ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ l55ਆਗ਼ਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਅਲਮਾਨੀਆ (ਅਲਮਾਨੀ: Bundesrepublik Deutschland) ਦੇਸ਼ ਵਿੱਚ ਅਲਮਾਨੀ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਅਲਮਾਨੀਆ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਅਲਮਾਨੀਆ ਅਤੇ ਪੱਛਮੀ ਅਲਮਾਨੀਆ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਗੁਰੂ ਨਾਨਕ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਫ਼ਰਵਰੀ 2020 ਮੁਤਾਬਿਕ ਇਸ ਵਿਕੀ ’ਤੇ 33,779 ਲੇਖ ਹਨ ਅਤੇ ਇਸ ਦੇ ਕੁੱਲ 31,595 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 5,06,893 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.35.0-wmf.16 (8c53513) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਕਿਸੇ ਵੀ ਭਾਸ਼ਾ ਦੇ ਅੰਗ ਪ੍ਰਤਿਅੰਗ ਦਾ ਵਿਸ਼ਲੇਸ਼ਣ ਅਤੇ ਵਿਵੇਚਨ ਵਿਆਕਰਨ (ਗਰਾਮਰ) ਕਹਾਂਦਾ ਹੈ। ਵਿਆਕਰਨ ਉਹ ਵਿਦਿਆ ਹੈ ਜਿਸਦੇ ਦੁਆਰਾ ਕਿਸੇ ਭਾਸ਼ਾ ਦਾ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਆਉਂਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਸ਼ਚਿਤ ਨਿਯਮ ਹੁੰਦੇ ਹਨ ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਏ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਇਹ ਨਿਯਮ ਵੀ ਵਿਆਕਰਨ ਦੇ ਅਨੁਸਾਰ ਆਉਂਦੇ ਹਨ। ਵਿਆਕਰਨ ਭਾਸ਼ਾ ਦੇ ਅਧਿਅਨ ਦਾ ਮਹੱਤਵਪੂਰਣ ਹਿੱਸਾ ਹੈ।
ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ
ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਫ਼ਰਾਂਸੀਸੀ: Société Radio-Canada) ਇੱਕ ਕੈਨੇਡੀਅਨ ਟੈਲੀਵਿਜ਼ਨ ਅਤੇ ਰੇਡੀਓ ਬਰਾਡਕਾਸਟਿੰਗ ਕਰਾਊਨ ਕਾਰਪੋਰੇਸ਼ਨ ਹੈ, ਜਿਸ ਨੂੰ ਆਮ ਤੌਰ 'ਤੇ ਸੀ ਬੀ ਸੀ/ਰੇਡੀਓ ਕੈਨੇਡਾ ਕਿਹਾ ਜਾਂਦਾ ਹੈ। ਭਾਵੇਂ ਕੈਨੇਡਾ ਵਿੱਚ ਕੁਝ ਸਥਾਨਕ ਸਟੇਸ਼ਨ ਸੀਬੀਸੀ ਦੀ ਸਥਾਪਨਾ ਤੋਂ ਪਹਿਲਾਂ ਦੇ ਵੀ ਹਨ, ਸੀਬੀਸੀ ਕੈਨੇਡਾ ਵਿੱਚ ਸਭ ਤੋਂ ਪੁਰਾਣਾ ਪ੍ਰਸਾਰਨ ਨੈੱਟਵਰਕ ਹੈ, ਜਿਸਨੂੰ 2 ਨਵੰਬਰ 1936 ਨੂੰ ਇਸ ਦੇ ਮੌਜੂਦਾ ਰੂਪ ਵਿਚ ਸਥਾਪਿਤ ਕੀਤਾ ਗਿਆ ਸੀ.
ਹਾਮਬੁਰਕ ਜਾਂ ਹਾਮਬੁਰਗ (ਅੰਗਰੇਜ਼ੀ ਉਚਾਰਨ: /ˈhæmbɜrɡ/ ਹਾਮਬੁਅਰਕ; ਜਰਮਨ ਉਚਾਰਨ: [ˈhambʊɐ̯k], ਸਥਾਨਕ ਉਚਾਰਨ [ˈhambʊɪç]; ਹੇਠਲੀ ਜਰਮਨ/ਹੇਠਲੀ ਜ਼ਾਕਸਨ: Hamborg [ˈhaˑmbɔːx]), ਅਧਿਕਾਰਕ ਤੌਰ 'ਤੇ ਹਾਮਬੁਰਕ ਦਾ ਅਜ਼ਾਦ ਅਤੇ ਹਾਂਸਿਆਟੀ ਰਾਜ, ਜਰਮਨੀ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਛੇਵਾਂ ਸਭ ਤੋਂ ਵੱਡਾ ਰਾਜ ਹੈ। ਇਹ ਤੇਰ੍ਹਵਾਂ ਸਭ ਤੋਂ ਵੱਡਾ ਜਰਮਨ ਰਾਜ ਹੈ। ਇਸਦੀ ਅਬਾਦੀ ੧੮ ਲੱਖ ਤੋਂ ਵੱਧ ਹੈ ਜਦਕਿ ਹਾਮਬੁਰਕ ਮਹਾਂਨਗਰੀ ਇਲਾਕੇ (ਗੁਆਂਢੀ ਰਾਜ ਹੇਠਲਾ ਜ਼ਾਕਸਨ ਅਤੇ ਸ਼ਲੈਸਵਿਸ਼-ਹੋਲਸ਼ਟਾਈਨ ਦੇ ਹਿੱਸਿਆਂ ਸਮੇਤ) ਦੀ ਅਬਾਦੀ ੫੦ ਲੱਖ ਤੋਂ ਪਾਰ ਹੈ। ਇਹ ਸ਼ਹਿਰ ਐਲਬੇ ਦਰਿਆ ਕੰਢੇ ਸਥਿੱਤ ਹੈ ਅਤੇ ਇਸਦੀ ਬੰਦਰਗਾਹ ਯੂਰਪ ਵਿੱਚ ਦੂਜੀ (ਰੋਟਰਦਾਮ ਬੰਦਰਗਾਹ ਮਗਰੋਂ) ਅਤੇ ਵਿਸ਼ਵ ਵਿੱਚ ਦਸਵੀਂ ਸਭ ਤੋਂ ਵੱਡੀ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ । ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿਚ ਅੱਜ ਵੀ ਨਿਭਾਏ ਜਾਂਦੇ ਹਨ । ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ । ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ । ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ।ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ ਵਿੱਚ ਸਥਿਤ ਹੈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿਆਦ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿ੍ਹਨਾ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਮੋਨਾ ਲੀਜ਼ਾ ਲਿਓਨਾਰਦੋ ਦਾ ਵਿੰਚੀ ਦੁਆਰਾ ਬਣਾਇਆ ਇੱਕ ਚਿੱਤਰ ਹੈ ਜੋ ਪੈਰਿਸ ਦੇ ਲੂਵਰ ਅਜਾਇਬਘਰ ਵਿੱਚ ਪ੍ਰਦਰਸ਼ਿਤ ਹੈ। ਇਸਨੂੰ ਦੁਨੀਆਂ ਦੇ ਸਭ ਤੋਂ ਪ੍ਰਸਿੱਧ ਚਿੱਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਰਚਨਾ ਦੀ ਉਚਾਈ 77 ਸਮ, ਚੌੜਾਈ 53 ਸਮ ਹੈ। ਇਹ ਪੇਟਿੰਗ ਫਰਾਂਸਿਸਕੋ ਦੇਲ ਗਿਓਕੋਨਦੋ ਦੀ ਪਤਨੀ ਲੀਜ਼ਾ ਘੇਰਾਰਦਿਨੀ ਦੀ ਹੈ। ਇਹ 1503 ਤੋਂ 1506 ਦੇ ਵਿਚਕਾਰ ਬਣਾਈ ਗਈ ਸੀ ਜੋ ਕਿ 1797 ਤੋਂ ਪੈਰਿਸ ਦੇ ਅਜਾਇਬ ਘਰ ਵਿੱਚ ਸੰਭਾਲੀ ਹੋਈ ਹੈ। ਇਸ ਦੀ ਮੁਸਕਰਾਹਟ ਵਿੱਚ ਲੋਕਾਂ ਨੂੰ ਮੋਹ ਲੈਣ ਦੀ ਖ਼ੂਬੀ ਹੈ।
ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਆਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਇਸ਼ਬੀਲੀਆ ਜਾਂ ਸਵੀਲ ਜਾਂ ਸੇਬੀਯਾ (ਅੰਗਰੇਜ਼ੀ ਉਚਾਰਨ: /səˈvɪl/; ਸਪੇਨੀ: Sevilla, IPA: [seˈβiʎa], ਸਥਾਨਕ ਤੌਰ 'ਤੇ: [seˈβiʝa]) ਸਪੇਨ ਦੇ ਸੇਬੀਯਾ ਸੂਬੇ ਅਤੇ ਆਂਦਾਲੂਸੀਆ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਗੁਆਦਾਲਕੀਵੀਰ ਦਰਿਆ ਦੇ ਮੈਦਾਨਾਂ ਉੱਤੇ ਸਥਿੱਤ ਹੈ। 2011 ਵਿੱਚ ਇਹਦੀ ਅਬਾਦੀ 703,000 ਸੀ ਅਤੇ ਇਹਦੇ ਮਹਾਂਨਗਰੀ ਇਲਾਕੇ ਦੀ ਅਬਾਦੀ ਕੁਝ 15 ਲੱਖ ਹੈ ਜਿਸ ਕਰ ਕੇ ਇਹ ਸਪੇਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦੀ 30ਵੀਂ ਸਭ ਤੋਂ ਵੱਡੀ ਨਗਰਪਾਲਿਕਾ ਹੈ।
ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆਂ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।
ਮੁੱਖ ਕਾਰਜਕਾਰੀ ਅਧਿਕਾਰੀ ਜਾਂ ਮੈਨੇਜਿੰਗ ਡਾਇਰੈਕਟਰ ਕਿਸੇ ਵੀ ਕੰਪਨੀ ਜਾ ਕਾਰਪੋਰੇਟ ਦਾ ਮੁੱਖ ਅਧਿਕਾਰੀ, ਪ੍ਰਬੰਧਕ ਜਾਂ ਸੀਨੀਅਰ ਅਧਿਕਾਰੀ ਹੁੰਦਾ ਹੈ। ਇਹ ਅਧਿਕਾਰੀ ਸਿਰਫ ਕੰਪਨੀ ਦੇ ਬੋਰਡ ਆਫ ਡਾਇਰੈਕਟਰ ਨੂੰ ਹੀ ਆਪਣੀ ਰਿਪੋਰਟ ਪੇਸ਼ ਕਰਦਾ ਹੈ। ਕਿਸੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਆਂ ਜੁਮੇਵਾਰੀਆਂ ਨੂੰ ਕੰਪਨੀ ਦੇ ਡਾਇਰੈਕਟਰ ਜਾਂ ਕੰਪਨੀ ਦਾ ਕਨੂੰਨੀ ਢਾਂਚਾ ਪੇਸ਼ ਕਰਦਾ ਹੈ। ਮੁੱਖ ਕਾਰਜਕਾਰੀ ਅਧਿਕਾਰੀ ਨੂੰ ਕਿਸੇ ਵੀ ਕੰਪਨੀ ਦਾ ਨਿਰਦੇਸ਼ਕ, ਫੈਸਲਾ ਲੈਣ ਵਾਲਾ, ਮੈਨੇਜਰ ਜਾਂ ਪ੍ਰਬੰਧਕ ਕਿਹਾ ਜਾਂਦਾ ਹੈ। ਮੁੱਖ ਅਧਿਕਾਰੀ ਦਾ ਮੁੱਖ ਕੰਮ ਆਪਣੇ ਅਧਿਕਾਰੀਆ ਨਾਲ, ਦੂਜੇ ਲੋਕਾਂ, ਪ੍ਰੈਸ ਨਾਲ ਹੁੰਦਾ ਹੈ। ਇਹ ਬੋਰਡ ਆਫ ਡਾਇਰੈਕਟਰ ਨੂੰ ਸਲਾਹ ਦਿੰਦਾ ਹੈ ਅਤੇ ਕੰਪਨੀ ਦੇ ਪ੍ਰਬੰਧ ਵਿੱਚ ਬਦਲਾਅ ਲਈ ਫੈਸਲੇ ਲੈਂਦਾ ਹੈ। ਇਹ ਆਪਣੇ ਮੁਲਾਜਮਾ ਨੂੰ ਹਰ ਰੋਜ਼ ਨਿਰਦੇਸ਼ ਦਿੰਦਾ ਹੈ।
ਰੂਪਕ-ਕਥਾ ਕਿਰਦਾਰ, ਆਂਕੜੇ, ਘਟਨਾਵਾਂ ਜਾਂ ਲਾਖਣਿਕ ਰੂਪ ਵਿੱਚ ਅਸੂਲਾਂ ਅਤੇ ਵਖਰੇ ਵਿਚਾਰਾਂ ਦੀ ਨੁਮਾਇੰਦਗੀ ਨੂੰ ਕਹਿੰਦੇ ਹਨ। ਸਾਹਿਤਕ ਵਿਓਂਤ ਵਿੱਚ ਇੱਕ ਰੂਪਕ-ਕਥਾ ਆਮ ਵਰਤੋਂ ਦੀ ਭਾਸ਼ਾ ਵਿੱਚ ਕਹਿਏ ਤਾਂ ਇੱਕ ਵਧਾਇਆ ਹੋਇਆ ਅਲੰਕਾਰ ਹੈ। ਰੂਪਕ-ਕਥਾ ਦਾ ਇਸਤੇਮਾਲ ਸਾਰੀਆਂ ਕਲਾਵਾਂ ਦੇ ਇਤਿਹਾਸ ਵਿੱਚ ਬਹੁਤ ਹੀ ਵੱਡੇ ਪੈਮਾਨੇ ਵਿੱਚ ਹੋਇਆ ਹੈ। ਰੂਪਕ-ਕਥਾ ਦਾ ਇਸਤੇਮਾਲ ਖਾਸ ਤੌਰ ਤੇ ਇੱਕ ਸਾਹਿਤਿਕ ਵਿਓਂਤ ਦੀ ਤਰਾਂ ਹੁੰਦਾ ਹੈ ਜਿਸ ਚਿਤਰਾਂ ਦੁਆਰਾ ਜਾਂ ਪ੍ਰਤੀਕਾਂ ਦੇ ਰੂਪ ਵਿੱਚ ਲੁਕਵੇਂ ਅਰਥ ਉਘਾੜੇ ਜਾਂਦੇ ਹਨ ਜਿਹੜੇ ਅੱਗੋਂ ਮਿਲ ਕੇ ਲੇਖਕ ਦੇ ਇੱਛਤ ਨੈਤਿਕ, ਅਧਿਆਤਮਿਕ ਜਾਂ ਸਿਆਸੀ ਅਰਥਾਂ ਦੀ ਸਿਰਜਣਾ ਕਰਦੇ ਹਨ। ਰੂਪਕ ਕਥਾ ਦੀ ਸਭ ਤੋਂ ਮਸ਼ਹੂਰ ਮਿਸਾਲ ਪਲਾਟੋ ਵਾਲੀ ਗੁਫ਼ਾ ਦੀ ਰੂਪਕ ਕਥਾ ਹੈ ਜਿਸ ਵਿੱਚ ਕੁਝ ਲੋਕ ਜੀਵਨ-ਭਰ ਇੱਕ ਹਨੇਰੀ ਗੁਫਾ ਦੀ ਕਿਸੇ ਦੀਵਾਰ ਕੋਲ ਸੰਗਲਾਂ ਦੇ ਨਾਲ ਬੱਝੇ ਹਨ। ਉਨ੍ਹਾਂ ਦੇ ਪਿੱਛੇ ਅੱਗ ਜਲ ਰਹੀ ਹੈ ਅਤੇ ਉਹ ਕੇਵਲ ਆਪਣੇ ਸਾਹਮਣੇ ਵਾਲੀ ਖਾਲੀ ਦੀਵਾਰ ਤੇ ਵੇਖ ਸਕਦੇ ਹਨ। ਉਸ ਅੱਗ ਦੇ ਸਾਹਮਣੇ ਤੋਂ ਕੁੱਝ ਚੀਜਾਂ ਲੰਘਦੀਆਂ ਹਨ ਜਿਹਨਾਂ ਦੀਆਂ ਪਰਛਾਈਆਂ ਉਸ ਦੀਵਾਰ ਤੇ ਲੋਕ ਦੇਖਦੇ ਹਨ। ਉਨ੍ਹਾਂ ਲੋਕਾਂ ਲਈ ਕੇਵਲ ਇਹ ਪਰਛਾਈਆਂ ਹੀ ਅਸਲੀਅਤ ਹੈ ਅਤੇ ਉਹ ਇਨ੍ਹਾਂ ਨੂੰ ਹੀ ਸੰਸਾਰ ਦੀ ਸੱਚਾਈ ਮੰਨ ਕੇ ਜਿਉਂਦੇ ਹਨ।
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀ
ਸਾਹਿਤ ਅਕਾਦਮੀ 1955 ਤੋਂ ਹਰ ਸਾਲ ਭਾਰਤੀ ਸਾਹਿਤ ਦੀ ਤਰੱਕੀ ਲਈ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੰਦੀ ਆ ਰਹੀ ਹੈ। ਗਿਆਨਪੀਠ ਪੁਰਸਕਾਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਅਹਿਮ ਪੁਰਸਕਾਰ ਹੈ।
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ । ਇਹਨਾਂ ਆਲੋਚਨਾ ਪ੍ਰਣਾਲੀਆਂ ਵਿਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ । ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ । ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ । ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ । ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ । ਪੱਛਮੀ ਚਿੰਤਕਾਂ ਵਿਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ । ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ । ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ । ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ । ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ : ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ । ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ । ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ । ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ
ਭਾਰਤ ਦੇ 500 ਅਤੇ 1000 ਰੁਪਏ ਦੇ ਨੋਟਾਂ ਦਾ ਵਿਮੁਦਰੀਕਰਨ, ਜਿਸਨੂੰ ਮੀਡੀਆ ਨੇ ਸਰਲ ਭਾਸ਼ਾ ਵਿੱਚ ਨੋਟਬੰਦੀ ਕਿਹਾ ਹੈ, ਦੀ ਘੋਸ਼ਣਾ 8 ਨਵੰਬਰ 2016 ਨੂੰ ਰਾਤ ਸਵਾ ਅੱਠ ਵਜੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਅਚਾਨਕ ਰਾਸ਼ਟਰ ਨੂੰ ਕੀਤੇ ਗਏ ਖ਼ਿਤਾਬ ਦੁਆਰਾ ਕੀਤੀ ਗਈ। ਇਸ ਘੋਸ਼ਣਾ ਵਿੱਚ 8 ਨਵੰਬਰ ਦੀ ਅੱਧੀ ਰਾਤ ਤੋਂ ਯਾਨੀ 9 ਨਵੰਬਰ ਤੋਂ ਦੇਸ਼ ਵਿੱਚ 500 ਅਤੇ 1000 ਰੁਪਏ ਦੇ ਨੋਟਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਸਦਾ ਉਦੇਸ਼ ਕੇਵਲ ਕਾਲੇ ਪੈਸਾ ਉੱਤੇ ਕਾਬੂ ਹੀ ਨਹੀਂ ਸਗੋਂ ਦਹਿਸ਼ਤਗਰਦਾਂ ਦੁਆਰਾ ਵਰਤੇ ਜਾ ਰਹੇ ਨਕਲੀ ਨੋਟਾਂ ਤੋਂ ਛੁਟਕਾਰਾ ਪਾਉਣਾ ਵੀ ਸੀ।ਇਸ ਕਦਮ ਨੂੰ ਭ੍ਰਿਸ਼ਟਾਚਾਰ, ਨਸ਼ਿਆਂ ਦੀ ਵਰਤੋਂ, ਅਤੇ ਤਸਕਰੀ ਨੂੰ ਘੱਟ ਕਰਨ ਲਈ ਇੱਕ ਜਤਨ ਦੇ ਤੌਰ ਤੇ ਪੇਸ਼ ਕੀਤਾ ਗਿਆ ਸੀ। ਪਰ ਨੋਟਬੰਦੀ ਨਾਲ ਨਕਦੀ ਦੀ ਭਾਰੀ ਕਮੀ ਆ ਗਈ ਅਤੇ ਲੋਕ ਆਪਣੇ ਕੰਮ-ਧੰਦੇ ਬੰਦ ਕਰਕੇ ਬੈਂਕਾਂ ਦੇ ਬਾਹਰ ਦਿਨ-ਰਾਤ ਬੈਠੇ ਰਹਿਣ ਲਈ ਮਜਬੂਰ ਹੋ ਗਏ। ਵੱਡੀ ਗਿਣਤੀ ਵਿੱਚ ਛੋਟੇ ਕਾਰੋਬਾਰਾਂ, ਖੇਤੀਬਾੜੀ ਅਤੇ ਆਵਾਜਾਈ ਤੇ ਇਸਦਾ ਨੁਕਸਾਨਦੇਹ ਪ੍ਰਭਾਵ ਪੈ ਰਿਹਾ ਸੀ ਅਤੇ ਕਾਫੀ ਗਿਣਤੀ ਵਿੱਚ ਲੋਕ ਨੋਟਬੰਦੀ ਦੇ ਚਲਦਿਆਂ ਪੈਦਾ ਹੋਈਆਂ ਸਮੱਸਿਆਵਾਂ ਦੌਰਾਨ ਮਾਰੇ ਗਏ। ਮੋਦੀ ਦੇ ਇਸ ਐਲਾਨ ਦੇ ਬਾਅਦ, ਬੰਬਈ ਸ਼ੇਅਰ ਬਜ਼ਾਰ ਅਤੇ ਨਿਫਟੀ 50 ਦੇ ਸਟਾਕ ਸੂਚਕ ਅਗਲੇ ਦੋ ਦਿਨ ਦੇ ਲਈ ਕਰੈਸ਼ ਹੋ ਗਏ।ਕਈ ਬੈਂਕਰ ਸ਼ਾਹੂਕਾਰਾਂ ਦੇ ਨਾਲ ਨਾਲ ਕੁਝ ਅੰਤਰਰਾਸ਼ਟਰੀ ਟਿੱਪਣੀਕਾਰਾਂ ਕੋਲੋਂ ਵਿਮੁਦਰੀਕਰਨ ਨੂੰ ਸਮਰਥਨ ਮਿਲਿਆ, ਪਰ ਵਿਰੋਧੀ ਧਿਰ ਨੇ, ਸੰਸਦ ਦੇ ਦੋਨੋ ਸਦਨਾਂ ਵਿੱਚ ਇਸਦੀ ਆਲੋਚਨਾ ਕੀਤੀ ਅਤੇ ਸੰਸਦ ਦੇ ਸਾਹਮਣੇ ਅਤੇ ਭਾਰਤ ਭਰ ਵਿੱਚ ਸਰਕਾਰ ਦੇ ਵਿਰੁੱਧ ਸੰਗਠਿਤ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ।ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ.
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਨਮ ਸਮੇਂ ਜਰਨੈਲ ਸਿੰਘ ਬਰਾੜ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸਨ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਫ਼ੀਲਡਜ਼ ਤਗਮਾ (ਅੰਗਰੇਜ਼ੀ: Fields Medal), ਦਫ਼ਤਰੀ ਤੌਰ ਉੱਤੇ ਹਿਸਾਬ ਵਿੱਚ ਸਿਰਮੌਰ ਖੋਜਾਂ ਲਈ ਕੌਮਾਂਤਰੀ ਤਗਮਾ (ਅੰਗਰੇਜ਼ੀ: International Medal for Outstanding Discoveries in Mathematics) ਕੌਮਾਂਤਰੀ ਹਿਸਾਬ ਸੰਘ ਦੀ ਕੌਮਾਂਤਰੀ ਕਾਂਗਰਸ (ਹਰ ਚਾਰ ਸਾਲ ਬਾਅਦ ਹੋਣ ਵਾਲੀ ਸਭਾ) ਵਿੱਚ 40 ਵਰ੍ਹਿਆਂ ਤੋਂ ਘੱਟ ਉਮਰ ਵਾਲ਼ੇ ਹਿਸਾਬਦਾਨਾਂ ਨੂੰ ਦਿੱਤਾ ਜਾਣ ਵਾਲਾ ਇੱਕ ਇਨਾਮ ਹੈ। ਇਹਨੂੰ ਆਮ ਤੌਰ ਉੱਤੇ ਹਿਸਾਬਦਾਨਾਂ ਨੂੰ ਮਿਲਣ ਵਾਲਾ ਸਭ ਤੋਂ ਉੱਚਾ ਸਨਮਾਨ ਗਿਣਿਆ ਜਾਂਦਾ ਹੈ।
ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅੱਲਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।
ਲੋਕਧਾਰਾ (ਅੰਗਰੇਜ਼ੀ: 'Folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ। ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਅਾ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ। .
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।
ਬੋਲੀ ਦਾ ਸੰਬਧ ਪੰਜਾਬੀ ਲੋਕ ਨਾਚ ਗਿੱਧੇ ਨਾਲ ਹੈ ਅਤੇ ਬੋਲੀਆਂ ਦਾ ਗਿੱਧੇ ਵਾਂਗ ਪੰਜਾਬੀ ਸੱਭਿਆਚਾਰ ਵਿੱਚ ਮੁੱਖ ਸਥਾਨ ਹੈ। ਬੋਲੀ, ਆਪਣੀ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਇੱਕ ਲੈਅ-ਬੱਧ ਤਰੀਕਾ ਹੈ ਜਿਸ ਨੂੰ ਖੁਸ਼ੀ ਦੇ ਮੌਕੇ ਉੱਪਰ ਗਾਇਆ ਜਾਂਦਾ ਹੈ। ਬੋਲੀ ਦੇ ਬੋਲਾਂ ਉੱਪਰ ਹੀ ਗਿੱਧੇ ਦੀ ਤਾਲੀ ਵਜੱਦੀ ਹੈ। ਪੰਜਾਬ ਵਿੱਚ ਭਾਂਤ-ਭਾਂਤ ਦੀਆਂ ਬੋਲੀਆਂ ਸੁਣਨ ਨੂੰ ਮਿਲ ਜਾਂਦੀਆਂ ਹਨ। ਵਿਆਹ ਸਮੇਂ ਵੀ ਨਾਨਕਾ ਮੇਲ ਅਤੇ ਦਾਦਕਾ ਮੇਲ ਵਿੱਚ ਬੋਲੀਆਂ ਦਾ ਮੁਕਾਬਲਾ ਹੁੰਦਾ ਹੈ ਅਤੇ ਦੋਹੇਂ ਧਿਰਾਂ ਬੋਲੀਆਂ ਰਾਹੀਂ ਇੱਕ ਦੂਜੇ ਨੂੰ ਟੀਚਰਾਂ ਅਤੇ ਮਖੌਲਾਂ ਕਰਦੇ ਹਨ। ਇਸੇ ਪ੍ਰਕਾਰ ਪੰਜਾਬ ਵਿੱਚ ਹਰੇਕ ਰਿਸ਼ਤੇ ਨਾਲ ਸਬੰਧਿਤ ਬੋਲੀਆਂ ਮਿਲ ਜਾਂਦੀਆਂ ਹਨ ਜਿਵੇਂ: ਦੇਵਰ ਤੇ ਭਾਬੀ, ਸੱਸ ਤੇ ਨੂੰਹ, ਸੋਹਰਾ ਤੇ ਨੂੰਹ, ਜੇਠ ਤੇ ਭਰਜਾਈ, ਨਣਾਨ - ਭਰਜਾਈ ਅਤੇ ਪਤੀ-ਪਤਨੀ ਵਰਗੀਆਂ ਬੋਲੀਆਂ ਹਨ। ਪੰਜਾਬੀਆਂ ਦਾ ਜੀਵਨ-ਅਨੁਰਾਗ ਅਤੇ ਬ੍ਰਹਿਮੰਡ ਨਾਲ਼ ਇਕਸੁਰਤਾ ਦੀ ਚੇਸ਼ਟਾ ਵੀ ਇਹਨਾਂ ਬੋਲੀਆਂ ਵਿੱਚ ਪ੍ਰਗਟ ਹੋਈ ਹੈ। ਮਰਦਾ ਅਤੇ ਇਸਤਰੀਆਂ ਦੀਆ ਬੋਲੀਆਂ ਵੱਖ-ਵੱਖ ਹੁੰਦੀਆਂ ਹਨ ਪਰ ਦੋਹਾਂ ਤਰ੍ਹਾਂ ਦੀਆਂ ਬੋਲੀਆਂ ਵਿੱਚ ਕਈਂ ਥਾਂਈ ਅਨੁਭਵ ਦੀ ਸਾਂਝ ਵੀ ਮਿਲਦੀ ਹੈ।
ਦਰਸ਼ਨ ਸ਼ਾਸਤਰ (ਅੰਗਰੇਜ਼ੀ: Philosophy) ਜਾਂ ਫਿਲਾਸਫੀ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਣਾਂ, ਮਨ, ਅਤੇ ਭਾਸ਼ਾ ਦੀ ਸਰਵ ਸਧਾਰਨ ਅਤੇ ਬੁਨਿਆਦੀ ਫਿਤਰਤ ਦਾ ਅਧਿਐਨ ਹੈ। ਇਹ ਗਿਆਨ ਦੀ ਉਹ ਸਾਖਾ ਹੈ ਜੋ ਪਰਮ ਸੱਚ ਅਤੇ ਕੁਦਰਤ ਦੇ ਆਮ ਨਿਯਮਾਂ ਅਤੇ ਉਹਨਾਂ ਦੇ ਅੰਤਰ-ਸੰਬੰਧਾਂ ਦਾ ਅਧਿਅਨ ਕਰਦੀ ਹੈ। ਅੰਗਰੇਜ਼ੀ ਸ਼ਬਦ "philosophy" ਪੁਰਾਤਨ ਯੂਨਾਨੀ ਸ਼ਬਦ φιλοσοφία ('ਫਿਲੋਸੋਫੀਆ') ਤੋਂ ਆਇਆ ਹੈ, ਜਿਸਦਾ ਸ਼ਬਦੀ ਅਰਥ ਹੈ: "ਅਕਲ ਨਾਲ ਮੁਹੱਬਤ"। ਦਾਰਸ਼ਨਕ ਚਿੰਤਨ ਮੂਲ ਤੌਰ 'ਤੇ ਜੀਵਨ ਦੇ ਅਰਥਾਂ ਦੀ ਖੋਜ ਦਾ ਨਾਮ ਹੈ। ਐਸੇ ਮਸਲਿਆਂ ਦੇ ਉੱਤਰ ਲਭਣ ਲਈ ਇਸਦੀ ਪਹੁੰਚ ਆਮ ਲੋਕਾਂ ਦੀ ਸਰਸਰੀ ਪਹੁੰਚ ਨਾਲੋਂ ਵੱਖਰੀ, ਆਲੋਚਨਾਤਮਕ, ਪ੍ਰਣਾਲੀਬਧ ਅਤੇ ਤਰਕਸ਼ੀਲ ਹੁੰਦੀ ਹੈ। ਅਸਲ ਵਿੱਚ ਦਰਸ਼ਨ ਸ਼ਾਸਤਰ ਕੁਦਰਤ ਅਤੇ ਸਮਾਜ, ਅਤੇ ਮਨੁੱਖੀ ਚਿੰਤਨ ਅਤੇ ਸੰਗਿਆਨ ਦੇ ਆਮ ਨਿਯਮਾਂ ਦਾ ਵਿਗਿਆਨ ਹੈ। ਦਰਸ਼ਨ ਸ਼ਾਸਤਰ ਸਾਮਾਜਕ ਚੇਤਨਾ ਦੇ ਬੁਨਿਆਦੀ ਰੂਪਾਂ ਵਿੱਚੋਂ ਇੱਕ ਹੈ।" ਇਨ੍ਹਾਂ ਅਰਥਾਂ ਵਿੱਚ ਫਿਲਾਸਫਰ ਅਤੇ ਫਿਲਾਸਫੀ ਪਦਾਂ ਦਾ ਪ੍ਰਯੋਗ ਸਰਵਪ੍ਰਥਮ ਪਾਇਥਾਗੋਰਸ ਨੇ ਕੀਤਾ ਸੀ।" ਵਿਸ਼ੇਸ਼ ਅਨੁਸ਼ਾਸਨ ਅਤੇ ਵਿਗਿਆਨ ਵਜੋਂ ਇਸ ਨੂੰ ਪਲੈਟੋ ਨੇ ਵਿਕਸਿਤ ਕੀਤਾ ਸੀ। ਇਸਦੀ ਉਤਪੱਤੀ ਦਾਸ ਸਮਾਜ ਵਿੱਚ ਇੱਕ ਅਜਿਹੇ ਵਿਗਿਆਨ ਵਜੋਂ ਹੋਈ ਜਿਸਨੇ ਵਸਤੂਗਤ ਜਗਤ ਅਤੇ ਖੁਦ ਆਪਣੇ ਬਾਰੇ ਮਨੁੱਖ ਦੇ ਕੁੱਲ ਗਿਆਨ ਨੂੰ ਇੱਕ ਕੀਤਾ ਸੀ। ਇਹ ਮਨੁੱਖੀ ਇਤਹਾਸ ਦੇ ਆਰੰਭਕ ਪੜਾਵਾਂ ਵਿੱਚ ਗਿਆਨ ਦੇ ਵਿਕਾਸ ਦੇ ਨੀਵੇਂ ਪੱਧਰ ਦੇ ਕਾਰਨ ਐਨ ਸੁਭਾਵਕ ਸੀ। ਸਮਾਜਿਕ ਉਤਪਾਦਨ ਦੇ ਵਿਕਾਸ ਅਤੇ ਵਿਗਿਆਨਕ ਗਿਆਨ ਦੇ ਇਕੱਤਰੀਕਰਨ ਦੀ ਪ੍ਰਕਿਰਿਆ ਵਿੱਚ ਭਿੰਨ ਭਿੰਨ ਵਿਗਿਆਨ ਇੱਕੋ ਸਾਂਝੇ ਰੂਪ ਨਾਲੋਂ ਅੱਡ ਹੁੰਦੇ ਗਏ ਅਤੇ ਦਰਸ਼ਨ ਸ਼ਾਸਤਰ ਵੀ ਇੱਕ ਸੁਤੰਤਰ ਵਿਗਿਆਨ ਵਜੋਂ ਵਿਕਸਿਤ ਹੋਣ ਲਗਾ। ਇੱਕ ਆਮ ਸੰਸਾਰ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਨ ਅਤੇ ਆਮ ਆਧਾਰਾਂ ਅਤੇ ਨਿਯਮਾਂ ਦੀ ਨਿਸ਼ਾਨਦੇਹੀ ਕਰਨ, ਯਥਾਰਥ ਦੇ ਚਿੰਤਨ ਦੀ ਤਰਕਸ਼ੀਲ ਵਿਧੀ ਅਤੇ ਸੰਗਿਆਨ ਦੇ ਸਿਧਾਂਤ ਵਿਕਸਿਤ ਕਰਨ ਦੀ ਲੋੜ ਦੀ ਪੂਰਤੀ ਲਈ ਦਰਸ਼ਨ ਸ਼ਾਸਤਰ ਦਾ ਇੱਕ ਵਿਸ਼ੇਸ਼ ਅਨੁਸ਼ਾਸਨ ਵਜੋਂ ਜਨਮ ਹੋਇਆ। ਅੱਡਰੇ ਵਿਗਿਆਨ ਵਜੋਂ ਦਰਸ਼ਨ ਦਾ ਬੁਨਿਆਦੀ ਪ੍ਰਸ਼ਨ ਪਦਾਰਥ ਦੇ ਨਾਲ ਚੇਤਨਾ ਦੇ ਸੰਬੰਧ ਦੀ ਪ੍ਰਸ਼ਨ ਹੈ।
ਸਾਹਿਬਜ਼ਾਦਾ ਅਜੀਤ ਸਿੰਘ (26 ਜਨਵਰੀ 1687 – 7 ਦਸੰਬਰ 1705), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ :- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਇਹ ਪ੍ਰਾਜੈੱਕਟ ਵਿਕੀ-ਅਧਾਰਤ ਸੰਪਾਦਨ ਪ੍ਰਣਾਲੀ ਦੀ ਵਰਤੋਂ ਕਰਦਿਆਂ ਵਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਖੁੱਲ੍ਹੇ ਯੋਗਦਾਨ ਦੇ ਤੌਰ ਵਿਕਸਤ ਕੀਤਾ ਤੇ ਬਣਾਈ ਰੱਖਿਆ ਗਿਆ ਹੈ। ਇਹ ਵਰਲਡ ਵਾਈਡ ਵੈਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਆਮ ਹਵਾਲਾ ਕੰਮ ਹੈ ਅਤੇ ਅਕਤੂਬਰ 2019 ਤੱਕ ਅਲੈਕਸਾ ਦੁਆਰਾ ਦਰਜਾ ਪ੍ਰਾਪਤ ਸਭ ਤੋਂ ਪ੍ਰਸਿੱਧ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸ ਦੀ ਵਿਸ਼ੇਸ਼ਤਾ ਮੁਫਤ ਸਮੱਗਰੀ ਤੌਰ ਤੇ ਹੈ ਅਤੇ ਇਸ ਵਿੱਚ ਵਪਾਰਕ ਵਿਗਿਆਪਨ ਨਹੀਂ ਹੁੰਦੇ। ਇਹ ਗੈਰ-ਮੁਨਾਫਾ ਸੰਗਠਨ ਵਿਕੀਮੀਡੀਆ ਫਾਉਂਡੇਸ਼ਨ ਦੀ ਮਾਲਕੀ ਅਤੇ ਸਹਾਇਤਾ ਪ੍ਰਾਪਤ ਹੈ, ਮੁੱਖ ਤੌਰ' ਤੇ ਦਾਨ ਕੀਤੀ ਰਕਮ ਸਹਾਰੇ ਚਲਦਾ ਹੈ।ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 33,779 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)
ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।