰਬਿਆਂ ਦਾ ਸੁਭਾਵਿਕ ਪ੍ਰਗਟਾਵਾ ਹੈ ਅਤੇ ਇਹ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਲਾ ਰੁਚੀਆਂ ਸਹਿਜ ਭਾਵ ਵਿਚ ਹੀ ਪ੍ਰਫੁਲਤ ਹੁੰਦੀਆਂ ਰਹੀਆਂ ਹਨ। ਪੀੜੀ ਦਾ ਅਨੁਭਵ ਖੁਰ-ਖੁਰ ਕੇ ਇਸ ਕਲਾ ਨੂੰ ਸੰਵਾਰਦਾ ਰਿਹਾ ਹੈ ਭਾਵੇ ਲੋਕ ਕਲਾ ਵੇਖਣ ਵਿਚ ਸਾਦੀ ਜਹੀ ਲੱਗਦੀ ਹੈ। ਪਰ ਇਸ ਵਿਚ ਕਲਾ ਦਾ ਇਕ ਪ੍ਰਬਲ ਕਵੀ ਹੁੰਦਾ ਹੈ। ਜੋ ਇਸ ਦੀ ਛਵੀ ਨੂੰ ਮਨਮੋਹਣਾ ਤੇ ਪ੍ਰਭਾਵਸ਼ਾਲੀ ਬਣਾਉਂਦਾ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਜਸਵੰਤ ਸਿੰਘ ਕੰਵਲ (ਜਨਮ 27 ਜੂਨ 1919) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ। ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ । ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਕਿਰਨ ਬੇਦੀ ਦਾ ਜਨਮ 9 ਜੂਨ 1949 ਨੂੰ ਅੰਮ੍ਰਿਤਸਰ ਵਿਖੇ ਪਿਤਾ ਪ੍ਰਕਾਸ਼ ਪੇਸ਼ਵਾਰੀਆ ਅਤੇ ਮਾਤਾ ਪ੍ਰੇਮ ਪੇਸ਼ਵਰੀਆ ਦੀ ਕੁਖੋ ਹੋਇਆ।ਆਪ ਚਾਰ ਭੈਣਾਂ 'ਚ ਦੁਜੇ ਨੰਬਰ ਦੀ ਬੇਟੀ ਹੈ। ਅੰਮ੍ਰਿਤਸਰ ਦੇ ਸਨਅਤਕਾਰ ਤੇ ਭਲਾਈ ਕਾਰਜਾਂ ’ਚ ਰੁਝੇ ਬ੍ਰਜ ਬੇਦੀ ਨਾਲ ਵਿਆਹੀ ਕਿਰਨ ਇੱਕ ਧੀ ਦੀ ਮਾਂ ਵੀ ਹੈ। ਉਹਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਬੜੇ ਸਲੀਕੇ ਨਾਲ ਚਰਚਾਵਾਂ ਤੋਂ ਦੂਰ ਰੱਖਿਆ ਹੈ। 1999 ’ਚ ਉਹ ਦੀ ਮਾਂ ਦਾ ਦੇਹਾਂਤ ਹੋ ਗਿਆ ਤੇ ਪਿਤਾ ਉਹਦੇ ਨਾਲ ਰਹਿੰਦੇ ਹਨ। ਕਿਰਨ ਬੇਦੀ ਦਾ ਆਪਣੀਆਂ ਭੈਣਾਂ ਸ਼ਸ਼ੀ (ਕੈਨੇਡਾ ’ਚ ਫਿਲਾਸਫੀ ਦੀ ਅਧਿਆਪਕਾ), ਲੰਡਨ ਰਹਿੰਦੀ ਰੀਟਾ ਤੇ ਸਾਂਸ ਫਰਾਂਸਿਸਕੋ ਵਸੀ ਅਨੂ ਨਾਲ ਬੜਾ ਪਿਆਰ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਯਥਾਰਥਵਾਦ ਉਨੀਵੀਂ ਸਦੀ ਦੇ ਫਰਾਂਸ ਵਿੱਚ ਪਨਪੀ ਅਤੇ ਵੀਹਵੀਂ ਸਦੀ ਪਹਿਲੇ ਅਰਸੇ ਤੱਕ ਫੈਲੀ ਗਲਪ ਦੀ ਇੱਕ ਸੁਹਜਾਤਮਕ ਸੈਲੀ ਜਾਂ ਵਿਧਾ ਜਾਂ ਸਾਹਿਤਕ ਅੰਦੋਲਨ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ ਉਨ੍ਹਾਂ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸਨੇ ਰੋਮਾਂਸਵਾਦ ਦੇ ਨਾਇਕਵਾਦੀ ਵਿਸ਼ਿਆਂ ਦੇ ਉਲਟ ਆਮ ਜਨ-ਜੀਵਨ ਨੂੰ ਉਹਦੀ ਕੁੱਲ ਸਾਧਾਰਨਤਾ ਸਮੇਤ ਆਪਣਾ ਵਿਸ਼ਾ ਬਣਾਇਆ। ਯਥਾਰਥਵਾਦੀ ਲੇਖਣੀ "ਦੇ ਕਲਾਮਈ ਸਧਾਰਨੀਕਰਨ ਵੱਖ-ਵੱਖ ਯੁੱਗਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਅਤੇ ਗਤੀਸ਼ੀਲ ਜੀਵਨ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ। ਯਥਾਰਥ ਦੇ ਬਾਹਰੀ ਚਿੱਤਰਣ ਨਾਲ਼ ਅਤੇ ਨਕਲ ਨਾਲ਼ ਅਜਿਹੇ ਪਰਿਣਾਮ ਹਾਸਲ ਨਹੀਂ ਕੀਤੇ ਜਾ ਸਕਦੇ”। ਯਥਾਰਥ ਦਰਸ਼ਨ ਦਾ ਪ੍ਰਵਰਗ ਹੈ। ਦਰਸ਼ਨ ਅਨੁਸਾਰ ਯਥਾਰਥ ਉਹ ਹੈ ਜੋ ਕਿ ਅਨਾਦਿ ਅੰਤ ਹੋਵੇ ਅਤੇ ਜੋ ਹਰ ਹੋਂਦ ਦਾ ਆਦਿ ਵੀ ਹੋਵੇ ਤੇ ਅੰਤ ਵੀ। ਇਸ ਪ੍ਰਕਾਰ ਦਰਸ਼ਨ ਵਿਚ ਅਜਿਹੀ ਵਸਤੂ ਨੂੰ ਯਥਾਰਥ ਹੋਂਦ ਦੀ ਧਾਰਣੀ ਆਖਿਆ ਜਾਂਦਾ ਹੈ ਜਿਸ ਦਾ ਮੂਲ ਕੋਈ ਨਾ ਹੋਵੇ ਜੋ ਖੁਦ-ਮੁਖਤਿਆਰ ਹੋਂਦ ਰੱਖਦੀ ਹੋਵੇ ਅਤੇ ਜੋ ਬ੍ਰਹਿਮੰਡ ਦੇ ਅਨੇਕ ਰੂਪਾਂ ਦੀ ਜਨਮਦਾਤੀ ਹੋਣ ਦੇ ਨਾਲ ਨਾਲ ਉਹਨਾਂ ਦੀ ਸਰਵ-ਵਿਆਪੀ ਸਾਂਝੀ ਖਾਸੀਅਤ ਵੀ ਹੋਵੇ। ਦਰਸ਼ਨ ਵਿਚ ਯਥਾਰਥ ਦੀ ਇਹ ਪਰਿਭਾਸ਼ਾ ਪ੍ਰਵਾਨੀ ਗਈ ਹੈ ਪਰ ਇਸ ਦੇ ਸਰੂਪ ਬਾਰੇ ਚਿੰਤਕਾਂ ਵਿਚ ਉਦੋਂ ਤੋਂ ਹੀ ਮੱਤ ਭੇਦ ਤੁਰਿਆ ਆ ਰਿਹਾ ਹੈ ਜਦੋਂ ਤੋਂ ਚਿੰਤਨ ਦੀ ਪ੍ਰਕ੍ਰਿਆ ਦਾ ਆਰੰਭ ਹੋਇਆ ਹੈ।
ਦਿਵਾਲੀ ਜਾਂ ਦੀਪਾਵਲੀ ਭਾਰਤ ਦਾ ਇੱਕ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਮਨਾਂਦੇ ਹਨ। ਹਿੰਦੂ ਇਸਨੂੰ ਸ੍ਰੀ ਰਾਮ ਦੀ ਦੇਸ ਨਿਕਾਲੇ ਤੋਂ ਮੁੜਨ ਦੀ ਖੁਸ਼ੀ ਵਿੱਚ ਮਨਾਂਦੇ ਹਨ। ਜੈਨ ਧਰਮ ਦੇ ਲੋਕ ਮਹਾਂਵੀਰ ਦੇ ਨਿਰਵਾਣ ਪ੍ਰਾਪਤੀ ਦੀ ਖੁਸ਼ੀ ਵਿੱਚ ਇਸਨੂੰ ਮਨਾਂਦੇ ਹਨ। ਇਹ ਤਿਉਹਾਰ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਮਨਾਇਆ ਜਾਂਦਾ ਹੈ।
ਸਵਾਮੀ ਵਿਵੇਕਾਨੰਦ (ਬਾਂਗਲਾ: [ʃami bibekanɒnɖo] ( ਸੁਣੋ) (12 ਜਨਵਰੀ 1863 - 4 ਜੁਲਾਈ 1902), ਜਨਮ ਸਮੇਂ ਨਰੇਂਦਰ ਨਾਥ ਦੱਤ (ਬਾਂਗਲਾ: [nɔrend̪ro nat̪ʰ d̪ɔt̪t̪o]), ਭਾਰਤੀ ਹਿੰਦੂ ਸੰਨਿਆਸੀ ਸੀ ਅਤੇ 19ਵੀਂ ਸਦੀ ਦੇ ਸੰਤ ਰਾਮ-ਕ੍ਰਿਸ਼ਨ ਪਰਮਹੰਸ ਦੇ ਮੁੱਖ ਚੇਲੇ ਸਨ। ਪੱਛਮੀ ਜਗਤ ਨੂੰ ਭਾਰਤੀ ਦਰਸ਼ਨ, ਵੇਦਾਂਤ ਅਤੇ ਯੋਗ ਦਾ ਤੁਆਰਫ਼ ਕਰਾਉਣ ਵਾਲੀ ਮੁੱਖ ਹਸਤੀ ਸਨ। ਅਤੇ ਉਨ੍ਹਾਂ ਨੂੰ ਅੰਤਰ-ਧਰਮੀ ਚੇਤਨਾ ਧਾਉਣ ਦਾ ਅਤੇ ਹਿੰਦੂ ਧਰਮ ਨੂੰ 19ਵੀਂ ਸਦੀ ਵਿੱਚ ਸੰਸਾਰ ਧਰਮ ਦੇ ਰੁਤਬੇ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਐਮਾਜ਼ਾਨ.ਕੌਮ, ਇੰਕ ਐਮਾਜ਼ਾਨ (/æməzɒn/) ਦੇ ਰੂਪ ਵਿੱਚ ਵਪਾਰ ਕਰਨ ਵਾਲੀ, ਇੱਕ ਅਮਰੀਕੀ ਇਲੈਕਟ੍ਰਾਨਿਕ ਵਪਾਰ ਅਤੇ ਕਲਾਊਡ ਕੰਪਿਊਟਿੰਗ ਕੰਪਨੀ ਹੈ ਜੋ ਸੀਏਟਲ, ਵਾਸ਼ਿੰਗਟਨ ਵਿੱਚ ਸਥਿਤ ਹੈ ਜੋ 5 ਜੁਲਾਈ, 1994 ਨੂੰ ਜੈਫ ਬੇਜੋਸ ਦੁਆਰਾ ਸਥਾਪਤ ਕੀਤਾ ਗਿਆ ਸੀ। ਟੈਕ ਜਾਇੰਟ ਸਭ ਤੋਂ ਵੱਡਾ ਇੰਟਰਨੈਟ ਵਿਕਰੀ ਅਤੇ ਮਾਰਕੀਟ ਪੂੰਜੀਕਰਣ ਦੁਆਰਾ ਦੁਨੀਆ ਵਿੱਚ ਵਿਦੇਸ਼ੀ ਰਿਟੇਲਰ ਬਣਿਆ ਹੈ। Amazon.com ਇੱਕ ਆਨਲਾਈਨ ਕਿਤਾਬਾਂ ਦੀ ਦੁਕਾਨ ਦੇ ਰੂਪ ਵਿੱਚ ਸ਼ੁਰੂ ਹੋਈ ਅਤੇ ਬਾਅਦ ਵਿੱਚ ਡੀਵੀਡੀ, ਬਲਿਊ-ਰੇ, ਸੀਡੀਜ਼, ਵੀਡੀਓ ਡਾਉਨਲੋਡਸ/ਸਟਰੀਮਿੰਗ, ਐਮਪੀਤ ਥਰੀ ਡਾਊਨਲੋਡਸ/ਸਟਰੀਮਿੰਗ, ਆਡੀਓਬੁੱਕ ਡਾਉਨਲੋਡ/ਸਟਰੀਮਿੰਗ, ਸੌਫਟਵੇਅਰ, ਵੀਡੀਓ ਗੇਮਸ, ਇਲੈਕਟ੍ਰੋਨਿਕਸ,ਕੱਪੜੇ, ਫ਼ਰਨੀਚਰ, ਫੂਡ, ਅਤੇ ਗਹਿਣੇ ਵੀ ਆਨਲਾਈਨ ਬੇਚਣ ਲੱਗੇ। ਕੰਪਨੀ ਖਪਤਕਾਰ ਇਲੈਕਟ੍ਰੌਨਿਕਸ- ਖਾਸ ਤੌਰ ਤੇ ਕਿਨਡਲ ਈ-ਰੀਡਰ, ਫਾਇਰ ਟੈਬਲੇਟ, ਫਾਇਰ ਟੀਵੀ ਅਤੇ ਐਕੋ-ਅਤੇ ਕਲਾਉਡ ਬੁਨਿਆਦੀ ਢਾਂਚਾ ਸੇਵਾਵਾਂ ਦੀ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਦਾਤਾ ਹੈ। ਐਮਾਜ਼ਾਨ ਵੀ ਕੁਝ ਘੱਟ-ਅੰਤ ਦੇ ਉਤਪਾਦਾਂ ਨੂੰ ਵੇਚਦਾ ਹੈ ਜਿਵੇਂ ਕਿ ਯੂਐਸਬੀ ਕੇਬਲ ਉਸਦੇ ਅਪਦੇ ਬਰੈਡ ਐਮਾਜ਼ਾਨ ਬੇਸਿਕ ਦੇ ਥੱਲੇ.
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਸਿਧਾਰਥ ਗੌਤਮ ਬੁੱਧ (ਸੰਸਕ੍ਰਿਤ: सिद्धार्थ गौतम बुद्ध) ਬੁੱਧ ਧਰਮ ਦੇ ਮੋਢੀ ਅਤੇ ਧਾਰਮਿਕ ਗੁਰੂ ਸਨ। ਉਹਨਾਂ ਦਾ ਜਨਮ 567 ਈਸਾ ਪੂਰਵ ਨੂੰ ਵਿਸਾਖ ਪੂਰਨਮਾਸ਼ੀ ਨੂੰ ਲੁੰਬਨੀ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਮਹਾਮਾਇਆ ਅਤੇ ਪਿਤਾ ਦਾ ਨਾਮ ਸੁਧੋਦਨ ਸੀ। ਮਹਾਤਮਾ ਬੁੱਧ ਦਾ ਅਸਲੀ ਨਾਮ ਸਿਧਾਰਥ ਅਤੇ ਗੋਤ ਗੌਤਮ ਸੀ। ਬੁੱਧ ਮਤ ਵਿੱਚ ਉਨ੍ਹਾਂ ਨੂੰ ਸਾਕਯ ਮੁਨੀ, ਗੌਤਮ, ਸਾਕਯ ਸਿਹੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 22 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।
ਗੁਰਮੀਤ ਰਾਮ ਰਹੀਮ ਸਿੰਘ (ਜਨਮ 15 ਅਗਸਤ 1967) ਇੱਕ ਭਾਰਤੀ ਸੰਗੀਤ ਨਿਰਮਾਤਾ, ਗਾਇਕ, ਗੀਤਕਾਰ, ਅਦਾਕਾਰ, ਫ਼ਿਲਮਮੇਕਰ ਅਤੇ ਡੇਰਾ ਸੱਚਾ ਸੌਦਾ ਦਾ ਮੁਖੀ ਹੈ। ਉਹ 23 ਸਤੰਬਰ 1990 ਤੋਂ ਡੇਰਾ ਸੱਚਾ ਸੌਦਾ ਦਾ ਮੁਖੀ ਹੈ। ਦਿ ਇੰਡੀਅਨ ਐਕਸਪ੍ਰੈਸ ਨੇ ਰਾਮ ਰਹੀਮ ਸਿੰਘ ਨੂੰ 2015 ਦੇ 100 ਸ਼ਕਤੀਸ਼ਾਲੀ ਭਾਰਤੀਆਂ ਦੀ ਸੂਚੀ ਵਿੱਚ 96ਵੇਂ ਸਥਾਨ 'ਤੇ ਰੱਖਿਆ ਸੀ। ਡੇਰਾ ਸੱਚਾ ਸੌਦਾ ਦੇ ਧਾਰਮਿਕ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਅਤੇ ਸੀ.ਬੀ.ਆਈ ਦੀ ਅਦਾਲਤ ਨੇ 28 ਅਗਸਤ 2017 ਨੂੰ 30 ਲੱਖ ਰੁਪਏ ਜੁਰਮਾਨਾ ਅਤੇ 20 ਸਾਲ ਕੈਦ ਦੀ ਸਜਾ ਸੁਣਾਈ ਹੈ।
ਤਖ਼ਤ (ਸ਼ਾਹਮੁਖੀ: تخت; ਫ਼ਾਰਸੀ: تخت) ਸਿੱਖੀ ਦੇ ਸ਼੍ਰੋਮਣੀ ਅਦਾਰੇ ਹਨ। ਤਖ਼ਤ ਦਾ ਮਤਲਬ ਹੈ ਕੀ ਉਹ ਅਦਾਰਾ ਜੋ ਸਿੱਖੀ ਅਤੇ ਸਿੱਖਾਂ ਦੇ ਆਂਤਰਿਕ ਮਸਲਿਆਂ ਦੀ ਕੌਮਾਂਤਰੀ ਅਤੇ ਕੌਮੀ ਪਧਰ ਤੇ ਅਗਵਾਈ ਕਰਨ ਦੀ ਸਮਰਥਾ ਰਖਦਾ ਹੈ। ਤਖਤਾਂ 'ਚੋਂ ਦੋ ਤਿੰਨ ਤਖ਼ਤ ਸਾਹਿਬ, ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ (سری اکال تخت صاحب), ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (سری کیسگڑہ صاحب) ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ (سری دمدماء صاحب) ਪੰਜਾਬ ਵਿੱਚ ਸਥਾਪਿਤ ਹਨ। ਦੋ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜੂਰ ਸਾਹਿਬ (سری حضور صاحب) ਅਤੇ ਤਖ਼ਤ ਸ੍ਰੀ ਪਟਨਾ ਸਾਹਿਬ (سری پٹنا صاحب) ਪੰਜਾਬ ਤੋਂ ਬਾਹਰ ਸਥਾਪਿਤ ਹਨ। ਅਸਲ ਵਿੱਚ ਉਹਨਾਂ ਗੁਰਦਵਾਰਿਆਂ ਨੂੰ ਹੀ ਤਖ਼ਤ ਮੰਨਿਆ ਗਿਆ ਹੈ ਜਿਥੋਂ ਕਦੇ ਵੀ ਕਿਸੇ ਗੁਰੂ ਸਾਹਿਬ ਨੇਂ ਹੁਕਮਨਾਮਾ ਜਾਰੀ ਕੀਤਾ ਹੋਵੇ। ਸਭ ਤਖਤਾਂ ਦੀ ਆਪੋ ਆਪਣੀ ਪ੍ਰਚਲਤ ਮੋਹਰ ਹੈ, ਜਿਸਨਾਲ ਉਹ ਆਪਣੇ ਹੁਕਮਨਾਮੇ ਲਾਗੂ ਕਰਨ ਲਈ ਪ੍ਰਮਾਣਿਤ ਕਰਦੇ ਹਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦੀ ਅਭਿਵਿਅਕਤੀ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਅਲੱਗ-2 ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ।“ਸੂਫ਼ੀ ਮਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫੀ ਲਹਿਰ ਕਈਆਂ ਗੱਲਾਂ ਵਿਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋਂ ਜਿਹਾ ਹੀ ਸੀ ਫ਼ਰਕ ਕੇਂਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇਕ ਮਘਦੀ ਧੂਣੀ ਸੀ ਤੇ ਇਕ ਲਟ ਲਟ ਬਲਦੀ ਲਾਟ।”1.
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਐਕਿਉਪੰਕਚਰ ਚੀਨ ਦੁਆਰਾ ਵਿਕਸਿਤ ਇੱਕ ਕਿਸਮ ਦਾ ਡਾਕਟਰੀ ਇਲਾਜ ਹੈ ਜੋ ਕੀ 5000 ਸਾਲ ਪਹਿਲਾਂ ਬਣਾਇਆ ਗਿਆ ਹੈ। ਬਰੀਕ ਪਤਲੀ ਸੂਈਆਂ ਨੂੰ ਸ਼ਰੀਰ ਦੇ ਕੁਝ ਹਿੱਸਿਆਂ ਵਿੱਚ ਲਗਾਇਆ ਜਾਂਦਾ ਹੈ ਅਤੇ ਇਸ ਵਿਧੀ ਨੂੰ ਐਕਿਉਪੰਕਚਰ ਆਖਦੇ ਹਨ। ਇਹ ਇਕ ਤਰਾਂ ਇਲਾਜ ਕਰਨ ਦਾ ਦੂਸਰਾ ਤਰੀਕਾ ਹੈ ਅਤੇ ਇਹ ਮੂਲ ਚੀਨੀ ਦਵਾਈ ਦਾ ਇਕ ਕੁੰਜੀ ਹਿੱਸਾ ਹੈ। ਇਹ ਯਿਨ ਅਤੇ ਯਾਂਗ ਦੇ ਚੀਨੀ ਦਰਸ਼ਨ ਦਾ ਪਰਤੀਕ ਮੰਨਿਆ ਜਾਂਦਾ ਹੈ।.
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਭੌਤਿਕ ਵਿਗਿਆਨ (ਪੁਰਾਤਨ ਯੂਨਾਨੀ: φυσική (ἐπιστήμη) phusikḗ (epistḗmē) "ਕੁਦਰਤ ਦਾ ਗਿਆਨ", φύσις phúsis "ਕੁਦਰਤ") ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ਸਪੇਸਟਾਈਮ ਰਾਹੀਂ ਇਸਦਾ ਵਰਤਾਓ ਸ਼ਾਮਿਲ ਹੈ। ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਿਕ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੁੰਦੇ ਹੋਏ, ਭੌਤਿਕ ਵਿਗਿਆਨ ਦਾ ਮੁੱਖ ਮੰਤਵ ਇਹ ਸਮਝਣਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ।
ਮੈਕਸੀਕੋ (ਸਪੇਨੀ: México) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਦੇ ਉੱਤਰ ਵਿੱਚ ਅਮਰੀਕਾ, ਦੱਖਣ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਗੁਆਟੇਮਾਲਾ ਅਤੇ ਕੈਰੀਬੀਅਨ ਸਾਗਰ ਅਤੇ ਪੂਰਬ ਵਿੱਚ ਮੈਕਸੀਕੋ ਦੀ ਖਾੜੀ ਹੈ। ਇਹ ਤਕਰੀਬਨ ਦੋ ਮਿਲੀਅਨ ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ 113 ਮਿਲੀਅਨ ਦੀ ਅਬਾਦੀ ਨਾਲ ਦੁਨੀਆਂ ਦਾ ਗਿਆਰਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਸਪੈਨਿਸ਼ ਬੋਲਦੀ ਅਬਾਦੀ ਵਾਲਾ ਦੇਸ਼ ਹੈ।