ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦ ਉਹਨਾਂ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਸਿੱਖੀ (ਇਹ ਸ਼ਬਦ ਇਸ ਤਰ੍ਹਾਂ ਵੀ ਲਿਖਿਆ ਜਾਂਦਾ ਹੈ: ਸਿਖੀ, ਸਿੱਖ ਦਾ ਮਤਲਬ, "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫ਼ਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਦੁਨੀਆ ਦੇ ਸਭ ਤੋਂ ਪੁਰਾਣੇ ਸਨਾਤਨ ਧਰਮ ਤੋਂ ਆਪਣੀ ਅਲੱਗ ਪਹਿਚਾਣ ਬਣਾਕੇ ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਕੁੱਲ ਦੁਨੀਆ ਵਿੱਚ ਲਗਭਗ 3 ਕਰੋੜ ਹੈ, ਜੋ ਕਿ ਸਾਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਪੰਥ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਪੰਥ ਦੇ ਫ਼ਲਸਫ਼ੇ ਨੂੰ ਗੁਰਮਤ ਕਿਹਾ ਜਾਂਦਾ ਹੈ, ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ ਅਤੇ ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜੋਤਿ-ਜੋਤਿ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ, ਜਿਹਨਾਂ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਕੇਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਤੇ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਖ਼ਤ ਸੌਂਪਕੇ ਦੇਹਧਾਰੀ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਭਗਵੰਤ ਮਾਨ ਦਾ ਜਨਮ 17 ਅਕਤੂਬਰ 1972 ਨੂੰ ਸਤੌਜ, ਜ਼ਿਲ੍ਹਾ ਸੰਗਰੂਰ, ਪੰਜਾਬ, ਵਿਖੇ ਹੋਇਆ। ਮਾਨ ਇੱਕ ਹਾਸਰਸ ਕਲਾਕਾਰ ਅਤੇ ਸਿਆਸਤਦਾਨ ਹੈ। ਉਹ ਪੰਜਾਬੀ ਵਿੱਚ ਆਪਣੀਆਂ ਸਕਿੱਟਾਂ ਕਰ ਕੇ ਵਧੇਰੇ ਮਸ਼ਹੂਰ ਹੈ। ਉਸਨੇ ਆਪਣਾ ਕਮੇਡੀਅਨ ਵਜੋਂ ਕੈਰੀਅਰ ਯੂਨੀਵਰਸਿਟੀ ਦੇ ਯੂਥ ਫੈਸਟੀਵਲਾਂ ਅਤੇ ਅੰਤਰ ਕਾਲਜ ਮਕਾਬਲਿਆਂ ਵਿੱਚ ਭਾਗ ਲੈਣ ਤੋਂ ਕੀਤਾ ਸੀ। ਉਸਨੇ ਪੰਜਾਬੀ ਯੂਨੀਵਰਸਿਟੀ ਤੋਂ ਸੁਨਾਮ ਕਾਲਜ ਲਈ ਦੋ ਗੋਲਡ ਮੈਡਲ ਜਿੱਤੇ। ਇਹ ਸੰਗਰੂਰ ਤੋਂ 16ਵੀਂ ਲੋਕ ਸਭਾ ਦਾ ਸਾਸੰਦ ਹੈ। ਇਸਨੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਜੋਂ ਚੋਣ ਜਿੱਤੀ।
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਦੇ ਸਥਾਨ ਉਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1757 ਗਲਤ ਇਤਿਹਾਸ ਬਣਾ ਕੇ ਮਿਥਿਹਾਸ ਪਰਚਲਤ ਨਾ ਕਰੋ ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਇੱਕ ਵੱਡਾ ਜਲੂਸ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਜਲੂਸ ਵਿੱਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, [[ਪਹਿਰਾਵਾ], ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਉਸ ਦੀ ਸਭ ਤੋਂ ਮਸ਼ਹੂਰ ਰਚਨਾ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।
ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਜਮ੍ਹਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜੁਆਨ ਆਗੂਆਂ ਕੋਲ ਹੋਣੀ ਚਾਹੀਦੀ ਹੈ। ਕੁੱਝ ਅਕਾਲੀ ਆਗੂਆਂ ਨੇ ਚੋਣਾਂ ਵਿੱਚ ਹੋਈ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫ਼ੇ ਦੀ ਮੰਗ ਕੀਤੀ, 17 ਮਾਰਚ, 1972 ਦੇ ਦਿਨ, ਨੌਜੁਆਨ ਆਗੂ ਗੁਰਚਰਨ ਸਿੰਘ ਟੌਹੜਾ ਨੇ ਫ਼ਤਿਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜਬੂਰ ਹੋ ਕੇ, 19 ਮਾਰਚ, 1972 ਦੇ ਦਿਨ, ਫ਼ਤਿਹ ਸਿੰਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿਤਾ। ਉਸ ਨੇ 25 ਮਾਰਚ ਨੂੰ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ। ਮਗਰੋਂ, 11 ਅਕਤੂਬਰ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਤੁੜ ਨੂੰ ਰਸਮੀ ਤੌਰ 'ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਫ਼ਤਿਹ ਸਿੰਘ ਨੂੰ ਆਸ ਸੀ ਕਿ ਜਨਰਲ ਇਜਲਾਸ 'ਚ ਉਸ ਨੂੰ ਸਰਪ੍ਰਸਤ, ਚੇਅਰਮੈਨ ਜਾਂ ਕੁੱਝ ਅਜਿਹਾ 'ਰਸਮੀ ਸਨਮਾਨ' ਜ਼ਰੂਰ ਦਿਤਾ ਜਾਏਗਾ ਪਰ ਜਦੋਂ ਅਜਿਹਾ ਕੁੱਝ ਨਾ ਹੋਇਆ ਤਾਂ ਫ਼ਤਿਹ ਸਿੰਘ ਨੂੰ ਬੜਾ ਸਦਮਾ ਲੱਗਾ। ਇਸ ਬੇਇਜ਼ਤੀ ਨੇ ਉਸ ਦਾ ਦਿਲ ਤੋੜ ਦਿਤਾ। ਇਸ ਵੇਲੇ ਉਹ ਇੱਕ ਨਿੰਮੋਝੂਣਾ, ਉਦਾਸ, ਹਾਰਿਆ ਹੋਇਆ, ਬੇਬਸ, ਮੁਰਝਾਇਆ, ਬੇਦਿਲ, ਬੇਜਾਨ ਤੇ ਬਦਨਾਮ ਸ਼ਖ਼ਸ ਸੀ। ਇਸ ਹਾਲਤ ਵਿੱਚ ਉਹ 20 ਦਿਨ ਵੀ ਨਾ ਕੱਢ ਸਕਿਆ। 30 ਅਕਤੂਬਰ ਦੇ ਦਿਨ ਉਸ ਦੀ ਮੌਤ ਹੋ ਗਈ। ਇਸ ਵੇਲੇ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਅਤੇ 1966 ਤੋਂ ਬਾਅਦ ਕਈ ਕੇਂਦਰੀ ਸਰਕਾਰਾਂ ਵਿੱਚ ਭਾਈਵਾਲ ਰਿਹਾ ਹੈ ਪਰ ਉਨ੍ਹਾਂ ਮੁੱਦਿਆਂ ਵਿਚੋਂ ਇੱਕ ਦਾ ਵੀ ਹੱਲ ਨਹੀਂ ਹੋਇਆ ਜਿਨ੍ਹਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੋਰਚੇ ਲਾਏ ਅਤੇ ਇਨ੍ਹਾਂ ਮੋਰਚਿਆਂ ਵਿੱਚ ਸੈਂਕੜੇ ਪੰਜਾਬੀਆਂ ਨੇ ਜਾਨਾਂ ਦਿੱਤੀਆਂ।
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”1.
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।