ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਚ ਆਗਾਾਜ਼ ਹੋੋੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ.
ਵਾਹਿਗੁਰੂ ਸ਼ਬਦ ਪਰਮਾਤਮਾ ਦੀ ਉਸਤਤ ਨੂੰ ਵਯਤੀਤ ਕਰਦਾ ਹੈ। ਸਿੱਖ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ ਹੋਇਆਂ ਵੀ ਇਸ ਨੂੰ ਵਰਤਦੇ ਹਨ: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। "ਵਾਹਿਗੁਰੂ" ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ :-"ਵਾਹਿ" ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ "ਗੁਰੂ " ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ । ਇਕ ਵਿਚਾਰ , ਦੋ ਸ਼ਬਦਾਂ ਦਾ ਅਕਸਰ ਜਾਪ ਕੀਤਾ ਜਾਂਦਾ ਹੈ ; ਸਤਿਨਾਮੁ ਅਤੇ ਵਾਹਿਗੁਰੂ | ਅਸਲ ਵਿਚ ਸਤਿਨਾਮੁ ਇੱਕ ਨਹੀਂ ਦੋ ਸ਼ਬਦ ਹਨ , ਸਤਿ ਅਤੇ ਨਾਮੁ ਵਾਹਿਗੁਰੂ ਵੀ ਦੋ ਸ਼ਬਦ ਹਨ , ਵਾਹਿ ਅਤੇ ਗੁਰੂ ਪਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਆਦਿ ਬੀੜਾਂ ਵਿਚ ਸਾਰੇ ਅਗਲੇ ਪਿਛਲੇ ਸ਼ਬਦਾਂ ਨੂੰ ਜੁੜਵੇਂ ਰੂਪ ' ਚ ਲਗਾਤਾਰਤਾ ਵਿਚ ਲਿਖਿਆ ਗਿਆ , ਇਸ ਲਈ ਇਹ ਸ਼ਬਦ ਜੋਟੇ ਵੀ ਜੁੜਵੇਂ ਹੀ ਲਿਖੇ ਗਏ । | ਵਾਹਿ ਗੁਰੂ ਦਾ ਉਚਾਰਨ ਅਸੀਂ ਵਾਹੇਗੁਰੂ ਦੇ ਤੌਰ ' ਤੇ ਕਰਦੇ ਹਾਂ , ਜਦ ਕਿ ਇਸ ਦਾ ਸਹੀ ਉਚਾਰਨ ਵਾਹ ਗੁਰੁ ਹੋਣਾ ਚਾਹੀਦਾ ਹੈ । ਪਰ ਜੇ ਵਾਹਿ ਨੂੰ ਵਾਹੇ ਬੋਲਣਾ ਉਚਿਤ ਹੈ ਤਾਂ ਸਤਿ ਨੂੰ ਸਤੇ ਬੋਲਣਾ ਚਾਹੀਦਾ ਹੈ ਭਾਵ ਸਤਿ ਨਾਮੁ ਦਾ ਉਚਾਰਨ ਸਤਨਾਮ ਦੀ ਬਜਾਏ ਸਤੇਨਾਮ ਹੋਣਾ ਚਾਹੀਦਾ ਹੈ , ਜੋ ਕਦਾਚਿਤ ਠੀਕ ਨਹੀਂ । ਇਸ ਲਈ ਵਾਹਿ ਗੁਰੂ ਦਾ ਉਚਾਰਨ ਵਾਹੇਗੁਰੂ ਵੀ ਠੀਕ ਨਹੀਂ ਹੋਣਾ । ਅਸੀਂ ' ਸਿੱਖਾਂ ਨੇ ਆਪਣੇ ਤੌਰ ' ਤੇ ਰੱਬ ਦਾ ਨਾਂ ਵਾਹਿਗੁਰੂ ਰੱਖਿਆ ਹੋਇਆ ਹੈ । ਗੁਰੂ ਗਰੰਥ ਸਾਹਿਬ ਵਿਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਛੇ ਗੁਰੂ ਸਾਹਿਬਾਨ ਦੀ ਬਾਣੀ ਵਿਚ ਵਾਹਿਗੁਰੂ ਸ਼ਬਦ ਕਿਧਰੇ ਨਹੀਂ ਆਇਆ । ਕਬੀਰ ਜੀ , ਰਵਿਦਾਸ ਜੀ , ਨਾਮਦੇਵ ਜੀ , ਫਰੀਦ ਜੀ , ਤ੍ਰਿਲੋਚਨ ਜੀ , ਬੇਣੀ ਜੀ ਆਦਿ ਪੰਦਰਾਂ ਆਦਿ ਗੁਰੁ ਭਗਤ ਸਾਹਿਬਾਨ ਦੀ ਬਾਣੀ ਵਿਚ ਵੀ ਕਿਸੇ ਨੇ ਪਰਮਾਤਮਾ ਨੂੰ ਵਾਹਿਗੁਰੂ ਸ਼ਬਦ ਨਾਲ ਯਾਦ ਨਹੀਂ ਕੀਤਾ । ਗੁਰੂ ਗਰੰਥ ਸਾਹਿਬ ਦੇ ਆਖਰੀ ਪੰਨਿਆਂ ' ਤੇ ਭੱਟਾਂ ਦੇ ਸਵੱਈਏ ਦਰਜ ਹਨ । ਭੱਟ ਸਾਹਿਬਾਨ ਗੁਰੂ ਅਰਜਨ ਜੀ ਦੇ ਸਮਕਾਲੀ ਸਨ । ਇਹ ਸਵੱਈਏ ਪਹਿਲੀਆਂ । ਪੰਜਾਂ ਪਾਤਸ਼ਾਹੀਆਂ ਦੀ ਸੋਭਾ ਅਤੇ ਸ਼ਾਨ ਵਿਚ ਲਿਖੇ ਹੋਏ ਹਨ । ਗੁਰੂ ਸਾਹਿਬਾਨ ਨੂੰ ਪ੍ਰਮਾਤਮਾ ਦੇ ਸਮਾਨ , ਪ੍ਰਮਾਤਮਾ ਦੇ ਅਵਤਾਰ ਜਾਂ ਪਰਮਾਤਮਾ ਦੇ ਰੂਪ ਵਜੋਂ ਵਡਿਆਇਆ ਗਿਆ ਹੈ । ਭੱਟ ਗਯੰਦ ਜੀ ਨੇ ਸਵੱਈਏ ਮਹਲੇ ਚੌਥੇ ( ਪੰਨਾ ੧੪੦੨ ਅਤੇ ੧੪੦੩ ) ਵਿਚ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਉਹਨਾਂ ਨੂੰ ਵਾਰ ਵਾਰ " ਵਾਹਿ ਗੁਰੂ " ਕਹਿ ਕੇ ਗੁਰੂ ਜੀ ਦੀ ਵਾਹ - ਵਾਹੀ ਕੀਤੀ ਹੈ । ਉਪਰੋਕਤ ਦੀ ਰੌਸ਼ਨੀ ਵਿਚ ਮੈਨੂੰ ' ਵਾਹਿ ਗੁਰੂ ਜੀ ਕਾ ਖਾਲਸਾ , ਵਾਹਿ ਗੁਰੂ ਜੀ ਕੀ ਫਤਹਿ ' ਦਾ ਮਤਲਬ ਇਹ ਸਮਝ ਆਉਂਦਾ ਹੈ ਕਿ ਗੁਰੂ ਜੀ ਦਾ ਖਾਲਸਾ ਮਹਾਨ ( ਧੰਨ ) ਹੈ ਅਤੇ ਗੁਰੂ ਜੀ ਦੀ ਫਤਹਿ ਵੀ ਮਹਾਨ ( ਵੱਡੀ ) ਹੈ । ਪ੍ਰਚੱਲਤ ਅਰਥਾਂ ਵਿਚ ਵਾਹਿਗੁਰੂ ਜੀ ਕੀ ਫਤਹਿ ਨੂੰ ਪ੍ਰਮਾਤਮਾ ਦੀ ਜਿੱਤ ਸਮਝਣਾ ਅਜੀਬ ਲੱਗਦਾ ਹੈ । ਪਰਮਾਤਮਾ ਤਾਂ ਕੁਲ ਦ੍ਰਿਸ਼ਟੀ ਦਾ ਮਾਲਕ ਹੈ , ਉਸ ਤੋਂ ਬਾਹਰ ਤਾਂ ਦੂਜਾ ਕੋਈ ਹੈ ਹੀ ਨਹੀਂ । ਤਮਾਮ ਜਿੱਤਾਂ ਹਾਰਾਂ ਉਸ ਦੀ ਬੁੱਕਲ ਵਿਚ ਵਾਪਰ ਰਹੀਆਂ ਹਨ । ਉਸ ਨੇ ਕਿਸ ' ਤੇ ਜਿੱਤ ਪ੍ਰਾਪਤ ਕਰਨੀ ਹੋਈ , ਉਸ ਨੇ ਕਿਸ ਨੂੰ ਹਰਾਉਣਾ ਹੋਇਆ ? ਗੁਰੂ ਗਰੰਥ ਸਾਹਿਬ ਦੇ ਸਮੂਹ ਬਾਣੀਕਾਰਾਂ ਨੇ ਰੱਬ ਲਈ ਰਾਮ , ਹਰਿ , ਗੋਬਿੰਦ , ਬੀਠਲ , ਕੇਸਵਾ , ਅੱਲਾ , ਰਹੀਮ , ਕਾਦਰ , ਕਰਤਾਰ , ਰਮੱਈਆ , ਗੋਸਾਂਈਂ , ਸਾਂਈਂ ਆਦਿ ਸੈਂਕੜੇ ਨਾਮ ਵਰਤੇ ਹਨ । ਸਾਨੂੰ ਰੱਬ ਦੇ ਪਹਿਲਾਂ ਹੀ ਏਨੇ ਨਾਵਾਂ ਦੇ ਹੁੰਦਿਆਂ ਹੋਇਆਂ ਅਤੇ ਆਪਣੇ ਗੁਰੂ ਵਲੋਂ ਵਰਤੇ ਏਨੇ ਨਾਵਾਂ ਨੂੰ ਛੱਡ ਕੇ ਆਪਣੇ ਵਲੋਂ ਨਵਾਂ ਨਾਂ ਰੱਖਣ ਦੀ ਲੋੜ ਕਿਉਂ ਪਈ ? ਵਿਚਾਰ - ਪ੍ਰੋ.
ਗੁਰੂ ਨਾਨਕ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀ
ਸਾਹਿਤ ਅਕਾਦਮੀ 1955 ਤੋਂ ਹਰ ਸਾਲ ਭਾਰਤੀ ਸਾਹਿਤ ਦੀ ਤਰੱਕੀ ਲਈ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੰਦੀ ਆ ਰਹੀ ਹੈ। ਗਿਆਨਪੀਠ ਪੁਰਸਕਾਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਅਹਿਮ ਪੁਰਸਕਾਰ ਹੈ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿਚ ਕੇਸਗੜ੍ਹ ਸਾਹਿਬ ਦੇ ਸਥਾਨ ਉਤੇ, ਇਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1757 ਗਲਤ ਇਤਿਹਾਸ ਬਣਾ ਕੇ ਮਿਥਿਹਾਸ ਪਰਚਲਤ ਨਾ ਕਰੋ ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਜਲੂਸ ਵਿਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿਆਦ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿ੍ਹਨਾ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ :- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਈਸ਼ਵਰ ਚੰਦਰ ਨੰਦਾ (30 ਸਤੰਬਰ 1892 - 3 ਸਤੰਬਰ 1965) ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਨੰਦਾ ਨੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਫ਼ੀਲਡਜ਼ ਤਗਮਾ (ਅੰਗਰੇਜ਼ੀ: Fields Medal), ਦਫ਼ਤਰੀ ਤੌਰ ਉੱਤੇ ਹਿਸਾਬ ਵਿੱਚ ਸਿਰਮੌਰ ਖੋਜਾਂ ਲਈ ਕੌਮਾਂਤਰੀ ਤਗਮਾ (ਅੰਗਰੇਜ਼ੀ: International Medal for Outstanding Discoveries in Mathematics) ਕੌਮਾਂਤਰੀ ਹਿਸਾਬ ਸੰਘ ਦੀ ਕੌਮਾਂਤਰੀ ਕਾਂਗਰਸ (ਹਰ ਚਾਰ ਸਾਲ ਬਾਅਦ ਹੋਣ ਵਾਲੀ ਸਭਾ) ਵਿੱਚ 40 ਵਰ੍ਹਿਆਂ ਤੋਂ ਘੱਟ ਉਮਰ ਵਾਲ਼ੇ ਹਿਸਾਬਦਾਨਾਂ ਨੂੰ ਦਿੱਤਾ ਜਾਣ ਵਾਲਾ ਇੱਕ ਇਨਾਮ ਹੈ। ਇਹਨੂੰ ਆਮ ਤੌਰ ਉੱਤੇ ਹਿਸਾਬਦਾਨਾਂ ਨੂੰ ਮਿਲਣ ਵਾਲਾ ਸਭ ਤੋਂ ਉੱਚਾ ਸਨਮਾਨ ਗਿਣਿਆ ਜਾਂਦਾ ਹੈ।
ਗੁਰਮਤਿ ਸਿੱਖ ਧਰਮ ਦਾ ਇੱਕ ਅਦੁਤੀ ਤੇ ਨਿਵੇਕਲਾ ਸ਼ਬਦ ਹੈ, ਜਿਸਦੇ ਅਰਥ ਦਾ ਘੇਰਾ ਚੌਖਾ ਵਿਸ਼ਾਲ ਹੈ। ਇਹ ਸਿੱਖ ਚਿੰਤਨ ਅਤੇ ਵਿਹਾਰ ਦੇ ਸਿਧਾਂਤਕ, ਮਰਯਾਦਕ ਤੇ ਆਦੇਸ਼ਤਕ ਪਹਿਲੂਆਂ ਨੂੰ ਕਲਾਵੇ ਵਿੱਚ ਲੈਂਦਾ ਹੈ। ਜਿੰਨ੍ਹਾਂ ਸੰਕਲਪਾਂ ਉੱਤੇ ਇਹ ਸ਼ਬਦ ਲਾਗੂ ਹੁੰਦਾ ਹੈ, ਮੁੱਖ ਰੂਪ ਵਿੱਚ ਉਨ੍ਹਾਂ ਦਾ ਸੰਬੰਧ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ, ਨਿਯਮਾਂ ਅਤੇ ਮੀਮਾਂਸਿਕ ਢਾਂਚੇ ਨਾਲ ਹੈ। ਜੋ ਕਿ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ ਦੀ ਸਿੱਖਿਆ ਉੱਤੇ ਆਧਾਰਿਤ ਹਨ। ਨਾਲ ਹੀ ਇਹ ਸ਼ਬਦ ਸਿੱਖ ਜੀਵਨ-ਜਾਂਚ ਦੇ ਵਿਅਕਤੀਗਤ ਤੇ ਸਮੂਹਿਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਗੁਰਦਿਆਲ ਸਿੰਘ(10 ਜਨਵਰੀ, 1933-16 ਅਗਸਤ, 2016) ਪੰਜਾਬ ਦਾ ਮਸ਼ਹੂਰ ਨਾਵਲਕਾਰ ਸੀ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ। ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਅਨੁਸਾਰ 'ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ 'ਗੋਦਾਨ' ਅਤੇ ਫਰਣੇਸ਼ਵਰ ਰੇਣੂੰ ਦੇ 'ਮੈਲਾ ਆਂਚਲ' ਦੇ ਪੱਧਰ ਦਾ ਨਾਵਲ ਹੈ।' ਉਹ ਹੁਣ ਤੱਕ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਪੁਸਤਕਾਂ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਅਨਮੋਲ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਇਸ ਸਾਹਿਤਕ ਯੋਗਦਾਨ ਬਦਲੇ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਿਲ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਆ ਗਿਆ ਹੈ। ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਆਈ.
ਅਜੀਤ ਕੌਰ (ਜਨਮ 16 ਨਵੰਬਰ 1934-) ਆਜ਼ਾਦੀ ਦੇ ਬਾਅਦ ਦੀ ਪੰਜਾਬੀ ਸਾਹਿਤਕਾਰ ਹੈ। ਉਹ ਪੰਜਾਬੀ ਗਲਪ ਖਾਸ ਕਰ ਕਹਾਣੀ ਦੀ ਇੱਕ ਵਿਲੱਖਣ ਦਸਤਖ਼ਤ ਹੈ ਜਿਸ ਨੇ "ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਬੇ-ਵਾਕੀ ਤੇ ਡੂੰਘਾਈ ਵਿੱਚ ਪੇਸ਼ ਕੀਤਾ ਹੈ। ਅਤੇ ਮਨੁੱਖੀ ਜੀਵਨ ਦੀਆਂ ਭਾਵਨਾਵਾਂ, ਤੀਵੀਂ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਤੇ ਜਜ਼ਬਾਤੀ ਟੱਕਰਾਂ ਨੂੰ, ਇਕੱਲਤਾ ਦੀ ਉਦਾਸੀ ਨੂੰ, ਮਨੁੱਖੀ ਰਿਸ਼ਤਿਆਂ ਦੀਆਂ ਉਲਝਣਾਂ ਨੂੰ, ਪੰਜਾਬ ਦੇ ਸੰਤਾਪ ਨੂੰ ਬੜੀ ਦਲੇਰੀ ਨਾਲ ਬਿਆਨ ਕੀਤਾ ਹੈ।" ਸਾਥੀ ਲੁਧਿਆਣਵੀ ਅਨੁਸਾਰ "ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ ਲਿਖ਼ੀਆਂ ਹਨ।" ਉਹਨਾਂ ਦੀਆਂ ਰਚਨਾਵਾਂ ਵਿੱਚ ਨਾ ਕੇਵਲ ਨਾਰੀ ਦਾ ਸੰਘਰਸ਼ ਰੇਖਾਂਕਿਤ ਹੁੰਦਾ ਹੈ ਸਗੋਂ ਸਾਮਾਜਕ ਅਤੇ ਸਿਆਸੀ ਵਿਗਾੜਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਿਆਪਤ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਵੀ ਨਜ਼ਰ ਆਉਂਦੀ ਹੈ।ਅਜੀਤ ਕੌਰ ਦਾ ਨਾਰੀਵਾਦ ਬਾਰੇ ਖਿਆਲ ਹੈ ਕਿ ਨਾਰੀਵਾਦ ਦਾ ਮਤਲਬ ਆਪਣੇ ਅੰਦਰ ਮਜ਼ਬੂਤੀ ਪੈਦਾ ਕਰਨੀ ਹੈ, ਸਿਰਫ਼ ਮਰਦਾਂ ਦੇ ਵਿਰੁੱਧ ਹੋਣਾ ਹੀ ਇਸ ਦਾ ਮਤਲਬ ਨਹੀਂ।
ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।
ਸਿਧਾਰਥ ਗੌਤਮ ਬੁੱਧ (ਸੰਸਕ੍ਰਿਤ: सिद्धार्थ गौतम बुद्ध) ਬੁੱਧ ਧਰਮ ਦੇ ਮੋਢੀ ਅਤੇ ਧਾਰਮਿਕ ਗੁਰੂ ਸਨ। ਉਹਨਾਂ ਦਾ ਜਨਮ 567 ਈਸਾ ਪੂਰਵ ਨੂੰ ਵਿਸਾਖ ਪੂਰਨਮਾਸ਼ੀ ਨੂੰ ਲੁੰਬਨੀ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਮਹਾਮਾਇਆ ਅਤੇ ਪਿਤਾ ਦਾ ਨਾਮ ਸੁਧੋਦਨ ਸੀ। ਮਹਾਤਮਾ ਬੁੱਧ ਦਾ ਅਸਲੀ ਨਾਮ ਸਿਧਾਰਥ ਅਤੇ ਗੋਤ ਗੌਤਮ ਸੀ। ਬੁੱਧ ਮਤ ਵਿੱਚ ਉਨ੍ਹਾਂ ਨੂੰ ਸਾਕਯ ਮੁਨੀ, ਗੌਤਮ, ਸਾਕਯ ਸਿਹੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਬਾਰਹ-ਮਾਹ ਲੋਕ ਕਾਵਿ ਦਾ ਇੱਕ ਰੂਪ ਹੈ। ਇਸ ਲੋਕ-ਕਾਵਿ ਵਿੱਚ, ਦੇਸੀ ਬਾਰਾ ਮਹੀਨਿਆਂ ਦੇ ਬਦਲਦੇ ਕੁਦਰਤੀ ਵਾਤਾਵਰਨ ਨੂੰ ਪਿਛੋਕੜ ਵਿਚ ਰੱਖ ਕੇ ਪ੍ਰੀਤਮ ਤੋਂ ਵਿਛੜੀ ਬਿਰਹਨੀ ਦੀਆਂ ਪ੍ਰੇਮ-ਪੀੜਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਪੁਰਾਤਨ ਜਨਮਸਾਖੀ ਦੇ ਅਨੁਸਾਰ ਬਾਰਹਮਾਹ ਤੁਖਾਰੀ ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮੇਂ ਦੀ ਰਚਨਾ ਹੈ। ਕਰਤਾਰਪੁਰ ਵਿਖੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਇਸ ਰਚਨਾ ਦਾ ਉਚਾਰਨ ਹੋਇਆ ਦਸਿਆ ਹੈ।ਤਬ ਸੰਗਤਿ ਲਗੀ ਸਬਦੁ ਗਾਵਨਿ ਅਲਾਹਣੀਆ।
ਲਾਲਾ ਧਨੀਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿੱਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।
ਭਾਰਤੀ ਸੰਸਦ (ਪਾਰਲੀਮੈਂਟ) ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕਸਭਾ (ਲੋਕਾਂ ਦਾ ਸਦਨ) ਅਤੇ ਰਾਜ ਸਭਾ (ਰਾਜਾਂ ਦੀ ਪਰਿਸ਼ਦ) ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਣ ਜਾਂ ਸਥਗਿਤ ਕਰਨ ਅਤੇ ਲੋਕਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨਮੰਤਰੀ ਜਾਂ ਮੰਤਰੀ ਪਰਿਸ਼ਦ ਦੇ ਕਹਿਣ ਤੇ ਕਰਦਾ ਹੈ। ਭਾਰਤੀ ਸੰਸਦ ਦਾ ਸੰਚਾਲਨ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਨਵੀਂ ਦਿੱਲੀ ਵਿੱਚ ਸਥਿਤ ਹੈ।
ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਆ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ । ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਗਰਭ ਅਵਸਥਾ ਉਸਨੂੰ ਕਹਿੰਦੇ ਹਨ, ਜਿਸ ਵਿੱਚ ਇਕ ਔਰਤ ਬੱਚੇ ਨੂੰ ਜਨਮ ਦਿੰਦੇ ਹੈ। ਕਈ ਗਰਭ ਅਵਸਥਾ ਵਿੱਚ ਔਰਤ ਇੱਕ ਤੋਂ ਵਧੇਰੇ ਬੱਚੇ ਨੂੰ ਜਨਮ ਦਿੰਦੀ ਹੈ ਜਿਸਨੂੰ ਜੁੜਵਾਂ ਬੱਚਾ ਕਿਹਾ ਜਾਂਦਾ ਹੈ ਗਰਭ ਅਵਸਥਾ ਜਿਨਸੀ ਸੰਬੰਧ ਜਾਂ ਸਹਾਇਤਾ ਪ੍ਰਜਨਨ ਤਕਨਾਲੋਜੀ ਦੁਆਰਾ ਹੋ ਸਕਦੀ ਹੈ। ਇੱਕ ਗਰਭ ਅਵਸਥਾ ਇੱਕ ਸਿੱਧੇ ਜਨਮ, ਗਰਭਪਾਤ ਜਾਂ ਗਰਭਪਾਤ ਵਿੱਚ ਖਤਮ ਹੋ ਸਕਦੀ ਹੈ, ਹਾਲਾਂਕਿ ਸੁਰੱਖਿਅਤ ਗਰਭਪਾਤ ਦੇਖਭਾਲ ਦੀ ਪਹੁੰਚ ਵਿਸ਼ਵਵਿਆਪੀ ਤੌਰ ਤੇ ਵੱਖੋ ਵੱਖਰੀ ਹੈ। ਜਣੇਪੇ ਆਮ ਤੌਰ ਤੇ 40 ਦੇ ਆਸ ਪਾਸ ਹੁੰਦੇ ਹਨ। ਪਿਛਲੇ ਮਾਹਵਾਰੀ (ਐਲਐਮਪੀ) ਦੇ ਸ਼ੁਰੂ ਹੋਣ ਤੋਂ ਹਫ਼ਤੇ. ਇਹ ਨੌਂ ਤੋਂ ਉੱਪਰ ਹੈ ਮਹੀਨੇ, ਜਿੱਥੇ ਹਰ ਮਹੀਨੇ 31ਸਤਨ 31 ਦਿਨ ਹੁੰਦੇ ਹਨ. ਜਦੋਂ ਗਰੱਭਧਾਰਣ ਕਰਨ ਤੋਂ ਮਾਪਿਆ ਜਾਂਦਾ ਹੈ ਤਾਂ ਇਹ ਲਗਭਗ 38 ਹਫ਼ਤਿਆਂ ਦੀ ਹੁੰਦੀ ਹੈ.
ਕੁਲਵੰਤ ਸਿੰਘ ਵਿਰਕ (Kulwant Singh Virk) (20 ਮਈ 1921 – 24 ਦਸੰਬਰ 1987) ਸਮਕਾਲੀ ਪੰਜਾਬੀ ਸਾਹਿਤ ਦੇ ਇੱਕ ਉਘੇ ਲੇਖਕ ਹਨ। ਉਹਨਾਂ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਉਹਨਾਂ ਦੀ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ.
ਸ਼ਹੀਦ ਊਧਮ ਸਿੰਘ (26 ਦਸੰਬਰ 1899 – 31 ਜੁਲਾਈ 1940) ਦਾ ਨਾਂ ਭਾਰਤ ਦੇ ਚੋਟੀ ਦੇ ਰਾਸ਼ਟਰੀ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਇੱਕ ਕੰਬੋਜ਼ ਪਰਿਵਾਰ ਵਿੱਚ ਹੋਇਆ। ਊਧਮ ਸਿੰਘ ਕੰਬੋਜ਼ ਜਾਤੀ ਦੇ ਜੰਮੂੁ ਭਾਚਾਰੇ ਨਾਲ ਸਬੰਧ ਰੱਖਦਾ ਸੀ, ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉੱਪਰਾਲਾ ਕਰਦੇ ਰਹੇ ਹਨ, ਜਦੋਂ ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ। ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ।
ਕੋਰੋਨਾਵਾਇਰਸ ਵਿਸ਼ਾਣੂਆਂ ਦਾ ਸਮੂਹ ਹਨ ਜੋ ਕਿ ਥਣਧਾਰੀ ਅਤੇ ਪੰਛੀਆਂ ਵਿੱਚ ਬਿਮਾਰੀਆਂ ਦਾ ਕਾਰਨ ਬਣਦੇ ਹਨ.।ਮਨੁੱਖਾਂ ਵਿੱਚ, ਵਾਇਰਸ ਸਾਹ ਦੀਆਂ ਲਾਗਾਂ ਦਾ ਕਾਰਨ ਬਣਦੇ ਹਨ ਜੋ ਆਮ ਤੌਰ 'ਤੇ ਹਲਕੇ ਹੁੰਦੇ ਹਨ ਪਰ ਆਮ ਤੌਰ' ਤੇ ਠੰਡੇ ਹੁੰਦੇ ਹਨ ਪਰ ਬਹੁਤ ਘੱਟ ਦਿਸਦੇ ਹਨ ਜਿਵੇਂ ਕਿ ਸਾਰਸ ਅਤੇ ਐਮਈਆਰਐਸ ਘਾਤਕ ਹੋ ਸਕਦੇ ਹਨ। ਗਾਵਾਂ ਅਤੇ ਸੂਰਾਂ ਵਿੱਚ ਉਹ ਦਸਤ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ, ਜਦੋਂ ਕਿ ਮੁਰਗੀਆਂ ਵਿੱਚ ਉਹ ਉੱਪਰਲੇ ਸਾਹ ਦੀ ਬਿਮਾਰੀ ਦਾ ਕਾਰਨ ਬਣ ਸਕਦੇ ਹਨ.।ਇੱਥੇ ਕੋਈ ਟੀਕੇ ਜਾਂ ਐਂਟੀਵਾਇਰਲ ਦਵਾਈਆਂ ਨਹੀਂ ਹਨ ਜੋ ਰੋਕਥਾਮ ਜਾਂ ਇਲਾਜ ਲਈ ਮਨਜ਼ੂਰ ਹਨ।
ਡਾ. ਜਸਵੰਤ ਸਿੰਘ ਨੇਕੀ (ਜਨਮ 27 ਅਗਸਤ 1925) ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਅਤੇ ਉਹ ੧੯੭੮ ਤੋਂ ੧੯੮੧ ਤੱਕ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁੱਖੀ ਵੀ ਰਹੇ ਹਨ। ਵਿਦਿਆਰਥੀ ਜੀਵਨ ਦੋਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫੀ ਨਜਦੀਕ ਸਨ ਤੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੇਡਰੇਸ਼ਨ ਦੇ ਪਰਧਾਨ ਵੀ ਰਹੇ। ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪਰਧਾਨ ਸਨ|ਉਹਨਾਂ ਸਿੱਖ ਧਰਮ ਸ਼ਾਸਤਰ ਤੇ ਵੀ ਕੰਮ ਕੀਤਾ|ਉਹ ਦੁਨੀਆਂ ਦੇ ਮਸ਼ਹੂਰ ਮਨੋਰੋਗ ਮਾਹਿਰ ਸਨ। ਉਨ੍ਹਾਂ ਨੂੰ 1979 ਵਿੱਚ ਆਪਣੀ ਰਚਨਾ, ਕਰੁਣਾ ਦੀ ਛੂਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ। ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵੱਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾ ਬੋਧ ਦੇਣ ਵਾਲੇ ਕੁਝ ਚੋਣਵੇਂ ਕਵੀਆਂ ਵਿੱਚੋਂ ॥ਡਾ.
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਗੁਰੂ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। 7ਪੋਹ (22 ਦਿਸੰਬਰ) ਅਤੇ 12 ਪੋਹ (27 ਦਿਸੰਬਰ) 1704 ਨੂੰ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (13 ਸਾਲ) ਚਮਕੌਰ ਦੀ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ (9ਸਾਲ) ਅਤੇ ਬਾਬਾ ਫ਼ਤਹਿ ਸਿੰਘ (7ਸਾਲ) ਸੂਬਾ ਸਰਹਿੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਮੈਥਿਲੀ ਸ਼ਰਣ ਗੁਪਤ ਨੇ ਲਿਖਿਆ ਹੈ- ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ। ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥ ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇੱਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ- ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412) ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥ ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ) ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ 23 ਦਸੰਬਰ 1704 ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ 'ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ- ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ। ਕਾਜ਼ੀ ਅਤੇ ਸ਼ੇਰ ਖਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਹਨਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਗਿਰ ਗਈ ਸੀ। ਬੱਚਿਆਂ ਦੇ ਫ਼ੁੱਲਾਂ ਵਰਗੇ ਸਰੀਰ ਇਸ ਚੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਸਨ। ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਦੀਨ ਕਬੂਲਣ ਲਈ ਦਬਾਅ ਪਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗੇਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ- ਜ਼ੋਰਾਵਰ ਸਿੰਘ ਐਸੇ ਭਨੈ, ਕਿਉਂ ਭਾਈ!
ਲੋਕ ਸਭਾ, ਭਾਰਤੀ ਸੰਸਦ ਦਾ ਹੇਠਲਾ ਸਦਨ ਹੈ। ਭਾਰਤੀ ਸੰਸਦ ਦਾ ਉਪਰਲਾ ਸਦਨ ਰਾਜ ਸਭਾ ਹੈ। ਲੋਕ ਸਭਾ ਸਰਬ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਲੋਕਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗਠਿਤ ਹੁੰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਦਨ ਵਿੱਚ ਮੈਬਰਾਂ ਦੀ ਅਧਿਕਤਮ ਗਿਣਤੀ 552 ਤੱਕ ਹੋ ਸਕਦੀ ਹੈ, ਜਿਸ ਵਿਚੋਂ 530 ਮੈਂਬਰ ਵੱਖ ਵੱਖ ਰਾਜਾਂ ਦੇ ਅਤੇ 20 ਮੈਂਬਰ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਜਮਾਨੀ ਕਰ ਸਕਦੇ ਹਨ। ਸਦਨ ਵਿੱਚ ਲੋੜੀਂਦੀ ਤਰਜਮਾਨੀ ਨਾ ਹੋਣ ਦੀ ਹਾਲਤ ਵਿੱਚ ਭਾਰਤ ਦਾ ਰਾਸ਼ਟਰਪਤੀ ਜੇਕਰ ਚਾਹੇ ਤਾਂ ਐਂਗਲੋ ਇੰਡੀਅਨ ਸਮੁਦਾਏ ਦੇ ਦੋ ਪ੍ਰਤੀਨਿਧੀਆਂ ਨੂੰ ਲੋਕ ਸਭਾ ਲਈ ਨਾਮਜਦ ਕਰ ਸਕਦਾ ਹੈ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਅਾਨਿਅਾ ਹੈ। 'ਸਭਿਅਾਚਾਰ' ਸ਼ਬਦ ਮੂਲ ਰੂਪ ਵਿਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਮੰਨਿਆ ਜਾਂਦਾ ਹੈ। "Culture" ਵੀ ਮੂਲ ਰੂਪ ਵਿਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿਚ ਆਇਆ। ਜਿਥੇ ਇਸਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਦੇ ਹਨ। ਸਭਿਆਚਾਰ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।
ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿਚ ਡਾ: ਸਤਿੰਦਰ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦੇ ਨਵੇਂ ਰੂਪ ਪੇਸ਼ ਕੀਤੇ ਹਨ। ਇਤਿਹਾਸਕ ਤੌਰ ਤੇ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ 19ਵੀਂ ਸਦੀ ਦੇ ਮਗਰਲੇ ਅੱਧ ਤੋਂ ਹੋਇਆ ਹੈ। ਮਸਲਨ ਸਾਹਿਤ ਵਿਚ ਵਾਰਤਕ ਨੂੰ ਆਮਤੋਰ ਤੇ ਤਰਕ-ਯੁਕਤ ਅਤੇ ਵਿਚਾਰ ਪ੍ਰਧਾਨ ਰੂਪ ਮੰਨਿਆ ਜਾਂਦਾ ਹੈ। ਕਿਉਕਿ ਇਸ ਵਿਚ ਮਨੋਭਾਵ ਤੇ ਕਲਪਨਾ ਨਾਲੋਂ ਬੁੱਧੀ ਤੇ ਨਿਆਇ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ।
ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।