ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਅਤੇ ਸਦੀਵੀ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਵਿਸਥਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ, ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਆਪਣੀ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੱਖ ਧਰਮ ਵਿੱਚ ਚੜ੍ਹਦੀ ਕਲਾ, ਸਦੀਵੀ ਅਡੋਲਤਾ, ਆਸ਼ਾਵਾਦ ਅਤੇ ਅਨੰਦ ਦੀ ਮਾਨਸਿਕ ਸਥਿਤੀ ਨੂੰ ਕਾਇਮ ਰੱਖਣ ਦੀ ਇੱਛਾ ਰੱਖਣ ਲਈ ਪੰਜਾਬੀ ਵਾਕੰਸ਼ ਹੈ। ਦਰਅਸਲ ਇਹ ਵਾਕੰਸ਼ ਸਿੱਖ ਅਰਦਾਸ ਵਿੱਚ ਸ਼ਾਮਲ ਕੀਤਾ ਹੋਇਆ ਹੈ: ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਇੱਕ ਤਰ੍ਹਾਂ ਸਵੀਕਾਰਨਾ ਹੈ ਕਿ ਜੀਵਨ ਦੇ ਵਹਿਣ ਵਿੱਚ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਉਨ੍ਹਾਂ ਮੁਸੀਬਤਾਂ ਵਿੱਚੋਂ ਉਭਰਨ ਵਾਲ਼ੀ ਮਨੋਸਥਿੱਤੀ ਨੂੰ ਨਵੀਂ ਨਰੋਈ ਰੱਖਣਾ ਹੈ। ਸਿੱਖਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਰੱਬ ਦੀ ਰਜ਼ਾ ਵਿੱਚ ਰਹਿਣ ਦੇ ਪ੍ਰਤੀਕ ਵਜੋਂ ਭਾਣਾ ਮੰਨ ਕੇ ਝੂਰਨਾ ਛੱਡ ਦੇਣ ਅਤੇ ਉੱਚੇ ਸੁੱਚੇ ਮੁੱਲਾਂ ਨਾਲ਼ ਆਪਣੀ ਵੱਚਨਬਧਤਾ ਦਾ ਸਾਬਤਕਦਮੀ ਨਾਲ਼ ਪਾਲਣ ਕਰਨ।
ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਪੰਜਾਬ, ਹਰਿਆਣਾ ਵਿੱਚੋਂ ਲੰਘਦੀ ਘੱਗਰ (ਹਕਰਾ) ਨਦੀ ਇੱਕ ਬਰਸਾਤੀ ਨਦੀ ਹੈ ਜੋ ਬਰਸਾਤੀ ਮੌਸਮ ਵਿੱਚ ਬੜੇ ਪੱਧਰ ਤੇ ਵਗਦੀ ਹੈ, ਵਰਨਾ ਇਹ ਦਰਿਆ ਸ਼ਾਂਤ ਹੀ ਰਹਿੰਦਾ ਹੈ। ਇਹ ਨਦੀ ਭਾਰਤ ਦੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿਚੋਂ ਹੋਕੇ ਪਾਕਿਸਤਾਨ ਤੱਕ ਵਗਦੀ ਹੈ। ਇਸ ਦਾ ਪੁਰਾਤਨ ਨਾਂ ਸਰਸਵਤੀ ਨਦੀ ਮੰਨਿਆ ਜਾਂਦਾ ਹੈ। ਅਤੇ ਕੁਝ ਇਸ ਨੂੰ ਸਰਸਵਤੀ ਨਦੀ ਦੀ ਸਹਯੋਗੀ ਨਦੀ ਵੀ ਕਹਿੰਦੇ ਹਨ। ਇਸਨੂੰ ਹਰਿਆਣਾ ਦੇ ਓਟੂ ਵੀਅਰ (ਬੰਨ੍ਹ) ਤੋਂ ਪਹਿਲਾਂ ਘੱਗਰ ਨਦੀ ਦੇ ਨਾਮ ਨਾਲ ਅਤੇ ਉਸਦੇ ਅੱਗੇ ਹਕਰਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁੱਝ ਵਿਦਵਾਨਾਂ ਦੇ ਹਿਸਾਬ ਨਾਲ ਇਹ ਪ੍ਰਾਚੀਨਕਾਲ ਵਿੱਚ ਵਗਣ ਵਾਲੀ ਮਹਾਨ ਸਰਸਵਤੀ ਨਦੀ ਹੀ ਦਾ ਬਚਿਆ ਹੋਇਆ ਰੂਪ ਹੈ ਹਾਲਾਂਕਿ ਇਸ ਬਾਰੇ ਮੱਤਭੇਦ ਹੈ ਅਤੇ ਹੋਰ ਵਿਦਵਾਨਾਂ ਦੇ ਅਨੁਸਾਰ ਰਿਗਵੇਦ ਵਿੱਚ ਕੁੱਝ ਸਥਾਨਾਂ ਉੱਤੇ ਜਿਸ ਸਰਸਵਤੀ ਨਦੀ ਦਾ ਜਿਕਰ ਹੈ ਉਹ ਇਹ ਨਦੀ ਨਹੀਂ ਸੀ। ਘੱਗਰ ਪੰਜਾਬ ਵਿੱਚ ਮੋਹਾਲੀ, ਪਟਿਆਲਾ, ਸੰਗਰੂਰ ਦੇ ਕੁਝ ਇਲਾਕੇ, ਮਾਨਸਾ ਆਦਿ ਹਿੱਸਿਆ ਚੋ ਲੰਘਦੀ ਹੈ। ਪਰ ਕੇਵਲ ਪੰਜਾਬ ਵਿੱਚ ਇਸ ਨਦੀ ਦੇ ਨਾਮ ਤੇ ਇੱਕ ਨਗਰ ਵਸਿਆ ਹੋਇਆ ਹੈ, ਜਿਸਦਾ ਨਾਮ ਘੱਗਾ ਹੈ ਕਿ ਪਟਿਆਲੇ ਜ਼ਿਲ੍ਹੇ ਦਾ ਅੰਗ ਹੈ। ਘੱਗਰ ਤੇ ਘੱਗਾ ਦੋਵੇਂ ਬਿਲਕੁਲ ਨੇੜੇ ਹਨ ਤੇ ਘੱਗਾ ਇਸਦੇ ਕੰਢੇ ਤੇ ਵਸਿਆ ਬੁਹਤ ਪੁਰਾਣਾ ਸ਼ਹਿਰ ਹੈ, ਜਿਸਨੂੰ ਪਟਿਆਲਾ ਦੇ ਰਾਜਿਆਂ ਤੇ ਨਾਭਾ ਰਿਆਸਤ ਦੇ ਬਾਬਾ ਜੱਸਾ ਸਿੰਘ ਦੁਆਰਾ ਵਸਾਇਆ ਗਿਆ ਸੀ। ਮੰਨਿਆ ਜਾਂਦਾ ਹੈ ਕਿ ਬਾਬਾ ਜੱਸਾ ਸਿੰਘ ਨੇ ਹੀ ਘੱਗਰ ਤੋਂ ਇਸਦਾ ਨਾਮ ਘੱਗਾ ਰੱਖਿਆ ਸੀ। ਘੱਗਰ ਨਦੀ ਅਨੇਕਾ ਵਾਰ ਇਸ ਇਲਾਕੇ ਨੂੰ ਤਬਾਹ ਕਰ ਚੁੱਕੀ ਹੈ, ਹਰ ਥੋੜੇ ਸਾਲਾਂ ਬਾਅਦ ਇਹ ਨਦੀ ਪੰਜਾਬ ਅਤੇ ਹਰਿਆਣਾ ਵਿਚ ਹੜ੍ਹ ਦਾ ਕਾਰਨ ਬਣਦੀ ਹੈ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਸਤਲੁਜ, ਪੰਜਾਬ, ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਸਰੋਤ ਤਿੱਬਤ ਵਿੱਚ ਮਾਨਸਰੋਵਰ ਝੀਲ ਦੇ ਨੇੜੇ ਰਕਾਸ਼ ਤਾਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ। ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਂਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ [1] Archived 2005-08-31 at the Wayback Machine.
ਫ਼ਰੀਦਉਦੀਨ ਮਸੂਦ ਗੰਜਸ਼ਕਰ (4 ਅਪ੍ਰੈਲ 1188 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ (ਅੰਗ੍ਰੇਜ਼ੀ: Bābā Farīd) ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ, ਕਵੀ ਅਤੇ ਧਾਰਮਿਕ ਉਪਦੇਸ਼ਕ ਸੀ, ਜੋ ਮੱਧ ਯੁੱਗ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਿਕਾਰਤ ਅਤੇ ਸਤਿਕਾਰਤ ਮੁਸਲਮਾਨ ਪ੍ਰਚਾਰਕਾਂ ਵਿੱਚੋਂ ਇੱਕ ਰਿਹਾ ਹੈ। ਉਹ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੁਆਰਾ ਸਤਿਕਾਰਿਆ ਜਾਂਦਾ ਹੈ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪਲਾਸੀ ਦਾ ਲੜਾਈ (ਬੰਗਾਲੀ: পলাশীর যুদ্ধ, ਪੋਲਾਸ਼ੀਰ ਜੂਧੋ) 23 ਜੂਨ 1757 ਨੂੰ ਕਲਕੱਤਾ (ਹੁਣ ਕੋਲਕਾਤਾ) ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮਾਇਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ-ਉਦ-ਦੌਲਾ ਨੂੰ ਹਰਾ ਦਿੱਤਾ ਸੀ l ਪਲਾਸੀ ਦੀ ਲੜਾਈ ਰੌਬਰਟ ਕਲਾਈਵ ਦੀ ਅਗਵਾਈ ਵਿੱਚ 23 ਜੂਨ 1757 ਨੂੰ ਬੰਗਾਲ ਦੇ ਨਵਾਬ ਅਤੇ ਉਸਦੇ ਫ੍ਰਾਂਸੀਸੀ ਸਹਿਯੋਗੀਆਂ ਦੀ ਇੱਕ ਕਿਤੇ ਵੱਡੀ ਤਾਕਤ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਕ ਨਿਰਣਾਇਕ ਜਿੱਤ ਸੀ। ਲੜਾਈ ਨੇ ਕੰਪਨੀ ਨੂੰ ਬੰਗਾਲ ਦਾ ਕੰਟਰੋਲ ਹਾਸਲ ਕਰਨ ਵਿੱਚ ਸਹਾਇਤਾ ਕੀਤੀ l ਅਗਲੇ ਸੌ ਸਾਲਾਂ ਵਿੱਚ, ਉਨ੍ਹਾਂ ਨੇ ਭਾਰਤੀ ਉਪ -ਮਹਾਂਦੀਪ, ਮਿਆਂਮਾਰ ਅਤੇ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ ਉੱਤੇ ਕਬਜ਼ਾ ਕਰ ਲਿਆ l ਇਹ ਲੜਾਈ ਹੁਗਲੀ ਨਦੀ ਦੇ ਕਿਨਾਰੇ ਪਲਾਸ਼ੀ (ਅੰਗਰੇਜ਼ੀ ਸੰਸਕਰਣ: ਪਲਾਸੀ) , ਜੋ ਕਲਕੱਤੇ ਦੇ ਉੱਤਰ ਵਿੱਚ ਲਗਭਗ 150 ਕਿਲੋਮੀਟਰ (93 ਮੀਲ) ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ, ਜੋ ਉਸ ਸਮੇਂ ਬੰਗਾਲ ਦੀ ਰਾਜਧਾਨੀ ਸੀ (ਹੁਣ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ) ਵਿਖੇ ਹੋਈ l ਲੜਨ ਵਾਲੇ ਨਵਾਬ ਸਿਰਾਜ-ਉਦ-ਦੌਲਾ, ਬੰਗਾਲ ਦੇ ਆਖਰੀ ਸੁਤੰਤਰ ਨਵਾਬ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸਨ l ਉਹ, ਅਲੀਵਰਦੀ ਖਾਨ (ਉਸਦੇ ਨਾਨਾ) ਦਾ ਉੱਤਰਾਧਿਕਾਰੀ ਸੀ l ਸਿਰਾਜ-ਉਦ-ਦੌਲਾ ਸਾਲ ਪਹਿਲਾਂ ਹੀ ਬੰਗਾਲ ਦਾ ਨਵਾਬ ਬਣਿਆ ਸੀ ਅਤੇ ਉਸਨੇ ਅੰਗਰੇਜਾਂ ਨੂੰ ਉਨ੍ਹਾਂ ਦੇ ਕਿਲ੍ਹੇ ਦੇ ਵਿਸਥਾਰ ਨੂੰ ਰੋਕਣ ਦਾ ਹੁਕਮ ਦਿੱਤਾ ਸੀ l ਰਾਬਰਟ ਕਲਾਈਵ ਨੇ ਨਵਾਬ ਦੀ ਫ਼ੌਜ ਦੇ ਕਮਾਂਡਰ-ਇਨ-ਚੀਫ਼ ਮੀਰ ਜਾਫ਼ਰ ਨੂੰ ਰਿਸ਼ਵਤ ਦਿੱਤੀ ਅਤੇ ਉਸਨੂੰ ਬੰਗਾਲ ਦਾ ਨਵਾਬ ਬਣਾਉਣ ਦਾ ਵਾਅਦਾ ਵੀ ਕੀਤਾ। ਕਲਾਈਵ ਨੇ 1757 ਵਿੱਚ ਪਲਾਸੀ ਵਿਖੇ ਸਿਰਾਜ-ਉਦ-ਦੌਲਾ ਨੂੰ ਹਰਾਇਆ ਅਤੇ ਕਲਕੱਤੇ ਉੱਤੇ ਕਬਜ਼ਾ ਕਰ ਲਿਆ। ਇਹ ਲੜਾਈ ਨਵਾਬ ਸਿਰਾਜ-ਉਦ-ਦੌਲਾ ਦੁਆਰਾ ਬ੍ਰਿਟਿਸ਼-ਨਿਯੰਤਰਿਤ ਕਲਕੱਤੇ 'ਤੇ ਹਮਲੇ ਅਤੇ ਬਲੈਕ ਹੋਲ ਕਤਲੇਆਮ ਤੋਂ ਪਹਿਲਾਂ ਹੋਈ ਸੀ। ਅੰਗਰੇਜ਼ਾਂ ਨੇ ਕਰਨਲ ਰੌਬਰਟ ਕਲਾਈਵ ਅਤੇ ਐਡਮਿਰਲ ਚਾਰਲਸ ਵਾਟਸਨ ਦੀ ਅਗਵਾਈ ਵਿੱਚ ਮਦਰਾਸ ਤੋਂ ਬੰਗਾਲ ਫੌਜ ਭੇਜੀ ਅਤੇ ਕਲਕੱਤੇ ਉੱਤੇ ਮੁੜ ਕਬਜ਼ਾ ਕਰ ਲਿਆ। ਕਲਾਈਵ ਨੇ ਫਿਰ ਚੰਦਰਨਗਰ ਦੇ ਫਰਾਂਸੀਸੀ ਕਿਲ੍ਹੇ ਉੱਤੇ ਕਬਜ਼ੇ ਦੀ ਪਹਿਲ ਕੀਤੀ l ਸਿਰਾਜ-ਉਦ-ਦੌਲਾ ਅਤੇ ਬ੍ਰਿਟਿਸ਼ ਦਰਮਿਆਨ ਤਣਾਅ ਅਤੇ ਸ਼ੱਕ ਦਾ ਨਤੀਜਾ ਪਲਾਸੀ ਦੀ ਲੜਾਈ ਵਿੱਚ ਨਿੱਕਲਿਆ l ਇਹ ਲੜਾਈ ਸੱਤ ਸਾਲਾਂ ਦੀ ਲੜਾਈ (1756–1763) ਦੇ ਦੌਰਾਨ ਚਲਾਈ ਗਈ ਸੀ, ਅਤੇ, ਉਨ੍ਹਾਂ ਦੀ ਯੂਰਪ ਵਿੱਚ ਦੁਸ਼ਮਣੀ ਦੇ ਅਕਸ ਵਜੋਂ, ਫ੍ਰੈਂਚ ਈਸਟ ਇੰਡੀਆ ਕੰਪਨੀ (ਲਾ ਕੰਪੈਨੀ ਡੇਸ ਇੰਡੀਜ਼ ਓਰੀਐਂਟੇਲਸ) ਨੇ ਅੰਗਰੇਜ਼ਾਂ ਦੇ ਵਿਰੁੱਧ ਲੜਨ ਲਈ ਇੱਕ ਛੋਟੀ ਜਿਹੀ ਟੁਕੜੀ ਭੇਜੀ l ਸਿਰਾਜ-ਉਦ-ਦੌਲਾ ਕੋਲ ਗਿਣਤੀ ਦੇ ਪੱਖੋਂ ਬਿਹਤਰ ਸ਼ਕਤੀ ਸੀ ਅਤੇ ਉਸਨੇ ਪਲਾਸੀ ਵਿਖੇ ਆਪਣਾ ਪੱਖ ਰੱਖਿਆ l ਵੱਡੀ ਗਿਣਤੀ ਤੋਂ ਚਿੰਤਤ ਅੰਗਰੇਜ਼ਾਂ ਨੇ ਸਿਰਾਜ-ਉਦ-ਦੌਲਾ ਦੇ ਰੁਤਬਾ ਘਟਾਏ ਹੋਏ ਫ਼ੌਜ ਮੁਖੀ ਮੀਰ ਜਾਫਰ, ਇਸਦੇ ਨਾਲ ਯਾਰ ਲੂਤੁਫ਼ ਖ਼ਾਨ, ਜਗਤ ਸੇਠਾਂ (ਮਹਤਾਬ ਚੰਦ ਅਤੇ ਸਵਰੂਪ ਚੰਦ), ਉਮੀਚੰਦ ਅਤੇ ਰਾਏ ਦੁਰਲਭ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ। ਇਸ ਤਰ੍ਹਾਂ,ਮੀਰ ਜਾਫਰ, ਰਾਏ ਦੁਰਲਭ ਅਤੇ ਯਾਰ ਲੂਤੁਫ ਖਾਨ ਨੇ ਆਪਣੀਆਂ ਫੌਜਾਂ ਨੂੰ ਜੰਗ ਦੇ ਮੈਦਾਨ ਦੇ ਨੇੜੇ ਇਕੱਠਾ ਕੀਤਾ ਪਰ ਅਸਲ ਵਿੱਚ ਲੜਾਈ ਵਿੱਚ ਸ਼ਾਮਲ ਹੋਣ ਲਈ ਕੋਈ ਕਦਮ ਨਹੀਂ ਚੁੱਕਿਆ l ਲਗਭਗ 50,000 ਸਿਪਾਹੀਆਂ, 40 ਤੋਪਾਂ ਅਤੇ 10 ਜੰਗੀ ਹਾਥੀਆਂ ਵਾਲੀ ਸਿਰਾਜ-ਉਦ-ਦੌਲਾ ਦੀ ਫੌਜ ਨੂੰ ਕਰਨਲ ਰੌਬਰਟ ਕਲਾਈਵ ਦੇ 3,000 ਸਿਪਾਹੀਆਂ ਨੇ ਹਰਾ ਦਿੱਤਾ। ਲੜਾਈ ਲਗਭਗ 11 ਘੰਟਿਆਂ ਵਿੱਚ ਸਮਾਪਤ ਹੋ ਗਈ।
ਭਾਈ ਜਸਵੰਤ ਸਿੰਘ ਖਾਲੜਾ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸ਼ਹੀਦ ਹੋਏ ਕਾਰਕੁਨ ਹਨ। ਆਪਣੀ ਚੜ੍ਹਦੀ ਜਵਾਨੀ ਦੀ ਉਮਰੇ ਉਹ ‘ਮਾਰਕਸਵਾਦ’ ਨਕਸਲਬਾੜੀ ਲਹਿਰ ਦਾ ਸਮਰਥਕ ਬਣਿਆ। ਪੰਜਾਬ ’ਚ ਖਾੜਕੂਵਾਦ ਵੇਲੇ ਲਵਾਰਿਸ ਦੱਸ ਕੇ ਲਾਸ਼ਾਂ ਸਾੜਨ ਦੇ ਮਾਮਲੇ ਦਾ ਭੇਤ ਜੱਗ ਜ਼ਾਹਰ ਕਰਨ ਵਾਲੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਹੀ ਹੈ। 1980 ਵਿੱਚ ਪੰਜਾਬ ਸੰਕਟ ਦੇ ਦਿਨਾਂ ਵਿੱਚ ਆਪ੍ਰੇਸ਼ਨ ਬਲਿਊ ਸਟਾਰ, ਇੰਦਰਾ ਗਾਂਧੀ ਦੇ ਕਤਲ ਅਤੇ 1984 ਦੇ ਸਿੱਖ-ਵਿਰੋਧੀ ਦੰਗਿਆਂ ਤੋਂ ਬਾਅਦ, ਪੁਲਿਸ ਨੂੰ ਸ਼ੱਕੀ ਵਿਅਕਤੀਆਂ ਨੂੰ ਸ਼ੱਕੀ ਅੱਤਵਾਦੀ ਕਹਿ ਕੇ ਹਿਰਾਸਤ ਵਿੱਚ ਲੈਣ ਦੇ ਅਧਿਕਾਰ ਦੇ ਦਿੱਤੇ ਗਏ ਸੀ,। ਪੁਲਿਸ ਉੱਤੇ ਕਥਿਤ ਤੌਰ 'ਤੇ ਹੋਈ ਗੋਲੀਬਾਰੀ ਵਿਚ ਨਿਹੱਥੇ ਸ਼ੱਕੀ ਲੋਕਾਂ ਦੀ ਹੱਤਿਆ ਕਰਨ ਅਤੇ ਕਤਲਾਂ ਨੂੰ ਛੁਪਾਉਣ ਲਈ ਹਜ਼ਾਰਾਂ ਲਾਸ਼ਾਂ ਸਾੜਨ ਦੇ ਦੋਸ਼ ਲੱਗ ਰਹੇ ਸਨ।
ਸੁਖਮਨੀ ਸਾਹਿਬ ਇੱਕ ਪ੍ਰਾਰਥਨਾ ਹੈ ਜੋ ਕਿ ਗੀਤ ਦੇ ਰੂਪ ਵਿੱਚ ਹੈ ਤੇ ਸ਼ਾਂਤੀ ਅਤੇ ਮਨ ਨੂੰ ਸੁੱਖ ਦੇਣ ਵਾਲ਼ੀ ਬਾਣੀ ਹੈ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਇੱਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ। ਸੁਖਮਨੀ ਸਾਹਿਬ ਵਿੱਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿੱਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਆਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇੱਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਅਰਥ:- (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।੧। ਅਸਟਪਦੀ ॥ ਅਰਥ:- ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ। ਅਰਥ:- ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿੱਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ। ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ। ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿੱਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ,ਉਸ ਨੂੰ) ਹੇ ਨਾਨਕ!
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।" ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਗੁਰਮੁਖੀ ਇੱਕ ਪੰਜਾਬੀ ਭਾਸ਼ਾ ਦੀ ਲਿਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲ੍ਹਾ ਇੱਕ ਪ੍ਰਸ਼ਾਸਕੀ ਭੂਗੋਲਿਕ ਇਕਾਈ ਹੈ, ਜਿਸਦਾ ਮੁਖੀ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਡਿਪਟੀ ਕਮਿਸ਼ਨਰ, ਭਾਰਤੀ ਪ੍ਰਸ਼ਾਸਨਿਕ ਸੇਵਾ ਨਾਲ ਸਬੰਧਤ ਇੱਕ ਅਧਿਕਾਰੀ ਹੁੰਦਾ ਹੈ। ਜ਼ਿਲ੍ਹਾ ਮੈਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਦੀ ਸਹਾਇਤਾ ਪੰਜਾਬ ਸਿਵਲ ਸਰਵਿਸ ਅਤੇ ਹੋਰ ਰਾਜ ਸੇਵਾਵਾਂ ਨਾਲ ਸਬੰਧਤ ਬਹੁਤ ਸਾਰੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ। 14 ਮਈ 2021 ਨੂੰ ਸੰਗਰੂਰ ਜ਼ਿਲ੍ਹੇ ਤੋਂ ਮਾਲੇਰਕੋਟਲਾ ਜ਼ਿਲ੍ਹੇ ਨੂੰ 23ਵੇਂ ਜ਼ਿਲ੍ਹੇ ਵਜੋਂ ਵੰਡਣ ਤੋਂ ਬਾਅਦ ਪੰਜਾਬ ਵਿੱਚ 23 ਜ਼ਿਲ੍ਹੇ ਹਨ।
ਵਿਕੀਪੀਡੀਆ (ਅੰਗਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ। ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ। ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ। ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਨ। 1974 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਤੋਂ ਹਟਾਉਣ ਲਈ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਗਿਆ ਸੀ।
ਬਲੂ ਗਰਲ ਇੱਕ ਅਮਰੀਕੀ ਡਰਾਮਾ ਲਘੂ ਫ਼ਿਲਮ ਹੈ, ਜੋ ਕਬੀਰ ਮੈਕਨੀਲੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਵਿੱਚ ਬੇਲਾ ਮਰਫੀ ਦੇ ਨਾਲ ਅਡੇਲ ਰੁਡਨਿਕ, ਅਨਾ-ਕਲੇਰ ਹੈਨਲੀ, ਕਬੀਰ ਮੈਕਨੀਲੀ, ਸੇਲੇਸਟੇ ਕੈਸੇਰੀਆ ਅਤੇ ਜੈਮੀ ਉਹਟੋਫ ਸਹਾਇਕ ਭੂਮਿਕਾਵਾਂ ਵਿੱਚ ਹਨ। ਇੱਕ ਵਰਚੁਅਲ ਹੋਮਰੂਮ ਕਲਾਸ ਵਿੱਚ ਸੈੱਟ ਕੀਤੀ ਗਈ, ਫ਼ਿਲਮ ਕੈਟੀ ਨਾਮ ਦੀ ਹਾਈ-ਸਕੂਲ ਦੀ ਵਿਦਿਆਰਥਣ ਦੀ ਕਹਾਣੀ ਪੇਸ਼ ਕਰਦੀ ਹੈ, ਜੋ ਇੱਕ ਲੈਸਬੀਅਨ ਵਜੋਂ ਆਪਣੀ ਕਲਾਸ ਵਿੱਚ ਆਉਂਦੀ ਹੈ।
1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ
ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|
ਹੜ੍ਹ ਆਮ ਤੌਰ 'ਤੇ ਸੁੱਕੀ ਰਹਿਣ ਵਾਲੀ ਭੋਂ ਦੇ ਪਾਣੀ ਦੀ ਵੱਡੀ ਮਾਤਰਾ ਹੇਠ ਡੁੱਬ ਜਾਣ ਨੂੰ ਕਹਿੰਦੇ ਹਨ। ਯੂਰਪੀ ਸੰਘ ਦੇ ਹੜ੍ਹ ਅਦੇਸ਼ਾਂ ਮੁਤਾਬਕ ਹੜ੍ਹ ਆਮ ਤੌਰ 'ਤੇ ਸੁੱਕੇ ਰਹਿਣ ਵਾਲੇ ਇਲਾਕਿਆਂ ਦਾ ਪਾਣੀ ਦੀ ਤਹਿ ਨਾਲ਼ ਢਕੇ ਜਾਣਾ ਹੁੰਦਾ ਹੈ। "ਵਗਦੇ ਪਾਣੀ" ਦੇ ਪ੍ਰਸੰਗ ਵਿੱਚ ਹੜ੍ਹ ਜਵਾਰਭਾਟਾ ਦੇ ਅੰਦਰ ਆਉਣ ਲਈ ਵੀ ਵਰਤਿਆ ਜਾਂਦਾ ਹੈ। ਇਹ ਕਿਸੇ ਜਲ-ਪਿੰਡ, ਜਿਵੇਂ ਕਿ ਦਰਿਆ ਜਾਂ ਝੀਲ, ਦੇ ਪਾਣੀ ਦਾ ਵਹਾਅ ਵਧਣ ਕਰਕੇ ਆਉਂਦੇ ਹਨ ਜਦੋਂ ਪਾਣੀ ਸਧਾਰਨ ਬੰਨ੍ਹਾਂ ਨੂੰ ਤੋੜ ਕੇ ਨੀਵੇਂ ਇਲਾਕਿਆਂ ਵਿੱਚ ਆ ਵੜਦਾ ਹੈ। ਕਈ ਵਾਰ ਹੜ੍ਹ ਕਿਸੇ ਇਲਾਕੇ ਵਿੱਚ ਪੂਰੀ ਤਰ੍ਹਾਂ ਨਾਲ਼ ਭਿੱਜੀ ਹੋਈ ਧਰਤੀ 'ਤੇ ਮੀਂਹ ਦਾ ਪਾਣੀ ਇਕੱਠਾ ਹੋਣ ਕਰਕੇ ਵੀ ਆ ਸਕਦੇ ਹਨ।
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਸੰਪ੍ਰਦਾਇਕ ਗ੍ਰੰਥਾਂ ਵਿੱਚ ਨਾਥ ਸੰਪ੍ਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ। ਸਿੱਧ-ਮੱਤ, ਨਾਥ-ਮੱਤ, ਸਿੱਧ-ਮਾਰਗ, ਯੋਗ ਮਾਰਗ, ਯੋਗ ਸੰਪ੍ਰਦਾ, ਅਵਧੂਤ ਮੱਤ ਆਦਿ।1 ਪਰੰਤੂ ਇਸ ਸੰਪ੍ਰਦਾ ਦਾ ਪ੍ਰਚੱਲਿਤ ਨਾਂ ਨਾਥ ਸੰਪ੍ਰਦਾ ਰਿਹਾ ਹੈ ਅਤੇ ਇਸਦੇ ਅਨੁਯਾਈ ਲਈ ਪ੍ਰਚਲਿਤ ਨਾਂ ਨਾਥ ਅਤੇ ਸਿੱਧਹੀ ਰਹੇ ਹਨ। ਇਹ ਨਿਰਣਾ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸੰਪ੍ਰਦਾ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਵੇ ਅਤੇ ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਇਸਦੇ ਸਾਹਿਤ ਨੂੰ ਕਿਸ ਸਿਰਲੇਖ ਅਧੀਨ ਰੱਖਿਆ ਜਾਵੇ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ, ਇਸ ਸੰਪ੍ਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ।2 ਡਾ.
ਮੀਂਹ (ਜਾਂ ਵਰਖਾ ਜਾਂ ਬਾਰਸ਼/ਬਰਸਾਤ) ਬੂੰਦਾਂ ਦੇ ਰੂਪ ਵਿੱਚ ਉਹ ਤਰਲ ਪਾਣੀ ਹੁੰਦਾ ਹੈ ਜੋ ਬੱਦਲਾਂ ਦੇ ਸੰਘਣੇ ਹੋਣ ਤੋਂ ਬਾਅਦ ਧਰਤੀ ਉੱਤੇ ਡਿੱਗਦਾ ਹੈ ਭਾਵ ਇਹ ਧਰਤੀ ਦੀ ਖਿੱਚ ਨਾਲ਼ ਹੇਠਾਂ ਆਉਣ ਜੋਗਾ ਭਾਰੀ ਹੋ ਜਾਂਦਾ ਹੈ। ਇਹ ਪਾਣੀ ਚੱਕਰ ਦਾ ਇੱਕ ਮੁੱਖ ਅੰਗ ਹੈ ਅਤੇ ਧਰਤੀ ਉੱਤੇ ਤਾਜ਼ੇ ਪਾਣੀ ਨੂੰ ਲਿਆਉਣ ਲਈ ਜ਼ੁੰਮੇਵਾਰ ਹੁੰਦਾ ਹੈ। ਭਾਰਤ ਦੇ ਸਮੁੰਦਰੀ ਖੇਤਰਾਂ ਵਿੱਚ ਤਾਂ ਲਗਪਗ ਸਾਰਾ ਸਾਲ ਹੀ ਮੀਂਹ ਪੈਂਦਾ ਹੈ ਪਰ ਉੱਤਰੀ ਭਾਰਤ ਵਿੱਚ ਜ਼ਿਆਦਾਤਰ ਮੀਂਹ ਜੁਲਾਈ ਅਗਸਤ ਦੇ ਮਹੀਨੇ ਪੈਂਦਾ ਹੈ ਕਿਉਂਕਿ ਇਹ ਮੀਂਹ ਮਾਨਸੂਨ ਪੌਣਾਂ ਦੇ ਆਉਣ ਕਾਰਨ ਪੈਂਦਾ ਹੈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਸਰਬੱਤ ਦਾ ਭਲਾ ਸਮੁੱਚੀ ਮਨੁੱਖ ਜਾਤੀ ਵਿੱਚ ਪਰਮਾਤਮਾ ਦੀ ਜੋਤ ਸਮਝ ਕੇ ਬਿਨਾ ਕਿਸੇ ਮਜ਼੍ਹਬ, ਜਾਤ-ਪਾਤ, ਦੇਸ਼, ਕੌਮ ਦੇ ਵਿਤਕਾਰੇ ਦੇ, ਪ੍ਰੇਮ ਕਰਨਾ ਚਾਹੀਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਗੁਰੂ ਦੀ ਸੰਗਤ ਪ੍ਰਪਤ ਹੋਣ ਨਾਲ ਜੀਵ ਨੂੰ ਕਿਸੇ ਨਾਲ ਵੈਰ-ਵਿਰੋਧ ਨਹੀਂ ਹੁੰਦਾ ਤੇ ਕੋਈ ਉਸ ਨੂੰ ਓਪਰਾ ਨਹੀਂ ਦਿਸਦਾ। ਉਸ ਸਭ ਨਾਲ ਪ੍ਰੇਮ-ਭਾਵਨਾਂ ਵਾਲ ਵਰਤਾਓ ਕਰਨ ਲੱਗ ਪੈਂਦਾ ਹੈ।
ਮੂ਼ਲ ਮੰਤਰ ਗੂਰੂ ਬਾਣੀ ਦਾ ਅਧਾਰ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮੂਲ ਮੰਤ੍ਰ ਦਾ ਅਰਥ ਸਾਰੇ ਮੰਤਰਾਂ ਦੀ ਜੜ੍ਹ ਹੈ। ਗੁਰੂ ਨਾਨਕ ਦੇਵ ਜੀ ਨੇ ਸੰਨ 1499 ਵਿੱਚ ਜਦ ਤਿੰਨ ਦਿਨ ਲਈ ਵੇਈਂ ਨਦੀ ਪ੍ਰਵੇਸ਼ ਕੀਤਾ ਸੀ ਤਾਂ ਬਾਹਰ ਆਉਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤ੍ਰ ਦਾ ਉਚਾਰਨ ਕੀਤਾ ਸੀ ਜਿਸ ਵਿੱਚ ਪ੍ਰਮਾਤਮਾ ਦੇ ਗੁਣਾਂ ਅਧਾਰਿਤ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਸੀ।
ਸਭਿਅਤਾ ਬਹੁ-ਸੰਕੇਤਕ ਸੰਕਲਪ ਹੈ। ਇੱਕ ਅਰਥ ਵਿੱਚ ਧਰਤੀ ਤੇ ਮਾਨਵ ਜੀਵਨ ਦੇ ਵਿਕਾਸ ਦੇ ਇੱਕ ਪੜਾਅ ਨੂੰ ਦਰਸਾਉਂਦਾ ਹੈ ਅਤੇ ਇਹਦਾ ਵਿਰੋਧ ਬਰਬਰਤਾ ਨਾਲ ਹੈ। ਆਮ ਤੌਰ ਤੇ ਸਭਿਅਤਾ ਦੇ ਸ਼ੁਰੂ ਹੋਣ ਨੂੰ ਨਗਰ ਸਮਾਜ ਦੀ ਸਥਾਪਤੀ ਨਾਲ ਜੋੜਿਆ ਜਾਂਦਾ ਹੈ। ਅਜਿਹੇ ਜੀਵਨ ਦਾ ਅਧਾਰ ਨਿਜੀ ਜਾਇਦਾਦ, ਪਰਵਾਰ ਅਤੇ ਰਾਜ ਵਰਗੀਆਂ ਸਮਾਜੀ ਸੰਸਥਾਵਾਂ; ਅਤੇ ਖੇਤੀ, ਕਿਰਤ ਦੀ ਵੰਡ, ਸ਼ਹਿਰੀ ਕੇਂਦਰ ਅਤੇ ਸੰਚਾਰ ਵਿਧੀਆਂ ਵਿੱਚ ਲਿਖਤ ਦੇ ਪ੍ਰਗਟ ਹੋਣ ਨੂੰ ਮੰਨਿਆ ਜਾਂਦਾ ਹੈ। ਨਿਰੋਲ ਸ਼ਿਕਾਰੀ ਕਬੀਲਿਆਂ ਤੋਂ ਪਸ਼ੂ ਪਾਲਣ ਵਾਲੇ ਕਬੀਲਿਆਂ ਦਾ ਅੱਡਰਾ ਹੋਣਾ ਇੱਕ ਅਹਿਮ ਨਿਖੇੜ-ਬਿੰਦੂ ਬਣ ਜਾਂਦਾ ਹੈ। ਮੈਕਾਈਵਰ ਅਤੇ ਪੈਜ ਅਨੁਸਾਰ ਸਭਿਅਤਾ:- “ਸਭਿਅਤਾ ਤੋਂ ਸਾਡਾ ਭਾਵ ਉਸ ਸਾਰੇ ਮੈਕਾਨਿਜ਼ਮ ਅਤੇ ਸੰਗਠਨ ਤੋਂ ਹੈ, ਜਿਹੜਾ ਮਨੁੱਖ ਨੇ ਆਪਣੇ ਜੀਵਨ ਦੀਆਂ ਹਾਲਤਾਂ ਉਤੇ ਨਿਯੰਤਰਨ ਕਰਨ ਦੇ ਮੰਤਵ ਨਾਲ ਘੜਿਆ ਹੈ।" ਭੁਪਿੰਦਰ ਸਿੰਘ ਖਹਿਰਾ ਅਨੁਸਾਰ:- “ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾਂ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸਭਿਆਚਾਰ ਨੂੰ ਸਭਿਅਤਾ ਵਿੱਚ ਲਿਆ ਕੇ ਖੜਾ ਕਰ ਦਿੰਦਾ ਹੈ।" ਏਂਗਲਜ਼ ਅਨੁਸਾਰ:- “ਸਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ, ਜਿਸ ਉਤੇ ਕਿਰਤ ਦੀ ਵੰਡ, ਵਿਅਕਤੀਆਂ ਵਿੱਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੰੁਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿੱਚ ਇਨਕਲਾਬ ਲਿਆ ਦਿੰਦਾ ਹੈ।"1 ਸੱਭਿਅਤਾ:- ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸੱਭਿਆਚਾਰ ਨੂੰ ਸੱਭਿਅਤਾ ਅਵਸਥਾ ਵਿੱਚ ਲਿਆ ਖੜਾ ਕਰਦਾ ਹੈ। ਸਭਿਅਤਾ ਸੱਭਿਆਚਾਰ ਤੇ ਸਮਾਜ ਦੀ ਉਹ ਵਿਕਸਤ ਅਵਸਥਾ ਹੈ ਜਿਸ ਵਿੱਚ ਪ੍ਰਕਿਰਤਕ ਉਪਜਾ ਨੂੰ ਹੋਰ ਬਦਲਣ ਲਈ ਸਨਅਤ ਅਤੇ ਕਲਾ ਦੀ ਹੋਂਦ ਵਿੱਚ ਆਉਂਦੀ ਹੈ।ਏਂਗਲਜ ਅਨੁਸਾਰ ਸੱਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ। ਜਿਸ ਉਤੇ ਕਿਰਤੀ ਦੀ ਵੰਡ, ਵਿਅਕਤੀਆਂ ਵਿੱਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੁੰਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿੱਚ ਇਨਕਲਾਬ ਲਿਆ ਦਿੰਦਾ ਹੈ। ਇਸ ਖੇਤਰ ਵਿੱਚ ਕੰਮ ਕਰਦੇ ਵਿਭਿੰਨ ਵਿਦਵਾਨਾ ਦੀਆਂ ਲੱਭਤਾਂ ਤੇ ਅਧਾਰਤ ਸਭਿਅਤਾ ਦੀਆਂ ਇਹ ਖਲਸਤਾਂ ਹਨ। 1. ਸੱਭਿਅਤਾ ਦੇ ਪੜਾਅ ਤੇ ਆ ਕੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਹੋ ਜਾਂਦਾ ਹੈ। ਇਸ ਅਵਸਥਾ ਤੇ ਪਹੁੰਚਣ ਤੋਂ ਪਹਿਲਾਂ ਉਪਜਕਾਰ ਆਪਣੀ ਉਪਜ ਦੇ ਮਾਲਕ ਸਨ। ਉਹ ਉਪਜ ਆਪਣੀ ਖਪਤ ਲਈ ਕਰਦੇ ਸਨ। ਉਪਜ ਉਹਨਾਂ ਦੇ ਹੱਥਾਂ ਤੋਂ ਬਾਹਰ ਨਹੀਂ ਸੀ ਜਾਂਦੀ। ਸੱਭਿਅਤਾ ਦੇ ਪੱਧਰ ਤੇ ਇਸ ਅਮਲ ਵਿੱਚ ਕਿਰਤ ਦੀ ਵੰਡ ਧੁਨ ਆਈ ਜਿਸਨੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਕਰ ਦਿੱਤਾ। ਹੁਣ ਉਪਜ ਫਿਰ ਖਪਤ ਵਾਸਤੇ ਹੀ ਨਹੀਂ ਸਗੋਂ ਵਟਾਂਦਰੇ ਲਈ ਵੀ ਵਰਤੀ ਜਾਣ ਲੱਗੀ। 2. ਸੱਭਿਅਤਾ ਦੀ ਅਵਸਥਾ ਵਿੱਚ ਗੁਲਾਮੀ ਆਪਣੇ ਜੋਬਨ ਤੇ ਆ ਜਾਂਦੀ ਹੈ। ਤੇ ਇਹ ਲੁੱਟ-ਚੌਘ ਦਾ ਅਧਾਰ ਬਣਦੀ ਹੈ। ਇਸ ਅਵਸਥਾ ਵਿੱਚ ਲੁਟੇਰੀ ਅਤੇ ਲੁਟੀਂਦੀ ਸ਼੍ਰੇਣੀ ਵਿੱਚ ਪਾੜ ਆਉਂਦਾ ਹੈ। ਗੁਲਾਮੀ ਲੁੱਟ-ਚੌਘ ਦੀ ਪਹਿਲੀ ਅਵਸਥਾ ਸੀ। ਜਿਹੜੀ ਪ੍ਰਾਚੀਨ ਸਮਿਆਂ ਵਿੱਚ ਪ੍ਰਚੱਲਤ ਸੀ। ਇਸ ਪਿਛੋਂ ਮੱਧਕਾਲ ਵਿੱਚ ਖੇਤ ਗੁਲਾਮੀ ਆਈ ਅਤੇ ਨਵੀਨ ਸਮੇਂ ਵਿੱਚ ਉਜਰਤੀ ਕਿਰਤੀ ਗੁਲਾਮੀ ਆਈ। ਇਹ ਸੇਵਕੀ ਦੇ ਤਿੰਨ ਮਹਾਨ ਰੂਪ ਹਨ। ਜਿਹੜੇ ਸੱਭਿਅਤਾ ਦੇ ਤਿੰਨ ਪੜਾਵਾਂ ਨੂੰ ਵਿਅਕਤ ਕਰਦੇ ਹਨ। 3.
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਸੱਸੀ ਪੁੰਨੂੰ (ਸਿੰਧੀ:سَسُئيِ پُنهوُن, ਸੱਸੀ ਪੁਨ੍ਹੂੰ), ਸਿੰਧ, ਪਾਕਿਸਤਾਨ ਦੇ ਸ਼ਹਿਰ ਭੰਬੋਰ ਨਾਲ ਜੁੜੀ ਦੱਖਣੀ ਏਸ਼ੀਆ ਦੀ ਇੱਕ ਮਸ਼ਹੂਰ ਇਸ਼ਕ ਦੀ ਲੋਕ ਗਾਥਾ ਹੈ। ਇਹ ਵਫ਼ਾ ਦੀ ਸੁਦੈਣ ਅਜਿਹੀ ਪ੍ਰੇਮਿਕਾ ਦੀ ਕਹਾਣੀ ਹੈ ਜਿਹੜੀ ਦੋਖੀਆਂ ਵਲੋਂ ਜੁਦਾ ਕਰ ਦਿੱਤੇ ਗਏ ਆਪਣੇ ਪ੍ਰੇਮੀ ਨੂੰ ਮੁੜ ਪਾਉਣ ਲਈ ਕੋਈ ਵੀ ਮੁਸੀਬਤ ਭੁਗਤਣ ਲਈ ਤੱਤਪਰ ਹੈ। ਇਸ ਲੋਕ ਕਹਾਣੀ ਨੂੰ ਸਾਹਿਤ ਦੀ ਮਧਕਾਲੀ ਵਿਧਾ ਪੰਜਾਬੀ ਕਿੱਸੇ ਵਿੱਚ ਵੀ ਚਿਤਰਿਆ ਹੈ। ਹਾਸ਼ਮ ਦੀ ਸੱਸੀ ਸਬ ਤੋਂ ਵਧੇਰੇ ਪ੍ਰਸਿਧ ਹੈ। ਇਹ ਕਹਾਣੀ ਸ਼ਾਹ ਜੋ ਰਸਾਲੋ ਵਿੱਚ ਵੀ ਸ਼ਾਮਲ ਹੈ ਅਤੇ ਇਸ ਤੋਂ ਇਲਾਵਾ ਇਹ ਸਿੰਧ ਦੀਆਂ ਸੱਤ ਹਰਮਨ ਪਿਆਰੀਆਂ ਪ੍ਰੇਮ ਕਹਾਣੀਆਂ ਵਿੱਚੋਂ ਇੱਕ ਹੈ। "ਸੱਸੀ ਪੁੰਨੂ" ਤੋਂ ਬਿਨਾਂ ਉਮਰ ਮਾਰੁਈ, ਸੋਹਣੀ ਮੇਹਰ, ਲੀਲਾਂ ਚਾਨੇਸਰ, ਨੂਰੀ ਜਾਮ ਤਮਾਚੀ, ਸੋਰਥ ਰਾਏ ਤਮਾਚ ਅਤੇ ਮੂਮਲ ਰਾਣੋ ਛੇ ਹੋਰ ਪ੍ਰੇਮ ਕਹਾਣੀਆਂ ਪ੍ਰਚਲਿਤ ਹੈ। ਇਨ੍ਹਾਂ ਦਾ ਆਮ ਪ੍ਰਚਲਿਤ ਨਾਮ "ਸ਼ਾਹ ਅਬਦੁਲ ਲਤੀਫ਼ ਭਟਾਈ ਦੀਆਂ ਸੱਤ ਸੂਰਮੀਆਂ" (ਸਿੰਧੀ:ست سورميون ) ਹੈ।
ਸਿੰਧੂ ਘਾਟੀ ਸੱਭਿਅਤਾ (ਅੰਗ੍ਰੇਜ਼ੀ: Indus Valley Civilisation) ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ (ਲੁਧਿਆਣਾ ਪੱਛਮ) ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਸਤ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਤੇ ਅੱਡ ਅੱਡ ਤਰ੍ਹਾਂ ਦੇ ਝੁਲੇ ਲਗਦੇ ਹਨ ਜਿਵੇ ਕੇ ਚੰਡੋਲ,ਕਿਸ਼ਤੀ,ਮੌਤ ਦਾ ਖੂਹ ਆਦਿ। ਮੇਲੇ ਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਹੁੰਦੀਆਂ ਹਨ ਜੋ ਕੇ ਖਾਣ ਵਿੱਚ ਸਵਾਦ ਹੁੰਦੀਆਂ ਹਨ ਜਿਵੇ ਕੇ ਪਾਥੀਆਂ, ਗੁਲਾਬ ਜਾਮੁਨ, ਰਸਗੁੱਲੇ ਆਦਿ।
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਬਿਆਸ ਦਰਿਆ ਹਿਮਾਚਲ ਪਰਦੇਸ਼ ਅਤੇ ਪੰਜਾਬ ਵਿੱਚ ਵਗਦਾ ਹੈ। ਇਸ ਨੂੰ ਪੁਰਾਤਨ ਭਾਰਤ ਵਿੱਚ ਅਰਜੀਕੀ/ਵੀਪਸ ਕਿਹਾ ਜਾਂਦਾ ਸੀ। ਬਿਆਸ ਦਰਿਆ ਨੇ ਸਿੰਕਦਰ ਮਹਾਨ ਦੇ ਰਾਜ ਦੀ ਪੂਰਬੀ ਸਰਹੱਦ 326 BC ਵਿੱਚ ਬਣਾਈ ਸੀ। ਇਹ ਦਰਿਆ ਰੋਹਤਾਂਗ ਦਰ੍ਹੇ ਤੋਂ ਸ਼ੁਰੂ ਹੁੰਦਾ ਹੈ ਅਤੇ 470 ਕਿਲੋਮੀਟਰ ਪੰਧ ਮਾਰਕੇ ਭਾਰਤੀ ਪੰਜਾਬ ਦੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਸਤਲੁਜ ਭਾਰਤੀ ਪੰਜਾਬ ਵਿੱਚੋਂ ਵਗਦਾ ਹੋਇਆ ਪਾਕਿਸਾਤਨ ਵਿੱਚ ਜਾ ਕੇ ਚਨਾਬ ਵਿੱਚ ਮਿਲ ਜਾਂਦਾ ਹੈ, ਜੋ ਕਿ ਅੰਤ ਵਿੱਚ ਸਿੰਧ ਵਿੱਚ ਮਿਲ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੀ ਇਕਰਾਰਨਾਮੇ ਮੁਤਾਬਕ ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।
ਗਰਲਜ਼ ਜਨਰੇਸ਼ਨ-ਓਹ!ਜੀਜੀ (ਕੋਰੀਆਈ: 소녀시대-Oh!GG) ਦੱਖਣੀ ਕੋਰੀਆਈ ਗਰਲ ਗਰੁੱਪ ਗਰਲਜ਼ ਜਨਰੇਸ਼ਨ ਦੀ ਦੂਜੀ ਸਬ-ਯੂਨਿਟ ਹੈ, ਜੋ ਕਿ 2018 ਵਿੱਚ ਐਸਐਮ ਐਂਟਰਟੇਨਮੈਂਟ ਦੁਆਰਾ ਬਣਾਈ ਗਈ ਸੀ। ਇਸ ਵਿੱਚ ਪੰਜ ਗਰਲਜ਼ ਜਨਰੇਸ਼ਨ ਮੈਂਬਰ ਹਨ ਜੋ ਆਪਣੇ ਇਕਰਾਰਨਾਮੇ ਦੀ ਮਿਆਦ ਪੁੱਗਣ ਤੋਂ ਬਾਅਦ ਵੀ ਕੰਪਨੀ ਨਾਲ ਰਹੇ: ਤਾਏਓਨ, ਸੰਨੀ, ਹਯੋਏਓਨ, ਯੂਰੀ ਅਤੇ ਯੂਨਾ। ਸਬ-ਯੂਨਿਟ ਨੇ ਸਤੰਬਰ 2018 ਵਿੱਚ "ਲਿਲ' ਟੱਚ" ਗੀਤ ਨਾਲ ਸ਼ੁਰੂਆਤ ਕੀਤੀ।
ਵਾਹਿਗੁਰੂ ਸ਼ਬਦ ਪਰਮਾਤਮਾ ਦੀ ਉਸਤਤ ਨੂੰ ਵਯਤੀਤ ਕਰਦਾ ਹੈ। ਸਿੱਖ ਇੱਕ ਦੂਜੇ ਨੂੰ ਨਮਸਕਾਰ ਕਰਦਿਆਂ ਹੋਇਆਂ ਵੀ ਇਸ ਨੂੰ ਵਰਤਦੇ ਹਨ:ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। "ਵਾਹਿਗੁਰੂ" ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ:- "ਵਾਹਿ" ਭਾਵ ਕਿ ਉਹ ਪਰਮਾਤਮਾ ਉਸਤਤ ਦੇ ਯੋਗ ਹੈ, "ਗੁਰੂ" ਭਾਵ ਕਿ ਉਹ ਪਰਮਾਤਮਾ ਅਗਿਆਨਤਾ ਰੂਪੀ ਹਨੇਰੇ ਵਿੱਚ ਗਿਆਨ ਦਾ ਚਾਨਣ ਬਖਸ਼ਣ ਵਾਲਾ ਹੈ। ਵਾਹ ਜਾਂ ਵਾਹਿ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਮੰਨਿਆ ਜਾਂਦਾ ਹੈ। ਵਾਹ' ਫ਼ਾਰਸੀ ਸ਼ਬਦ ਹੈ ਜਿਹੜਾ ਮੱਧਕਾਲੀ ਫ਼ਾਰਸੀ(ਪਹਿਲਵੀ)ਦੀਆਂ ਲਿਖਤਾਂ ਵਿੱਚ ਵੇਖਣ ਨੂੰ ਮਿਲਦਾ ਹੈ। ਸਅਦੀ (ਸਾ'ਦੀ) ਸ਼ੀਰਾਜ਼ੀ ਦੀਆਂ ਗ਼ਜ਼ਲਾਂ 'ਚ ਵੀ 'ਵਹ' ਦੇ ਰੂਪ 'ਚ ਆਉਂਦਾ ਹੈ:"ਵਹ ਕਿਹ੍ ਗਰ ਮਨ ਬਾਜ਼ ਬੀਨਮ ਰੂਯਿ-ਯਾਰੇ-ਖ਼ੀਸ਼ ਰਾ"। ਸਮਕਾਲੀ ਫ਼ਾਰਸੀ 'ਚ 'ਬਹ ਬਹ' ਰੂਪ ਵੇਖਣ ਨੂੰ ਮਿਲ਼ਦਾ ਹੈ। ਕੁਝ ਲੇਖਾਂ ਵਿੱਚ ਇਸਨੂੰ 'ਵਾਹਿਦ' ਦਾ ਰੂਪ ਆਖਿਆ ਗਿਆ ਹੈ। ਇਸਦਾ ਸ਼ਾਬਦਿਕ ਅਰਥ 'ਵਾਹਿਦ' ਮੰਨਣਾ ਸਹੀ ਨਹੀਂ ਜਾਪਦਾ। ਇਹਦੇ ਨਾਲ਼ ਰਲ਼ਦੇ ਕੁਝ ਹੋਰ ਸ਼ਬਦ: ਜ਼ਹਾਜ਼ਿਹ;ਜ਼ਹੀ;ਖ਼ੁਸ਼ਾ ਆਦਿ। ਇਕ ਵਿਚਾਰ, ਦੋ ਸ਼ਬਦਾਂ ਦਾ ਅਕਸਰ ਜਾਪ ਕੀਤਾ ਜਾਂਦਾ ਹੈ ; ਸਤਿਨਾਮੁ ਅਤੇ ਵਾਹਿਗੁਰੂ | ਅਸਲ ਵਿੱਚ ਸਤਿਨਾਮੁ ਇੱਕ ਨਹੀਂ ਦੋ ਸ਼ਬਦ ਹਨ, ਸਤਿ ਅਤੇ ਨਾਮੁ ਵਾਹਿਗੁਰੂ ਵੀ ਦੋ ਸ਼ਬਦ ਹਨ, ਵਾਹਿ ਅਤੇ ਗੁਰੂ ਪਰ ਗੁਰੂ ਗਰੰਥ ਸਾਹਿਬ ਦੀਆਂ ਹੱਥ ਲਿਖਤ ਆਦਿ ਬੀੜਾਂ ਵਿੱਚ ਸਾਰੇ ਅਗਲੇ ਪਿਛਲੇ ਸ਼ਬਦਾਂ ਨੂੰ ਜੁੜਵੇਂ ਰੂਪ ' ਚ ਲਗਾਤਾਰਤਾ ਵਿੱਚ ਲਿਖਿਆ ਗਿਆ, ਇਸ ਲਈ ਇਹ ਸ਼ਬਦ ਜੋਟੇ ਵੀ ਜੁੜਵੇਂ ਹੀ ਲਿਖੇ ਗਏ। ਵਾਹਿ ਗੁਰੂ ਦਾ ਉਚਾਰਨ ਅਸੀਂ ਵਾਹੇਗੁਰੂ ਦੇ ਤੌਰ 'ਤੇ ਕਰਦੇ ਹਾਂ, ਜਦ ਕਿ ਇਸ ਦਾ ਸਹੀ ਉਚਾਰਨ ਵਾਹ ਗੁਰੁ ਹੋਣਾ ਚਾਹੀਦਾ ਹੈ। ਪਰ ਜੇ ਵਾਹਿ ਨੂੰ ਵਾਹੇ ਬੋਲਣਾ ਉਚਿਤ ਹੈ ਤਾਂ ਸਤਿ ਨੂੰ ਸਤੇ ਬੋਲਣਾ ਚਾਹੀਦਾ ਹੈ ਭਾਵ ਸਤਿ ਨਾਮੁ ਦਾ ਉਚਾਰਨ ਸਤਨਾਮ ਦੀ ਬਜਾਏ ਸਤੇਨਾਮ ਹੋਣਾ ਚਾਹੀਦਾ ਹੈ, ਜੋ ਕਦਾਚਿਤ ਠੀਕ ਨਹੀਂ। ਇਸ ਲਈ ਵਾਹਿ ਗੁਰੂ ਦਾ ਉਚਾਰਨ ਵਾਹੇਗੁਰੂ ਵੀ ਠੀਕ ਨਹੀਂ ਹੋਣਾ। ਅਸੀਂ ' ਸਿੱਖਾਂ ਨੇ ਆਪਣੇ ਤੌਰ 'ਤੇ ਰੱਬ ਦਾ ਨਾਂ ਵਾਹਿਗੁਰੂ ਰੱਖਿਆ ਹੋਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਛੇ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਵਾਹਿਗੁਰੂ ਸ਼ਬਦ ਕਿਧਰੇ ਨਹੀਂ ਆਇਆ। ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ, ਫਰੀਦ ਜੀ, ਤ੍ਰਿਲੋਚਨ ਜੀ, ਬੇਣੀ ਜੀ ਆਦਿ ਪੰਦਰਾਂ ਆਦਿ ਗੁਰੁ ਭਗਤ ਸਾਹਿਬਾਨ ਦੀ ਬਾਣੀ ਵਿੱਚ ਵੀ ਕਿਸੇ ਨੇ ਪਰਮਾਤਮਾ ਨੂੰ ਵਾਹਿਗੁਰੂ ਸ਼ਬਦ ਨਾਲ ਯਾਦ ਨਹੀਂ ਕੀਤਾ। ਗੁਰੂ ਗਰੰਥ ਸਾਹਿਬ ਦੇ ਆਖਰੀ ਪੰਨਿਆਂ 'ਤੇ ਭੱਟਾਂ ਦੇ ਸਵੱਈਏ ਦਰਜ ਹਨ। ਭੱਟ ਸਾਹਿਬਾਨ ਗੁਰੂ ਅਰਜਨ ਜੀ ਦੇ ਸਮਕਾਲੀ ਸਨ। ਇਹ ਸਵੱਈਏ ਪਹਿਲੀਆਂ। ਪੰਜਾਂ ਪਾਤਸ਼ਾਹੀਆਂ ਦੀ ਸੋਭਾ ਅਤੇ ਸ਼ਾਨ ਵਿੱਚ ਲਿਖੇ ਹੋਏ ਹਨ। ਗੁਰੂ ਸਾਹਿਬਾਨ ਨੂੰ ਪ੍ਰਮਾਤਮਾ ਦੇ ਸਮਾਨ, ਪ੍ਰਮਾਤਮਾ ਦੇ ਅਵਤਾਰ ਜਾਂ ਪਰਮਾਤਮਾ ਦੇ ਰੂਪ ਵਜੋਂ ਵਡਿਆਇਆ ਗਿਆ ਹੈ। ਭੱਟ ਗਯੰਦ ਜੀ ਨੇ ਸਵੱਈਏ ਮਹਲੇ ਚੌਥੇ (ਪੰਨਾ ੧੪੦੨ ਅਤੇ ੧੪੦੩) ਵਿੱਚ ਗੁਰੂ ਰਾਮਦਾਸ ਜੀ ਦੀ ਉਸਤਤਿ ਕਰਦਿਆਂ ਉਹਨਾਂ ਨੂੰ ਵਾਰ ਵਾਰ " ਵਾਹਿ ਗੁਰੂ " ਕਹਿ ਕੇ ਗੁਰੂ ਜੀ ਦੀ ਵਾਹ - ਵਾਹੀ ਕੀਤੀ ਹੈ। ਉਪਰੋਕਤ ਦੀ ਰੌਸ਼ਨੀ ਵਿੱਚ ਮੈਨੂੰ 'ਵਾਹਿ ਗੁਰੂ ਜੀ ਕਾ ਖਾਲਸਾ, ਵਾਹਿ ਗੁਰੂ ਜੀ ਕੀ ਫਤਹਿ' ਦਾ ਮਤਲਬ ਇਹ ਸਮਝ ਆਉਂਦਾ ਹੈ ਕਿ ਗੁਰੂ ਜੀ ਦਾ ਖਾਲਸਾ ਮਹਾਨ (ਧੰਨ) ਹੈ ਅਤੇ ਗੁਰੂ ਜੀ ਦੀ ਫਤਹਿ ਵੀ ਮਹਾਨ (ਵੱਡੀ) ਹੈ। ਪ੍ਰਚੱਲਤ ਅਰਥਾਂ ਵਿੱਚ ਵਾਹਿਗੁਰੂ ਜੀ ਕੀ ਫਤਹਿ ਨੂੰ ਪ੍ਰਮਾਤਮਾ ਦੀ ਜਿੱਤ ਸਮਝਣਾ ਅਜੀਬ ਲੱਗਦਾ ਹੈ। ਪਰਮਾਤਮਾ ਤਾਂ ਕੁਲ ਦ੍ਰਿਸ਼ਟੀ ਦਾ ਮਾਲਕ ਹੈ, ਉਸ ਤੋਂ ਬਾਹਰ ਤਾਂ ਦੂਜਾ ਕੋਈ ਹੈ ਹੀ ਨਹੀਂ। ਤਮਾਮ ਜਿੱਤਾਂ ਹਾਰਾਂ ਉਸ ਦੀ ਬੁੱਕਲ ਵਿੱਚ ਵਾਪਰ ਰਹੀਆਂ ਹਨ। ਉਸ ਨੇ ਕਿਸ 'ਤੇ ਜਿੱਤ ਪ੍ਰਾਪਤ ਕਰਨੀ ਹੋਈ, ਉਸ ਨੇ ਕਿਸ ਨੂੰ ਹਰਾਉਣਾ ਹੋਇਆ?
ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਜਾਂ ਸਿਰਫ਼ ਮਹਾਨ ਕੋਸ਼ ਅਤੇ ਅੰਗਰੇਜ਼ੀ ਸਿਰਲੇਖ ਐਨਸਾਈਕਲੋਪੀਡੀਆ ਆਫ਼ ਸਿੱਖ ਲਿਟਰੇਚਰ ਦੁਆਰਾ ਜਾਣਿਆ ਜਾਂਦਾ ਹੈ, ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵਕੋਸ਼ ਹੈ ਜਿਸ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਚੌਦਾਂ ਸਾਲਾਂ ਵਿੱਚ ਸੰਕਲਿਤ ਕੀਤਾ ਸੀ। ਇਹ ਪਹਿਲਾ ਪੰਜਾਬੀ ਐਨਸਾਈਕਲੋਪੀਡੀਆ ਸੀ, ਇਸ ਵਿੱਚ 70,000 ਤੋਂ ਵੱਧ ਸ਼ਬਦ ਹਨ, ਜਿਨ੍ਹਾਂ ਵਿੱਚੋਂ ਕੁਝ ਦਾ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਹੋਰ ਸਿੱਖ ਪੁਸਤਕਾਂ ਤੋਂ ਲੋੜੀਂਦਾ ਹਵਾਲਾ ਹੈ। ਇਸ ਨੂੰ ਇਸਦੇ ਪ੍ਰਭਾਵ ਅਤੇ ਇਸਦੀ ਸਕਾਲਰਸ਼ਿਪ ਦੇ ਪੱਧਰ ਦੇ ਰੂਪ ਵਿੱਚ ਇੱਕ ਮਹੱਤਵਪੂਰਨ ਕੰਮ ਮੰਨਿਆ ਜਾਂਦਾ ਹੈ। ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ 1930 ਵਿੱਚ ਚਾਰ ਜਿਲਦਾਂ ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ ਇਸਨੂੰ ਛਪਿਆ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ। ਹਵਾਲਾ ਸਮੱਗਰੀ ਦੇ ਖੇਤਰ ਵਿੱਚ ਇਸਨੂੰ ਉੱਚਾ ਦਰਜਾ ਹਾਸਲ ਹੈ।
ਗੌਟ ਦ ਬੀਟ (ਕੋਰੀਆਈ: 갓더비트; GOT the beat ਦੇ ਰੂਪ ਵਿੱਚ ਸਟਾਈਲਾਈਜ਼ਡ) ਇੱਕ ਦੱਖਣੀ ਕੋਰੀਆਈ ਕੁੜੀਆਂ ਦਾ ਸਮੂਹ ਹੈ ਜੋ 2022 ਵਿੱਚ SM ਐਂਟਰਟੇਨਮੈਂਟ ਦੁਆਰਾ ਬਣਾਇਆ ਗਿਆ ਸੀ। ਇਹ ਪ੍ਰੋਜੈਕਟ ਸਮੂਹ ਗਰਲਜ਼ ਆਨ ਟੌਪ ਦੀ ਪਹਿਲੀ ਉਪ-ਯੂਨਿਟ ਹੈ। ਸਮੂਹ ਵਿੱਚ ਸੱਤ ਮੈਂਬਰ ਹਨ: BoA (ਇਕੱਲੇ ਕਲਾਕਾਰ), ਤਾਏਓਨ ਅਤੇ ਹਯੋਯੋਨ (ਗਰਲਜ਼ ਜਨਰੇਸ਼ਨ), ਸਿਲਕੀ ਅਤੇ ਵੈਂਡੀ (ਰੈੱਡ ਵੈਲਵੇਟ), ਕਰੀਨਾ ਅਤੇ ਵਿੰਟਰ (ਏਸਪਾ)।
ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ, ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰਸੀ ਸ਼ਾਹਕਾਰ ਹੈ। ਇਸ ਵਿੱਚ ਚੰਡੀ ਦੇਵੀ ਨੂੰ ਭਗੌਤੀ ਦੇ ਰੂਪ ਵਿੱਚ, ਦੈਂਤਾਂ ਦਾ ਨਾਸ ਕਰਨ ਵਾਲੀ ਦੈਵੀ ਸ਼ਕਤੀ ਵਜੋਂ ਰੂਪਾਤ੍ਰਿਤ ਕੀਤਾ ਗਿਆ ਹੈ।ਇਸ ਰਚਨਾ ਦਾ ਮੁੱਖ ਉਦੇਸ਼ ਮੁਸਲਿਮ ਫ਼ੋਜਾਂ ਦੀ ਵੱਡੀ ਗਿਣਤੀ ਦੇਖ ਕੇ ਸਿਹਮੀ ਹੋਈ ਸਿੱਖ ਫ਼ੋਜਾਂ ਦਾ ਹੌਸਲਾਂ ਵਧਾਉਣਾ ਸੀ।ਇਸ ਰਚਨਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੋਜਾਂ ਨੇ ਮੁਸਲਿਮ ਫ਼ੋਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤਾ। ਡਾ. ਬਿਕਰਮ ਸਿੰਘ ਘੁੰਮਣ, ਡਾ.
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ
ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।
ਪੰਜਨਦ ਦਰਿਆ (ਉਰਦੂ/ਪੰਜਾਬੀ ਸ਼ਾਹਮੁਖੀ: پنجند; ਪੰਜਾਬੀ ਗੁਰਮੁਖੀ: ਪੰਜਨਦ) (ਪੰਜ + ਨਦ = ਪੰਜ ਨਦੀਆਂ) ਪੰਜਾਬ ਦੇ ਬਹਾਵਲਪੁਰ ਜਿਲੇ ਦੇ ਅਖੀਰ ਵਿੱਚ ਪੈਂਦਾ ਇੱਕ ਦਰਿਆ ਹੈ ਜੋ ਪੰਜਾਬ ਦੇ ਪੰਜ ਦਰਿਆਵਾਂ ਦੇ ਸੰਗਮ ਤੋਂ ਬਣਦਾ ਹੈ। ਇਹ ਪੰਜ ਦਰਿਆ ਹਨ - ਜਿਹਲਮ, ਚਨਾਬ, ਰਾਵੀ, ਬਿਆਸ ਅਤੇ ਸਤਲੁਜ। ਜਿਹਲਮ ਅਤੇ ਰਾਵੀ, ਚਨਾਬ ਵਿੱਚ ਮਿਲਦੇ ਹਨ ਅਤੇ ਬਿਆਸ ਸਤਲੁਜ ਵਿੱਚ ਆ ਕੇ ਮਿਲਦਾ ਹੈ ਅਤੇ ਫਿਰ ਸਤਲੁਜ ਅਤੇ ਚਨਾਬ ਬਹਾਵਲਪੁਰ ਤੋਂ 10 ਮੀਲ ਉੱਤਰ ਵਾਲੇ ਪਾਸੇ ਉੱਚ ਸ਼ਰੀਫ਼ ਦੇ ਕੋਲ ਮਿਲ ਕੇ ਪੰਜਨਦ ਬਣਾਉਂਦੇ ਹਨ। ਪੰਜਨਦ ਦੱਖਣ-ਪੱਛਮ ਦਿਸ਼ਾ ਵੱਲ ਲਗਪਗ 45 ਮੀਲ ਵਹਿੰਦਾ ਹੋਇਆ ਮਿਠਨਕੋਟ ਲਾਗੇ ਸਿੰਧ ਦਰਿਆ ਵਿੱਚ ਜਾ ਮਿਲਦਾ ਹੈ।ਸਿੰਧ ਦਰਿਆ ਅਰਬ ਸਾਗਰ ਵਿੱਚ ਵਿਲੀਨ ਹੋ ਜਾਂਦਾ ਹੈ। ਪੰਜਨਦ ਤੇ ਇੱਕ ਬੰਨ੍ਹ ਬਣਿਆ ਹੋਇਆ ਹੈ ਅਤੇ ਇਸਦੇ ਪਾਣੀ ਦਾ ਪੰਜਾਬ ਅਤੇ ਸਿੰਧ ਦੇ ਇਲਾਕਿਆਂ ਨੂੰ ਸਿੰਜਾਈ ਲਈ ਇਸਤੇਮਾਲ ਕੀਤਾ ਜਾਂਦਾ ਹੈ। ਪੰਜਨਦ ਦੇ ਸੰਗਮ ਤੋਂ ਬਾਅਦ ਸਿੰਧ ਦਰਿਆ ਨੂੰ ਸਤਨਦ (ਸਤ ਦਰਿਆ) ਵਜੋਂ ਜਾਣਿਆ ਜਾਂਦਾ ਹੈ, ਭਾਵ ਇਸ ਵਿੱਚ ਸਿੰਧ ਦੇ ਨਾਲ ਨਾਲ ਘੱਗਰ, ਹਕਰਾ ਦਰਿਆ, ਸਰਸਵਤੀ ਨਦੀ ਵੀ ਰਲ ਜਾਂਦੇ ਹਨ।
ਮਹਾਰਾਣੀ ਜਿੰਦ ਕੌਰ (ਅੰ. 1817 – 1 ਅਗਸਤ 1863) 1843 ਤੋਂ 29 ਮਾਰਚ 1847 ਤੱਕ ਸਿੱਖ ਸਾਮਰਾਜ ਦੀ ਰੀਜੈਂਟ ਸੀ। 29 ਮਾਰਚ 1847 ਨੂੰ ਸਿੱਖ ਸਾਮਰਾਜ ਦੇ ਭੰਗ ਹੋਣ ਤੋਂ ਬਾਅਦ ਸਿੱਖਾਂ ਨੇ ਉਸ ਨੂੰ ਮਹਾਰਾਜਾ ਦਲੀਪ ਸਿੰਘ ਦੀ ਮਹਾਰਾਣੀ ਅਤੇ ਉੱਤਰਾਧਿਕਾਰੀ ਵਜੋਂ ਦਾਅਵਾ ਕੀਤਾ। ਹਾਲਾਂਕਿ, ਉਸੇ ਦਿਨ ਅੰਗਰੇਜ਼ਾਂ ਨੇ ਪੂਰਾ ਕਬਜ਼ਾ ਕਰ ਲਿਆ ਅਤੇ ਦਾਅਵਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਇਲੂਮੀਨਾਤੀ ਜਾਂ ਇਲੂਮਿਨੇਟੀ (ਲਾਤੀਨੀ ਇਲੂਮਿਨੇਟਸ ਦਾ ਬਹੁਵਚਨ, 'ਪ੍ਰਬੋਧਿਤ') ਕਈ ਸਮੂਹਾਂ (ਅਸਲ ਅਤੇ ਕਾਲਪਨਿਕ ਦੋਵੇਂ) ਨੂੰ ਦਿੱਤਾ ਗਿਆ ਇੱਕ ਨਾਮ ਹੈ। ਇਤਿਹਾਸਕ ਤੌਰ 'ਤੇ, ਇਹ ਨਾਮ ਆਮ ਤੌਰ 'ਤੇ ਬਾਵੇਰੀਅਨ ਇਲੂਮਿਨੇਟੀ ਨੂੰ ਦਰਸਾਉਂਦਾ ਹੈ, ਇੱਕ ਗਿਆਨ -ਯੁੱਗ ਗੁਪਤ ਸਮਾਜ ਜਿਸਦੀ ਸਥਾਪਨਾ 1 ਮਈ 1776 ਨੂੰ ਬਾਵੇਰੀਆ ਵਿੱਚ ਕੀਤੀ ਗਈ ਸੀ, ਜੋ ਅੱਜ ਜਰਮਨੀ ਦਾ ਹਿੱਸਾ ਹੈ। ਸਮਾਜ ਦੇ ਦੱਸੇ ਗਏ ਟੀਚੇ ਅੰਧਵਿਸ਼ਵਾਸ, ਅਸਪਸ਼ਟਤਾ, ਜਨਤਕ ਜੀਵਨ ਉੱਤੇ ਧਾਰਮਿਕ ਪ੍ਰਭਾਵ, ਅਤੇ ਰਾਜ ਸ਼ਕਤੀ ਦੀ ਦੁਰਵਰਤੋਂ ਦਾ ਵਿਰੋਧ ਕਰਨਾ ਸੀ। "ਦਿਨ ਦਾ ਕ੍ਰਮ," ਉਹਨਾਂ ਨੇ ਆਪਣੇ ਆਮ ਕਨੂੰਨਾਂ ਵਿੱਚ ਲਿਖਿਆ, "ਬੇਇਨਸਾਫ਼ੀ ਕਰਨ ਵਾਲਿਆਂ ਦੀਆਂ ਚਾਲਾਂ ਨੂੰ ਖਤਮ ਕਰਨਾ ਹੈ, ਉਹਨਾਂ ਉੱਤੇ ਹਾਵੀ ਹੋਏ ਬਿਨਾਂ ਉਹਨਾਂ ਨੂੰ ਨਿਯੰਤਰਿਤ ਕਰਨਾ ਹੈ।" 1784, 1785, 1787 ਅਤੇ 1790 ਵਿੱਚ, ਕੈਥੋਲਿਕ ਚਰਚ ਦੇ ਉਤਸ਼ਾਹ ਨਾਲ, ਬਾਵੇਰੀਆ ਦੇ ਚੋਣਕਾਰ ਚਾਰਲਸ ਥੀਓਡੋਰ ਦੁਆਰਾ ਫਰੀਮੇਸਨਰੀ ਅਤੇ ਹੋਰ ਗੁਪਤ ਸਮਾਜਾਂ ਦੇ ਨਾਲ-ਨਾਲ ਇਲੂਮੀਨੇਟੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਬਾਅਦ ਦੇ ਸਾਲਾਂ ਦੌਰਾਨ, ਸਮੂਹ ਨੂੰ ਆਮ ਤੌਰ 'ਤੇ ਰੂੜੀਵਾਦੀ ਅਤੇ ਧਾਰਮਿਕ ਆਲੋਚਕਾਂ ਦੁਆਰਾ ਬਦਨਾਮ ਕੀਤਾ ਗਿਆ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਲੁਮਿਨਾਟੀ ਭੂਮੀਗਤ ਜਾਰੀ ਰਿਹਾ ਅਤੇ ਫਰਾਂਸੀਸੀ ਕ੍ਰਾਂਤੀ ਲਈ ਜ਼ਿੰਮੇਵਾਰ ਸੀ।
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਭਗਤ ਸਿੰਘ (27 ਸਤੰਬਰ 1907– 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ਼-ਨਾਲ਼ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਦੁਸ਼ਹਿਰਾ ਜਾਂ ਵਿਜੇ ਦਸਮੀ (ਫਤਹਿ ਦਾ ਦਿਹਾੜਾ) ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਅੱਸੂ (ਕੁਆਰ) ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਤਿਥੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਵਧ ਕੀਤਾ ਸੀ। ਇਸਨੂੰ ਬੁਰਾਈ ਉੱਤੇ ਸੱਚਾਈ ਦੀ ਜਿੱਤ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਲਈ ਇਸ ਦਸਮੀ ਨੂੰ ਵਿਜੈਦਸਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੁਸ਼ਹਿਰਾ ਸਾਲ ਦੀਆਂ ਤਿੰਨ ਅਤਿਅੰਤ ਸ਼ੁੱਭ ਤਿਥੀਆਂ ਵਿਚੌਂ ਇੱਕ ਹੈ, ਹੋਰ ਦੋ ਹਨ ਚੇਤ ਸ਼ੁਕਲ ਦੀ, ਅਤੇ ਕੱਤਕ ਸ਼ੁਕਲ ਦੀ ਇਕਮ। ਇਸ ਦਿਨ ਲੋਕ ਨਵਾਂ ਕਾਰਜ ਸ਼ੁਰੂ ਕਰਦੇ ਹਨ, ਸ਼ਸਤਰ-ਪੂਜਾ ਦਿੱਤੀ ਜਾਂਦੀ ਹੈ। ਪ੍ਰਾਚੀਨ ਕਾਲ ਵਿੱਚ ਰਾਜਾ ਲੋਕ ਇਸ ਦਿਨ ਜਿੱਤ ਦੀ ਅਰਦਾਸ ਕਰ ਕੇ ਰਣ-ਯਾਤਰਾ ਲਈ ਪ੍ਰਸਥਾਨ ਕਰਦੇ ਸਨ। ਇਸ ਦਿਨ ਥਾਂ-ਥਾਂ ਮੇਲੇ ਲੱਗਾਉਂਦੇ ਹਨ। ਰਾਮਲੀਲਾ ਦਾ ਅਯੋਜਨ ਹੁੰਦਾ ਹੈ। ਰਾਵਣ ਦਾ ਵਿਸ਼ਾਲ ਪੁਤਲਾ ਬਣਾ ਕੇ ਉਸਨੂੰ ਜਲਾਇਆ ਜਾਂਦਾ ਹੈ। ਦੁਸ਼ਹਿਰਾ ਅਤੇ ਵਿਜੈਦਸਮੀ ਭਗਵਾਨ ਰਾਮ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਵੇ ਜਾਂ ਦੁਰਗਾ ਪੂਜਾ ਦੇ ਰੂਪ ’ਚ, ਦੋਨ੍ਹਾਂ ਹੀ ਰੂਪਾਂ ਵਿੱਚ ਇਹ ਸ਼ਕਤੀ-ਪੂਜਾ ਦਾ ਪਰਬ ਹੈ, ਸ਼ਸਤਰ ਪੂਜਨ ਦੀ ਤਿਥੀ ਹੈ। ਹਰਸ਼, ਉੱਲਾਸ ਅਤੇ ਵਿਜੈ ਦਾ ਤਿਉਹਾਰ ਹੈ। ਭਾਰਤੀ ਸੱਭਿਆਚਾਰ ਬਹਾਦਰੀ ਦਾ ਉਪਾਸਕ ਹੈ, ਸੂਰਮਗਤੀ ਦਾ ਸੇਵਕ ਹੈ। ਵਿਅਕਤੀ ਅਤੇ ਸਮਾਜ ਦੇ ਖੂਨ ਵਿੱਚ ਬਹਾਦਰੀ ਪ੍ਰਗਟ ਹੋਵੇ, ਇਸ ਲਈ ਦੁਸ਼ਹਿਰੇ ਦਾ ਤਿਉਹਾਰ ਰੱਖਿਆ ਗਿਆ ਹੈ। ਦੁਸ਼ਹਿਰੇ ਦਾ ਤਿਉਹਾਰ ਦਸ ਪ੍ਰਕਾਰ ਦੇ ਪਾਪਾਂ- ਕਾਮ, ਕ੍ਰੋਧ, ਲੋਭ, ਮੋਹ ਮਦ, ਮਤਸਰ, ਅਹੰਕਾਰ, ਆਲਸ, ਹਿੰਸਾ ਤੇ ਚੋਰੀ ਦੇ ਪਰਿਤਯਾਗ ਦੀ ਸਦਪ੍ਰੇਰਣਾ ਪ੍ਰਦਾਨ ਕਰਦਾ ਹੈ।
ਨਨਕਾਣਾ ਸਾਹਿਬ (ਅੰਗ੍ਰੇਜ਼ੀ ਵਿੱਚ: Nankana Sahib; ਉਰਦੂ: ننکانہ; صاحب, ਪੰਜਾਬੀ: ننکاݨا صاحب (ਸ਼ਾਹਮੁਖੀ), ਰੋਮਨਾਈਜ਼ਡ: Nankāṇā Ṣahib) ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਨਨਕਾਣਾ ਸਾਹਿਬ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਜਿਲ੍ਹੇ ਦੀ ਰਾਜਧਾਨੀ ਹੈ। ਇਸ ਦਾ ਨਾਮ ਸਿੱਖ ਧਰਮ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਦਾ ਜਨਮ ਇਸ ਸ਼ਹਿਰ ਵਿੱਚ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਇੱਥੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਨਨਕਾਣਾ ਸਾਹਿਬ ਸਿੱਖ ਧਰਮ ਲਈ ਸਭ ਤੋਂ ਮਹੱਤਵਪੂਰਨ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ। ਇਹ ਲਾਹੌਰ ਦੇ ਪੱਛਮ ਵਿੱਚ ਲਗਭਗ 91 ਕਿਲੋਮੀਟਰ (57 ਮੀਲ) ਅਤੇ ਫੈਸਲਾਬਾਦ ਤੋਂ ਲਗਭਗ 75 ਕਿਲੋਮੀਟਰ (47 ਮੀਲ) ਪੂਰਬ ਵਿੱਚ ਸਥਿਤ ਹੈ। 2017 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਸ਼ਹਿਰ ਦੀ ਆਬਾਦੀ 110,135 ਵਸਨੀਕਾਂ ਦੀ ਹੈ। 2005 ਤੱਕ, ਇਹ ਸ਼ੇਖੂਪੁਰਾ ਜ਼ਿਲ੍ਹੇ ਦਾ ਇੱਕ ਹਿੱਸਾ ਸੀ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ। ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਗੁਰਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿੱਚ ਹੈ, ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ। ਇਹ ਜ਼ਿਲ੍ਹਾ ਨਨਕਾਣਾ ਸਾਹਿਬ ਦਾ ਹੈੱਡਕਵਾਟਰ ਵੀ ਹੈ ਅਤੇ ਤਹਿਸੀਲ ਵੀ। ਇਥੇ ਗੁਰੂ ਜੀ ਨਾਲ ਸੰਬੰਧਤ ਗੁਰਦੁਆਰਾ ਪੱਟੀ ਸਾਹਿਬ, ਕਿਆਰਾ ਸਾਹਿਬ, ਬਾਲ ਲੀਲਾ ਸਾਹਿਬ ਅਤੇ ਗੁਰਦੁਆਰਾ ਤੰਬੂ ਸਾਹਿਬ ਆਦਿ ਹੋਰ ਵੀ ਗੁਰਦੁਆਰੇ ਹਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਉਹਨਾਂ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਤ ਕੀਤਾ ਜਾਂਦਾ ਹੈ।