ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਨਮ ਸਮੇਂ ਜਰਨੈਲ ਸਿੰਘ ਬਰਾੜ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸਨ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ l55ਆਗ਼ਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਸਾਹਿਬਜ਼ਾਦਾ ਅਜੀਤ ਸਿੰਘ (26 ਜਨਵਰੀ 1687 – 7 ਦਸੰਬਰ 1705), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਰਾਜੀਆ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੇ ਬਰਨਾਲਾ ਬਲਾਕ ਦਾ ਇੱਕ ਪਿੰਡ ਹੈ ।ਇਹ ਪਿੰਡ ਪੰਧੇਰ, ਢੱਡਰੀਆਂ ਅਤੇ ਕੋਟਦੁੱਨਾ ਤੋਂ 1 ਕਿੱਲੋ ਮੀਟਰ ਦੀ ਦੂਰੀ ਤੇ ਹੈ । ਇਹ ਪਿੰਡ ਪਿੰਡ ਪੰਧੇਰ ਤੋਂ ਬੱਝਿਆ ਹੈ, ਰਾਜੀਆ ਅਤੇ ਪੰਧੇਰ ਦੋਵੇਂ ਭਾਈ ਹਨ, ਰਾਜੀਆ ਛੋਟਾ ਭਰਾ ਹੈ । ਇਸ ਪਿੰਡ ਨੂੰ ਕਣਕ ਦੀ ਪੈਦਾਵਾਰ ਵਿੱਚ ਕਾਫੀ ਸਰਵੋਤਮ ਮੰਨਿਆ ਗਿਆ ਹੈ । ਹਰੀ ਕ੍ਰਾਂਤੀ ਆਉਣ ਤੋਂ ਬਾਅਦ ਜਦੋਂ ਸੰਗਰੂਰ ਦੁਨੀਆਂ ਦਾ ਸਭ ਤੋਂ ਵੱਧ ਪੈਦਾ ਕਰਨ ਵਾਲਾ ਏਰੀਆ ਬਣ ਗਿਆ ਤਾਂ ਇਹ ਪਿੰਡ ਸਭ ਤੋਂ ਵੱਧ ਕਣਕ ਪੈਦਾਵਾਰ ਪਿੰਡਾਂ ਵਿੱਚੋਂ ਸੀ ਇਸ ਪਿੰਡਾਂ ਤੇ ਕਹਾਵਤ ਕਾਫੀ ਲੋਕ ਪ੍ਰਚੱਲਤ ਹੈ ਕਿ '' ਰਾਜੀਆ ਪੰਧੇਰ ਜਿੱਥੇ ਕਾਕੜਾ ਨਾਂ ਬੇਰ ਜਿੱਥੇ ਕਣਕਾਂ ਦੇ ਢੇਰ '' । ਇਹ ਪਿੰਡ ਦੀ ਇਹ ਖਾਸੀਅਤ ਹੈ ਕਿ ਇਹ ਪਿੰਡ ਸੰਗਰੂਰ, ਮਾਨਸਾ ਅਤੇ ਬਰਨਾਲਾ ਦੀ ਦੀ ਹੱਦ ਭਾਵ ਬਾਰਡਰ ਤੇ ਪੈਂਦਾ ਹੈ । ਤਿੰਨੇ ਸਹਿਰ ਇੱਕੋਂ ਦੂਰੀ ਤੇ ਪੈਂਦੇ ਹਨ । ਸਾਲ 2007 ਤੋਂ ਪਹਿਲਾਂ ਬਰਨਾਲਾ ਜਿਲ੍ਹਾ ਬਣਨ ਤੋਂ ਪਹਿਲਾਂ ਇਹ ਸੰਗਰੂਰ ਵਿੱਚ ਪੈਂਦਾ ਸੀ ( ਸਾਡਾ ਨੀਂ ਕਸੂਰ ਸਾਡਾ ਸਾਬਕਾ ਜਿਲ੍ਹਾ ਸੰਗਰੂਰ) ।ਇਸ ਪਿੰਡ ਵਿੱਚ ਇੱਕ ਗੁਰਦੁਆਰਾ ਹੈ । ਲੋਕ ਕਾਫੀ ਮਿਲ ਜੁਲ ਕੇ ਰਹਿੰਦੇ ਹਨ ।ਇਸ ਪਿੰਡ ਦੇ ਮੌਜੂਦਾ ਸਰਪੰਚ ਜਿੰਦਰ ਚਹਿਲ ਜੀ ਸਿੰਘ ਹਨ । ਧਨੌਲਾ, ਭੀਖੀ ਅਤੇ ਲੌਂਗੋਵਾਲ ਇਸਦੇ ਨਾਲ ਲਗਦੇ ਛੋਟੇ ਸਹਿਰ ਹਨ। ਪਿੰਡ ਰਾਜੀਆ ਆਪਣੇ ਏਰੀਏ ਦੇ ਪਿੰਡਾਂ ਨਾਲ ਸਭ ਤੋਂ ਵੱਧ ਤੇਜੀ ਨਾਲ ਤਰੱਕੀ ਕਰ ਰਿਹਾ ਹੈ । ਇਸ ਪਿੰਡ ਦੇ ਜਿਆਦਾਤਰ ਨੌਜਵਾਨ ਵਿਦੇਸ ਵੱਲ ਜਾ ਰਹੇ ਹਨ । ਪਿੰਡ ਵਿੱਚ ਵਾਲੀਬਾਲ, ਫੁਟਬਾਲ ਅਤੇ ਕ੍ਰਿਕਟ ਦੀਆਂ ਖੇਡਾਂ ਕਾਫੀ ਉੱਚ ਪੱਧਰੇ ਲੈਵਲ ਤੇ ਹਨ । ਮਲਕੀਤ ਸਿੰਘ(ਕ੍ਰਿਕਟ), ਭਿੰਦਰ(ਕ੍ਰਿਕਟ), ਤੇਜੀ ਮਾਸਟਰ(ਕ੍ਰਿਕਟ) ਅਤੇ ਬਲਵੰਤ ਸਿੰਘ (ਫੁਟਬਾਲ) ਨੇ ਆਪਣੀ ਖੇਡ ਰਾਂਹੀ ਪਿੰਡ ਦਾ ਨਾਮ ਕਾਫੀ ਉੱਚਾ ਕੀਤਾ । ਇਸ ਪਿੰਡ ਨੂੰ ਖੀਵਾ ਦਿਆਲੂ ਵਾਲਾ, ਜੱਸੜਵਾਲ, ਪੰਧੇਰ, ਕੋਟਦੁੱਨਾ(Producer DXX) ਅਤੇ ਸਮਾਂਹ( ਸੁੱਚਾ ਸੂਰਮਾ ਦਾ ਪਿੰਡ) ਵਰਗੇ ਪਿੰਡ ਨਾਲ ਲਗਦੇ ਹਨ।
ਬੈਂਕ ਆਫ਼ ਅਮਰੀਕਾ (ਛੋਟਾ ਰੂਪ BofA) ਇੱਕ ਅਮਰੀਕੀ ਮਲਟੀਨੈਸ਼ਨਲ ਬੈਂਕਿੰਗ ਅਤੇ ਫ਼ਾਇਨੈਂਸ਼ੀਅਲ ਸੇਵਾਵਾਂ ਦੇਣ ਵਾਲ਼ੀ ਕਾਰਪੋਰੇਸ਼ਨ ਜਿਸਦੇ ਮੁੱਖ ਦਫ਼ਤਰ ਚਾਰਲੋਟ, ਉੱਤਰੀ ਕਾਰੋਲੀਨਾ ਵਿਖੇ ਹਨ। ਜਾਇਦਾਦ ਪੱਖੋਂ ਇਹ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਬੈਂਕ ਕੰਪਨੀ ਹੈ। 2013 ਮੁਤਾਬਕ, ਕੁੱਲ ਕਮਾਈ ਪੱਖੋਂ, ਇਹ ਅਮਰੀਕਾ ਦੀ 21ਵੀਂ ਸਭ ਤੋਂ ਵੱਡੀ ਕੰਪਨੀ ਹੈ। 2010 ਵਿੱਚ ਫ਼ੋਰਬਸ ਨੇ ਬੈਂਕ ਆਫ਼ ਅਮਰੀਕਾ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕੰਪਨੀ ਆਖਿਆ।
ਗੁਰੂ ਨਾਨਕ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਪਾਊਂਡ ਸਟਰਲਿੰਗ (ਨਿਸ਼ਾਨ: £; ISO ਕੋਡ: GBP), ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ (ਸਿਰਫ਼ ਤ੍ਰਿਸਤਾਨ ਦਾ ਕੂਨਾ ਵਿੱਚ) ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ (pence) (ਇੱਕ-ਵਚਨ: ਪੈਨੀ/penny) ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤੀ ਕ੍ਰਿਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਅੱਗੇ ਵਧਾਉਣ ਲਈ ਬਣਾਇਆ ਗਿਆ ਇੱਕ ਰਾਸ਼ਟਰੀ ਸੰਘ ਹੈ। ਇਸਦੀ ਸਥਾਪਨਾ ਤਾਮਿਲਨਾਡੂ ਸੁਸਾਇਟੀ ਰਜਿਸਟਰੇਸ਼ਨ ਐਕਟ ਅਧੀਨ ਦਸੰਬਰ, 1928 ਵਿੱਚ ਇੱਕ ਸੁਸਾਇਟੀ ਵਜੋਂ ਕੀਤੀ ਗਈ ਸੀ। ਇਹ ਰਾਜ ਪੱਧਰ 'ਤੇ ਬਣਾਈਆਂ ਗਈਆਂ ਹੋਰ ਕ੍ਰਿਕਟ ਸੰਸਥਾਵਾਂ ਉੱਪਰ ਨਿਯੰਤਰਣ ਰੱਖਣ ਦਾ ਕੰਮ ਕਰਦੀ ਹੈ ਅਤੇ ਭਾਰਤੀ ਕ੍ਰਿਕਟ ਟੀਮ ਦਾ ਪੂਰਾ ਕੰਟਰੋਲ ਬੀ.ਸੀ.ਸੀ.ਆਈ ਦੇ ਹੱਥਾਂ ਵਿੱਚ ਹੈ।
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀ
ਸਾਹਿਤ ਅਕਾਦਮੀ 1955 ਤੋਂ ਹਰ ਸਾਲ ਭਾਰਤੀ ਸਾਹਿਤ ਦੀ ਤਰੱਕੀ ਲਈ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੰਦੀ ਆ ਰਹੀ ਹੈ। ਗਿਆਨਪੀਠ ਪੁਰਸਕਾਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਅਹਿਮ ਪੁਰਸਕਾਰ ਹੈ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇਕ ਮਘਦੀ ਧੂਣੀ ਸੀ ਤੇ ਇਕ ਲਟਾ-ਲਟ ਬਲਦੀ ਲਾਟ।”1.
ਗ਼ਦਰ ਪਾਰਟੀ [: ग़दर पार्टी (ਦੇਵਨਾਗਰੀ), غدر پارٹی (ਨਸਤਾਲੀਕ਼)]; ਗੁਲਾਮ ਭਾਰਤ ਨੂੰ ਅੰਗਰੇਜਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ ਦੇ ਭਾਰਤੀਆਂ ਨੇ 25 ਜੂਨ 1913 ਵਿੱਚ ਬਣਾਇਆ ਸੀ। ਇਸਨੂੰ ਪ੍ਰਸ਼ਾਂਤ ਤਟ ਦੀ ਹਿੰਦੀ ਐਸੋਸੀਏਸ਼ਨ (Hindi Association of the Pacific Coast) ਵੀ ਕਿਹਾ ਜਾਂਦਾ ਸੀ। ਇਹ ਪਾਰਟੀ ਗ਼ਦਰ ਨਾਮ ਦਾ ਪੱਤਰ ਵੀ ਕੱਢਦੀ ਸੀ ਜੋ ਉਰਦੂ ਅਤੇ ਪੰਜਾਬੀ ਵਿੱਚ ਛਪਦਾ ਸੀ। ਪਹਿਲਾ ਵਿਸ਼ਵ ਯੁੱਧ ਦੇ ਛਿੜਦੇ ਹੀ ਜਦੋਂ ਭਾਰਤ ਦੇ ਹੋਰ ਦਲ ਅੰਗਰੇਜਾਂ ਨੂੰ ਸਹਿਯੋਗ ਦੇ ਰਹੇ ਸਨ ਗ਼ਦਰੀਆਂ ਨੇ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਘੋਸ਼ਿਤ ਕਰ ਦਿੱਤੀ।ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਮਰੀਕਾ ਤੋਂ ਅਗਸਤ 1922 ਵਿਚ ਤੁਰ ਕੇ 24 ਸਤੰਬਰ 1922 ਨੂੰ ਮਾਸਕੋ ਪਹੁੰਚੇ। ਉਹਨਾਂ ਨੇ ਮਈ 1923 ਤੱਕ ਉੱਥੇ ਠਹਿਰ ਕੇ ਸਮਾਜਵਾਦੀ ਰਾਜ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਵਿਚਾਰਧਾਰਾ ਨਾਲ ਜੁੜ ਕੇ ਲਏ ਫੈਸਲੇ ਅਨੁਸਾਰ ਭਾਈ ਰਤਨ ਸਿੰਘ ਨੇ ਅਮਰੀਕਾ ਅਤੇ ਹੋਰ ਮੁਲਕਾਂ ਵਿਚੋਂ ਗਦਰੀਆਂ ਨੂੰ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਵਿਚ ਸਿੱਖਿਆ ਪ੍ਰਾਪਤੀ ਲਈ ਭੇਜਣ ਅਤੇ ਭਾਈ ਸੰਤੋਖ ਸਿੰਘ ਨੇ ਹਿੰਦੁਸਤਾਨ ਜਾ ਕੇ ਨਵੇਂ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਓਟ ਲਈ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿਆਦ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿ੍ਹਨਾ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਕਪੂਰਥਲਾ ਜਲੰਧਰ ਸ਼ਹਿਰ ਦੇ ਪੱਛਮ ਵਿੱਚ ਸਥਿਤ ਪੰਜਾਬ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਇਹ ਕਪੂਰਥਲਾ ਜ਼ਿਲ੍ਹੇ ਦਾ ਮੁੱਖਆਲਾ ਹੈ। ਇਸ ਦਾ ਨਾਮ ਇਸ ਦੇ ਸੰਸਥਾਪਕ ਨਵਾਬ ਕਪੂਰ ਸਿੰਘ ਦੇ ਨਾਮ ਉੱਤੇ ਪਿਆ। ਬਾਅਦ ਵਿੱਚ ਕਪੂਰਥਲਾ ਰਿਆਸਤ ਦੇ ਰਾਜੇ ਫਤੇਹ ਸਿੰਘ ਆਹਲੁਵਾਲਿਆ ਦੀ ਸ਼ਾਹੀ ਰਾਜਧਾਨੀ ਸੀ। ਇਹ ਸ਼ਹਿਰ ਆਪਣੀ ਖੂਬਸੂਰਤ ਇਮਾਰਤਾਂ ਅਤੇ ਸੜਕਾਂ ਲਈ ਜਾਣਿਆ ਜਾਂਦਾ ਹੈ। ਇੱਕ ਸਮਾਂ ਵਿੱਚ ਇਸ ਦੀ ਸਫਾਈ ਨੂੰ ਵੇਖ ਕੇ ਇਸਨੂੰ ਪੰਜਾਬ ਦਾ ਪੈਰਸ ਕਿਹਾ ਜਾਂਦਾ ਸੀ। ਪੰਜ ਮੰਦਿਰ, ਸ਼ਾਲੀਮਾਰ ਬਾਗ, ਜਗਤਜੀਤ ਸਿੰਘ ਦਾ ਮਹਲ ਇੱਥੇ ਦੀ ਕੁੱਝ ਪ੍ਰਮੁੱਖ ਇਮਾਰਤਾਂ ਹਨ। ਮਹਾਰਾਜ ਜਗਤਜੀਤ ਸਿੰਘ ਨੇ ਇੱਥੇ ਬਹੁਤ ਸਾਰੀਆਂ ਇਮਾਰਤਾਂ ਦਾ ਨਿਰਮਾਣ ਕਰਵਾਇਆ ਜੋ ਇਸ ਦੇ ਸੁਨਹਰੇ ਇਤਹਾਸ ਦੀ ਗਵਾਹੀ ਦਿੰਦੀਆਂ ਹਨ।
ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ। ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਕਦੇ-ਕਦੇ, "ਮਾਤ ਭਾਸ਼ਾ" ਜਾਂ "ਮਾਂ ਦੀ ਭਾਸ਼ਾ" ਦੀ ਵਰਤੋਂ ਉਸ ਭਾਸ਼ਾ ਲਈ ਕੀਤੀ ਜਾਂਦੀ ਹੈ ਜੋ ਇਕ ਵਿਅਕਤੀ ਨੇ ਘਰ ਵਿਚ ਬੱਚੇ (ਆਮ ਤੌਰ ਤੇ ਆਪਣੇ ਮਾਤਾ-ਪਿਤਾ ਤੋਂ) ਦੇ ਤੌਰ ਤੇ ਸਿੱਖੀ ਹੁੰਦੀ ਹੈ। ਦੋਭਾਸ਼ੀ ਘਰਾਂ ਵਿੱਚ ਵੱਡੇ ਹੋ ਰਹੇ ਬੱਚਿਆਂ ਦੀਆਂ, ਇਸ ਪਰਿਭਾਸ਼ਾ ਦੇ ਅਨੁਸਾਰ, ਇੱਕ ਤੋਂ ਜਿਆਦਾ ਮਾਤ ਭਾਸ਼ਾਵਾਂ ਜਾਂ ਮੂਲ ਭਾਸ਼ਾਵਾਂ ਹੋ ਸਕਦੀਆਂ ਹਨ।
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਵਿਸ਼ਵ ਬੈਂਕ ਸੰਯੁਕਤ ਰਾਸ਼ਟਰ ਦੀ ਇੱਕ ਅੰਤਰ-ਰਾਸ਼ਟਰੀ ਵਿੱਤੀ ਸੰਸਥਾ ਹੈ। ਇਸਦਾ ਮੁੱਖ ਉਦੇਸ਼ ਵਿਕਾਸਸ਼ੀਲ (ਮੈਂਬਰ) ਦੇਸ਼ਾਂ ਨੂੰ ਪੂੰਜੀ ਨਿਰਮਾਣ ਦੇ ਵਿਕਾਸ ਕਾਰਜਾਂ ਲਈ ਕਰਜ਼ ਦੇਣਾ ਹੈ। ਇਸ ਵਿੱਚ ਦੋ ਸੰਸਥਾਂਵਾਂ ਸ਼ਾਮਲ ਹਨ:ਅੰਤਰ ਰਾਸ਼ਟਰੀ ਪੁਨਰ ਨਿਰਮਾਣ ਅਤੇ ਵਿਕਾਸ ਬੈਂਕ(ਆਈ.ਬੀ.ਆਰ.ਡੀ.) ਅਤੇ ਅੰਤਰ ਰਾਸ਼ਟਰੀ ਵਿਕਾਸ ਐਸੋਸੀਏਸ਼ਨ (ਆਈ.ਡੀ.ਏ.)। ਵਿਸ਼ਵ ਬੈਂਕ ਵਿਸ਼ਵ ਬੈਂਕ ਸਮੂਹ ਦਾ ਹਿੱਸਾ ਹੈ ਅਤੇ ਯੂਨਾਇਟੇਡ ਨੇਸ਼ਨ ਵਿਕਾਸ ਸਮੂਹ ਦਾ ਮੈਂਬਰ ਹੈ। ਵਿਸ਼ਵ ਬੈਂਕ ਦਾ ਉਦੇਸ਼ ਸੰਸਾਰ ਵਿਚੋਂ ਗਰੀਬੀ ਖਤਮ ਕਰਨਾ ਹੈ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਸਿੱਖ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖ) ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ 'ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦਾ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਬਦੀਲ ਰੂਪ ਹੈ। ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦੱਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦੱਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।"ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂਕਿ ਨਸਲੀ ਗਰੁਪ ਲਈ। ਭਰ, ਕਿਓਂਕੇ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜਬੂਤ ਨਸਲੀ-ਧਾਰਮਕ ਸਬੰਧ ਮੋਜੂਦ ਨੇ। ਬਹੁਤ ਦੇਸ਼, ਜਿਸ ਤਰਾਂ ਯੂਨਾਈਟਡ ਕਿੰਗਡਮ, ਐਸ ਕਰਕੇ ਸਿਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ। ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸੀਖਸ ਨੇ ਸਿੱਖ ਨੂੰ ਯੂ.ਐਸ.
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਪੰਜਾਬੀ ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ਼ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ '"ਬੁਝਣ ਵਾਲੀਆਂ ਬਾਤਾਂ"' ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ (ਬੱਚਿਆਂ ਲਈ ਮਾਮਾ) ਰਾਹ ਭੁੱਲ ਜਾਂਦੇ ਹਨ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।
ਜਗਤਜੀਤ ਸਿੰਘ ਬਹਾਦੁਰ (24 ਨਵੰਬਰ 1872 – 19 ਜੂਨ 1949) ਬ੍ਰਿਟਿਸ਼ ਸਲਤਨਤ ਦੇ ਤਹਿਤ ਕਪੂਰਥਲਾ ਰਿਆਸਤ ਦਾ ਅੰਤਿਮ ਮਹਾਰਾਜਾ ਸੀ। ਉਹ 1877 (ਉਹ ਪੰਜ ਵਰ੍ਹੇ ਦਾ ਹੀ ਸੀ ਜਦੋਂ ਗੱਦੀ ਤੇ ਬੈਠਾ) ਤੋਂ 1949 ਵਿੱਚ ਆਪਣੀ ਮੌਤ ਤੱਕ ਗੱਦੀ-ਨਸ਼ੀਨ ਰਿਹਾ। ਉਸਨੂੰ ਨਵੰਬਰ 1890 ਵਿੱਚ ਪੂਰੀਆਂ ਸ਼ਕਤੀਆਂ ਮਿਲੀਆਂ ਅਤੇ ਫਿਰ ਉਸਨੇ ਬਦੇਸ਼ ਯਾਤਰੀ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਮਹਾਰਾਜਾ ਦਾ ਖਿਤਾਬ ਉਸਨੂੰ 1911 ਵਿੱਚ ਮਿਲਿਆ। ਉਸਨੇ 1926, 1927 ਅਤੇ 1929 ਜਨੇਵਾ ਵਿੱਚ ਲੀਗ ਆਫ ਨੇਸ਼ਨਜ਼ ਦੀ ਜਨਰਲ ਸਭਾ ਦੇ ਭਾਰਤੀ ਪ੍ਰਤੀਨਿਧ ਦੇ ਤੌਰ 'ਤੇ ਸੇਵਾ ਕੀਤੀ, ਅਤੇ 1931 ਵਾਲੀ ਗੋਲਮੇਜ਼ ਕਾਨਫਰੰਸ ਵਿੱਚ ਭਾਗ ਲਿਆ।
ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿਚ ਡਾ: ਸਤਿੰਦਰ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦੇ ਨਵੇਂ ਰੂਪ ਪੇਸ਼ ਕੀਤੇ ਹਨ। ਇਤਿਹਾਸਕ ਤੌਰ ਤੇ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ 19ਵੀਂ ਸਦੀ ਦੇ ਮਗਰਲੇ ਅੱਧ ਤੋਂ ਹੋਇਆ ਹੈ। ਮਸਲਨ ਸਾਹਿਤ ਵਿਚ ਵਾਰਤਕ ਨੂੰ ਆਮਤੋਰ ਤੇ ਤਰਕ-ਯੁਕਤ ਅਤੇ ਵਿਚਾਰ ਪ੍ਰਧਾਨ ਰੂਪ ਮੰਨਿਆ ਜਾਂਦਾ ਹੈ। ਕਿਉਕਿ ਇਸ ਵਿਚ ਮਨੋਭਾਵ ਤੇ ਕਲਪਨਾ ਨਾਲੋਂ ਬੁੱਧੀ ਤੇ ਨਿਆਇ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਫ਼ੀਲਡਜ਼ ਤਗਮਾ (ਅੰਗਰੇਜ਼ੀ: Fields Medal), ਦਫ਼ਤਰੀ ਤੌਰ ਉੱਤੇ ਹਿਸਾਬ ਵਿੱਚ ਸਿਰਮੌਰ ਖੋਜਾਂ ਲਈ ਕੌਮਾਂਤਰੀ ਤਗਮਾ (ਅੰਗਰੇਜ਼ੀ: International Medal for Outstanding Discoveries in Mathematics) ਕੌਮਾਂਤਰੀ ਹਿਸਾਬ ਸੰਘ ਦੀ ਕੌਮਾਂਤਰੀ ਕਾਂਗਰਸ (ਹਰ ਚਾਰ ਸਾਲ ਬਾਅਦ ਹੋਣ ਵਾਲੀ ਸਭਾ) ਵਿੱਚ 40 ਵਰ੍ਹਿਆਂ ਤੋਂ ਘੱਟ ਉਮਰ ਵਾਲ਼ੇ ਹਿਸਾਬਦਾਨਾਂ ਨੂੰ ਦਿੱਤਾ ਜਾਣ ਵਾਲਾ ਇੱਕ ਇਨਾਮ ਹੈ। ਇਹਨੂੰ ਆਮ ਤੌਰ ਉੱਤੇ ਹਿਸਾਬਦਾਨਾਂ ਨੂੰ ਮਿਲਣ ਵਾਲਾ ਸਭ ਤੋਂ ਉੱਚਾ ਸਨਮਾਨ ਗਿਣਿਆ ਜਾਂਦਾ ਹੈ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਜਾਂ ਮੈਨੇਜਿੰਗ ਡਾਇਰੈਕਟਰ ਕਿਸੇ ਵੀ ਕੰਪਨੀ ਜਾ ਕਾਰਪੋਰੇਟ ਦਾ ਮੁੱਖ ਅਧਿਕਾਰੀ, ਪ੍ਰਬੰਧਕ ਜਾਂ ਸੀਨੀਅਰ ਅਧਿਕਾਰੀ ਹੁੰਦਾ ਹੈ। ਇਹ ਅਧਿਕਾਰੀ ਸਿਰਫ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਨੂੰ ਹੀ ਆਪਣੀ ਰਿਪੋਰਟ ਪੇਸ਼ ਕਰਦਾ ਹੈ। ਕਿਸੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਜੁਮੇਵਾਰੀਆਂ ਨੂੰ ਕੰਪਨੀ ਦੇ ਡਾਇਰੈਕਟਰ ਜਾਂ ਕੰਪਨੀ ਦਾ ਕਨੂੰਨੀ ਢਾਂਚਾ ਪੇਸ਼ ਕਰਦਾ ਹੈ। ਮੁੱਖ ਕਾਰਜਕਾਰੀ ਅਧਿਕਾਰੀ ਨੂੰ ਕਿਸੇ ਵੀ ਕੰਪਨੀ ਦਾ ਨਿਰਦੇਸ਼ਕ, ਫੈਸਲਾ ਲੈਣ ਵਾਲਾ, ਮੈਨੇਜਰ ਜਾਂ ਪ੍ਰਬੰਧਕ ਕਿਹਾ ਜਾਂਦਾ ਹੈ। ਮੁੱਖ ਅਧਿਕਾਰੀ ਦਾ ਮੁੱਖ ਕੰਮ ਆਪਣੇ ਅਧਿਕਾਰੀਆ ਨਾਲ, ਦੂਜੇ ਲੋਕਾਂ, ਪ੍ਰੈਸ ਨਾਲ ਹੁੰਦਾ ਹੈ। ਇਹ ਬੋਰਡ ਆਫ ਡਾਇਰੈਕਟਰ ਨੂੰ ਸਲਾਹ ਦਿੰਦਾ ਹੈ ਅਤੇ ਕੰਪਨੀ ਦੇ ਪ੍ਰਬੰਧ ਵਿੱਚ ਬਦਲਾਅ ਲਈ ਫੈਸਲੇ ਲੈਂਦਾ ਹੈ। ਇਹ ਆਪਣੇ ਮੁਲਾਜਮਾ ਨੂੰ ਹਰ ਰੋਜ਼ ਨਿਰਦੇਸ਼ ਦਿੰਦਾ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਮਾਹਵਾਰੀ ਰੁਕਣਾ, ਇਹ ਇੱਕ ਅਜਿਹਾ ਸਮਾਂ ਹੈ ਜੋ ਜ਼ਿਆਦਾਤਰ ਔਰਤਾਂ ਦੇ ਜੀਵਨ ਕਾਲਾਂ ਵਿੱਚ ਹੁੰਦਾ ਹੈ ਜਦੋਂ ਮਾਹਵਾਰੀ ਚੱਕਰ ਸਥਾਈ ਰੂਪ 'ਚ ਬੰਦ ਹੋ ਜਾਂਦੇ ਹਨ, ਅਤੇ ਉਹ ਬੱਚੇ ਨੂੰ ਜਨਮ ਦੇਣ ਦੇ ਯੋਗ ਨਹੀਂ ਰਹਿੰਦੀਆਂ ਹਨ। ਮਹਾਵਾਰੀ ਦਾ ਰੁਕਣਾ ਆਮ ਤੌਰ 'ਤੇ 49 ਅਤੇ 52 ਸਾਲ ਦੀ ਉਮਰ ਦੇ ਵਿੱਚ ਵਾਪਰਦਾ ਹੈ। ਮੈਡੀਕਲ ਪੇਸ਼ਾਵਰਾਂ ਨੇ ਅਕਸਰ ਮਹਾਵਾਰੀ ਰੁਕਣ ਨੂੰ ਪ੍ਰਭਾਸ਼ਿਤ ਕੀਤਾ ਹੈ ਕਿ ਜਦੋਂ ਇਹ ਸਮੱਸਿਆ ਹੁੰਦੀ ਹੈ ਤਾਂ ਇੱਕ ਸਾਲ ਲਈ ਯੋਨੀ ਤੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ। ਇਹ ਅੰਡਕੋਸ਼ ਦੁਆਰਾ ਹਾਰਮੋਨ ਦੇ ਉਤਪਾਦਨ ਵਿੱਚ ਕਮੀ ਦੇ ਦੁਆਰਾ ਵੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਜਿਹਨਾਂ ਲੋਕਾਂ ਨੇ ਆਪਣੇ ਗਰਭ ਨੂੰ ਖ਼ਤਮ ਕਰਨ ਲਈ ਸਰਜਰੀ ਕਰਵਾਈ ਹੋਈ ਹੈ ਪਰ ਹਾਲੇ ਵੀ ਅੰਡਕੋਸ਼ ਹਨ, ਸਰਜਰੀ ਦੇ ਸਮੇਂ ਜਾਂ ਮਹਾਵਾਰੀ ਰੁਕਣ ਨਾਲ ਹਾਰਮੋਨ ਦਾ ਪੱਧਰ ਡਿੱਗਣ ਤੇ ਦੇਖਿਆ ਜਾ ਸਕਦਾ ਹੈ। ਗਰੱਭਾਸ਼ਯ ਨੂੰ ਹਟਾਉਣ ਦੇ ਬਾਅਦ, ਵਿਸ਼ੇਸ਼ ਤੌਰ 'ਤੇ ਲੱਛਣ ਪਹਿਲਾਂ, 45 ਸਾਲਾਂ ਦੀ ਉਮਰ ਦੇ ਔਸਤ ਨਾਲ ਹੁੰਦੇ ਹਨ।ਮਹਾਵਾਰੀ ਰੁਕਣਾ ਤੋਂ ਪਹਿਲਾਂ ਦੇ ਸਾਲਾਂ ਵਿੱਚ, ਔਰਤ ਦੇ ਦੌਰ ਆਮ ਤੌਰ 'ਤੇ ਅਨਿਯਮਿਤ ਹੋ ਜਾਂਦੇ ਹਨ, ਜਿਸ ਦਾ ਅਰਥ ਇਹ ਹੈ ਕਿ ਮਿਆਦਾਂ ਲੰਬਾਈ ਜਾਂ ਵਹਾਅ ਦੀ ਮਾਤਰਾ ਵਿੱਚ ਹਲਕੇ ਜਾਂ ਭਾਰੀ ਹੋ ਸਕਦੀਆਂ ਹਨ। ਇਸ ਸਮੇਂ ਦੌਰਾਨ, ਔਰਤਾਂ ਅਕਸਰ ਗਰਮ ਫਲਸ਼ ਕਰਨ ਦਾ ਅਨੁਭਵ ਕਰਦੀਆਂ ਹਨ; ਇਹ ਆਮ ਤੌਰ 'ਤੇ 30 ਸਕਿੰਟਾਂ ਤੋਂ ਲੈ ਕੇ ਦਸ ਮਿੰਟ ਤੱਕ ਰਹਿੰਦੀਆਂ ਹਨ ਅਤੇ ਚਮੜੀ ਦੀ ਕੰਬਣੀ ਨਾਲ ਸਬੰਧਿਤ, ਪਸੀਨੇ ਅਤੇ ਲਾਲ ਰੰਗ ਨਾਲ ਜੁੜੇ ਹੋ ਸਕਦੇ ਹਨ। ਹੋਰ ਲੱਛਣਾਂ ਵਿੱਚ ਯੋਨੀ ਖੁਸ਼ਕਪਣ, ਮੁਸ਼ਕਲ ਸੁਸਤੀ ਅਤੇ ਮੂਡ ਬਦਲਾਵ ਸ਼ਾਮਲ ਹੋ ਸਕਦੇ ਹਨ। ਲੱਛਣਾਂ ਦੀ ਤੀਬਰਤਾ ਔਰਤਾਂ ਵਿਚਕਾਰ ਵੱਖਰੀ ਹੁੰਦੀ ਹੈ। ਹਾਲਾਂਕਿ ਮਹਾਵਾਰੀ ਰੁਕਣ ਨੂੰ ਦਿਲ ਦੀ ਬਿਮਾਰੀ ਦੇ ਵਾਧੇ ਨਾਲ ਅਕਸਰ ਸਮਝਿਆ ਜਾਂਦਾ ਹੈ, ਇਹ ਮੁੱਖ ਤੌਰ 'ਤੇ ਵਧਦੀ ਉਮਰ ਦੇ ਕਾਰਨ ਹੁੰਦਾ ਹੈ ਅਤੇ ਮਹਾਵਾਰੀ ਰੁਕਣ ਨਾਲ ਸਿੱਧੇ ਸੰਬੰਧ ਨਹੀਂ ਹੁੰਦਾ। ਕੁਝ ਮਹਿਲਾਵਾਂ ਵਿੱਚ, ਮਹਾਵਾਰੀ ਵਿੱਚ ਰੁਕਾਵਟ ਆਉਣ ਕਾਰਨ ਦਰਦ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਸਮਾਜਿਕ ਮੀਡਿਆ ,ਸੰਚਾਰ ਕਰਨ ਵਿਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਦਾਨ ਪ੍ਰਦਾਨ ਕਰਨ ਵਿਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧ ਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿਚ ਸਾਂਜੀ ਕਰ ਸਕਦੇ ਹਨ।
ਮਹਾਰਾਣੀ ਜਿੰਦ ਕੌਰ (1817 – 1 ਅਗਸਤ 1863), ਆਮ ਤੌਰ ’ਤੇ ਰਾਣੀ ਜਿੰਦਾਂ, ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋਇਆ। ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਦੇ ਹਨ ਇਸੇ ਕਰ ਕੇ ਇਹਨਾਂ ਨੂੰ "ਪੰਜਾਬ ਦੀ ਮੈਸਾਲੀਨਾ" ਆਖਿਆ ਜਾਂਦਾ ਹੈ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਜੁਗਤਾਂ (ਬਿੰਬ ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਜੈਵਿਕ ਖੇਤੀ ਜਾਂ ਕੁਦਰਤੀ ਖੇਤੀ (ਅੰਗਰੇਜ਼ੀ: Organic farming) ਖੇਤੀ ਦੀ ਉਸ ਢੰਗ ਨੂੰ ਆਖਦੇ ਹਨ ਜਿਸ ਵਿੱਚ ਜੈਵਿਕ ਜਾਂ ਕੁਦਰਤੀ ਖਾਦਾਂ, ਹਰੀਆਂ ਖਾਦਾਂ ਅਤੇ ਕੁਦਰਤੀ ਢੰਗ ਨਾਲ਼ ਤਿਆਰ ਕੀਤੇ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।[1] ਜੈਵਿਕ ਜਾਂ ਕੁਦਰਤੀ ਖਾਦਾਂ ਵਿੱਚ ਕੰਪੋਸਟ ਖਾਦ, ਮੁਰਗ਼ੀਆਂ ਦੀ ਖਾਦ ਅਤੇ ਰੂੜੀ ਦੀ ਖਾਦ ਸ਼ਾਮਲ ਹਨ ਅਤੇ ਹਰੀ ਖਾਦ ਕਿਸੇ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਵਾਹ ਜਾਂ ਦੱਬ ਦੇਣ ਨਾਲ਼ ਤਿਆਰ ਹੁੰਦੀ ਹੈ।[2] ਆਮ ਤੌਰ ’ਤੇ ਜੰਤਰ ਜਾਂ ਢੈਂਚਾ, ਗਵਾਰਾ, ਮੂੰਗੀ ਅਤੇ ਰਵਾਂਹ ਆਦਿ ਫਲੀਦਾਰ ਫ਼ਸਲਾਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ।[2][3] ਇਸ ਰਸਾਇਣਕ ਖਾਦਾਂ, ਕੀਟਨਾਸ਼ਕਾਂ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਾਂ ਨਾ ਦੇ ਬਰਾਬਰ ਕੀਤੀ ਜਾਂਦੀ ਹੈ। ਇਸ ਦੇ ਤਹਿਤ ਸਬਜ਼ੀਆਂ, ਫਲਾਂ, ਅਨਾਜ ਇਤਿਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਕੁਦਰਤੀ ਖੇਤੀ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਾਲ 2006 ਵਿੱਚ ਆਰਗੈਨਿਕ ਫ਼ਾਰਮਿੰਗ ਕੌਂਸਲ ਆੱਫ਼ ਪੰਜਾਬ ਕਾਇਮ ਕੀਤੀ ਗਈ[4][5] ਜੋ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਟ੍ਰੇਨਿੰਗ ਵੀ ਦਿੰਦੀ ਹੈ ਅਤੇ ਉਹਨਾਂ ਦੇ ਖੇਤਾਂ ਨੂੰ ਜੈਵਿਕ ਖੇਤਾਂ ਵਜੋਂ ਰਜਿਸਟਰ ਵੀ ਕਰਦੀ ਹੈ।
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ।ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ ਵਿੱਚ ਸਥਿਤ ਹੈ।
ਐਂਤਨ ਚੈਖਵ (ਰੂਸੀ: Анто́н Па́влович Че́хов; 29 ਜਨਵਰੀ 1860 – 15 ਜੁਲਾਈ 1904) ਇੱਕ ਰੂਸੀ ਕਹਾਣੀਕਾਰ ਤੇ ਨਾਟਕਕਾਰ ਸੀ। ਉਹਦਾ ਜਨਮ ਦੱਖਣੀ ਰੂਸ ਵਿੱਚ ਹੋਇਆ। ਉਹ ਪੇਸ਼ੇ ਤੋਂ ਡਾਕਟਰ ਸੀ ਪਰ ਉਹ ਇੱਕ ਸਾਹਿਤਕਾਰ ਵਜੋਂ ਵਧੇਰੇ ਪ੍ਰਸਿੱਧ ਹੋਇਆ। ਪਹਿਲੀ ਕਿਤਾਬ ਦੇ ਛਪਣ ਮਗਰੋਂ ਉਹ ਡਾਕਟਰੀ ਛੱਡ ਕੇ ਕਹਾਣੀਆਂ ਤੇ ਡਰਾਮੇ ਲਿਖਣ ਲੱਗ ਗਿਆ। ਉਹਦੀ ਸਾਇੰਸ ਦੀ ਪੜ੍ਹਾਈ ਨੇ ਉਹਨੂੰ ਬਹੁਤ ਫ਼ਾਇਦਾ ਦਿੱਤਾ ਤੇ ਉਹਨੇ ਹਕੀਕਤਪਸੰਦੀ ਦੀ ਇੱਕ ਨਵੀਂ ਪਿਰਤ ਰੂਸੀ ਸਾਹਿਤ ਵਿੱਚ ਪਾਈ। ਪਹਿਲੇ ਤੋਂ ਹੀ ਉਸ ਦਾ ਮਨ ਰੂਸੀ ਜੀਵਨ ਦੇ ਰੋਜ਼ ਮੱਰਾ ਦੇ ਮਾਮਲਿਆਂ ਵੱਲ ਸੀ। ਇਨਸਾਨੀ ਫ਼ਿਤਰਤ ਦੀਆਂ ਕਮੀਆਂ, ਕਮੀਨਗੀਆਂ ਤੇ ਛੋਟੀਆਂ ਛੋਟੀਆਂ ਗੱਲਾਂ ’ਤੇ ਉਸਨੇ ਤਿੱਖੀ ਤਨਜ਼ ਕੀਤੀ। ਉਸਦੀਆਂ ਲਿਖਤਾਂ ਵਿੱਚ ਵਪਾਰੀ, ਪੜ੍ਹਾਕੂ, ਪਾਦਰੀ, ਉਸਤਾਦ, ਨਾਈ, ਮਜਿਸਟ੍ਰੇਟ, ਰੋਗੀ, ਪਾਗਲ, ਵੱਡੇ ਅਫ਼ਸਰ, ਸਰਕਾਰੀ ਅਫ਼ਸਰ, ਸਾਰੇ ਤਬਕਿਆਂ ਦੀ ਛੋਟੀ ਸੋਚ ਤੇ ਬੇਵਕੂਫ਼ੀ ਇਵੇਂ ਰਿਕਾਰਡ ਹੋ ਗਈ ਹੈ ਜਿਵੇਂ ਕੈਮਰੇ ਨੇ ਜੀਵਨ ਦੀ ਮੂਰਤ ਖਿੱਚ ਲਈ ਹੋਵੇ। ਚੈਖਵ ਨੂੰ ਆਧੁਨਿਕ ਕਹਾਣੀ ਕਲਾ ਦਾ ਸਰਦਾਰ ਸਮਝਿਆ ਜਾਂਦਾ ਹੈ। ਕਈ ਆਲੋਚਕਾਂ ਦੇ ਅਨੁਸਾਰ ਉਹ ਉਹ ਦੁਨੀਆਂ ਦਾ ਸਭ ਤੋਂ ਵੱਡਾ ਕਹਾਣੀਕਾਰ ਹੈ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਫ਼ਰਵਰੀ 2020 ਮੁਤਾਬਿਕ ਇਸ ਵਿਕੀ ’ਤੇ 33,784 ਲੇਖ ਹਨ ਅਤੇ ਇਸ ਦੇ ਕੁੱਲ 31,652 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 5,07,075 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.35.0-wmf.18 (1a69ec1) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਭਾਰਤੀ ਸਮਾਜ ਵਿੱਚ ਬਜੁਰਗਾਂ ਦੀ ਸੰਭਾਲ ਪਰਵਾਰ ਦੁਆਰਾ ਹੀ ਕੀਤੀ ਜਾਂਦੀ ਹੈ।ਪਰ ਹੌਲੀ ਹੌਲੀ ਬਦਲਦੀਆਂ ਕਦਰਾਂ ਕੀਮਤਾਂ ਕਾਰਨ,ਤੇਜ਼ ਰਫ਼ਤਾਰ ਜੀਵਨ ਚਾਲ ਕਾਰਨ ਯਾ ਹੋਰ ਕਈ ਖੁਦਗਰਜੀ ਦੇ ਕਾਰਨਾਂ ਕਾਰਨ ਬਜੁਰਗਾਂ ਦੀ ਸੰਭਾਲ ਨਹੀਂ ਬਜੁਰਗ਼ ਨਾਲ ਦੁਰਵਿਵਹਾਰ ਯਾ ਉਹਨਾਂ ਦਾ ਸ਼ੋਸਣ ਵਧਦਾ ਜਾ ਰਿਹਾ ਹੈ।ਹਾਲਾਕਿ ਭਾਰਤ ਦੀ ਵਿਸ਼ੇਸਤਾ ਉਸ ਦੇ ਪਰਵਾਰਕ ਢਾਂਚੇ ਕਰਕੇ ਹੀ ਹੈ ਜਿਸ ਨੂੰ ਬਚਾਉਣ ਦੀ ਬਹੁਤ ਲੋੜ ਹੈ ਅਤੇ ਅੱਜ ਦੇ ਸਮਾਜਿਕ ਵਿਗਿਆਨ ਦੇ ਸ਼ਾਸਤ੍ਰੀਆਂ ਦਾ ਇਹ ਮਹੱਤਵਪੂਰਨ ਅਧਿਅਨ ਵਿਸ਼ਾ ਹੋਣਾ ਚਾਹੀਦਾ ਹੈ।
ਡਾਕੀਆ, ਹਰਕਾਰਾ, ਚਿੱਠੀਆਂ ਵੰਡਣ ਵਾਲਾ, ਡਾਕ ਲਿਆਉਣ ਅਤੇ ਲੈ ਕੇ ਜਾਣ ਵਾਲਾ ਕਰਮਚਾਰੀ, ਪੋਸਟਮੈਨ( Postman) ਜਾਂ ਕੁਝ ਦੇਸ਼ਾਂ ਵਿੱਚ ਪੋਸਟੀ ਦੇ ਨਾਂ ਨਾਲ ਜਾਣਿਆ ਜਾਂਦਾ ਡਾਕ ਮਹਿਕਮੇ, ਡਾਕ ਸੇਵਾ ਜਾਂ ਡਾਕਖ਼ਾਨੇ ਦੇ ਇੱਕ ਮੁਲਾਜ਼ਮ ਨੂੰ ਕਿਹਾ ਜਾਂਦਾ ਹੈ ਜਿਹੜਾ ਡਾਕ, ਚਿੱਠੀਆਂ, ਪਾਰਸਲ ਆਦਿ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਪਹੁੰਚਾਉਂਦਾ ਹੈ। ਭਾਰਤ ਵਿੱਚ ਡਾਕ ਵਿਭਾਗ ਦੇ ਮੁਲਾਜ਼ਮ ਡਾਕ ਵੰਡਣ ਦਾ ਕੰਮ ਕਰਦੇ ਹਨ ਹਾਲਾਂਕਿ ਪਿਛਲੇ ਕੁਝ ਅਰਸੇ ਤੋਂ ਪਾਰਸਲ ਅਤੇ ਚਿੱਠੀਆਂ ਕੋਰੀਅਰ ਸੇਵਾ ਰਾਹੀਂ ਵੀ ਭੇਜਣੀਆਂ ਸ਼ੁਰੂ ਹੋ ਗਈਆਂ ਹਨ। ਵਰਤਮਾਨ ਸਮੇਂ ਵਿੱਚ ਡਾਕੀਏ ਦੇ ਕੰਮ ਵਿੱਚ ਤਕਨੀਕ ਦਾ ਇਸਤੇਮਾਲ ਸ਼ੁਰੂ ਹੋ ਗਿਆ ਹੈ ਡਾਕ ਸੇਵਾ ਨਾਲ ਦੁਨੀਆਂ ਵਿੱਚ ਸੰਚਾਰ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਅਣਜਾਣ ਥਾਵਾਂ ਬਾਰੇ ਬਹੁਤ ਭਰਮ ਭੁਲੇਖੇ ਸਨ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਇਹ ਪ੍ਰਾਜੈੱਕਟ ਵਿਕੀ-ਅਧਾਰਤ ਸੰਪਾਦਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਵਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਖੁੱਲ੍ਹੇ ਯੋਗਦਾਨ ਦੇ ਤੌਰ ਵਿਕਸਤ ਕੀਤਾ ਤੇ ਬਣਾਈ ਰੱਖਿਆ ਗਿਆ ਹੈ। ਇਹ ਵਰਲਡ ਵਾਈਡ ਵੈਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਆਮ ਹਵਾਲਾ ਕੰਮ ਹੈ ਅਤੇ ਅਕਤੂਬਰ 2019 ਤੱਕ ਅਲੈਕਸਾ ਦੁਆਰਾ ਦਰਜਾ ਪ੍ਰਾਪਤ ਸਭ ਤੋਂ ਪ੍ਰਸਿੱਧ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸ ਦੀ ਵਿਸ਼ੇਸ਼ਤਾ ਮੁਫਤ ਸਮੱਗਰੀ ਤੌਰ ਤੇ ਹੈ ਅਤੇ ਇਸ ਵਿੱਚ ਵਪਾਰਕ ਵਿਗਿਆਪਨ ਨਹੀਂ ਹੁੰਦੇ। ਇਹ ਗੈਰ-ਮੁਨਾਫਾ ਸੰਗਠਨ ਵਿਕੀਮੀਡੀਆ ਫਾਉਂਡੇਸ਼ਨ ਦੀ ਮਾਲਕੀ ਅਤੇ ਸਹਾਇਤਾ ਪ੍ਰਾਪਤ ਹੈ, ਮੁੱਖ ਤੌਰ' ਤੇ ਦਾਨ ਕੀਤੀ ਰਕਮ ਸਹਾਰੇ ਚਲਦਾ ਹੈ।ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 33,784 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਪੂਜਣ ਦੀ ਆਜ਼ਾਦੀ ਆਦਿ। ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਭਾਰਤੀ ਦੰਡ ਵਿਧਾਨ ਅਧੀਨ ਸਜ਼ਾ ਹੋ ਸਕਦੀ ਹੈ।