ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਬਿਆਸ ਦਰਿਆ ਹਿਮਾਚਲ ਪਰਦੇਸ਼ ਅਤੇ ਪੰਜਾਬ ਵਿੱਚ ਵਗਦਾ ਹੈ। ਇਸ ਨੂੰ ਪੁਰਾਤਨ ਭਾਰਤ ਵਿੱਚ ਅਰਜੀਕੀ/ਵੀਪਸ ਕਿਹਾ ਜਾਂਦਾ ਸੀ। ਬਿਆਸ ਦਰਿਆ ਨੇ ਸਿੰਕਦਰ ਮਹਾਨ ਦੇ ਰਾਜ ਦੀ ਪੂਰਬੀ ਸਰਹੱਦ 326 BC ਵਿੱਚ ਬਣਾਈ ਸੀ। ਇਹ ਦਰਿਆ ਰੋਹਤਾਂਗ ਦਰ੍ਹੇ ਤੋਂ ਸ਼ੁਰੂ ਹੁੰਦਾ ਹੈ ਅਤੇ 470 ਕਿਲੋਮੀਟਰ ਪੰਧ ਮਾਰਕੇ ਭਾਰਤੀ ਪੰਜਾਬ ਦੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਸਤਲੁਜ ਭਾਰਤੀ ਪੰਜਾਬ ਵਿੱਚੋਂ ਵਗਦਾ ਹੋਇਆ ਪਾਕਿਸਾਤਨ ਵਿੱਚ ਜਾ ਕੇ ਚਨਾਬ ਵਿੱਚ ਮਿਲ ਜਾਂਦਾ ਹੈ, ਜੋ ਕਿ ਅੰਤ ਵਿੱਚ ਸਿੰਧ ਵਿੱਚ ਮਿਲ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੀ ਇਕਰਾਰਨਾਮੇ ਮੁਤਾਬਕ ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।
ਨੁਸਰਤ ਫ਼ਤਿਹ ਅਲੀ ਖ਼ਾਨ (13 ਅਕਤੂਬਰ 1948- 16 ਅਗਸਤ 1997) ਪਾਕਿਸਤਾਨ ਦੇ ਇੱਕ ਗਾਇਕ ਅਤੇ ਸੰਗੀਤਕਾਰ ਸਨ। ਇਹਨਾਂ ਨੇ ਫ਼ਿਲਮਾਂ ਵਿੱਚ ਗਾਇਆ। ਇਹਨਾਂ ਦਾ ਜਨਮ ਪੰਜਾਬ, ਪਾਕਿਸਤਾਨ ਦੇ ਵਿੱਚ ਹੋਇਆ। ਇਹਨਾਂ ਨੇ ਕਰੀਬ 40 ਦੇਸ਼ਾਂ ਵਿੱਚ ਆਪਣੇ ਕਨਸਰਟ ਕੀਤੇ। ਉਹ ਆਵਾਜ਼ ਦੀ ਅਸਾਧਾਰਣ ਰੇਂਜ ਵਾਲੀਆਂ ਖੂਬੀਆਂ ਦਾ ਮਾਲਕ ਸੀ। ਇਹਨਾਂ ਦਾ ਨਾ ਗਿਨਿਜ ਬੁਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। 13 ਅਕਤੂਬਰ 2015 ਨੂੰ ਉਹਨਾਂ ਦੇ ਜਨਮ ਦਿਨ ਉੱਪਰ ਗੂਗਲ ਨੇ ਉਹਨਾਂ ਨੂੰ ਇੱਕ ਡੂਡਲ ਬਣਾ ਸ਼ਰਧਾਂਜਲੀ ਭੇਂਟ ਕੀਤੀ।
ਕਾਰਬਨੀ ਰਸਾਇਣ ਵਿਗਿਆਨ ਵਿੱਚ ਬਿਰਤੀਮੂਲਕ ਸਮੂਹ (ਹੋਰ ਨਾਂ ਕਿਰਿਆਸ਼ੀਲ ਸਮੂਹ ਅਤੇ ਕਿਰਿਆਤਮਕ ਸਮੂਹ ਹਨ) ਅਣੂਆਂ ਵਿਚਲੇ ਪਰਮਾਣੂਆਂ ਜਾਂ ਜੋੜਾਂ ਦੇ ਉਹਨਾਂ ਖ਼ਾਸ ਝੁੰਡਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਉਹਨਾਂ ਅਣੂਆਂ ਦੀਆਂ ਵਿਸ਼ੇਸ਼ ਰਸਾਇਣਕ ਕਿਰਿਆਵਾਂ ਭਾਵ ਉਹਨਾਂ ਦੀ ਬਿਰਤੀ ਲਈ ਜੁੰਮੇਵਾਰ ਹੁੰਦੇ ਹਨ। ਕੋਈ ਇੱਕ ਕਿਰਿਆਸ਼ੀਲ ਸਮੂਹ ਇੱਕੋ ਹੀ ਜਾਂ ਇੱਕੋ ਜਿਹੀ ਰਸਾਇਣਕ ਕਿਰਿਆ ਵਿੱਚ ਹਿੱਸਾ ਲੈਂਦਾ ਹੈ ਭਾਵੇਂ ਜਿਸ ਅਣੂ ਦਾ ਉਹ ਹਿੱਸਾ ਹੈ, ਦਾ ਅਕਾਰ ਕਿੰਨਾ ਵੀ ਹੋਵੇ। ਪਰ ਉਹਦੀ ਤੁਲਨਾਤਮਕ ਕਿਰਿਆਸ਼ੀਲਤਾ ਨੇੜਲੇ ਹੋਰ ਬਿਰਤੀਮੂਲਕ ਸਮੂਹ ਬਦਲ ਸਕਦੇ ਹਨ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ। ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਵਿਸ਼ੇਸ਼ ਆਰਥਕ ਜ਼ੋਨ (SEZ) ਉਸ ਭੂਗੋਲਿਕ ਖੇਤਰ ਲਈ ਦਿੱਤਾ ਨਾਮ ਹੈ ਜਿਸ ਦੀ ਨਿਸ਼ਾਨਦੇਹੀ ਵਸਤਾਂ ਬਰਾਮਦ ਕਰਨ ਅਤੇ ਰੁਜ਼ਗਾਰ ਵਧਾਉਣ ਲਈ ਕੀਤੀ ਜਾਂਦੀ ਹੈ। ਇਨ੍ਹਾਂ ਖੇਤਰਾਂ ਨੂੰ ਟੈਕਸਾਂ, ਕੋਟਿਆਂ, ਬਦੇਸ਼ੀ ਨਿਵੇਸ ਤੇ ਪਾਬੰਦੀਆਂ, ਕਿਰਤ ਕਾਨੂੰਨਾਂ ਅਤੇ ਹੋਰ ਬੰਦਸ਼ਾਂ ਸੰਬੰਧੀ ਦੇਸ਼ ਦੇ ਕਾਨੂੰਨਾਂ ਤੋਂ ਛੋਟ ਦੇ ਦਿੱਤੀ ਜਾਂਦੀ ਹੈ, ਤਾਂ ਜੋ ਉਥੇ ਬਣੀਆਂ ਵਸਤਾਂ ਸੰਸਾਰ ਮੰਡੀ ਵਿੱਚ ਕੀਮਤ ਮੁਕਾਬਲੇ ਵਿੱਚ ਟਿਕ ਸਕਣ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਬਾਬਾ ਦੀਪ ਸਿੰਘ (26 ਜਨਵਰੀ 1682 – 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰਿਆ ਜਾਂਦਾ ਹੈ। ਉਸਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਸਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਸਨੂੰ 18ਵੀਂ ਸਦੀ ਦੇ ਆਪਣੇ ਪ੍ਰਸਿੱਧ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।
ਖੁਰਾਲਗੜ੍ਹ ਸਾਹਿਬ ਰਵਿਦਾਸੀ ਸਿੱਖ ਭਾਈਚਾਰਿਆਂ ਜਿਵੇਂ ਆਦਿ-ਧਰਮੀ, ਚਮਾਰ, ਰਾਮਦਾਸੀਆ ਸਿੱਖਾਂ ਅਤੇ ਮੋਚੀਆਂ ਦੇ ਸਭ ਤੋਂ ਪ੍ਰਮੁੱਖ ਇਤਿਹਾਸਕ ਸਥਾਨਾਂ ਵਿੱਚੋਂ ਇੱਕ ਹੈ। ਇਹ ਸਥਾਨ ਪਿੰਡ ਖਰਾਲੀ, ਗੜ੍ਹਸ਼ੰਕਰ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਥਿੱਤ ਹੈ। ਖੁਰਾਲਗੜ੍ਹ ਸਾਹਿਬ ਨੂੰ ਚਰਨ ਚੋਹ ਗੰਗਾ ਸ੍ਰੀ ਗੁਰੂ ਰਵਿਦਾਸ ਜੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਅਸਥਾਨ 'ਤੇ ਸ੍ਰੀ ਗੁਰੂ ਰਵਿਦਾਸ ਜੀ ਆਏ ਸਨ
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਬਿਆਸ ਭਾਰਤ ਦੇ ਪੰਜਾਬ ਰਾਜ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਦਰਿਆ ਕਿਨਾਰੇ ਵਾਲਾ ਸ਼ਹਿਰ ਹੈ। ਬਿਆਸ, ਬਿਆਸ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਬਿਆਸ ਸ਼ਹਿਰ ਜ਼ਿਆਦਾਤਰ ਬੁੱਢਾ ਥੇਹ ਦੀ ਮਾਲ ਸੀਮਾ ਵਿੱਚ ਸਥਿਤ ਹੈ ਅਤੇ ਪਿੰਡ ਢੋਲੋ ਨੰਗਲ ਅਤੇ ਵਜ਼ੀਰ ਭੁੱਲਰ ਦੇ ਹਿੱਸੇ ਵਿੱਚ ਸਥਿਤ ਹੈ। ਬਿਆਸ ਰੇਲਵੇ ਸਟੇਸ਼ਨ ਬਿਆਸ ਦੀਆਂ ਹੱਦਾਂ 'ਤੇ ਸਥਿਤ ਹੈ। ਅਤੇ ਬੁੱਢਾ ਥੇਹ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦਾ ਇੱਕ ਜਨਗਣਨਾ ਵਾਲਾ ਸ਼ਹਿਰ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖਾਂ ਦਾ ਕੇਂਦਰੀ ਧਾਰਮਿਕ ਗਰੰਥ ਹੈ, ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ ਸੰਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਵਿਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿਚ 36 ਸੰਤਾਂ ਦੀ ਬਾਣੀ ਹੈ ਜਿਸ ਵਿਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਇਸ ਵਿਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਅਤੇ ਸਦੀਵੀ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਵਿਸਥਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ, ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਆਪਣੀ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਕਿੱਸਾ-ਏ ਚਾਰ ਦਰਵੇਸ਼ (ਫ਼ਾਰਸੀ: قصه چهار درویش ਕਿੱਸਾ-ਏ ਚਹਾਰ ਦਰਵੇਸ਼; ਉਰਦੂ ਵਿੱਚ ਬਾਗ਼-ਓ ਬਹਾਰ - باغ و بہار) ਅਖੀਰ 13ਵੀਂ ਸਦੀ ਵਿੱਚ ਅਮੀਰ ਖੁਸਰੋ ਦੀਆਂ ਲਿਖੀਆਂ ਦਾਸਤਾਨਾਂ ਦਾ ਸੰਗ੍ਰਹਿ ਹੈ। ਕਹਿੰਦੇ ਹਨ ਕਿ ਅਮੀਰ ਖੁਸਰੋ ਦੇ ਗੁਰੂ ਅਤੇ ਸੂਫੀ ਸੰਤ, ਨਿਜਾਮੁੱਦੀਨ ਔਲੀਆ ਬੀਮਾਰ ਹੋ ਗਏ ਸੀ। ਉਹਨਾਂ ਨੂੰ ਖੁਸ਼ ਕਰਨ ਦੇ ਲਈ, ਅਮੀਰ ਖੁਸਰੋ ਨੇ ਉਹਨਾਂ ਨੂੰ ਅਲਿਫ਼ ਲੈਲਾ (ਇੱਕ ਹਜ਼ਾਰ ਇੱਕ ਰਾਤਾਂ) ਦੀ ਸ਼ੈਲੀ ਵਿੱਚ ਕਹਾਣੀਆਂ ਦੀ ਇੱਕ ਲੜੀ ਸੁਣਾਉਣੀ ਸ਼ੁਰੂ ਕਰ ਦਿੱਤੀ। ਕਹਾਣੀ-ਲੜੀ ਦੇ ਮੁੱਕਣ ਤੱਕ, ਨਿਜਾਮੁੱਦੀਨ ਔਲੀਆ ਸਹੀ ਸਲਾਮਤ ਹੋ ਗਏ ਸੀ, ਅਤੇ ਉਹਨਾਂ ਅਰਦਾਸ ਕੀਤੀ ਸੀ ਕਿ ਜੋ ਕੋਈ ਵੀ ਇਨ੍ਹਾਂ ਕਹਾਣੀਆਂ ਨੂੰ ਸੁਣੇਗਾ ਉਹ ਵੀ ਠੀਕ ਹੋ ਜਾਵੇ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਕ੍ਰਿਕਟ ਇੱਕ ਬੱਲੇ ਅਤੇ ਗੇਂਦ ਨਾਲ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿੱਚ 11-11 ਖਿਡਾਰੀਆਂ ਦੀਆਂ ਦੋ ਟੀਮਾਂ ਇੱਕ ਮੈਦਾਨ ਵਿੱਚ 22 ਗਜ਼ ਲੰਮੀ ਪਿੱਚ ਉੱਤੇ ਖੇਡਦੀਆਂ ਹਨ। ਖੇਡ ਦੇ ਹਰ ਪੜਾਅ ਨੂੰ ਪਾਰੀ ਕਿਹਾ ਜਾਂਦਾ ਹੈ, ਜਿਸ ਦੌਰਾਨ ਇੱਕ ਟੀਮ ਬੱਲੇਬਾਜ਼ੀ ਕਰਦੀ ਹੈ, ਜਿੰਨੀਆਂ ਸੰਭਵ ਹੋ ਸਕਣ, ਬਹੁਤ ਸਾਰੀਆਂ ਦੌੜਾਂ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਦੋਂ ਕਿ ਉਹਨਾਂ ਦੇ ਵਿਰੋਧੀ ਗੇਂਦਬਾਜ਼ੀ ਅਤੇ ਫੀਲਡਿੰਗ ਕਰਦੇ ਹਨ। ਉਹ ਦੌੜਾਂ ਬਣਾਉਣ ਵਾਲੀ ਟੀਮ ਦੀਆਂ ਦੌੜਾਂ ਦੀ ਗਿਣਤੀ ਨੂੰ ਘਟਾਉਣ ਦਾ ਯਤਨ ਕਰਦੇ ਹਨ। ਜਦੋਂ ਹਰੇਕ ਪਾਰੀ ਖ਼ਤਮ ਹੁੰਦੀ ਹੈ, ਤਾਂ ਟੀਮ ਆਮ ਤੌਰ 'ਤੇ ਅਗਲੀ ਪਾਰੀ ਲਈ ਭੂਮਿਕਾ ਨੂੰ ਸਵੈਪ ਕਰਦੀ ਹੈ (ਜਿਵੇਂ ਜੋ ਟੀਮ ਜੋ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ/ਹੁਣ ਉਹ ਫੀਲਡਿੰਗ, ਅਤੇ ਉਲਟ) ਮੈਚ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ, ਟੀਮਾਂ ਇੱਕ ਜਾਂ ਦੋ ਪਾਰੀਆਂ ਲਈ ਬੱਲੇਬਾਜ਼ੀ ਕਰਦੀਆਂ ਹਨ। ਜਿੱਤਣ ਵਾਲੀ ਟੀਮ ਉਹ ਹੈ ਜੋ ਸਭ ਤੋਂ ਵੱਧ ਦੌੜਾਂ ਬਣਾਉਂਦੀ ਹੈ, ਜਿਸ ਵਿੱਚ ਕਿਸੇ ਵੀ ਵਾਧੂ ਦੌੜਾਂ ਵੀ ਸ਼ਾਮਿਲ ਹੁੰਦੀਆਂ ਹਨ। (ਸਿਵਾਏ ਕਿ ਜਦੋਂ ਨਤੀਜਾ ਜਿੱਤ/ਹਾਰ ਦਾ ਨਤੀਜਾ ਨਹੀਂ ਹੁੰਦਾ)
ਗੁਰੂ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਗੁਰੂ ਸਾਹਿਬ ਦਾ ਬਚਪਨ ਦਾ ਨਾਮ ਭਾਈ ਲਹਿਣਾ ਜੀ ਸੀ, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਸਾਹਿਬ ਨੇੜੇ) ਪੰਜਾਬ ਵਿਖੇ ਹੋਇਆ। ਆਪ ਜੀ ਇੱਕ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਆਪ ਜੀ ਦੇ ਪਿਤਾ ਜੀ ਇੱਕ ਛੋਟੇ ਪੱਧਰ ਦੇ ਸੁਦਾਗਰ ਸੀ, ਅਤੇ ਉਹ ਦੁਰਗਾ ਦੇ ਪੁਜਾਰੀ ਸਨ। ਆਪ ਜੀ ਦੀ ਮੁਲਾਕਾਤ ਸ਼੍ਰੀ ਗੁਰੂ ਨਾਨਕ ਦੇਵ ,ਸਿੱਖੀ ਦੇ ਬਾਨੀ ਨਾਲ ਹੋਣ ਤੋਂ ਬਾਅਦ ਸਿੱਖ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦਾ ਨਾ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ ਰੱਖ ਦਿੱਤਾ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਅਤੇ ਆਪਣੇ ਪੁੱਤਰਾਂ ਦੀ ਬਜਾਏ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਕਬੱਡੀ (ਅੰਗ੍ਰੇਜ਼ੀ: Kabaddi) ਇੱਕ ਟੀਮ ਖੇਡ ਹੈ ਜੋ ਆਮ ਤੌਰ ਤੇ ਸੱਤ-ਸੱਤ ਖਿਡਾਰੀਆਂ ਦੀਆਂ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ। ਇਹ ਦੱਖਣੀ ਏਸ਼ੀਆ ਦੇ ਰਵਾਇਤੀ ਖੇਡਾਂ ਵਿੱਚੋਂ ਇੱਕ ਹੈ। ਇਸ ਖੇਡ ਵਿੱਚ, ਇੱਕ ਰੇਡਰ ਡਿਫੈਂਡਰਾਂ ਨੂੰ ਛੂਹਣ ਲਈ ਕੋਰਟ ਦੇ ਵਿਰੋਧੀ ਅੱਧ ਵਿੱਚ ਦਾਖਲ ਹੁੰਦਾ ਹੈ ਅਤੇ 30 ਸਕਿੰਟਾਂ ਦੇ ਅੰਦਰ ਟੈਕਲ ਕੀਤੇ ਬਿਨਾਂ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਹੈ। ਸਫਲ ਟੈਗਾਂ ਲਈ ਅੰਕ ਦਿੱਤੇ ਜਾਂਦੇ ਹਨ, ਜਦੋਂ ਕਿ ਡਿਫੈਂਡਰ ਰੇਡਰ ਨੂੰ ਰੋਕਣ ਲਈ ਇੱਕ ਅੰਕ ਕਮਾਉਂਦੇ ਹਨ। ਟੈਗ ਕੀਤੇ ਜਾਂ ਟੈਕਲ ਕੀਤੇ ਖਿਡਾਰੀ ਅਸਥਾਈ ਤੌਰ 'ਤੇ ਬਾਹਰ ਹੁੰਦੇ ਹਨ ਪਰ ਜਦੋਂ ਉਨ੍ਹਾਂ ਦੀ ਟੀਮ ਸਕੋਰ ਕਰਦੀ ਹੈ ਤਾਂ ਦੁਬਾਰਾ ਦਾਖਲ ਹੋ ਸਕਦੇ ਹਨ। ਪੂਰੇ ਖੇਡ ਦੌਰਾਨ ਟੀਮਾਂ ਵਿਚਕਾਰ ਰੇਡ ਵਿਕਲਪਿਕ ਹੁੰਦੇ ਹਨ।
ਰਸ (ਸੰਸਕ੍ਰਿਤ: रस, ਸ਼ਬਦੀ ਅਰਥ 'ਰਸਾ' ਜਾਂ 'ਨਿਚੋੜ') ਕਿਸੇ ਕਲਾ-ਕ੍ਰਿਤ ਦੇ ਦੇਖਣ, ਸੁਣਨ ਅਤੇ ਅਧਿਅਨ ਦੇ ਪ੍ਰਭਾਵ ਵਜੋਂ ਜੋ ਸਰੂਰ ਵਾਲੀ ਮਾਨਸਿਕ ਸਥਿਤੀ ਪ੍ਰਾਪਤ ਹੁੰਦੀ ਹੈ, ਉਸੇ ਨੂੰ ਰਸ ਕਿਹਾ ਜਾਂਦਾ ਹੈ। ਰਸ ਨਾਲ ਜਿਸ ਭਾਵ (mood) ਦਾ ਅਨੁਭਵ ਹੁੰਦਾ ਹੈ ਉਹ ਰਸ ਦਾ ਸਥਾਈ ਭਾਵ ਹੁੰਦਾ ਹੈ। ਰਸ, ਛੰਦ ਅਤੇ ਅਲੰਕਾਰ ਕਾਵਿ-ਰਚਨਾ ਦੇ ਜ਼ਰੂਰੀ ਅੰਸ਼ ਹੁੰਦੇ ਹਨ। ਕਿਸੇ ਪ੍ਰਬੰਧਕਾਵਿ ਜਾਂ ਲੰਮੀ ਕਵਿਤਾ ਦੇ ਮਾਰਮਿਕ ਅਤੇ ਕਰੁਣਾਮਈ ਪ੍ਰਸੰਗਾਂ ਨੂੰ ਪੜ੍ਹ-ਸੁਣ ਕੇ ਜਾਂ ਕਿਸੇ ਛੋਟੀ-ਬੜੀ ਕਵਿਤਾ, ਸ਼ੇਅਰ ਆਦਿ ਦੀਆਂ ਭਾਵਪੂਰਨ ਅਤੇ ਸੋਹਣੀਆਂ ਪੰਗਤੀਆਂ ਨੂੰ ਗੁਣ-ਗੁਣਾਉਣ ਉੱਤੇ ਮਨ ਨੂੰ ਜੋ ਪ੍ਰਸੰਨਤਾ, ਸਕੂਨ ਜਾਂ ਸੁਖ ਮਿਲਦਾ ਹੈ, ਉਸ ਲਈ ਭਾਰਤੀ ਕਾਵਿਸ਼ਾਸਤਰ ਵਿਚ 'ਰਸ' ਸ਼ਬਦ ਦਾ ਪ੍ਰਯੋਗ ਹੁੰਦਾ ਆਇਆ ਹੈ ਅਤੇ ਅਜੇਹੇ ਰਸ-ਪ੍ਰਧਾਨ ਕਾਵਿ ਨੂੰ ਉੱਤਮ ਕਾਵਿ ਦਾ ਦਰਜਾ ਦਿੱਤਾ ਗਿਆ ਹੈ। ਰਸ ਦਾ ਅਰਥ ਹੁੰਦਾ ਹੈ - ਸਤ। ਕਲਾ ਤੋਂ ਜੋ ਖੁਸ਼ੀ ਮਿਲਦੀ ਹੈ ਉਹ ਹੀ ਕਲਾ ਦਾ ਰਸ ਹੁੰਦਾ ਹੈ। ਇਹ ਖੁਸ਼ੀ ਅਰਥਾਤ ਰਸ ਲੌਕਿਕ ਨਾ ਹੋਕੇ ਨਿਰਾਲੀ ਹੁੰਦੀ ਹੈ। ਰਸ ਕਵਿਤਾ ਦੀ ਆਤਮਾ ਹੈ। ਸੰਸਕ੍ਰਿਤ ਵਿੱਚ ਕਿਹਾ ਗਿਆ ਹੈ ‘ਰਸਾਤਮਕੰ ਵਾਕਿਅੰ ਕਾਵਿਅੰ’ ਅਰਥਾਤ ਰਸਯੁਕਤ ਵਾਕ ਹੀ ਕਾਵਿ ਹੈ। ਰਸ ਉਹ ਰੂਹਾਨੀ ਸ਼ਕਤੀ ਹੈ, ਜਿਸਦੇ ਕਾਰਨ ਇੰਦਰੀਆਂ ਆਪਣਾ ਕਾਰਜ ਕਰਦੀਆਂ ਹਨ, ਮਨ ਕਲਪਨਾ ਕਰਦਾ ਹੈ, ਸਪਨੇ ਦੀ ਸਿਮਰਤੀ ਰਹਿੰਦੀ ਹੈ। ਰਸ ਆਨੰਦ ਸਰੂਪ ਹੈ ਅਤੇ ਇਹੀ ਆਨੰਦ ਵਿਸ਼ਾਲ ਦਾ, ਵਿਰਾਟ ਦਾ ਅਨੁਭਵ ਵੀ ਹੈ। ਇਹੀ ਆਨੰਦ ਹੋਰ ਸਾਰੇ ਅਨੁਭਵਾਂ ਦਾ ਉਲੰਘਣ ਵੀ ਹੈ। ਆਦਮੀ ਇੰਦਰੀਆਂ ਉੱਪਰ ਸੰਜਮ ਕਰਦਾ ਹੈ, ਤਾਂ ਵਿਸ਼ਿਆਂ ਤੋਂ ਆਪਣੇ ਆਪ ਹਟ ਜਾਂਦਾ ਹੈ। ਪਰ ਉਨ੍ਹਾਂ ਵਿਸ਼ਿਆਂ ਦੇ ਪ੍ਰਤੀ ਲਗਾਉ ਨਹੀਂ ਛੁੱਟਦਾ। ਰਸ ਦਾ ਪ੍ਰਯੋਗ ਸਾਰ ਤੱਤ ਦੇ ਅਰਥ ਵਿੱਚ ਚਰਕ, ਸੁਸ਼ਰੁਤ ਵਿੱਚ ਮਿਲਦਾ ਹੈ। ਦੂਜੇ ਅਰਥਾਂ ਵਿੱਚ, ਅਨਿੱਖੜ ਤੱਤਾਂ ਦੇ ਰੂਪ ਵਿੱਚ ਮਿਲਦਾ ਹੈ। ਸਭ ਕੁੱਝ ਨਸ਼ਟ ਹੋ ਜਾਵੇ, ਵਿਅਰਥ ਹੋ ਜਾਵੇ ਪ੍ਰੰਤੂ ਜੋ ਭਾਵ ਰੂਪ ਅਤੇ ਵਸਤੂ ਰੂਪ ਵਿੱਚ ਕਾਇਮ ਰਹੇ, ਉਹੀ ਰਸ ਹੈ। ਰਸ ਦੇ ਰੂਪ ਵਿੱਚ ਜਿਸਦੀ ਪ੍ਰਾਪਤੀ ਹੁੰਦੀ ਹੈ, ਉਹ ਭਾਵ ਹੀ ਹੈ। ਭਾਵ ਜਦੋਂ ਰਸ ਬਣ ਜਾਂਦਾ ਹੈ, ਤਾਂ ਭਾਵ ਨਹੀਂ ਰਹਿੰਦਾ। ਕੇਵਲ ਰਸ ਰਹਿ ਜਾਂਦਾ ਹੈ। ਉਸ ਦੀ ਆਤਮਾ ਆਪਣਾ ਰੂਪਾਂਤਰ ਕਰ ਲੈਂਦੀ ਹੈ। ਅਨੂਪਮ ਰਸ ਦੀ ਉਤਪੱਤੀ ਹੈ। ਨਾਟ ਦੀ ਪ੍ਰਸਤੁਤੀ ਵਿੱਚ ਸਭ ਕੁੱਝ ਪਹਿਲਾਂ ਤੋਂ ਹੀ ਮਿਲਿਆ ਹੁੰਦਾ ਹੈ, ਗਿਆਤ ਹੁੰਦਾ ਹੈ, ਸੁਣਿਆ ਹੋਇਆ ਜਾਂ ਵੇਖਿਆ ਹੋਇਆ ਹੁੰਦਾ ਹੈ। ਇਸ ਦੇ ਬਾਵਜੂਦ ਕੁੱਝ ਅਨੂਪਮ ਮਹਿਸੂਸ ਹੁੰਦਾ ਹੈ। ਉਹ ਅਨੁਭਵ ਦੂਜੇ ਅਨੁਭਵਾਂ ਨੂੰ ਪਿੱਛੇ ਛੱਡ ਦਿੰਦਾ ਹੈ। ਇਕੱਲਿਆਂ ਹੀ ਅਰਸੀ ਮੰਡਲਾਂ ਵਿੱਚ ਪਹੁੰਚਾ ਦਿੰਦਾ ਹੈ। ਰਸ ਦਾ ਇਹ ਖੁਮਾਰ ਅਪਾਰ ਅਤੇ ਅਕਹਿ ਹੁੰਦਾ ਹੈ।
ਪਰਮਿੰਦਰ ਕੌਰ ਸੰਧੂ (ਪਰਮਿੰਦਰ ਸੰਧੂ) (1959 - 5 ਫ਼ਰਵਰੀ 2011) ਇੱਕ ਪੰਜਾਬੀ ਲੋਕ ਗਾਇਕ ਅਤੇ ਅਭਿਨੇਤਰੀ ਸੀ। ਉਸਨੇ ਸੱਤ ਸਾਲ ਦੀ ਬਹੁਤ ਛੋਟੀ ਉਮਰ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਪਿਤਾ ਵੀ ਸੰਗੀਤ ਦਾ ਸ਼ੌਕੀਨ ਸੀ, ਉਸਨੇ ਹਮੇਸ਼ਾਂ ਆਪਣੀ ਪੁਤਰੀ ਨੂੰ ਉਤਸਾਹਿਤ ਕੀਤਾ। ਉਸਨੇ ਪਟਿਆਲਾ ਘਾਰਾਣਾ ਦੇ ਉਸਤਾਦ ਬਾਕਰ ਹੁਸੈਨ ਤੋਂ ਸੰਗੀਤ ਸਿੱਖਿਆ।ਉਸਨੇ ਜਸਵੰਤ ਸੰਦੀਲਾ, ਕੁਲਦੀਪ ਮਾਣਕ, ਕਰਨੈਲ ਗਿੱਲ, ਸੁਰਿੰਦਰ ਸ਼ਿੰਦਾ, ਸੀਤਲ ਸਿੰਘ ਸੀਤਲ ਅਤੇ ਹੋਰ ਬਹੁਤ ਸਾਰੇ ਲੋਕਾਂ ਨਾਲ ਬਹੁਤ ਸਾਰੇ ਸੋਲੋ ਅਤੇ ਡਿਊਟ ਗਾਣੇ ਕਰਵਾਏ।
ਵਾਲੀਬਾਲ ਇੱਕ ਟੀਮ ਖੇਡ ਹੈ। ਹਰ ਟੀਮ ਵਿੱਚ ਛੇ-ਛੇ ਖਿਡਾਰੀ ਹੁੰਦੇ ਹਨ। ਮੈਦਾਨ ਦੀ ਲੰਬਾਈ 18 ਮੀਟਰ ਅਤੇ ਚੋੜਾਈ 9 ਮੀਟਰ ਹੁੰਦੀ ਹੈ। ਗਰਾਊਂਡ ਦੇ ਵਿਚਕਾਰ ਇੱਕ ਜਾਲ ਲਗਾ ਹੁੰਦਾ ਹੈ ਜੋ ਦੋਵਾਂ ਟੀਮਾਂ ਦੇ ਪਾੜੇ ਨਿਸਚਿਤ ਕਰਦਾ ਹੈ ਅਤੇ ਇਸ ਤਰ੍ਹਾਂ ਇੱਕ ਪਾਸਾ 9 ਮੀਟਰ ਦਾ ਵਰਗਾਕਾਰ ਹੁੰਦਾ ਹੈ। ਹਰੇਕ ਟੀਮ ਦੇ ਖਿਡਾਰੀ ਵਿਰੋਧੀ ਟੀਮ ਦੇ ਪਾੜੇ ਵਿੱਚ ਗੇਂਦ ਸੁਟ ਕੇ ਆਪਣਾ ਪੂਆਇਟ ਲੈਣ ਦਾ ਯਤਨ ਕਰਦੇ ਹਨ। ਇਹ ਖੇਡ 1964 ਤੋਂ ਲੈ ਕੇ ਹੁਣ ਤਕ ਓਲੰਪਿਕ ਖੇਡਾਂ ਦਾ ਹਿੱਸਾ ਹੈ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਅਜੀਤ ਕੌਰ (ਜਨਮ 16 ਨਵੰਬਰ 1934) ਆਜ਼ਾਦੀ ਦੇ ਬਾਅਦ ਦੀ ਪੰਜਾਬੀ ਸਾਹਿਤਕਾਰ ਹੈ। ਉਹ ਪੰਜਾਬੀ ਗਲਪ ਖਾਸ ਕਰ ਕਹਾਣੀ ਦੀ ਇੱਕ ਵਿਲੱਖਣ ਹਸਤਾਖ਼ਰ ਹੈ ਜਿਸ ਨੇ "ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਬੇਬਾਕੀ ਤੇ ਡੂੰਘਾਈ ਵਿੱਚ ਪੇਸ਼ ਕੀਤਾ ਹੈ ਅਤੇ ਮਨੁੱਖੀ ਜੀਵਨ ਦੀਆਂ ਭਾਵਨਾਵਾਂ, ਤੀਵੀਂ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਤੇ ਜਜ਼ਬਾਤੀ ਟੱਕਰਾਂ ਨੂੰ, ਇਕੱਲਤਾ ਦੀ ਉਦਾਸੀ ਨੂੰ, ਮਨੁੱਖੀ ਰਿਸ਼ਤਿਆਂ ਦੀਆਂ ਉਲਝਣਾਂ ਨੂੰ, ਪੰਜਾਬ ਦੇ ਸੰਤਾਪ ਨੂੰ ਬੜੀ ਦਲੇਰੀ ਨਾਲ ਬਿਆਨ ਕੀਤਾ ਹੈ।" ਸਾਥੀ ਲੁਧਿਆਣਵੀ ਅਨੁਸਾਰ "ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ ਲਿਖ਼ੀਆਂ ਹਨ।" ਉਹਨਾਂ ਦੀਆਂ ਰਚਨਾਵਾਂ ਵਿੱਚ ਨਾ ਕੇਵਲ ਨਾਰੀ ਦਾ ਸੰਘਰਸ਼ ਰੇਖਾਂਕਿਤ ਹੁੰਦਾ ਹੈ ਸਗੋਂ ਸਮਾਜਕ ਅਤੇ ਸਿਆਸੀ ਵਿਗਾੜਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਿਆਪਤ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਵੀ ਨਜ਼ਰ ਆਉਂਦੀ ਹੈ। ਅਜੀਤ ਕੌਰ ਦਾ ਨਾਰੀਵਾਦ ਬਾਰੇ ਖਿਆਲ ਹੈ ਕਿ ਨਾਰੀਵਾਦ ਦਾ ਮਤਲਬ ਆਪਣੇ ਅੰਦਰ ਮਜ਼ਬੂਤੀ ਪੈਦਾ ਕਰਨੀ ਹੈ, ਸਿਰਫ਼ ਮਰਦਾਂ ਦੇ ਵਿਰੁੱਧ ਹੋਣਾ ਹੀ ਇਸ ਦਾ ਮਤਲਬ ਨਹੀਂ।
ਲਿਹਾਫ਼ ਇਸਮਤ ਚੁਗ਼ਤਾਈ ਦੀ 1942 ਵਿੱਚ ਲਿਖੀ ਇੱਕ ਉਰਦੂ ਨਿੱਕੀ ਕਹਾਣੀ ਹੈ। ਇਹ ਉਰਦੂ ਸਾਹਿਤਕ ਰਸਾਲੇ ਅਦਬ-ਇ-ਲਤੀਫ਼ ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਬਾਰੇ ਬੜਾ ਵਿਵਾਦ ਅਤੇ ਹੰਗਾਮਾ ਹੋਇਆ ਅਤੇ ਇਸਮਤ ਨੂੰ ਇਸ ਰਚਨਾ ਦੇ ਅਤੇ ਆਪਣੇ ਆਪ ਦੇ ਹੱਕ ਵਿੱਚ ਲਾਹੌਰ ਕੋਰਟ ਵਿੱਚ ਮੁਕੱਦਮਾ ਲੜਨਾ ਪਿਆ ਸੀ। ਉਸ ਨੂੰ ਲੱਚਰਤਾ ਦੇ ਦੋਸ਼ ਲਈ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਸੀ ਅਤੇ ਉਸ ਨੇ ਮੁਆਫੀ ਨਹੀਂ ਮੰਗੀ ਤੇ ਮੁਕੱਦਮਾ ਜਿੱਤ ਲਿਆ। ਉਸ ਦੇ ਵਕੀਲ ਨੇ ਦਲੀਲ ਰੱਖੀ ਸੀ ਕਿ ਕਹਾਣੀ ਵਿੱਚ ਸੈਕਸ ਸੰਬੰਧੀ ਕੋਈ ਸੁਝਾਅ ਨਹੀਂ ਮਿਲਦਾ, ਅਤੇ ਇਸਤਗਾਸਾ ਗਵਾਹ ਕੋਈ ਵੀ ਅਸ਼ਲੀਲ ਸ਼ਬਦ ਪੇਸ਼ ਨਾ ਕਰ ਸਕੇ ਅਤੇ ਇਹ ਕਹਾਣੀ ਸੁਝਾਊ ਹੈ ਤੇ ਇੱਕ ਛੋਟੀ ਜਿਹੀ ਕੁੜੀ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਹੈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।
ਅਲੋਕੇਸ਼ "ਬੱਪੀ" ਲਹਿਰੀ ਇੱਕ ਭਾਰਤੀ ਗਾਇਕ, ਸੰਗੀਤਕਾਰ, ਡਾਂਸਰ, ਡਿਸਕੋ ਸੰਗੀਤਕਾਰ, ਅਦਾਕਾਰ ਅਤੇ ਰਿਕਾਰਡ ਨਿਰਮਾਤਾ ਹੈ। ਉਸਨੇ ਭਾਰਤੀ ਸਿਨੇਮਾ ਵਿੱਚ ਸਿੰਥੇਸਾਈਜ਼ਡ ਡਿਸਕੋ ਸੰਗੀਤ ਦੀ ਵਰਤੋਂ ਨੂੰ ਹਰਮਨ ਪਿਆਰਾ ਕੀਤਾ ਅਤੇ ਆਪਣੀਆਂ ਕੁਝ ਰਚਨਾਵਾਂ ਗਾਈਆਂ। ਉਸਨੇ ਪ੍ਰੋਸੇਨਜੀਤ ਚੈਟਰਜੀ ਲਈ ਕੁਝ ਅਮਰ ਗੀਤਾਂ ਦੀ ਰਚਨਾ ਕੀਤੀ ਹੈ। ਉਸਨੇ ਅਤੇ ਪ੍ਰੋਸੇਨਜੀਤ ਨੇ ਬਾਕਸ ਆਫਿਸ ਦੀਆਂ ਵੱਡੀਆਂ ਸਫਲਤਾਵਾਂ ਦਿੱਤੀਆਂ ਜਿਵੇਂ ਅਮਰ ਸੰਗੀ, ਆਸ਼ਾ ਓ ਭਲੋਬਾਸ਼ਾ, ਅਮਰ ਤੁਮੀ, ਮੰਦਿਰਾ, ਬਦਨਾਮ, ਰਕਤੇਲੇਖਾ ਅਤੇ ਹੋਰ। ਉਹਨੇ 1980 ਅਤੇ ਨਾਲ 1990 ਵਿਚਵਾਰਦਾਤ, ਡਿਸਕੋ ਡਾਂਸਰ, ਨਮਕ ਹਲਾਲ, ਡਾਂਸ-ਡਾਂਸ, ਕਮਾਂਡੋ, ਸਾਹਿਬ, ਗੈਂਗ ਆਗੂ, ਸੈਲਾਬ ਅਤੇ ਸ਼ਰਾਬੀ ਵਰਗੇ ਫਿਲਮੀ ਗਾਣਿਆਂ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।
ਸ਼ਖਸੀਅਤ ਵਿਵਹਾਰ ਪੈਟਰਨ, ਬੋਧ ਅਤੇ ਵਲਵਲਿਆਂ ਪਖੋਂ ਲੋਕਾਂ ਦੇ ਆਪਸ ਵਿੱਚ ਵਿਅਕਤੀਗਤ ਮਤਭੇਦਾਂ ਨਾਲ ਸੰਬੰਧਿਤ ਪਦ ਹੈ। ਵੱਖ ਵੱਖ ਸ਼ਖਸੀਅਤ ਮਨੋਵਿਗਿਆਨੀ ਆਪਣੀ ਆਪਣੀ ਥਰੈਟੀਕਲ ਪੁਜੀਸ਼ਨ ਦੇ ਆਧਾਰ ਤੇ ਇਸ ਪਦ ਦੀ ਆਪਣੀ ਆਪਣੀ ਪਰਿਭਾਸ਼ਾ ਪੇਸ਼ ਕਰਦੇ ਹਨ। ਹਰ ਵਿਅਕਤੀ ਹੋਰਨਾਂ ਨਾਲ ਮਿਲਦਾ ਵੀ ਹੁੰਦਾ ਹੈ ਅਤੇ ਭਿੰਨ ਵੀ। ਸੁਭਾ ਅਤੇ ਵਰਤੋਂ ਵਿਹਾਰ ਦੀਆਂ ਵਿਅਕਤੀਗਤ ਵਿਲੱਖਣਤਵਾਂ ਦੇ ਵਿਲੱਖਣ ਸੈੱਟ ਸ਼ਖਸੀਅਤ ਦੇ ਪਛਾਣ-ਚਿੰਨ ਹੁੰਦੇ ਹਨ। ਵਿਹਾਰ ਅਤੇ ਸੋਚ ਦੇ ਇਹ ਪਛਾਣ-ਚਿੰਨ ਲੰਮੇ ਸਮੇਂ ਤੱਕ ਕਿਸੇ ਵਿਅਕਤੀ ਦੇ ਵਿਚਰਨ ਵਿੱਚ ਕਾਇਮ ਰਹਿੰਦੇ ਹਨ। ਪਰ ਇਹ ਆਪਣੇ ਆਪਣੇ ਮਾਹੌਲ ਦੇ ਅਸਰ ਹੇਠ ਨਿਰੰਤਰ ਗਤੀਸ਼ੀਲ ਰਹਿੰਦੇ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਯੌਂ ਪਿਆਜੇ (ਯੂਕੇ: , ਯੂਐਸ: , (ਫ਼ਰਾਂਸੀਸੀ: [ʒɑ̃ pjaʒɛ]; 9 ਅਗਸਤ 1896 – 16 ਸਤੰਬਰ 1980) ਸਵਿੱਸ ਵਿਕਾਸ ਮਨੋਵਿਗਿਆਨੀ ਅਤੇ ਫ਼ਿਲਾਸਫ਼ਰ ਸੀ। ਉਹ ਬੱਚਿਆਂ ਬਾਰੇ ਆਪਣੇ ਬੋਧਵਿਗਿਆਨਿਕ ਅਧਿਐਨ ਲਈ ਜਾਣਿਆ ਜਾਂਦਾ ਹੈ। ਪਿਆਜੇ ਬੱਚਿਆਂ ਦੇ ਸਿੱਖਿਆ ਵਿੱਚ ਵਿਸੇਸ਼ ਸਥਾਨ ਰੱਖਦਾ ਹੈ। ਪਿਆਜੇ ਦਾ ਬੋਧਿਕ ਵਿਕਾਸ ਦਾ ਸਿਧਾਂਤ ਅਤੇ ਐਪਿਸਟੋਮੌਲੋਜੀਕਲ ਦ੍ਰਿਸ਼ ਮਿਲ ਕੇ "ਜੈਨੇਟਿਕ ਐਪਿਸਟੋਮੌਲੋਜੀ" ਕਹਾਉਂਦੇ ਹਨ। ਪਿਆਜੇ ਨੇ ਬੱਚਿਆਂ ਦੀ ਸਿੱਖਿਆ ਨੂੰ ਬਹੁਤ ਮਹੱਤਵ ਦਿੱਤਾ। ਅੰਤਰਰਾਸ਼ਟਰੀ ਬਿਊਰੋ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਹੋਣ ਦੇ ਨਾਤੇ, ਉਸਨੇ 1934 ਵਿੱਚ ਐਲਾਨ ਕੀਤਾ ਸੀ ਕਿ “ਸਿਰਫ ਸਿੱਖਿਆ ਹੀ ਸਾਡੇ ਸਮਾਜਾਂ ਨੂੰ ਹਿੰਸਕ ਤੌਰ ਤੇ ਜਾਂ ਸਹਿਜੇ-ਸਹਿਜੇ ਹੋਣ ਵਾਲੀ ਸੰਭਾਵਿਤ ਬਰਬਾਦੀ ਤੋਂ ਬਚਾਉਣ ਦੇ ਸਮਰੱਥ ਹੈ।" ਉਸ ਦੇ ਬਾਲ ਵਿਕਾਸ ਦੇ ਸਿਧਾਂਤ ਦਾ ਅਧਿਐਨ ਪੂਰਵ-ਸਰਵਿਸ ਐਜੂਕੇਸ਼ਨ ਪ੍ਰੋਗਰਾਮਾਂ ਵਿੱਚ ਕੀਤਾ ਜਾਂਦਾ ਹੈ। ਸਿੱਖਿਅਕ ਰਚਨਾਵਾਦ-ਅਧਾਰਤ ਰਣਨੀਤੀਆਂ ਨੂੰ ਸ਼ਾਮਲ ਕਰਦੇ ਹਨ। ਪਿਆਜ਼ੇ ਨੇ 1955 ਵਿੱਚ ਜਨੇਵਾ ਵਿੱਚ ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਐਪਿਸਟੀਮੋਲੋਜੀ ਦੀ ਸਥਾਪਨਾ ਕੀਤੀ ਅਤੇ 1980 ਵਿੱਚ ਆਪਣੀ ਮੌਤ ਤਕ ਕੇਂਦਰ ਦਾ ਨਿਰਦੇਸ਼ਨਕੀਤਾ। ਇਸ ਦੀ ਸਥਾਪਨਾ ਨਾਲ ਸੰਭਵ ਹੋਈਆਂ ਭਿਆਲੀਆਂ ਦੀ ਗਿਣਤੀ ਅਤੇ ਉਨ੍ਹਾਂ ਦੇ ਪ੍ਰਭਾਵ ਦੇ ਫਲਸਰੂਪ ਕੇਂਦਰ ਨੂੰ ਵਿਦਵਤਾਪੂਰਨ ਸਾਹਿਤ ਵਿੱਚ "ਪਿਆਜ਼ੇ ਦੀ ਫੈਕਟਰੀ" ਵਜੋਂ ਜਾਣਿਆ ਜਾਂਦਾ ਹੈ। ਅਰਨਸਟ ਵਾਨ ਗਲੇਜ਼ਰਸਫ਼ੇਲਡ ਦੇ ਅਨੁਸਾਰ, ਜੀਨ ਪਿਆਜ਼ੇ "ਬੋਧ ਦਾ ਰਚਨਾਵਾਦੀ ਸਿਧਾਂਤ ਦਾ ਮਹਾਨ ਮੋਢੀ ਸੀ।" ਐਪਰ, ਉਸਦੇ ਵਿਚਾਰ 1960 ਦੇ ਦਹਾਕੇ ਤਕ ਵਿਆਪਕ ਤੌਰ ਤੇ ਪ੍ਰਸਿੱਧ ਨਹੀਂ ਹੋਏ ਸਨ। ਇਸ ਨੇ ਫਿਰ ਮਨੋਵਿਗਿਆਨ ਵਿੱਚ ਵਿਕਾਸ ਦੇ ਅਧਿਐਨ ਨੂੰ ਇੱਕ ਪ੍ਰਮੁੱਖ ਉੱਪ-ਅਨੁਸ਼ਾਸ਼ਨ ਦੇ ਰੂਪ ਵਿੱਚ ਉੱਭਰਨ ਵੱਲ ਅੱਗੇ ਤੋਰਿਆ। 20 ਵੀਂ ਸਦੀ ਦੇ ਅੰਤ ਤੱਕ, ਪਿਆਜ਼ੇ ਉਸ ਦੌਰ ਦੇ ਸਭ ਤੋਂ ਵੱਧ ਹਵਾਲਾ ਦਿੱਤੇ ਜਾਂਦੇ ਮਨੋਵਿਗਿਆਨੀ ਵਜੋਂ ਬੀ. ਐਫ.
ਬਲੂ ਗਰਲ ਇੱਕ ਅਮਰੀਕੀ ਡਰਾਮਾ ਲਘੂ ਫ਼ਿਲਮ ਹੈ, ਜੋ ਕਬੀਰ ਮੈਕਨੀਲੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਵਿੱਚ ਬੇਲਾ ਮਰਫੀ ਦੇ ਨਾਲ ਅਡੇਲ ਰੁਡਨਿਕ, ਅਨਾ-ਕਲੇਰ ਹੈਨਲੀ, ਕਬੀਰ ਮੈਕਨੀਲੀ, ਸੇਲੇਸਟੇ ਕੈਸੇਰੀਆ ਅਤੇ ਜੈਮੀ ਉਹਟੋਫ ਸਹਾਇਕ ਭੂਮਿਕਾਵਾਂ ਵਿੱਚ ਹਨ। ਇੱਕ ਵਰਚੁਅਲ ਹੋਮਰੂਮ ਕਲਾਸ ਵਿੱਚ ਸੈੱਟ ਕੀਤੀ ਗਈ, ਫ਼ਿਲਮ ਕੈਟੀ ਨਾਮ ਦੀ ਹਾਈ-ਸਕੂਲ ਦੀ ਵਿਦਿਆਰਥਣ ਦੀ ਕਹਾਣੀ ਪੇਸ਼ ਕਰਦੀ ਹੈ, ਜੋ ਇੱਕ ਲੈਸਬੀਅਨ ਵਜੋਂ ਆਪਣੀ ਕਲਾਸ ਵਿੱਚ ਆਉਂਦੀ ਹੈ।
ਪੂਰਨ ਭਗਤ ਇੱਕ ਪੰਜਾਬੀ ਦੀ ਪੁਰਾਣੀ ਲੋਕ-ਗਾਥਾ ਹੈ ਅਤੇ ਇਹ ਲੋਕ-ਕਹਾਣੀ "ਪੂਰਨ" ਤੇ ਅਧਾਰਿਤ ਹੈ ਜਿਸ ਦਾ ਪਿਤਾ, ਸਲਵਾਨ, ਸਿਆਲਕੋਟ ਦਾ ਰਾਜਾ ਸੀ। ਸਿਆਲਕੋਟ ਦੇ ਇਸ ਰਾਜਕੁਮਾਰ, ਪੂਰਨ ਨੂੰ ਅੱਜ ਦੇ ਸਮੇਂ ਵਿੱਚ "ਬਾਬਾ ਸਹਿਜ ਨਾਥ ਜੀ" ਵਜੋਂ ਪੁਜਿਆ ਜਾਂਦਾ ਹੈ। ਇਸ ਕਥਾ ਤੇ ਅਧਾਰਿਤ ਕਿੱਸਾ ਕਾਦਰਯਾਰ ਦੁਆਰਾ ਰਚਿਆ ਗਿਆ। ਪੂਰਨ ਭਗਤ ਦੀ ਕਥਾ ਮੂਲ ਰੂਪ ਵਿੱਚ ਇੱਕ ਦੰਦ-ਕਥਾ ਹੈ।
ਖੇਤੀਬਾੜੀ (ਅੰਗ੍ਰੇਜ਼ੀ: Agriculture) ਵਿੱਚ ਖੇਤੀ ਦਾ ਵਿਗਿਆਨ ਜਾਂ ਅਭਿਆਸ, ਜਿਸ ਵਿੱਚ ਫਸਲਾਂ ਦੇ ਉਗਾਉਣ ਲਈ ਮਿੱਟੀ ਦੀ ਕਾਸ਼ਤ ਅਤੇ ਭੋਜਨ, ਉੱਨ ਅਤੇ ਹੋਰ ਉਤਪਾਦ ਪ੍ਰਦਾਨ ਕਰਨ ਲਈ ਪੌਦਿਆਂ ਅਤੇ ਜਾਨਵਰਾਂ ਦੀ ਪਰਵਰਿਸ਼ (ਪਾਲਣ-ਪੋਸ਼ਣ) ਸ਼ਾਮਲ ਹੈ। ਖੇਤੀਬਾੜੀ ਅਜਿਹੀ ਕਿਰਿਆ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਕੀਤੀ ਜਾਂਦੀ ਹੈ। ਖੇਤੀਬਾੜੀ ਵਿੱਚ ਫਸਲਾਂ ਅਤੇ ਪਸ਼ੂਆਂ ਦੇ ਉਤਪਾਦਨ, ਪਸ਼ੂ-ਪਾਲਣ, ਜਲ-ਖੇਤੀ, ਮੱਛੀ ਪਾਲਣ ਅਤੇ ਭੋਜਨ ਅਤੇ ਗੈਰ-ਭੋਜਨ ਉਤਪਾਦਾਂ ਲਈ ਜੰਗਲਾਤ ਸ਼ਾਮਲ ਹਨ। ਮਨੁੱਖੀ ਸਭਿਅਤਾ ਦੇ ਉਭਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਨਾਲ ਪਾਲਤੂ ਨਸਲਾਂ ਦੀ ਖੇਤੀ ਨੇ ਵਾਧੂ ਭੋਜਨ ਪੈਦਾ ਕੀਤਾ, ਜਿਸ ਨਾਲ ਲੋਕਾਂ ਨੂੰ ਸ਼ਹਿਰਾਂ ਵਿੱਚ ਰਹਿਣ ਦੇ ਯੋਗ ਬਣਾਇਆ ਗਿਆ। ਖੇਤੀਬਾੜੀ ਦੇ ਅਧਿਐਨ ਨੂੰ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ। ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਜਦੋਂ ਕਿ ਮਨੁੱਖਾਂ ਨੇ ਘੱਟੋ-ਘੱਟ 105,000 ਸਾਲ ਪਹਿਲਾਂ ਅਨਾਜ ਇਕੱਠਾ ਕਰਨਾ ਸ਼ੁਰੂ ਕੀਤਾ ਸੀ, ਨਵੇਂ ਕਿਸਾਨਾਂ ਨੇ ਉਨ੍ਹਾਂ ਨੂੰ ਲਗਭਗ 11,500 ਸਾਲ ਪਹਿਲਾਂ ਬੀਜਣਾ ਸ਼ੁਰੂ ਕੀਤਾ ਸੀ। ਭੇਡਾਂ, ਬੱਕਰੀਆਂ, ਸੂਰ ਅਤੇ ਪਸ਼ੂ 10,000 ਸਾਲ ਪਹਿਲਾਂ ਪਾਲਤੂ ਸਨ। ਦੁਨੀਆ ਦੇ ਘੱਟੋ-ਘੱਟ 11 ਖੇਤਰਾਂ ਵਿੱਚ ਪੌਦਿਆਂ ਦੀ ਸੁਤੰਤਰ ਤੌਰ 'ਤੇ ਕਾਸ਼ਤ ਕੀਤੀ ਗਈ ਸੀ। ਵੀਹਵੀਂ ਸਦੀ ਵਿੱਚ, ਵੱਡੇ ਪੈਮਾਨੇ ਦੇ ਮੋਨੋਕਲਚਰ 'ਤੇ ਆਧਾਰਿਤ ਉਦਯੋਗਿਕ ਖੇਤੀ ਖੇਤੀ ਉਤਪਾਦਨ 'ਤੇ ਹਾਵੀ ਹੋ ਗਈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਮੁੱਖ ਖੇਤੀਬਾੜੀ ਉਤਪਾਦਾਂ ਵਿੱਚ ਭੋਜਨ, ਫਾਈਬਰ, ਈਂਧਨ ਅਤੇ ਕੱਚੇ ਮਾਲ (ਜਿਵੇਂ ਕਿ ਰਬੜ) ਆਦਿ ਸ਼ਾਮਿਲ ਹਨ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਸੋਵੀਅਤ ਸੰਘ (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ USSR ਜਾਂ ਸੋਵੀਅਤ ਯੂਨੀਅਨ ਵੀ ਕਿਹਾ ਜਾਂਦਾ ਸੀ, ਇੱਕ ਸਮਾਜਵਾਦੀ (ਸੋਸ਼ਲਿਸਟ) ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿੱਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇੰਨਾਂ ਵੱਡਾ ਸੀ ਕਿ ਸੋਵੀਅਤ ਸੰਘ ਵਿੱਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸ ਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਸੀ। ਇਸ ਦੀ ਰਾਜਧਾਨੀ ਮਾਸਕੋ ਸੀ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ।
ਮੂ਼ਲ ਮੰਤਰ ਗੂਰੂ ਬਾਣੀ ਦਾ ਅਧਾਰ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮੂਲ ਮੰਤ੍ਰ ਦਾ ਅਰਥ ਸਾਰੇ ਮੰਤਰਾਂ ਦੀ ਜੜ੍ਹ ਹੈ। ਗੁਰੂ ਨਾਨਕ ਦੇਵ ਜੀ ਨੇ ਸੰਨ 1499 ਵਿੱਚ ਜਦ ਤਿੰਨ ਦਿਨ ਲਈ ਵੇਈਂ ਨਦੀ ਪ੍ਰਵੇਸ਼ ਕੀਤਾ ਸੀ ਤਾਂ ਬਾਹਰ ਆਉਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤ੍ਰ ਦਾ ਉਚਾਰਨ ਕੀਤਾ ਸੀ ਜਿਸ ਵਿੱਚ ਪ੍ਰਮਾਤਮਾ ਦੇ ਗੁਣਾਂ ਅਧਾਰਿਤ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਸੀ।
ਜ਼ਫ਼ਰਨਾਮਾ (ਪਾਠ: zəfərnɑːmɑː; ਫ਼ਾਰਸੀ: ظفرنامہ; ਮਤਲਬ: ਜਿੱਤ ਦਾ ਖ਼ਤ) ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ 1705 ਵਿੱਚ ਭੇਜਿਆ ਖ਼ਤ ਜਾਂ ਚਿੱਠੀ ਹੈ। ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ। ਗੁਰੂ ਜੀ ਨੇ ਇਸਨੂੰ ਪਿੰਡ ਕਾਂਗੜ ਦੀ ਧਰਤੀ 'ਤੇ 1705 ਈਸਵੀ ਵਿੱਚ ਲਿਖਿਆ ਜਿਸ ਵਿਚ ਪਿੰਡ ਕਾਂਗੜ ਦਾ ਵਿਸੇਸ ਤੌਰ ਤੇ ਜਿਕਰ ਕੀਤਾ ਹੋਇਆ ਹੈ ਅਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।
ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ। ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।
ਤਖ਼ਤ ਸ੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ, ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ, ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ, ਜੋ ਕਿ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਨੇੜੇ ਹੈ। ਇਸ ਸਥਾਨ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮਕ ਸਿੱਖ ਧਰਮ ਗ੍ਰੰਥਾਂ ਦਾ ਪੂਰਾ ਸੰਸਕਰਣ ਤਿਆਰ ਕੀਤਾ ਸੀ। ਬਾਕੀ ਚਾਰ ਤਖ਼ਤ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਹਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਨ। 1974 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਤੋਂ ਹਟਾਉਣ ਲਈ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਗਿਆ ਸੀ।
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਪੈਗ਼ੰਬਰ ਲਿਬਨਾਨੀ-ਅਮਰੀਕੀ ਕਵੀ, ਕਲਾਕਾਰ, ਦਾਰਸ਼ਨਿਕ ਤੇ ਲੇਖਕ ਖਲੀਲ ਜਿਬਰਾਨ ਦੀ ਵਾਰਤਕ ਦੀ ਕਿਤਾਬ ਹੈ। ਇਹ ਪਹਿਲੀ ਵਾਰ 1923 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਜਿਬਰਾਨ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ। ਪੈਗ਼ੰਬਰ ਦਾ 100 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕਿਆ ਹੈ ਜੋ ਇਸ ਨੂੰ ਇਤਿਹਾਸ ਦੀ ਸਭ ਤੋਂ ਵੱਧ ਅਨੁਵਾਦ ਕੀਤੀਆਂ ਗਈਆਂ ਕਿਤਾਬਾਂ ਵਿੱਚੋਂ ਇੱਕ ਬਣਾਉਂਦਾ ਹੈ। ਇਹ ਕਦੇ ਵੀ ਮੁੱਕੀ ਨਹੀਂ ਅਤੇ ਸਮੇਂ ਤੋਂ ਪਹਿਲਾਂ ਹੀ ਨਵਾਂ ਐਡੀਸ਼ਨ ਮੰਡੀ ਵਿੱਚ ਮੌਜੂਦ ਹੁੰਦਾ ਹੈ।
ਅਵੁਰ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ (15 ਅਕਤੂਬਰ 1931 – 27 ਜੁਲਾਈ 2015) ਇੱਕ ਭਾਰਤੀ ਵਿਗਿਆਨੀ ਸਨ, ਜਿਨ੍ਹਾ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਇਹ ਅਹੁਦਾ ਮਿਲਿਆ ਸੀ। ਉਹ ਇੱਕ ਇੰਜੀਨੀਅਰ ਅਤੇ ਵਿਗਿਆਨੀ ਸਨ। ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਮ ਜੀ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਸਤਿਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਹਨ। ਉਹਨਾਂ ਨੂੰ ਲੋਕ ਦਿ ਮਿਜ਼ਾਇਲ ਮੈਨ ਆਫ ਇੰਡੀਆ ਅਤੇ ਪੀਪਲਜ਼ ਪ੍ਰੇਜੀਡੇਂਟ ਵੀ ਕਹਿੰਦੇ ਹਨ ।ਕਲਾਮ ਜੀ ਨੇ ਲਗਭਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ ਹੈ, ਉਹ ਕਈ ਵੱਕਾਰੀ ਸੰਸਥਾਵਾਂ ਦੇ ਪ੍ਰਸ਼ਾਸਕ ਵੀ ਰਹੇ ਹਨ। ਭਾਰਤ ਨੂੰ ਪ੍ਰਮਾਣੂ ਸ਼ਕਤੀ ਦੇਸ਼ ਬਣਾਉਣ ਵਿੱਚ ਉਹਨਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।
ਗੁਰਿੰਦਰ ਸਿੰਘ ਢਿੱਲੋਂ, ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਬਾਬਾ ਜੀ ਵਜੋਂ ਵੀ ਜਾਣਿਆ ਜਾਂਦਾ ਹੈ, ਰਾਧਾ ਸੁਆਮੀ ਸਤਿਸੰਗ ਬਿਆਸ (RSSB) ਦੇ ਅਧਿਆਤਮਿਕ ਮੁਖੀ ਹਨ। ਆਪ 10 ਜੂਨ 1990 ਨੂੰ ਮਹਾਰਾਜ ਚਰਨ ਸਿੰਘ ਜੀ (ਮਹਾਰਾਜ ਸਾਵਣ ਸਿੰਘ ਜੀ ਦੇ ਪੋਤੇ ਅਤੇ ਮਹਾਰਾਜ ਜਗਤ ਸਿੰਘ ਜੀ ਦੇ ਉੱਤਰਾਧਿਕਾਰੀ), ਜੋ ਓਹਨਾਂ ਦੇ ਮਾਮਾ ਜੀ ਸਨ, ਓਹਨਾਂ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਡੇਰਾ ਬਿਆਸ ਦੇ ਅਗਲੇ ਅਧਿਆਤਮਿਕ ਮੁਖੀ ਬਣੇ। ਇਸ ਅਧਿਆਤਮਿਕ ਸੰਪਰਦਾ ਦਾ ਮੁੱਖ ਕੇਂਦਰ, ਡੇਰਾ ਬਾਬਾ ਜੈਮਲ ਸਿੰਘ, ਉੱਤਰੀ ਭਾਰਤ ਵਿੱਚ ਪੰਜਾਬ ਦੇ ਬਿਆਸ ਸ਼ਹਿਰ ਦੇ ਨੇੜੇ ਬਿਆਸ ਦਰਿਆ ਦੇ ਕੰਢੇ 'ਤੇ ਸਥਿਤ ਹੈ, ਅਤੇ 1891 ਤੋਂ ਸਤਿਸੰਗ ਦਾ ਕੇਂਦਰ ਰਿਹਾ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਤਿਸੰਗ ਘਰ ਪੂਰੀ ਦੁਨੀਆ ਵਿੱਚ ਸਥਿਤ ਹਨ।
ਬਾਬਰ (ਅੰਗ੍ਰੇਜ਼ੀ: Babur; ਫ਼ਾਰਸੀ: bɑː.βuɾ, ਰੋਮਨਾਈਜ਼ਡ: ਬਾਬਰ, ਭਾਵ: 'ਟਾਈਗਰ'; 14 ਫਰਵਰੀ 1483 – 26 ਦਸੰਬਰ 1530), ਜਨਮ ਨਾਮ: ਮਿਰਜ਼ਾ ਜ਼ਹੀਰ-ਉਦ-ਦੀਨ ਮੁਹੰਮਦ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਾਮਰਾਜ ਦਾ ਸੰਸਥਾਪਕ ਸੀ। ਉਹ ਆਪਣੇ ਪਿਤਾ ਅਤੇ ਮਾਤਾ ਦੁਆਰਾ ਕ੍ਰਮਵਾਰ ਤੈਮੂਰ ਅਤੇ ਚੰਗੇਜ਼ ਖਾਨ ਦਾ ਵੰਸ਼ਜ ਸੀ। ਉਸ ਨੂੰ ਮਰਨ ਉਪਰੰਤ ਫਿਰਦੌਸ ਮਾਕਾਨੀ ('ਸਵਰਗ ਵਿਚ ਨਿਵਾਸ') ਦਾ ਨਾਮ ਵੀ ਦਿੱਤਾ ਗਿਆ ਸੀ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਸੰਦ ਸ਼ਬਦ ਦਾ ਅਰਥ ਹੈ ਅਜਿਹੀ ਕੋਈ ਵੀ ਵਸਤੂ ਜਿਸਨੂੰ ਲੋੜ ਮੁਤਾਬਿਕ, ਲੋੜ ਨੂੰ ਪੂਰਾ ਕਰਨ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਪੇਂਡੂ ਕਿਰਤ ਦੇ ਸੰਦਾਂ ਤੋਂ ਭਾਵ ਉਹ ਵਸਤਾਂ ਜਿੰਨ੍ਹਾਂ ਦੀ ਵਰਤੋਂ ਕਰਕੇ ਪੇਂਡੂ ਲੋਕ ਆਪਣੀ ਕਿਰਤ ਕਰਦੇ ਹਨ। ਇਨ੍ਹਾਂ ਸੰਦਾਂ ਦੀ ਵਰਤੋਂ ਆਰੰਭ ਤੋਂ ਲੈ ਕੇ ਅੱਜ ਤੱਕ ਹੁੰਦੀ ਆਈ ਹੈ। ਪਰ ਹੁਣ ਕੁਝ ਅਜਿਹੇ ਸੰਦ ਹਨ ਜਿੰਨ੍ਹਾਂ ਦੀ ਵਰਤੋਂ ਮਸ਼ੀਨਾਂ ਦੇ ਆਉਣ ਨਾਲ ਘੱਟਦੀ ਜਾ ਰਹੀ ਹੈ। ਹੁਣ ਅਸੀਂ ਇਸ ਬਾਰੇ ਵਿਸਥਾਰਪੂਰਵਕ ਪੜ੍ਹਾਂਗੇ।
ਰਾਏ- ਅਬਦੁੱਲਾ ਖ਼ਾਨ ਭੱਟੀ, ਪ੍ਰਚਲਿਤ ਨਾਮ ਦੁੱਲਾ ਭੱਟੀ (ਸ਼ਾਹਮੁਖੀ: دًﻻ بھٹى) ਪੰਜਾਬ ਦਾ ਇੱਕ ਪ੍ਰਸਿੱਧ ਪ੍ਰਾਚੀਨ ਰਾਜਪੂਤ ਨਾਇਕ ਸੀ, ਜਿਸਨੇ ਮੁਗਲ ਸਮਰਾਟ ਅਕਬਰ ਦੇ ਖਿਲਾਫ ਇੱਕ ਬਗ਼ਾਵਤ ਦੀ ਅਗਵਾਈ ਕੀਤੀ ਸੀ। ਉਸਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫਰੀਦ ਸੀ।ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿੱਚ ਦੁੱਧ ਚੁੰਘਾਵੀ ਦੇ ਤੌਰ ਤੇ ਕੰਮ ਕੀਤਾ। ਰਾਏ ਅਬਦੁੱਲਾ ਖਾਨ ਨੇ ਇਸ ਹੱਦ ਤੱਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਅਤੇ ਲਗਭਗ 20 ਸਾਲਾਂ ਲਈ ਲਾਹੌਰ ਵਿੱਚ, ਲਾਹੌਰ ਕਿਲੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ। ਪੰਜਾਬੀ ਭਾਸ਼ਾ ਵਿੱਚ ਇੱਕ ਕਿੱਸਾ ਹੈ ਜਿਸ ਨੂੰ 'ਦੁੱਲੇ ਦੀ ਵਾਰ' ਕਿਹਾ ਜਾਂਦਾ ਹੈ। ਇਸ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ। ਅਤੇ ਇੱਕ ਇਲਾਕੇ ਦਾ ਨਾਂ 'ਦੁੱਲੇ ਦੀ ਬਾਰ' ਯਾਨੀ ਦੁੱਲਾ ਭੱਟੀ ਦਾ ਜੰਗਲ ਹੈ। ਇਹ ਮਹਾਨ ਰਾਜਪੂਤ ਨਾਇਕ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਮੈਣੀ ਸਾਹਿਬ ਕਬਰਿਸਤਾਨ ਵਿੱਚ ਦਫਨ ਦੱਸਿਆ ਜਾਂਦਾ ਹੈ।
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।