ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ l55ਆਗ਼ਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਫ਼ੇਸਬੁੱਕ ਇੰਟਰਨੈੱਟ ’ਤੇ ਇੱਕ ਆਜ਼ਾਦ ਸਮਾਜਿਕ ਨੈੱਟਵਰਕ ਸੇਵਾ ਵੈੱਬਸਾਈਟ ਹੈ ਜੋ ਫ਼ੇਸਬੁੱਕ ਇਨਕੌਰਪੋਰੇਟਡ ਦੁਆਰਾ ਚਲਾਈ ਜਾਂਦੀ ਹੈ। ਕੰਪਨੀ ਦਾ ਮੁੱਖ ਦਫਤਰ ਮੇਲਨੋਂ ਪਾਰਕ, ਕੈਲਿਫੋਰਨਿਯਾ ਦੇ ਵਿੱਚ ਸਤਿਥ ਹੈ। ਫ਼ੇਸਬੁੱਕ ਵੇਬਸਾਇਟ ਨੂੰ ਮਾਰਕ ਜੁਕਰਬਰਗ ਨੇ ਆਪਣੇ ਹਾਰਵਰਡ ਕੋਲੇਜ ਦੇ 4 ਜਮਾਤੀਆਂ ਏਡੁਆਰਦੋ ਸਵਰੇਨ, ਐਂਡ੍ਰਿਯੁ ਮਕਕੋੱਲੁਮ, ਡੁਸਟੀਨ ਮੋਸਕੋਵਿਟਜ਼ ਅਤੇ ਕ੍ਰਿਸ ਹੂਗੈਸ ਨਾਲ ਮਿਲ ਕੇ 4 ਫਰਵਰੀ 2004 ਨੂੰ ਜਾਰੀ ਕੀਤਾ ਸੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਕਾਰੋਬਾਰ, ਜਿਹਨੂੰ ਫ਼ਰਮ, ਧੰਦਾ ਜਾਂ ਕੰਮ-ਕਾਰ ਵੀ ਆਖਿਆ ਜਾਂਦਾ ਹੈ, ਇੱਕ ਅਜਿਹੀ ਜਥੇਬੰਦੀ ਹੁੰਦੀ ਹੈ ਜੋ ਖ਼ਪਤਕਾਰਾਂ ਨੂੰ ਵਸਤਾਂ, ਸੇਵਾਵਾਂ ਜਾਂ ਦੋਹੇਂ ਮੁਹਈਆ ਕਰਾਉਂਦੀ ਹੋਵੇ। ਕਾਰੋਬਾਰ ਸਰਮਾਏਦਾਰ ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜੋ ਵਸਤਾਂ, ਸੇਵਾਵਾਂ ਜਾਂ ਪੈਸੇ ਬਦਲੇ ਖ਼ਪਤਕਾਰਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਹਈਆ ਕਰਦੇ ਹਨ। ਕਈ ਕਾਰੋਬਾਰਾਂ ਦੀ ਮਾਲਕੀ ਗ਼ੈਰ-ਨਫ਼ਾਖ਼ੋਰ ਜਥੇਬੰਦੀਆਂ ਜਾਂ ਸਰਕਾਰ ਹੱਥ ਵੀ ਹੋ ਸਕਦੀ ਹੈ। ਕਈ ਜਣਿਆਂ ਵੱਲੋਂ ਸਾਂਭੇ ਜਾਂਦੇ ਕਾਰੋਬਾਰ ਨੂੰ ਕੰਪਨੀ ਕਹਿ ਦਿੱਤਾ ਜਾਂਦਾ ਹੈ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਫ਼ਾਰਸੀ (فارسی), ਇੱਕ ਭਾਸ਼ਾ ਹੈ ਜੋ ਇਰਾਨ, ਅਫਗਾਨਿਸਤਾਨ, ਤਾਜਿਕਸਤਾਨ ਅਤੇ ਉਜਬੇਕਿਸਤਾਨ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੈ। ਇਸਨੂੰ 7.5 ਕਰੋੜ ਲੋਕ ਬੋਲਦੇ ਹਨ। ਭਾਸ਼ਾ ਪਰਿਵਾਰ ਦੇ ਲਿਹਾਜ ਨਾਲ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਪੰਜਾਬੀ ਦੀ ਤਰ੍ਹਾਂ ਇਸ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ। ਇਹ ਸੰਸਕ੍ਰਿਤ ਨਾਲ ਕਾਫੀ ਮਿਲਦੀ-ਜੁਲਦੀ ਹੈ ਅਤੇ ਉਰਦੂ (ਅਤੇ ਹਿੰਦੀ) ਅਤੇ ਪੰਜਾਬੀ ਵਿੱਚ ਇਸ ਦੇ ਬਹੁਤ ਸਾਰੇ ਸ਼ਬਦ ਵਰਤੇ ਜਾਂਦੇ ਹਨ। ਇਹ ਅਰਬੀ-ਫ਼ਾਰਸੀ ਲਿੱਪੀ ਵਿੱਚ ਲਿਖੀ ਜਾਂਦੀ ਹੈ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਦੀ ਵਰਤੋਂ ਦਰਬਾਰੀ ਕੰਮਾਂ ਅਤੇ ਲਿਖਾਈ ਦੀ ਬੋਲੀ ਦੇ ਰੂਪ ਵਿੱਚ ਹੁੰਦੀ ਸੀ। ਦਰਬਾਰ ਵਿੱਚ ਵਰਤੋਂ ਹੋਣ ਦੇ ਕਾਰਨ ਹੀ ਅਫਗਾਨਿਸਤਾਨ ਵਿੱਚ ਇਸਨੂੰ ਦਰੀ ਕਿਹਾ ਜਾਂਦਾ ਹੈ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਗੁਰ ਅਮਰਦਾਸ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿਆਦ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿ੍ਹਨਾ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਗੁਰੂ ਨਾਨਕ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਨੇਤਾ ਜੀ ਸੁਭਾਸ਼ ਚੰਦਰ ਬੋਸ (23 ਜਨਵਰੀ, 1897- 18 ਅਗਸਤ 1945) ਇੱਕ ਭਾਰਤੀ ਰਾਸ਼ਟਰਵਾਦੀ ਸਨ, ਜਿਹਨਾਂ ਦੀ ਦੇਸ਼ਭਗਤੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਨਾਇਕ ਬਣਾ ਦਿੱਤਾ ਸੀ, ਪਰ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਵਾਉਣ ਦੀ ਕੋਸ਼ਿਸ਼ ਨਾਲ ਇਕ ਵੱਖਰੀ ਵਿਰਾਸਤ ਛੱਡ ਗਏ। ਮਾਨਯੋਗ ਨੇਤਾਜੀ ਨਾਮ (ਹਿੰਦੁਸਤਾਨੀ ਭਾਸ਼ਾ: "ਸਤਿਕਾਰਤ ਨੇਤਾ"), ਜੋ ਕਿ ਬਰਤਾਨਵੀ ਭਾਰਤ ਦੇ ਸਪੈਸ਼ਲ ਬਿਊਰੋ ਦੇ ਭਾਰਤ ਵਿਚਲੇ ਭਾਰਤੀ ਸਿਪਾਹੀਆਂ ਦੁਆਰਾ 1940 ਦੇ ਸ਼ੁਰੂ ਵਿਚ ਅਤੇ ਬਰਲਿਨ ਵਿਚ ਭਾਰਤ ਦੇ ਵਿਸ਼ੇਸ਼ ਬਿਊਰੋ ਵਿਚ ਜਰਮਨ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਦਿੱਤਾ ਗਿਆ ਸੀ, ਨੂੰ ਬਾਅਦ ਵਿਚ ਭਾਰਤ ਭਰ ਵਿਚ ਵਰਤਿਆ ਗਿਆ ਸੀ।1920 ਅਤੇ 1930 ਦੇ ਦਹਾਕੇ ਵਿਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਅਤੇ 1938 ਅਤੇ 1939 ਵਿਚ ਕਾਂਗਰਸ ਦੇ ਪ੍ਰਧਾਨ ਬਣੇ। ਹਾਲਾਂਕਿ, ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨਾਲ ਮਤਭੇਦ ਕਰਕੇ 1939 ਵਿਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ। 1940 ਵਿਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਓਹਨਾਂ ਨੂੰ ਬ੍ਰਿਟਿਸ਼ ਨੇ ਘਰ ਵਿਚ ਨਜ਼ਰਬੰਦ ਕਰ ਦਿੱਤਾ ਸੀ।
ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਭੋਜਪੁਰੀ ਇੱਕ ਭਾਰਤੀ ਭਾਸ਼ਾ ਹੈ ਜੋ ਭਾਰਤ ਦੇ ਬਿਹਾਰ ਸੂਬੇ ਵਿੱਚ ਬੋਲੀ ਜਾਂਦੀ ਹੈ। ਇਹ ਦੇਵਨਾਗਰੀ ਲਿੱਪੀ ਵਿੱਚ ਲਿਖੀ ਜਾਂਦੀ ਹੈ। ਇਹ ਬੋਲੀ ਬਿਹਾਰ ਤੋਂ ਇਲਾਵਾ ਪੂਰਬੀ ਉੱਤਰ ਪ੍ਰਦੇਸ਼, ਝਾਰਖੰਡ ਅਤੇ ਗੁਆਂਢੀ ਦੇਸ ਨੇਪਾਲ ਦੇ ਤਰਾਈ ਖੇਤਰ ਵਿੱਚ ਵੀ ਬੋਲੀ ਜਾਂਦੀ ਹੈ। ਭਾਸ਼ਾਈ ਪਰਵਾਰ ਦੇ ਪੱਧਰ ਉੱਤੇ ਇਹ ਇੱਕ ਆਰੀਆ ਭਾਸ਼ਾ ਹੈ। ਭੋਜਪੁਰੀ ਆਪਣੀ ਸ਼ਬਦਾਵਲੀ ਲਈ ਮੁੱਖ ਤੌਰ 'ਤੇ ਸੰਸਕ੍ਰਿਤ ਅਤੇ ਹਿੰਦੀ ਉੱਤੇ ਨਿਰਭਰ ਹੈ ਕੁੱਝ ਸ਼ਬਦ ਇਸਨੇ ਉਰਦੂ ਕੋਲੋਂ ਵੀ ਉਧਾਰ ਲਏ ਹਨ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸੱਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਕਮਿਊਨਿਜ਼ਮ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਦੁਆਰਾ ਪ੍ਰਤੀਪਾਦਿਤ ਅਤੇ ਕਮਿਊਨਿਸਟ ਮੈਨੀਫੈਸਟੋ ਵਿੱਚ ਵਰਣਿਤ ਸਮਾਜਵਾਦ ਦੀ ਆਖਰੀ ਮੰਜਲ ਹੈ। ਕਮਿਊਨਿਜ਼ਮ, ਸਾਮਾਜਕ - ਰਾਜਨੀਤਕ ਦਰਸ਼ਨ ਦੇ ਅਨੁਸਾਰ ਇੱਕ ਅਜਿਹੀ ਵਿਚਾਰਧਾਰਾ ਦੇ ਰੂਪ ਵਿੱਚ ਵਰਣਿਤ ਹੈ, ਜਿਸ ਵਿੱਚ ਸੰਰਚਨਾਤਮਕ ਪੱਧਰ ਉੱਤੇ ਇੱਕ ਸਮਤਾਮੂਲਕ ਵਰਗਹੀਣ ਸਮਾਜ ਦੀ ਸਥਾਪਨਾ ਕੀਤੀ ਜਾਵੇਗੀ। ਇਤਿਹਾਸਕ ਅਤੇ ਆਰਥਕ ਹੈਜਮਨੀ ਦੇ ਪ੍ਰਤੀਮਾਨ ਭੰਨ ਕੇ ਉਤਪਾਦਨ ਦੇ ਸਾਧਨਾਂ ਉੱਤੇ ਸਮੁੱਚੇ ਸਮਾਜ ਦੀ ਮਾਲਕੀ ਹੋਵੇਗੀ। ਅਧਿਕਾਰ ਅਤੇ ਕਰਤੱਵ ਵਿੱਚ ਸਵੈ ਇੱਛਾ ਨਾਲ ਸਮੁਦਾਇਕ ਤਾਲਮੇਲ ਸਥਾਪਤ ਹੋਵੇਗਾ। ਆਜ਼ਾਦੀ ਅਤੇ ਸਮਾਨਤਾ ਦੇ ਸਾਮਾਜਕ ਰਾਜਨੀਤਕ ਆਦਰਸ਼ ਇੱਕ ਦੂਜੇ ਦੇ ਪੂਰਕ ਸਿੱਧ ਹੋਣਗੇ। ਇਨਸਾਫ਼ ਤੋਂ ਕੋਈ ਵੰਚਿਤ ਨਹੀਂ ਹੋਵੇਗਾ ਅਤੇ ਮਨੁੱਖਤਾ ਸਿਰਫ ਇੱਕ ਜਾਤੀ ਹੋਵੇਗੀ। ਮਿਹਨਤ ਦੀ ਸੰਸਕ੍ਰਿਤੀ ਸਭ ਤੋਂ ਉੱਤਮ ਅਤੇ ਤਕਨੀਕ ਦਾ ਪੱਧਰ ਸਰਬਉਚ ਹੋਵੇਗਾ। ਕਮਿਊਨਿਜ਼ਮ ਰਾਜਰਹਿਤ ਸਮਾਜ ਦਾ ਹਾਮੀ ਸਿਧਾਂਤ ਹੈ। ਉਹ ਸਮਾਜਿਕ ਵਿਵਸਥਾ ਜਿੱਥੇ ਰਾਜ ਦੀ ਲੋੜ ਖ਼ਤਮ ਹੋ ਜਾਂਦੀ ਹੈ। ਮੂਲ ਤੌਰ ਤੇ ਇਹ ਵਿਚਾਰ ਸਮਾਜਵਾਦ ਦੀ ਉੱਨਤ ਸਥਿੱਤੀ ਦਾ ਲਖਾਇਕ ਹੈ। ਜਿੱਥੇ ਸਮਾਜਵਾਦ ਵਿੱਚ ਹਰੇਕ ਤੋਂ ਉਸਦੀ ਸਮਰਥਾ ਅਨੁਸਾਰ, ਹਰੇਕ ਨੂੰ ਕੰਮ ਅਨੁਸਾਰ (From each according to her/his ability, to each according to her/his work) ਦੇ ਨਿਯਮ ਨਾਲ ਸੰਚਾਲਿਤ ਕੀਤਾ ਜਾਂਦਾ ਹੈ, ਉਥੇ ਹੀ ਕਮਿਊਨਿਜ਼ਮ ਵਿੱਚ ਹਰੇਕ ਤੋਂ ਸਮਰਥਾ ਅਨੁਸਾਰ, ਹਰੇਕ ਨੂੰ ਲੋੜ ਮੁਤਾਬਿਕ (From each according to her/his ability, to each according to her/his need) ਸਿਧਾਂਤ ਲਾਗੂ ਕੀਤਾ ਜਾਂਦਾ ਹੈ। ਕਮਿਊਨਿਜ਼ਮ ਨਿਜੀ ਜਾਇਦਾਦ ਦਾ ਮੁਕੰਮਲ ਨਿਖੇਧ ਕਰਦਾ ਹੈ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਸਾਹਿਬ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ (1697–1753) ਗੁਰੂ ਪੰਥ ਦੇ ਤੀਸਰੇ ੯੬ ਕਰੋੜੀ ਜਥੇਦਾਰ ਸਾਹਿਬ ਹੋਏ ਜਿਨ੍ਹਾਂ ਸਿੱਖ ਤਰੀਖ਼ ਦੇ ਔਖੇ ਵੇਲੇ ਗੁਰੂ ਪੰਥ ਦੀ ਅਗਵਾਈ ਕੀਤੀ । ਉਹ 1697 ਵਿੱਚ ਜੱਟਾਂ ਦੇ ਵਿਰਕ ਟੱਬਰ ਚ ਕਾਲੌਕੇ ਸ਼ੇਖ਼ੂਪੁਰਾ ਦੇ ਪਿੰਡ ਚ ਜੰਮਿਆ। 1721 ਚ ਉਹ ਖ਼ਾਲਸਾ ਟੋਲੀ ਨਾਲ਼ ਰਲ਼ ਗਿਆ। ਸੁੱਖ ਜੀਦਾਰੀ ਨਾਲ਼ ਮੁਗ਼ਲਾਂ ਦੀਆਂ ਸਖ਼ਤੀਆਂ ਸਹੁਰੇ-ਏ-ਸਨ। ਸਿੱਖਾਂ ਦਾ ਹੌਸਲਾ ਵੇਖ਼ ਕੇ ਮੁਗ਼ਲਾਂ ਨੇ ਲਾਲਚ ਨਾਲ਼ ਉਹਨਾਂ ਨੂੰ ਰਾਮ ਕਰਨ ਦਾ ਸੋਚਿਆ। ਮੁਗਲਾਂ ਨੇ ਨਵਾਬੀ ਭੇਜੀ ਤਾਂ ਉਸ ਵੇਲੇ ਦੇ ਗੁਰੂ ਪੰਥ ਦੇ ਦੂਸਰੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਦੀਵਾਨ ਬਾਬਾ ਦਰਬਾਰਾ ਸਿੰਘ ਸਾਹਿਬ ਜੀ ੯੬ ਕਰੋੜੀ ਪੰਥ ਪਾਤਸ਼ਾਹ ਜੀ ਨੇ ਬਾਬਾ ਕਪੂਰ ਸਿੰਘ ਜੀ ਨੂੰ ਮਾਣ ਕਰ ਕੇ ਨਵਾਬ ਦਾ ਖ਼ਿਤਾਬ ਦਿਤਾ । ਸਿੰਘ ਸਾਹਿਬ ਜਥੇਦਾਰ ਬਾਬਾ ਨਵਾਬ ਕਪੂਰ ਸਿੰਘ ਸਾਹਿਬ ਜੀ ੯੬ ਕਰੋੜੀ ਮਹਾਂਪੁਰਖਾਂ ਨੇ ੪ ਤਰਨੇ ਦਲ ਬਣਾਏ। ਹਰ ਦਲ ਦੇ ਜਥੇਦਾਰ ਚੁਣੇ । ਸਿੰਘ ਸਾਹਿਬ ਜਥੇਦਾਰ ਨਵਾਬ ਬਾਬਾ ਕਪੂਰ ਸਿੰਘ ਜੀ ੯੬ ਕਰੋੜੀ ਪੰਥ ਪਾਤਸ਼ਾਹ 7 ਅਕਤੂਬਰ, 1753 ਚ ਅੰਮ੍ਰਿਤਸਰ ਚ ਸੱਚਖੰਡ ਗਏ । ਉਹਨਾਂ ਦੀ ਸਿਹਤ ਕਾਫ਼ੀ ਚਿਰ ਤੋਂ ਖ਼ਰਾਬ ਚਲੀ ਆ ਰਹੀ ਸੀ ਕਿਉਂਕਿ ਇੱਕ ਲੜਾਈ ਵਿੱਚ ਗੋਲੀ ਲੱਗਣ ਕਾਰਨ ਹੋਇਆ ਉਹਨਾਂ ਦਾ ਜ਼ਖ਼ਮ ਭਰ ਨਹੀਂ ਸੀ ਸਕਿਆ। ਨਵਾਬ ਕਪੂਰ ਸਿੰਘ ਦੀ ਸੱਚਖੰਡ ਗਮਨ ਨਾਲ ਗੁਰੂ ਪੰਥ ਖਾਲਸਾ ਦੇ ੪ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ੯੬ ਕਰੋੜੀ ਪੰਥ ਪਾਤਸ਼ਾਹ ਜੀ ਨੇ, ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਗੁਰੂ ਪੰਥ ਖਾਲਸਾ ਜੀ ਦੀ ਕਮਾਨ ਸੰਭਾਲ ਲਈ ਸੀ ਪਰ ਬਤੌਰ ਜਥੇਦਾਰ, ਰਸਮੀ ਚੋਣ (ਮਨਜ਼ੂਰੀ) 10 ਅਪਰੈਲ, 1754 ਦੇ ਦਿਨ ਸਰਬੱਤ ਖ਼ਾਲਸਾ ਇਕੱਠ ਵਿੱਚ ਹੀ ਹੋਈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਇਹ ਪ੍ਰਾਜੈੱਕਟ ਵਿਕੀ-ਅਧਾਰਤ ਸੰਪਾਦਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਵਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਖੁੱਲ੍ਹੇ ਯੋਗਦਾਨ ਦੇ ਤੌਰ ਵਿਕਸਤ ਕੀਤਾ ਤੇ ਬਣਾਈ ਰੱਖਿਆ ਗਿਆ ਹੈ। ਇਹ ਵਰਲਡ ਵਾਈਡ ਵੈਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਆਮ ਹਵਾਲਾ ਕੰਮ ਹੈ ਅਤੇ ਅਕਤੂਬਰ 2019 ਤੱਕ ਅਲੈਕਸਾ ਦੁਆਰਾ ਦਰਜਾ ਪ੍ਰਾਪਤ ਸਭ ਤੋਂ ਪ੍ਰਸਿੱਧ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸ ਦੀ ਵਿਸ਼ੇਸ਼ਤਾ ਮੁਫਤ ਸਮੱਗਰੀ ਤੌਰ ਤੇ ਹੈ ਅਤੇ ਇਸ ਵਿੱਚ ਵਪਾਰਕ ਵਿਗਿਆਪਨ ਨਹੀਂ ਹੁੰਦੇ। ਇਹ ਗੈਰ-ਮੁਨਾਫਾ ਸੰਗਠਨ ਵਿਕੀਮੀਡੀਆ ਫਾਉਂਡੇਸ਼ਨ ਦੀ ਮਾਲਕੀ ਅਤੇ ਸਹਾਇਤਾ ਪ੍ਰਾਪਤ ਹੈ, ਮੁੱਖ ਤੌਰ' ਤੇ ਦਾਨ ਕੀਤੀ ਰਕਮ ਸਹਾਰੇ ਚਲਦਾ ਹੈ।ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 33,728 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਜਨਵਰੀ 2020 ਮੁਤਾਬਿਕ ਇਸ ਵਿਕੀ ’ਤੇ 33,728 ਲੇਖ ਹਨ ਅਤੇ ਇਸ ਦੇ ਕੁੱਲ 31,401 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 5,05,879 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.35.0-wmf.15 (037f398) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਸ਼ਹੀਦਸ਼ਹੀਦ ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਜਸਵੰਤ ਸਿੰਘ ਕੰਵਲ (ਜਨਮ 27 ਜੂਨ 1919) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ। ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ।
ਗੁਰ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖਤ੍ਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਓਹ ਦੁਰਗਾ ਦੇ ਪੁਜਾਰੀ ਸਨ। ਇਹਨਾ ਦੀ ਮੁਲਾਕਾਤ ਗੁਰ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਗ਼ਦਰ ਪਾਰਟੀ [: ग़दर पार्टी (ਦੇਵਨਾਗਰੀ), غدر پارٹی (ਨਸਤਾਲੀਕ਼)]; ਗੁਲਾਮ ਭਾਰਤ ਨੂੰ ਅੰਗਰੇਜਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ ਦੇ ਭਾਰਤੀਆਂ ਨੇ 25 ਜੂਨ 1913 ਵਿੱਚ ਬਣਾਇਆ ਸੀ। ਇਸਨੂੰ ਪ੍ਰਸ਼ਾਂਤ ਤਟ ਦੀ ਹਿੰਦੀ ਐਸੋਸੀਏਸ਼ਨ (Hindi Association of the Pacific Coast) ਵੀ ਕਿਹਾ ਜਾਂਦਾ ਸੀ। ਇਹ ਪਾਰਟੀ ਗ਼ਦਰ ਨਾਮ ਦਾ ਪੱਤਰ ਵੀ ਕੱਢਦੀ ਸੀ ਜੋ ਉਰਦੂ ਅਤੇ ਪੰਜਾਬੀ ਵਿੱਚ ਛਪਦਾ ਸੀ। ਪਹਿਲਾ ਵਿਸ਼ਵ ਯੁੱਧ ਦੇ ਛਿੜਦੇ ਹੀ ਜਦੋਂ ਭਾਰਤ ਦੇ ਹੋਰ ਦਲ ਅੰਗਰੇਜਾਂ ਨੂੰ ਸਹਿਯੋਗ ਦੇ ਰਹੇ ਸਨ ਗ਼ਦਰੀਆਂ ਨੇ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਘੋਸ਼ਿਤ ਕਰ ਦਿੱਤੀ।ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਮਰੀਕਾ ਤੋਂ ਅਗਸਤ 1922 ਵਿਚ ਤੁਰ ਕੇ 24 ਸਤੰਬਰ 1922 ਨੂੰ ਮਾਸਕੋ ਪਹੁੰਚੇ। ਉਹਨਾਂ ਨੇ ਮਈ 1923 ਤੱਕ ਉੱਥੇ ਠਹਿਰ ਕੇ ਸਮਾਜਵਾਦੀ ਰਾਜ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਵਿਚਾਰਧਾਰਾ ਨਾਲ ਜੁੜ ਕੇ ਲਏ ਫੈਸਲੇ ਅਨੁਸਾਰ ਭਾਈ ਰਤਨ ਸਿੰਘ ਨੇ ਅਮਰੀਕਾ ਅਤੇ ਹੋਰ ਮੁਲਕਾਂ ਵਿਚੋਂ ਗਦਰੀਆਂ ਨੂੰ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਵਿਚ ਸਿੱਖਿਆ ਪ੍ਰਾਪਤੀ ਲਈ ਭੇਜਣ ਅਤੇ ਭਾਈ ਸੰਤੋਖ ਸਿੰਘ ਨੇ ਹਿੰਦੁਸਤਾਨ ਜਾ ਕੇ ਨਵੇਂ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਓਟ ਲਈ।
ਰਾਸ਼ਟਰੀ ਵੈਮਾਨਿਕੀ ਅਤੇ ਅੰਤਰਿਕਸ਼ ਪਰਬੰਧਨ (ਸੰਖੇਪ ਵਿੱਚ ਨਾਸਾ, ਅੰਗਰੇਜ਼ੀ: National Aeronautics and Space Administration ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਅਡਮਿਨਿਸਟਰੇਸ਼ਨ, NASA ਨਾਸਾ) ਸੰਯੁਕਤ ਰਾਜ ਅਮਰੀਕਾ ਦੀ ਸਮੂਹ ਸਰਕਾਰ ਦੀ ਇੱਕ ਸੰਸਥਾ ਹੈ, ਜੋ ਰਾਸ਼ਟਰ ਦਾ ਸਰਵਜਨਿਕ ਅੰਤਰਿਕਸ਼ ਪਰੋਗਰਾਮ ਹੈ। 29 ਜੁਲਾਈ, 1958 ਵਿੱਚ ਰਾਸ਼ਟਰੀ ਵੈਮਾਨਿਕੀ ਅਤੇ ਅੰਤਰਿਕਸ਼ ਅਧਿਨਿਯਮ ਦੁਆਰਾ ਸਥਾਪਤ ਹੋਇਆ, ਇਸ ਦਾ 2007 ਮਾਮਲਾ ਸਾਲ ਦਾ ਨਿਧੀਕਰਣ ਦੀ ਰਾਸ਼ੀ 672,000,000,000 ਭਾਰਤੀ ਰੁਪਏ (16.8 ਬਿਲੀਅਨ ਅਮਰੀਕੀ ਡਾਲਰ) ਹੋ ਗਈ।
ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ। ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਕਦੇ-ਕਦੇ, "ਮਾਤ ਭਾਸ਼ਾ" ਜਾਂ "ਮਾਂ ਦੀ ਭਾਸ਼ਾ" ਦੀ ਵਰਤੋਂ ਉਸ ਭਾਸ਼ਾ ਲਈ ਕੀਤੀ ਜਾਂਦੀ ਹੈ ਜੋ ਇਕ ਵਿਅਕਤੀ ਨੇ ਘਰ ਵਿਚ ਬੱਚੇ (ਆਮ ਤੌਰ ਤੇ ਆਪਣੇ ਮਾਤਾ-ਪਿਤਾ ਤੋਂ) ਦੇ ਤੌਰ ਤੇ ਸਿੱਖੀ ਹੁੰਦੀ ਹੈ। ਦੋਭਾਸ਼ੀ ਘਰਾਂ ਵਿੱਚ ਵੱਡੇ ਹੋ ਰਹੇ ਬੱਚਿਆਂ ਦੀਆਂ, ਇਸ ਪਰਿਭਾਸ਼ਾ ਦੇ ਅਨੁਸਾਰ, ਇੱਕ ਤੋਂ ਜਿਆਦਾ ਮਾਤ ਭਾਸ਼ਾਵਾਂ ਜਾਂ ਮੂਲ ਭਾਸ਼ਾਵਾਂ ਹੋ ਸਕਦੀਆਂ ਹਨ।
ਬਗਦਾਦ (ਅਰਬੀ: بغداد) ਇਰਾਕ ਦਾ ਇੱਕ ਅਹਿਮ ਸ਼ਹਿਰ ਅਤੇ ਰਾਜਧਾਨੀ ਹੈ। 2011 ਦੇ ਅਬਾਦੀ ਅੰਦਾਜ਼ੇ ਮੁਤਾਬਕ 7,216,040 ਦੀ ਅਬਾਦੀ ਨਾਲ ਇਹ ਇਰਾਕ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦਾ ਨਾਮ 600 ਈ ਪੂ ਦੇ ਬਾਬਿਲ ਦੇ ਰਾਜੇ ਭਾਗਦੱਤ ਉੱਤੇ ਪਿਆ ਹੈ। ਇਹ ਨਗਰ 4,000 ਸਾਲ ਪਹਿਲਾਂ ਪੱਛਮੀ ਯੂਰਪ ਅਤੇ ਬਹੁਤ ਦੂਰ ਪੂਰਬ ਦੇ ਦੇਸ਼ਾਂ ਦੇ ਵਿੱਚ, ਸਮੁੰਦਰੀ ਰਸਤੇ ਦੀ ਖੋਜ ਤੋਂ ਪਹਿਲਾਂ ਕਾਰਵਾਂ ਰਸਤੇ ਦਾ ਪ੍ਰਸਿੱਧ ਕੇਂਦਰ ਸੀ ਅਤੇ ਨਦੀ ਦੇ ਕੰਢੇ ਇਸ ਦੀ ਸਥਿਤੀ ਵਪਾਰਕ ਮਹੱਤਵ ਰੱਖਦੀ ਸੀ। ਮੇਸੋਪੋਟੇਮੀਆ ਦੇ ਉਪਜਾਊ ਭਾਗ ਵਿੱਚ ਸਥਿਤ ਬਗਦਾਦ ਅਸਲ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਦਾ ਕੇਂਦਰ ਸੀ। 9ਵੀਂ ਸਦੀ ਦੇ ਸ਼ੁਰੂ ਵਿੱਚ ਇਹ ਆਪਣੇ ਸਿਖਰ ਉੱਤੇ ਸੀ। ਉਸ ਸਮੇਂ ਇੱਥੇ ਪ੍ਰਬੁੱਧ ਖਲੀਫਾ ਦੀ ਛਤਰਛਾਇਆ ਵਿੱਚ ਧਨੀ ਵਪਾਰੀ ਅਤੇ ਵਿਦਵਾਨ ਲੋਕ ਵਧੇ ਫੁੱਲੇ। ਰੇਸ਼ਮੀ ਕੱਪੜੇ ਅਤੇ ਵਿਸ਼ਾਲ ਖਪਰੈਲ ਦੇ ਭਵਨਾਂ ਲਈ ਪ੍ਰਸਿੱਧ ਬਗਦਾਦ ਇਸਲਾਮ ਧਰਮ ਦਾ ਕੇਂਦਰ ਰਿਹਾ ਹੈ। ਇੱਥੇ ਦਾ ਔਸਤ ਤਾਪਮਾਨ ਲੱਗਭੱਗ 23 ਡਿਗਰੀ ਅਤੇ ਸਲਾਨਾ ਵਰਖਾ ਸੱਤ ਇੰਚ ਹੈ। ਇਸੇ ਲਈ ਇੱਥੇ ਖਜੂਰ ਅਤੇ ਝਾੜੀਆਂ ਦੇ ਕੁੰਜ ਜ਼ਿਆਦਾ ਮਿਲਦੇ ਹਨ।
ਬੁਲਗਾਰੀਆ ਦੱਖਣ-ਪੂਰਬੀ ਯੂਰਪ ਵਿੱਚ ਸਥਿੱਤ ਇੱਕ ਦੇਸ਼ ਹੈ, ਜਿਹਦੀ ਰਾਜਧਾਨੀ ਸੋਫ਼ੀਆ ਹੈ। ਇਸ ਦੇਸ਼ ਦੀਆਂ ਹੱਦਾਂ ਉੱਤਰ ਵੱਲ ਰੋਮਾਨੀਆ, ਪੱਛਮ ਵੱਲ ਸਰਬੀਆ ਅਤੇ ਮਕਦੂਨੀਆ, ਦੱਖਣ ਵੱਲ ਯੂਨਾਨ ਅਤੇ ਤੁਰਕੀ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਦੇਸ਼ ਦੀਆਂ ਹੱਦਾਂ ਕਾਲੇ ਸਾਗਰ ਨਾਲ਼ ਲੱਗਦੀਆਂ ਹਨ। ਕਲਾ ਅਤੇ ਤਕਨੀਕ ਤੋਂ ਛੁੱਟ ਸਿਆਸੀ ਨਜ਼ਰੀਏ ਤੋਂ ਵੀ ਬੁਲਗਾਰੀਆ ਦੀ ਹੋਂਦ ਪੰਜਵੀਂ ਸਦੀ ਤੋਂ ਨਜ਼ਰ ਆਉਣ ਲੱਗਦੀ ਹੈ। ਪਹਿਲਾਂ ਬੁਲਗਾਰੀਆਈ ਸਾਮਰਾਜ (632/681 - 1018) ਨੇ ਸਿਰਫ਼ ਬਾਲਕਨ ਖੇਤਰ ਦੀ ਨਹੀਂ ਸਗੋਂ ਪੂਰੇ ਪੂਰਬੀ ਯੂਰਪ ਨੂੰ ਅਨੇਕਾਂ ਪ੍ਰਕਾਰ ਨਾਲ਼ ਪ੍ਰਭਾਵਿਤ ਕੀਤਾ। ਬੁਲਗਾਰੀਆਈ ਸਾਮਰਾਜ ਦੇ ਗਿਰਾਅ ਮਗਰੋਂ ਇਹਨੂੰ ਓਟੋਮਨ ਸ਼ਾਸਨ ਦੇ ਅਧੀਨ ਕਰ ਦਿੱਤਾ ਗਿਆ। 1877-78 ਵਿੱਚ ਹੋਏ ਰੂਸ-ਤੁਰਕੀ ਯੁੱਧ ਨੇ ਬੁਲਗਾਰੀਆ ਰਾਜ ਨੂੰ ਮੁੜ-ਸਥਾਪਤ ਕਰਨ ਵਿੱਚ ਮਦਦ ਕੀਤੀ। ਦੂਜੇ ਵਿਸ਼ਵ ਯੁੱਧ ਮਗਰੋਂ ਬੁਲਗਾਰੀਆ ਸਾਮਵਾਦੀ ਰਾਜ ਅਤੇ ਪੂਰਬੀ ਬਲਾਕ ਦਾ ਹਿੱਸਾ ਬਣ ਗਿਆ। 1989 ਦੇ ਇਨਕਲਾਬ ਤੋਂ ਬਾਅਦ 1990 ਵਿੱਚ ਸਾਮਵਾਦੀਆਂ ਦੀ ਸੱਤਾ ਦਾ ਅਧਿਕਾਰ ਖ਼ਤਮ ਹੋ ਗਿਆ ਅਤੇ ਦੇਸ਼ ਸੰਸਦੀ ਲੋਕ-ਰਾਜ ਦੇ ਰੂਪ ਵਿੱਚ ਅੱਗੇ ਵਧਣ ਲੱਗਾ। ਇਹ ਦੇਸ਼ 2004 ਤੋਂ ਨਾਟੋ ਦਾ ਅਤੇ 2007 ਤੋਂ ਯੂਰਪੀ ਸੰਘ ਦਾ ਮੈਂਬਰ ਹੈ।
ਵਿਸਾਖੀ (ਪੰਜਾਬੀ: ਵਿਸਾਖੀ) visākhī) ਨਾਮ ਵਸਾਖ ਤੋਂ ਬਣਿਆ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, 13 ਅਪ੍ਰੈਲ 1699 ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਇਸ ਤਿਉਹਾਰ ਨੂੰ ਸਾਮੂਹਕ ਜਨਮਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇਕ ਮਘਦੀ ਧੂਣੀ ਸੀ ਤੇ ਇਕ ਲਟਾ-ਲਟ ਬਲਦੀ ਲਾਟ।”1.
ਕੈਥੋਲਿਕ ਗਿਰਜਾਘਰ ਦੁਨੀਆਂ ਦੇ ਇਸਾਈਆਂ ਦਾ ਸਭ ਤੋਂ ਵੱਡਾ ਚਰਚ ਹੈ, ਇਸ ਦੇ ਕਰੀਬ 120 ਕਰੋੜ ਜਣ(ਮੈਂਬਰ) ਹਨ। ਇਸਨੂੰ ਰੋਮਨ ਕੈਥੋਲਿਕ ਗਿਰਜਾਘਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਦੇ ਨੇਤਾ ਪੋਪ ਹਨ ਜੋ ਧਰਮਾਧਿਅਕਸ਼ਾਂ ਦੇ ਸਮੁਦਾਇ ਦੇ ਪ੍ਰਧਾਨ ਹਨ। ਇਹ ਪੱਛਮੀ ਅਤੇ ਪੂਰਬੀ ਕੈਥੋਲਿਕ ਗਿਰਜਾਘਰਾਂ ਦਾ ਇੱਕ ਸਮਾਗਮ ਹੈ। ਇਹ ਆਪਣੇ ਲਕਸ਼ ਨੂੰ ਯਿਸੂ ਮਸੀਹ ਦੇ ਸਮਾਚਾਰ ਫੈਲਾਉਣ, ਸੰਸਕਾਰ ਕਰਵਾਉਣ ਅਤੇ ਦਿਆਲਤਾ ਧਾਰਨ ਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।
ਕਹਾਵਤਾਂ(ਅਖਾਣ/ਅਹਾਣ/ਅਖੌਤਾਂ/ਅਖਾੳੁਤ/ਕਹੌਤਾਂ/ਲਕੋਕਤੀ/ਜ਼ਰਬ-ਅਲ-ਮਿਸਾਲ/ਇਮਸਾਲ) ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਗੱਲਾਂ ਜੋ ਸਹਿਜੇ ਹੀ ਆਪਣੀ ਗੱਲ ਨੂੰ ਸਪੱਸ਼ਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਾਨ੍ਹ ਸਿੰਘ ਨਾਭਾ ਆਪਣੀ ਮਹਾਨ ਕ੍ਰਿਤ ਮਹਾਨ ਕੋਸ਼ ਵਿੱਚ ਅਖਾਣ ਨੂੰ ਦਰਸਾਉਦੇ ਹਨ ਕਿ ਲੋਕਾਂ ਦੀ ਉਕਤਿ(ਕਹਾਵਤ), ਇੱਕ ਅਰਥਾਲੰਕਾਰ, ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ਪੁਰ ਕਹਿਣਾ ਅਖਾਣ ਜਾਂ ਲੋਕੋਕਤੀ(ਲੋਕੳੁਕਤੀ) ਹੈ। ਕਹਾਵਤਾਂ ਲੋਕ ਸਾਹਿਤ ਜਾਂ ਲੋਕਧਾਰਾ ਦੀਅਾਂ ਵਿਭਿੰਨ ਵੰਨਗੀਅਾਂ ਵਿੱਚੋਂ ਅਾਪਣੀ ਵਿਕੋਲਿਤ੍ਰੀ ਪ੍ਰਕਿਰਤੀ, ਪ੍ਰਗਟਾਓ ਪ੍ਰਸੰਗ ਅਤੇ ਰੂਪ ਸਦਕਾ ਇੱਕ ਸੁਤੰਤਰ ਵਿਧਾ ਹੈ, ਜੋ ਲੋਕ ਦੀ ਸਿਅਾਣਪ ਅਤੇ ਅਨੁਭਵ ਦਾ ਨਿਚੋੜ ਹੁੰਦੀਅਾਂ ਹਨ। ਪ੍ਰਕਿਰਤੀ ਦੀ ਹਰੇਕ ਵਸਤੂ, ਕ਼ੁਦਰਤ ਦੇ ਨਿਯਮਾਂ, ਮਨੁੱਖਾਂ ਤੇ ਪਸ਼ੂ ਜਾਤੀ ਦੀਅਾਂ ਅਾਦਤਾਂ ਤੇ ਸੁਭਾਅ ਬਾਰੇ ਲੋਕਾਂ ਦੇ ਕੀ ਤਜਰਬੇ ਹਨ, ੳੁਹ ਅਖਾਣਾਂ/ਕਹਾਵਤਾਂ ਵਿੱਚ ਸੰਗਠਿਤ ਹੋਏ ਮਿਲਦੇ ਹਨ।
ਜਪਾਨ (ਜਪਾਨੀ: 日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੌ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜ੍ਹਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ 6852 ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸਦੇ ਸਭ ਤੋ ਵਡੇ 4 ਟਾਪੂ ਹਨ ਜੋ ਇਸਦੇ ਥਲ ਭਾਗ ਦਾ 97% ਹਿੱਸਾ ਹਨ। ਇਸ ਦੀ ਆਬਾਦੀ 12 ਕਰੋੜ 80 ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਫ਼ੀਲਡਜ਼ ਤਗਮਾ (ਅੰਗਰੇਜ਼ੀ: Fields Medal), ਦਫ਼ਤਰੀ ਤੌਰ ਉੱਤੇ ਹਿਸਾਬ ਵਿੱਚ ਸਿਰਮੌਰ ਖੋਜਾਂ ਲਈ ਕੌਮਾਂਤਰੀ ਤਗਮਾ (ਅੰਗਰੇਜ਼ੀ: International Medal for Outstanding Discoveries in Mathematics) ਕੌਮਾਂਤਰੀ ਹਿਸਾਬ ਸੰਘ ਦੀ ਕੌਮਾਂਤਰੀ ਕਾਂਗਰਸ (ਹਰ ਚਾਰ ਸਾਲ ਬਾਅਦ ਹੋਣ ਵਾਲੀ ਸਭਾ) ਵਿੱਚ 40 ਵਰ੍ਹਿਆਂ ਤੋਂ ਘੱਟ ਉਮਰ ਵਾਲ਼ੇ ਹਿਸਾਬਦਾਨਾਂ ਨੂੰ ਦਿੱਤਾ ਜਾਣ ਵਾਲਾ ਇੱਕ ਇਨਾਮ ਹੈ। ਇਹਨੂੰ ਆਮ ਤੌਰ ਉੱਤੇ ਹਿਸਾਬਦਾਨਾਂ ਨੂੰ ਮਿਲਣ ਵਾਲਾ ਸਭ ਤੋਂ ਉੱਚਾ ਸਨਮਾਨ ਗਿਣਿਆ ਜਾਂਦਾ ਹੈ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।