ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰ ਹਰਿਕ੍ਰਿਸ਼ਨ (7 ਜੁਲਾਈ 1656 – 30 ਮਾਰਚ 1664 ਜੂਲੀਅਨ ਕਲੰਡਰ) ਸਿੱਖਾਂ ਦੇ ਅੱਠਵੇਂ ਗੁਰੂ ਸੀ। ਗੁਰੂ ਹਰਿਕ੍ਰਿਸ਼ਨ ਜਿਨ੍ਹਾਂ ਨੂੰ ਬਾਲ ਗੁਰੂ (ਬਾਲ ਗੁਰੂ), ਜਾਂ ਹਰੀ ਕ੍ਰਿਸ਼ਨ ਸਾਹਿਬ, ਵਜੋਂ ਵੀ ਜਾਣਿਆ ਜਾਂਦਾ ਹੈ। ਪੰਜ ਸਾਲ ਦੀ ਉਮਰ ਵਿੱਚ, ਉਹ ਆਪਣੇ ਪਿਤਾ, ਗੁਰੂ ਹਰਿਰਾਇ, ਤੋਂ ਬਾਅਦ ਗੱਦੀ 'ਤੇ ਬੈਠੇ ਅਤੇ ਸਿੱਖ ਧਰਮ ਵਿੱਚ ਸਭ ਤੋਂ ਛੋਟੇ ਗੁਰੂ ਬਣੇ। 1664 ਵਿੱਚ ਗੁਰੂ ਨੂੰ ਚੇਚਕ ਹੋ ਗਈ ਅਤੇ ਉਹ ਆਪਣੇ ਅੱਠਵੇਂ ਜਨਮਦਿਨ ਤੱਕ ਪਹੁੰਚਣ ਤੋਂ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ, ਗੁਰੂਜੀ ਵਜੋਂ ਸਭ ਤੋਂ ਛੋਟਾ ਰਾਜ, ਸਿਰਫ਼ ਦੋ ਸਾਲ, ਪੰਜ ਮਹੀਨੇ ਅਤੇ 24 ਦਿਨ ਰਿਹਾ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ, ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰਸੀ ਸ਼ਾਹਕਾਰ ਹੈ। ਇਸ ਵਿੱਚ ਚੰਡੀ ਦੇਵੀ ਨੂੰ ਭਗੌਤੀ ਦੇ ਰੂਪ ਵਿੱਚ, ਦੈਂਤਾਂ ਦਾ ਨਾਸ ਕਰਨ ਵਾਲੀ ਦੈਵੀ ਸ਼ਕਤੀ ਵਜੋਂ ਰੂਪਾਤ੍ਰਿਤ ਕੀਤਾ ਗਿਆ ਹੈ।ਇਸ ਰਚਨਾ ਦਾ ਮੁੱਖ ਉਦੇਸ਼ ਮੁਸਲਿਮ ਫ਼ੋਜਾਂ ਦੀ ਵੱਡੀ ਗਿਣਤੀ ਦੇਖ ਕੇ ਸਿਹਮੀ ਹੋਈ ਸਿੱਖ ਫ਼ੋਜਾਂ ਦਾ ਹੌਸਲਾਂ ਵਧਾਉਣਾ ਸੀ।ਇਸ ਰਚਨਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੋਜਾਂ ਨੇ ਮੁਸਲਿਮ ਫ਼ੋਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤਾ। ਡਾ. ਬਿਕਰਮ ਸਿੰਘ ਘੁੰਮਣ, ਡਾ.
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਗੁਰਬਚਨ ਸਿੰਘ ਰੰਧਾਵਾ (ਜਨਮ 6 ਜੂਨ 1939, ਪੰਜਾਬ ਨੰਗਲੀ, ਅੰਮ੍ਰਿਤਸਰ ਵਿੱਚ) ਇੱਕ ਸਾਬਕਾ ਭਾਰਤੀ ਐਥਲੀਟ ਹੈ ਜਿਸ ਨੇ ਡੈਕਾਥਲੋਨ ਵਿੱਚ 1962 ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਉਸਨੇ 110 ਰੁਕਾਵਟਾਂ, ਉੱਚੀ ਛਾਲ ਅਤੇ ਡੈਕਾਥਲਾਨ ਵਿੱਚ 1960 ਅਤੇ 1964 ਦੀਆਂ ਸਮਰ ਓਲੰਪਿਕਾਂ ਵਿੱਚ ਭਾਗ ਲਿਆ। ਉਹ 1964 ਦੀ ਟੋਕੀਓ ਓਲੰਪਿਕ ਵਿੱਚ 110 ਰੁਕਾਵਟਾਂ ਵਿੱਚ 14.07 ਸਕਿੰਟ ਦਾ ਸਮਾਂ ਕਢ ਕੇ ਪੰਜਵੇਂ ਸਥਾਨ ਤੇ ਰਿਹਾ ਸੀ। 1961 ਵਿੱਚ ਜਦ ਉਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਉਹ ਇਹ ਅਵਾਰਡ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣ ਗਿਆ। 2005 ਵਿੱਚ ਉਸਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ।
ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫਸਰ, ਜੌਨ ਪੀ.
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਸਿੰਧੂ ਘਾਟੀ ਸੱਭਿਅਤਾ (ਅੰਗ੍ਰੇਜ਼ੀ: Indus Valley Civilisation) ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖਾਂ ਦਾ ਕੇਂਦਰੀ ਧਾਰਮਿਕ ਗਰੰਥ ਹੈ, ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ ਸੰਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਵਿਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿਚ 36 ਸੰਤਾਂ ਦੀ ਬਾਣੀ ਹੈ ਜਿਸ ਵਿਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਇਸ ਵਿਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ।
ਸਫ਼ਰਨਾਮਿਆਂ ਦੀ ਪਰੰਪਰਾ ਸਾਹਿਤ ਵਿੱਚ ਆਦਿ ਕਾਲ ਤੋਂ ਚਲੀ ਆ ਰਹੀ ਹੈ। ਭਾਰਤੀ ਸਾਹਿਤ ਵਿੱਚ ਸਭ ਤੋਂ ਪਹਿਲਾ ਸਫ਼ਰਨਾਮਿਆਂ ਦੀ ਝਲਕ ਸੰਸਕ੍ਰਿਤ ਸਾਹਿਤ ਵਿੱਚ ਦੇਖਣ ਜਾਂ ਪੜ੍ਹਨ ਨੂੰ ਮਿਲਦੀ ਹੈ। ਪੂਰਵ ਇਤਿਹਾਸਕ ਕਾਲ ਵਿੱਚ ਮਨੁੱਖ ਦੀ ਯਾਤਰਾ ਕਰਨ ਦੀ ਪ੍ਰਵਿਰਤੀ ਦੀ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਬੁੱਧ ਧਰਮ ਦੇ ਭਿਖਸ਼ੂ ਤੇ ਭਿਕਸ਼ਣੀਆਂ, ਜੈਨ ਮਤ ਦੇ ਦਿਗੰਬਰ ਆਮ ਜਨਤਾ ਵਿੱਚ ਧਰਮ ਦਾ ਪ੍ਰਚਾਰ ਕਰਨ ਲਈ ਦੂਰ-ਦੂਰ ਤੱਕ ਯਾਤਰਾ ਕਰਦੇ ਸਨ। ਕਾਲੀਦਾਸ ਦਾ ਵਿਭਿੰਨ ਦੇਸ਼ਾਂ ਦੇ ਪ੍ਰਕਿਰਤੀ ਚਿਤਰਨ ਤੋਂ ਉਸ ਦੀ ਯਾਤਰਾ ਮਨੋਵਿਰਤੀਆਂ ਦਾ ਪਤਾ ਲਗਦਾ ਹੈ। ਅਜਨਬੀ ਅਤੇ ਬੇਗਾਨੀਆਂ ਧਰਤੀਆਂ ਦੀ ਯਾਤਰਾ ਕਰਨਾ ਵੱਖਰੇ-ਵੱਖਰੇ ਸੱਭਿਆਚਾਰਾਂ ਨੂੰ ਦੇਖਣਾ ਘੋਖਣਾ ਮਨੁੱਖ ਦੀ ਸ਼ੁਰੂ ਤੋਂ ਪ੍ਰਵਿਰਤੀ ਰਹੀ ਹੈ। ਮੈਗਸਥਨੀਜ਼, ਹਿਊਨਸਾਂਗ, ਇਬਨ ਬਤੂਤਾ, ਫਾਹੀਆਨ ਆਦਿ ਸੈਲਾਨੀ ਵਿਸ਼ਵ ਭਰ ਵਿੱਚ ਪ੍ਰਸਿਧ ਰਹੇ ਹਨ। ਇਹਨਾਂ ਨੇ ਆਪਣੀਆਂ ਯਾਤਰਾਵਾਂ ਦਾ ਵਰਣਨ ‘ਸਫ਼ਰਨਾਮਿਆਂ` ਦੇ ਰੂਪ ਵਿੱਚ ਕੀਤਾ ਹੈ ਤਾਂ ਜੋ ਲੋਕ ਬੇਗਾਨੀਆਂ ਤੇ ਅਜਨਬੀ ਧਰਤੀਆਂ ਸੱਭਿਆਚਾਰਾਂ ਬਾਰੇ ਜਾਣ ਸਕਣ ਕਿਉਂਕਿ ਸਫ਼ਨਾਮਾ ਇੱਕ ਅਜਿਹੀ ਸਿਰਜਨ ਪ੍ਰਕਿਰਿਆ ਹੈ ਜਿਸ ਵਿੱਚ ਲੇਖਕ ਆਪਣੇ ਆਪ ਨਾਲ ਜੁੜੀਆਂ ਘਟਨਾਵਾਂ ਦੇ ਰਾਹੀਂ ਆਪਣੇ ਸਮੇਂ, ਸਥਾਨ ਅਤੇ ਦੇਸ਼ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਾਰਕ ਪ੍ਰਸਥਿਤੀਆਂ ਦਾ ਗਿਆਨ ਕਰਾਵਉਂਦਾ ਹੈ। ਆਧੁਨਿਕ ਸਮੇਂ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀ ਆਉਣ ਅਤੇ ਸੂਚਨਾ ਤਕਨਾਲੋਜੀ ਦੇ ਵਿਕਸਿਤ ਹੋਣ ਨਾਲ ਅਸੀਂ ਦੁਨੀਆ ਦੇ ਹਰ ਕੋਨੇ ਵਿਚਲੀਆਂ ਸਰਗਰਮੀਆਂ ਤੇ ਘਟਨਾਵਾਂ ਬਾਰੇ ਸੂਚਨਾ ਪ੍ਰਾਪਤ ਕਰ ਸਕਦੇ ਹਾਂ, ਪ੍ਰੰਤੂ ਮੱਧਕਾਲ ਵਿੱਚ ਅਜਿਹਾ ਸੰਭਵ ਨਹੀਂ ਸੀ। ਇਸ ਕਰਕੇ ਸਫ਼ਰਨਾਮੇ ਨੂੰ ਦੂਜੀਆਂ ਥਾਵਾਂ ਦੀਆਂ ਸੂਚਨਾਵਾਂ ਪ੍ਰਾਪਤ ਕਰਨ ਦਾ ਪ੍ਰਮਾਣਿਕ ਸ੍ਰੋਤ ਮੰਨਿਆ ਜਾਂਦਾ ਸੀ।
ਪੰਜਾਬੀ ਨਾਵਲ ਦਾ ਇਤਿਹਾਸ ਗੁਰਪਾਲ ਸਿੰਘ ਸੰਧੂ ਦੁਆਰਾ ਲਿਖਿਆ ਹੈ। ਇਸ ਦੇ ਸੱਤ ਹਿੱਸੇ ਬਣਾਏ ਹਨ। ਸਭ ਤੋਂ ਪਹਿਲਾ ਨਾਵਲ ਦੀਆਂ ਵਿਸ਼ੇਸ਼ਤਾਵਾਂ ਅਤੇ ਪੰਜਾਬੀ ਨਾਵਲ ਦੇ ਮੁੱਢ ਬੱਝਣ ਤੇ ਪ੍ਰੇਰਨਾ ਸਰੋਤਾਂ ਬਾਰੇ ਵਿਚਾਰ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਨਾਵਲ ਦੇ ਮੁੱਢਲੇ ਸਰੂਪ ਅਤੇ ਪੰਜਾਬੀ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਤੀਜੇ-ਚੌਥੇ ਹਿੱਸੇ ਵਿੱਚ ਪੰਜਾਬੀ ਨਾਵਲ ਦੀ ਪ੍ਰਮੁੱਖ ਰਚਨਾਤਮਕ ਪ੍ਰਵਿਰਤੀਆਂ ਨਾਲ ਸੰਬੰਧਿਤ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਹਿੱਸੇ ਵਿੱਚ ਉਤਰ-ਯਥਾਰਥਵਾਦੀ ਨਾਵਲ ਦੇ ਸਿਰਲੇਖ ਹੇਠ ਸਮਕਾਲੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਨਾਵਲ ਦੇ ਸੱਤਵੇਂ ਹਿੱਸੇ ਵਿੱਚ ਪਰਵਾਸੀ ਪੰਜਾਬੀ ਨਾਵਲ ਤੇ ਪਾਕਿਸਤਾਨੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਸ਼੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਤਖ਼ਤ ਸ੍ਰੀ ਦਰਬਾਰ ਸਾਹਿਬ ਦਮਦਮਾ ਸਾਹਿਬ, ਇਹ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ, ਜੋ ਕਿ ਤਲਵੰਡੀ ਸਾਬੋ ਵਿੱਚ ਸਥਿਤ ਹੈ, ਜੋ ਕਿ ਪੰਜਾਬ, ਭਾਰਤ ਦੇ ਬਠਿੰਡਾ ਜ਼ਿਲ੍ਹੇ ਦੇ ਬਠਿੰਡਾ ਸ਼ਹਿਰ ਦੇ ਨੇੜੇ ਹੈ। ਇਸ ਸਥਾਨ 'ਤੇ ਦਸਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ 1705 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮਕ ਸਿੱਖ ਧਰਮ ਗ੍ਰੰਥਾਂ ਦਾ ਪੂਰਾ ਸੰਸਕਰਣ ਤਿਆਰ ਕੀਤਾ ਸੀ। ਬਾਕੀ ਚਾਰ ਤਖ਼ਤ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਵਿਸਾਖੀ ਜਾਂ ਬੈਸਾਖੀ ਵੈਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਦਰਸਾਉਂਦਾ ਹੈ ਅਤੇ ਰਵਾਇਤੀ ਤੌਰ 'ਤੇ ਹਰ ਸਾਲ 13 ਅਪ੍ਰੈਲ ਅਤੇ ਕਈ ਵਾਰ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਤੌਰ 'ਤੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਬਸੰਤ ਦੇ ਬਾਅਦ ਹਾੜੀ ਦੀ ਵਾਢੀ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਤਿਉਹਾਰ ਨੂੰ ਭਾਰਤ ਦੇ ਵੱਖ-ਵੱਖ ਸੱਭਿਆਚਾਰ ਅਤੇ ਡਾਇਸਪੋਰਾ ਵੀ ਮਨਾਉਂਦੇ ਹਨ। ਇਹ ਵਾਢੀ ਦੇ ਤਿਉਹਾਰ ਵਜੋਂ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵਿਸਾਖੀ ਭਾਰਤੀ ਸੂਰਜੀ ਨਵੇਂ ਸਾਲ ਦੀ ਤਾਰੀਖ ਵੀ ਹੈ।
ਫ਼ਰੀਦਉਦੀਨ ਮਸੂਦ ਗੰਜਸ਼ਕਰ (ਅੰਗ੍ਰੇਜ਼ੀ ਵਿੱਚ: Farīduddīn Masūd Ganjshakar; 4 ਅਪ੍ਰੈਲ 1188 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਰਹੱਸਵਾਦੀ, ਪ੍ਰਚਾਰਕ, ਕਵੀ ਅਤੇ ਧਾਰਮਿਕ ਉਪਦੇਸ਼ਕ ਸੀ। ਉਹ ਮੁਸਲਮਾਨਾਂ ਅਤੇ ਸਿੱਖਾਂ ਦੋਵਾਂ ਦੁਆਰਾ ਸਤਿਕਾਰਿਆ ਜਾਂਦਾ ਹੈ ਅਤੇ ਇਸਲਾਮੀ ਸੁਨਹਿਰੀ ਯੁੱਗ ਦੌਰਾਨ ਦੱਖਣੀ ਏਸ਼ੀਆ ਦੇ ਸਭ ਤੋਂ ਸਤਿਕਾਰਯੋਗ ਮੁਸਲਿਮ ਰਹੱਸਵਾਦੀਆਂ ਵਿੱਚੋਂ ਇੱਕ ਹੈ।
ਐਪਰਲ ਫੂਲ ਡੇ ਜੋ ਕਿ ਪਹਿਲੀ ਅਪ੍ਰੈਲ ਦਾ ਦਿਨ ਹੈ, ਇਸ ਨੂੰ ਮੂਰਖ ਦਿਵਸ ਦੇ ਨਾਂ ਨਾਲ ਵੀ ਪ੍ਰਸਿੱਧੀ ਪ੍ਰਾਪਤ ਹੈ। ਇਸ ਦਿਨ ਕੋਈ ਵੀ ਵਿਅਕਤੀ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਜਦੋਂ ਕੋਈ ਇਨਸਾਨ ਅਪਰੈਲ ਫੂਲ ਬਣ ਜਾਂਦਾ ਹੈ ਤਾਂ ਮੂਰਖ ਬਣਾਉਣ ਵਾਲਾ ਵਿਅਕਤੀ ਉੱਚੀ ਜਿਹੀ "ਅਪਰੈਲ ਫੂਲ!" ਚਿਲਾ ਕੇ ਸਾਹਮਣੇ ਵਾਲੇ ਨੂੰ ਆਪਣੇ ਮਜ਼ਾਕ ਬਾਰੇ ਦੱਸਦਾ ਹੈ। ਇਸ ਤਰ੍ਹਾਂ ਦੇ ਮਜ਼ਾਕਾਂ ਵਿੱਚ ਮਾਸ ਮੀਡੀਆ ਵੀ ਸ਼ਾਮਲ ਹੋ ਸਕਦਾ ਹੈ। ਓਡੇਸਾ, ਯੂਕਰੇਨ, ਪਹਿਲਾ ਸ਼ਹਿਰ ਹੈ ਜਿੱਥੇ ਅਪਰੇਲ ਦੀ ਸਰਕਾਰੀ ਸ਼ਹਿਰੀ ਛੁੱਟੀ ਹੁੰਦੀ ਹੈ, ਨੂੰ ਛੱਡ ਕੇ ਕਿਸੇ ਵੀ ਦੇਸ਼ ਵਿੱਚ ਇਸ ਦਿਨ ਜਨਤਕ ਛੁੱਟੀ ਨਹੀਂ ਹੁੰਦੀ ਹੈ। ਇਤਿਹਾਸਕ ਤੌਰ 'ਤੇ ਦੁਨੀਆਂ ਵਿੱਚ ਇਸ ਦਿਨ ਕੋਈ ਵੀ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਹਾਨੀ-ਰਹਿਤ ਮਜ਼ਾਕ ਕਰ ਸਕਦਾ ਹੈ।
ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ(travelogue) ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ। ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿੱਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ। ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਉਹ ਡਾਇਰੀ ਹੈ, ਜਿਸ ਵਿੱਚ ਸਫ਼ਰ ਦੇ ਹਾਲ-ਹਵਾਲ ਲਿਖੇ ਹੋਣ। ਜੀਤ ਸਿੰਘ ਸੀਤਲ ਸਫ਼ਰਨਾਮੇ ਬਾਰੇ ਲਿਖਦੇ ਹਨ ਕਿ ਇਸ ਵਿੱਚ ਕਿਸੇ ਵਿਅਕਤੀ ਦੇ ਯਾਤਰਾ ਸਮਾਚਾਰ ਵਰਣਨ ਕੀਤੇ ਜਾਂਦੇ ਹਨ। ਭਾਵੇਂ ਇਸ ਸਾਹਿਤਕ ਰੂਪ ਦਾ ਸਮਾਚਾਰ ਘਟਨਾਕ੍ਰਮ ਅਨੁਸਾਰ ਚੱਲਦਾ ਹੈ ਪਰ ਵਿਸ਼ੇਸ਼ ਉਤਸੁਕਤਾ ਉਸ ਵਿਅਕਤੀ ਬਾਰੇ ਨਹੀਂ ਹੁੰਦੀ ਸਗੋਂ ਉਸ ਵਿਸ਼ੇਸ਼ ਭੂਮੀ ਜਾਂ ਸਭਿਅਤਾ ਦੀ ਹੁੰਦੀ ਹੈ ਜੋ ਯਾਤਰਾ ਦਾ ਕੇਂਦਰ ਬਣਦੀ ਹੈ।
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਬਲੂ ਗਰਲ ਇੱਕ ਅਮਰੀਕੀ ਡਰਾਮਾ ਲਘੂ ਫ਼ਿਲਮ ਹੈ, ਜੋ ਕਬੀਰ ਮੈਕਨੀਲੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਫ਼ਿਲਮ ਵਿੱਚ ਬੇਲਾ ਮਰਫੀ ਦੇ ਨਾਲ ਅਡੇਲ ਰੁਡਨਿਕ, ਅਨਾ-ਕਲੇਰ ਹੈਨਲੀ, ਕਬੀਰ ਮੈਕਨੀਲੀ, ਸੇਲੇਸਟੇ ਕੈਸੇਰੀਆ ਅਤੇ ਜੈਮੀ ਉਹਟੋਫ ਸਹਾਇਕ ਭੂਮਿਕਾਵਾਂ ਵਿੱਚ ਹਨ। ਇੱਕ ਵਰਚੁਅਲ ਹੋਮਰੂਮ ਕਲਾਸ ਵਿੱਚ ਸੈੱਟ ਕੀਤੀ ਗਈ, ਫ਼ਿਲਮ ਕੈਟੀ ਨਾਮ ਦੀ ਹਾਈ-ਸਕੂਲ ਦੀ ਵਿਦਿਆਰਥਣ ਦੀ ਕਹਾਣੀ ਪੇਸ਼ ਕਰਦੀ ਹੈ, ਜੋ ਇੱਕ ਲੈਸਬੀਅਨ ਵਜੋਂ ਆਪਣੀ ਕਲਾਸ ਵਿੱਚ ਆਉਂਦੀ ਹੈ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੂਫ਼ੀ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ। ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਵੀ ਬਣੀ ਹੋਈ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ।
ਗੁਰਦਿਆਲ ਸਿੰਘ (10 ਜਨਵਰੀ 1933 - 16 ਅਗਸਤ 2016) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਅਨੁਵਾਦਕ ਸੀ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਬਾਅਦ ਵਿੱਚ ਪੜ੍ਹਨ ਕਰਕੇ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਇਆ।
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ
ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।
ਬਾਲ ਮਜ਼ਦੂਰੀ, ਬੱਚਿਆਂ ਦੇ ਅਜਿਹੇ ਰੁਜ਼ਗਾਰ ਨੂੰ ਕਿਹਾ ਜਾਂਦਾ ਹੈ ਜੋ ਬੱਚਿਆਂ ਨੂੰ ਉਹਨਾਂ ਦੇ ਬਚਪਨ ਤੋਂ ਵਾਝਿਆਂ ਕਰਦਾ ਹੈ, ਉਹਨਾਂ ਦੇ ਨਿਯਮਤ ਸਕੂਲ ਜਾਣ ਵਿੱਚ ਅੜਿੱਕਾ ਬਣਦਾ ਹੈ ਅਤੇ ਜਿਹੜਾ ਉਹਨਾਂ ਲਈ ਮਾਨਸਿਕ, ਸਰੀਰਕ, ਸਮਾਜਿਕ ਅਤੇ ਨੈਤਿਕ ਪੱਖਾਂ ਤੋਂ ਖ਼ਤਰਨਾਕ ਅਤੇ ਨੁਕਸਾਨਦੇਹ ਹੁੰਦਾ ਹੈ। ਬਹੁਤ ਸਾਰੀਆਂ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਇਸ ਅਭਿਆਸ ਨੂੰ ਸ਼ੋਸ਼ਣਕਾਰੀ ਐਲਾਣਿਆ ਗਿਆ ਹੈ। ਦੁਨੀਆ ਭਰ ਦੇ ਸੰਵਿਧਾਨ ਬਾਲ ਮਜ਼ਦੂਰੀ ਤੇ ਰੋਕ ਲਾਉਂਦੇ ਹਨ। ਇਹ ਕਾਨੂੰਨ ਬੱਚਿਆਂ ਦੁਆਰਾ ਕੀਤੇ ਹਰ ਕੰਮ ਨੂੰ ਬਾਲ ਮਜ਼ਦੂਰੀ ਨਹੀਂ ਮੰਨਦੇ ਜੀ ਜਿਹਨਾਂ ਵਿੱਚ ਬਾਲ ਕਲਾਕਾਰਾਂ ਦਾ ਕੰਮ, ਪਰਿਵਾਰਿਕ ਜਿੰਮੇਵਾਰੀਆਂ, ਦੇਖਰੇਖ ਹੇਠ ਦਿੱਤੀ ਸਿਖਲਾਈ ਆਦਿ ਸ਼ਾਮਿਲ ਹਨ।. ਬਾਲ ਮਜ਼ਦੂਰੀ ਇਤਿਹਾਸ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਮੌਜੂਦ ਰਹੀ ਹੈ। 19ਵੀਂ ਅਤੇ 20 ਵੀਂ ਸਾਡੀ ਦੌਰਾਨ ਯੂਰਪ, ਅਮਰੀਕਾ ਅਤੇ ਯੂਰਪੀਅਨ ਤਾਕਤਾਂ ਦੀਆਂ ਬਸਤੀਆਂ ਵਿੱਚ ਗਰੀਬ ਪਰਿਵਾਰਾਂ ਦੇ 5 ਤੋਂ 14 ਸਾਲਾਂ ਦੇ ਬੱਚੇ ਕੰਮ ਕਰ ਰਹੇ ਸਨ। ਇਹ ਬੱਚੇ ਮੁੱਖ ਤੌਰ 'ਤੇ ਘਰਾਂ, ਖੇਤੀਬਾੜੀ, ਘਰੇਲੂ ਉਦਯੋਗਾਂ, ਕਾਰਖਾਨਿਆਂ, ਖਾਣਾਂ ਅਤੇ ਅਖ਼ਬਾਰ ਵੰਡਣ ਦੇ ਕੰਮ ਕਰਦੇ ਸਨ। ਕੁਝ ਤਾਂ ਰਾਤ ਦੀਆਂ ਪਾਰੀਆਂ ਵਿੱਚ 12 ਘੰਟੇ ਕੰਮ ਵੀ ਕਰਦੇ ਸਨ। ਘਰੇਲੂ ਆਮਦਨ ਵਧਣ, ਸਕੂਲਾਂ ਦੀ ਸਹੂਲਤ ਅਤੇ ਬਾਲ ਮਜ਼ਦੂਰੀ ਕਾਨੂੰਨਾਂ ਦੇ ਬਣਨ ਨਾਲ ਮਜਦੂਰੀ ਵਿੱਚ ਬਾਲ ਮਜਦੂਰੀ ਦੀ ਦਰ ਹੇਠਾਂ ਆ ਗਈ। ਦੁਨੀਆ ਦੇ ਗਰੀਬ ਦੇਸ਼ਾਂ ਵਿੱਚ 4 ਵਿਚੋਂ 1 ਬੱਚਾ ਬਾਲ ਮਜ਼ਦੂਰੀ ਤੇ ਲੱਗਾ ਹੋਇਆ ਹੈ ਜਿਸ ਵਿੱਚ ਸਭ ਤੋਂ ਵੱਧ 29% ਅਫਰੀਕਾ ਵਿੱਚ ਰਹਿੰਦੇ ਹਨ। 2017 ਵਿੱਚ ਚਾਰ ਅਫ਼ਰੀਕੀ ਦੇਸ਼ਾਂ (ਮਾਲੀ, ਬੇਨਿਨ, ਚਾਡ, ਗੁਇਨੇਆ-ਬਿੱਸਾਉ) ਵਿੱਚ 5-14 ਸਾਲਾਂ ਦੇ 50 % ਬੱਚੇ ਕੰਮ ਕਰ ਰਹੇ ਸਨ। ਦੁਨੀਆ ਭਰ ਵਿੱਚ ਖੇਤੀਬਾੜੀ ਬੱਚਿਆਂ ਨੂੰ ਰੁਜ਼ਗਾਰ ਦੇਣ ਦਾ ਸਭ ਤੋਂ ਵੱਡਾ ਖੇਤਰ ਹੈ। ਬਾਲ ਮਜ਼ਦੂਰਾਂ ਦੀ ਬਹੁ ਗਿਣਤੀ ਦਿਹਾਤੀ ਇਲਾਕਿਆਂ ਅਤੇ ਘੱਟ ਵਿਕਸਿਤ ਸ਼ਹਿਰੀ ਆਰਥਿਕਤਾ ਵਿੱਚ ਮਿਲਦੀ ਹੈ। ਬੱਚੇ ਕਾਰਖਾਨਿਆਂ ਦੀ ਬਜਾਏ ਉਹਨਾਂ ਦੇ ਮਾਪਿਆਂ ਦੁਆਰਾ ਆਪਣੇ ਨਾਲ ਕੰਮ ਤੇ ਲਾਏ ਜਾਂਦੇ ਹਨ। ਗਰੀਬੀ ਅਤੇ ਸਕੂਲਾਂ ਦੀ ਘਾਟ ਨੂੰ ਬਾਲ ਮਜ਼ਦੂਰੀ ਦੇ ਮੁੱਢਲੇ ਕਾਰਣ ਵਜੋਂ ਦੇਖਿਆ ਜਾਂਦਾ ਹੈ। ਵਿਸ਼ਵ ਬੈਂਕ ਅਨੁਸਾਰ ਵਿਸ਼ਵ ਪੱਧਰ ਤੇ ਬਾਲ ਮਜ਼ਦੂਰੀ ਵਿੱਚ 1960 ਤੋਂ 2003 ਤਕ 25% ਤੋਂ 10% ਤਕ ਕਮੀ ਆਈ ਹੈ।.
ਇਲੂਮੀਨਾਤੀ ਜਾਂ ਇਲੂਮਿਨਾਟੀ (ਅੰਗ੍ਰੇਜ਼ੀ: Illuminati; /əˌluːmɪˈnɑːti/; ਲਾਤੀਨੀ: ਇਲੂਮਿਨਾਟਸ ਦਾ ਬਹੁਵਚਨ, 'ਪ੍ਰਕਾਸ਼ਵਾਨ') ਕਈ ਸਮੂਹਾਂ ਨੂੰ ਦਿੱਤਾ ਗਿਆ ਇੱਕ ਨਾਮ ਹੈ, ਅਸਲ ਅਤੇ ਕਾਲਪਨਿਕ ਦੋਵੇਂ। ਇਤਿਹਾਸਕ ਤੌਰ 'ਤੇ, ਇਹ ਨਾਮ ਆਮ ਤੌਰ 'ਤੇ ਬਾਵੇਰੀਅਨ ਇਲੂਮਿਨਾਟੀ ਨੂੰ ਦਰਸਾਉਂਦਾ ਹੈ, ਇੱਕ ਗਿਆਨ-ਯੁੱਗ ਗੁਪਤ ਸਮਾਜ ਜੋ 1 ਮਈ 1776 ਨੂੰ ਬਾਵੇਰੀਆ ਦੇ ਚੋਣ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਸੀ। ਸਮਾਜ ਦੇ ਦੱਸੇ ਗਏ ਟੀਚੇ ਅੰਧਵਿਸ਼ਵਾਸ, ਅਸ਼ਲੀਲਤਾ, ਜਨਤਕ ਜੀਵਨ ਉੱਤੇ ਧਾਰਮਿਕ ਪ੍ਰਭਾਵ ਅਤੇ ਰਾਜਿਆਂ ਦੁਆਰਾ ਰਾਜ ਸ਼ਕਤੀ ਦੀ ਦੁਰਵਰਤੋਂ ਦਾ ਵਿਰੋਧ ਕਰਨਾ ਸਨ। "ਦਿਨ ਦਾ ਕ੍ਰਮ", ਉਨ੍ਹਾਂ ਨੇ ਆਪਣੇ ਆਮ ਕਾਨੂੰਨਾਂ ਵਿੱਚ ਲਿਖਿਆ, "ਬੇਇਨਸਾਫ਼ੀ ਦੇ ਭੰਡਾਰੀਆਂ ਦੀਆਂ ਚਾਲਾਂ ਨੂੰ ਖਤਮ ਕਰਨਾ ਹੈ, ਉਨ੍ਹਾਂ 'ਤੇ ਹਾਵੀ ਹੋਏ ਬਿਨਾਂ ਉਨ੍ਹਾਂ ਨੂੰ ਕੰਟਰੋਲ ਕਰਨਾ ਹੈ।"
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਗੁਡ ਫਰਾਈਡੇ ਨੂੰ ਹੋਲੀ ਫਰਾਈਡੇ, ਗਰੇਟ ਫਰਾਈਡੇ, ਬਲੈਕ ਫਰਾਈਡੇ, ਜਾਂ ਈਸਟਰ ਫਰਾਈਡੇ ਵੀ ਕਹਿੰਦੇ ਹਨ। ਇਹ ਤਿਉਹਾਰ ਈਸਾਈ ਧਰਮ ਦੇ ਲੋਕਾਂ ਵਲੋਂ ਕੈਲਵਰੀ ਵਿੱਚ ਈਸਾ ਮਸੀਹ ਨੂੰ ਸਲੀਬ ਉੱਤੇ ਚੜ੍ਹਾਉਣ ਦੇ ਕਾਰਨ ਹੋਈ ਮੌਤ ਦੀ ਘਟਨਾ ਲਈ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪਵਿਤਰ ਹਫ਼ਤੇ ਦੇ ਦੌਰਾਨ ਮਨਾਇਆ ਜਾਂਦਾ ਹੈ, ਜੋ ਈਸਟਰ ਸੰਡੇ ਤੋਂ ਪਹਿਲਾਂ ਪੈਣ ਵਾਲੇ ਸ਼ੁੱਕਰਵਾਰ ਨੂੰ ਆਉਂਦਾ ਹੈ ਅਤੇ ਇਸ ਦਾ ਪਾਲਣ ਪਾਸ਼ਕਲ ਟਰੀਡਮ ਦੇ ਅੰਸ਼ ਦੇ ਤੌਰ ਉੱਤੇ ਕੀਤਾ ਜਾਂਦਾ ਹੈ ਅਤੇ ਇਹ ਅਕਸਰ ਯਹੂਦੀਆਂ ਦੇ ਪਾਸੋਵਰ ਦੇ ਨਾਲ ਪੈਂਦਾ ਹੈ। ਗ੍ਰੇਗੋਰੀਅਨ ਅਤੇ ਜੂਲੀਅਨ ਦੋਵਾਂ ਕੈਲੰਡਰਾਂ ਵਿੱਚ ਗੁੱਡ ਫਰਾਈਡੇ ਦੀ ਮਿਤੀ ਇੱਕ ਸਾਲ ਤੋਂ ਅਗਲੇ ਸਾਲ ਤੱਕ ਬਦਲਦੀ ਹੈ। ਪੂਰਬੀ ਅਤੇ ਪੱਛਮੀ ਈਸਾਈ ਧਰਮ ਈਸਟਰ ਦੀ ਤਾਰੀਖ ਅਤੇ ਇਸ ਲਈ ਗੁੱਡ ਫਰਾਈਡੇ ਦੀ ਗਣਨਾ ਨੂੰ ਲੈ ਕੇ ਅਸਹਿਮਤ ਹਨ। ਗੁੱਡ ਫਰਾਈਡੇ ਦੁਨੀਆ ਭਰ ਵਿੱਚ ਇੱਕ ਵਿਆਪਕ ਤੌਰ 'ਤੇ ਸਥਾਪਿਤ ਕਾਨੂੰਨੀ ਛੁੱਟੀ ਹੈ, ਜਿਸ ਵਿੱਚ ਜ਼ਿਆਦਾਤਰ ਪੱਛਮੀ ਦੇਸ਼ਾਂ ਅਤੇ 12 ਯੂ.ਐੱਸ.
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹਨ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਡਾ: ਸਤਿੰਦਰ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦੇ ਨਵੇਂ ਰੂਪ ਪੇਸ਼ ਕੀਤੇ ਹਨ। ਇਤਿਹਾਸਕ ਤੌਰ ਤੇ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ 19ਵੀਂ ਸਦੀ ਦੇ ਮਗਰਲੇ ਅੱਧ ਤੋਂ ਹੋਇਆ ਹੈ। ਮਸਲਨ ਸਾਹਿਤ ਵਿੱਚ ਵਾਰਤਕ ਨੂੰ ਆਮਤੋਰ ਤੇ ਤਰਕ-ਯੁਕਤ ਅਤੇ ਵਿਚਾਰ ਪ੍ਰਧਾਨ ਰੂਪ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਮਨੋਭਾਵ ਤੇ ਕਲਪਨਾ ਨਾਲੋਂ ਬੁੱਧੀ ਤੇ ਨਿਆਇ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ।
ਬਾਬਾ ਬੁੱਢਾ ਜੀ (ਜਨਮ 7 ਕੱਤਕ 1563 ਬਿਕਰਮੀ) ਜਾਂ (1506 -1631) ਸਿੱਖ ਧਰਮ ਦੀ ਸ਼ੁਰੂਆਤ ਵਿੱਚ ਇੱਕ ਪ੍ਰਮੁੱਖ ਗੁਰਸਿੱਖ ਸ਼ਖਸੀਅਤ ਸੀ, ਜਿਨ੍ਹਾਂ ਦਾ ਜਨਮ ਪਿੰਡ ਗੱਗੋਨੰਗਲ (ਹੁਣ ਕੱਥੂਨੰਗਲ) ਦੇ ਸ਼ਾਹੀ ਕਿਲ੍ਹਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਖਾ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਓਹਨਾਂ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਬਾਬਾ ਬੁੱਢਾ ਜੀ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਕਰਤਾਰ ਸਿੰਘ ਸਰਾਭਾ (24 ਮਈ 1896 - 16 ਨਵੰਬਰ 1915) ਪੰਜਾਬ ਦਾ ਇੱਕ ਅਜ਼ਾਦੀ ਘੁਲਾਟੀਆ ਅਤੇ ਇਨਕਲਾਬੀ ਦੇਸ਼ ਭਗਤ ਸੀ। ਉਹ ਗ਼ਦਰ ਪਾਰਟੀ ਦਾ ਸਰਗਰਮ ਕਾਰਕੁੰਨ ਸੀ। ਉਹ 15 ਸਾਲ ਦੇ ਸਨ ਜਦੋਂ ਉਹ ਗਦਰ ਪਾਰਟੀ ਦੇ ਮੈਂਬਰ ਬਣੇ; ਫਿਰ ਉਹ ਇੱਕ ਪ੍ਰਮੁੱਖ ਪ੍ਰਕਾਸ਼ਵਾਨ ਮੈਂਬਰ ਬਣ ਗਏ ਅਤੇ ਆਜ਼ਾਦੀ ਅੰਦੋਲਨ ਲਈ ਲੜਨਾ ਸ਼ੁਰੂ ਕਰ ਦਿੱਤਾ। ਉਹ ਅੰਦੋਲਨ ਦੇ ਸਭ ਤੋਂ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ। ਨਵੰਬਰ 1915 ਵਿੱਚ ਸੈਂਟਰਲ ਜੇਲ੍ਹ, ਲਾਹੌਰ ਵਿੱਚ, ਉਨ੍ਹਾਂ ਨੂੰ ਅੰਦੋਲਨ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਫਾਂਸੀ ਦੇ ਦਿੱਤੀ ਗਈ। ਉਹ 19 ਸਾਲ ਦੇ ਸਨ।
ਬੇਬੇ ਨਾਨਕੀ (ਅੰਗ੍ਰੇਜ਼ੀ: Bebe Nanaki; ਅੰ. 1464–1518 ), ਜਿਸਨੂੰ ਬੀਬੀ ਨਾਨਕੀ ਵੀ ਕਿਹਾ ਜਾਂਦਾ ਹੈ, ਸਿੱਖ ਧਰਮ ਦੇ ਸੰਸਥਾਪਕ ਅਤੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸੀ। ਨਾਨਕੀ ਸਿੱਖ ਧਰਮ ਵਿੱਚ ਇੱਕ ਮਹੱਤਵਪੂਰਨ ਹਸਤੀ ਹੈ, ਅਤੇ ਇਸਨੂੰ ਪਹਿਲੇ ਗੁਰਸਿੱਖ ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੇ ਭਰਾ ਦੇ 'ਦਾਰਸ਼ਨਿਕ ਝੁਕਾਅ' ਨੂੰ ਸਮਝਣ ਵਾਲੀ ਪਹਿਲੀ ਸੀ, ਅਤੇ ਉਸਨੂੰ ਪਰਮਾਤਮਾ ਪ੍ਰਤੀ ਸ਼ਰਧਾ ਦੇ ਸਾਧਨ ਵਜੋਂ ਸੰਗੀਤ ਦੀ ਵਰਤੋਂ ਨੂੰ ਪ੍ਰੇਰਿਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ।
ਸੰਤ ਸਿੰਘ ਸੇਖੋਂ (1908–1997) ਪੰਜਾਬੀ ਸਾਹਿਤ ਨਾਲ ਜੁੜੇ ਇੱਕ ਭਾਰਤੀ ਨਾਟਕਕਾਰ ਅਤੇ ਗਲਪ ਲੇਖਕ ਸਨ। ਉਹ ਭਾਰਤੀ ਲੇਖਕਾਂ ਦੀ ਪੀੜ੍ਹੀ ਦਾ ਹਿੱਸਾ ਹੈ ਜੋ ਵੰਡ ਦੇ ਦੁਖਾਂਤ ਤੋਂ ਦੁਖੀ ਭਾਰਤ ਨੂੰ ਇੱਕ ਆਜ਼ਾਦ ਰਾਸ਼ਟਰ ਵਿੱਚ ਤਬਦੀਲੀ ਦੀ ਨਿਸ਼ਾਨਦੇਹੀ ਕਰਦਾ ਹੈ। ਸੇਖੋਂ ਦਾ ਜਨਮ ਲਾਇਲਪੁਰ, ਪੰਜਾਬ, ਬ੍ਰਿਟਿਸ਼ ਭਾਰਤ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ ਅਤੇ ਲੁਧਿਆਣਾ ਨੇੜੇ ਦਾਖਾ ਵਿੱਚ ਆਪਣੇ ਪਿਤਾ ਦੇ ਪਿੰਡ ਵਿੱਚ ਵੱਡਾ ਹੋਇਆ ਸੀ। ਉਸਦੇ ਪਿਤਾ ਇੱਕ ਆਦਰਸ਼ਵਾਦੀ ਪਰ ਅੰਤਰਮੁਖੀ ਸਨ ਜਦੋਂ ਕਿ ਉਸਦੀ ਮਾਂ ਵਧੇਰੇ ਵਿਹਾਰਕ ਅਤੇ ਧਾਰਮਿਕ ਸੀ, ਸਿੱਖ ਸਿੰਘ ਸਭਾ ਦਾ ਅਭਿਆਸ ਕਰਦੀ ਸੀ। ਪਰਿਵਾਰ ਵਿਚ ਕਾਫ਼ੀ ਵਿਆਹੁਤਾ ਵਿਵਾਦ ਸੀ ਜੋ ਉਸ ਦੀਆਂ ਕਈ ਕਹਾਣੀਆਂ ਨੂੰ ਰੰਗਦਾ ਹੈ। ਸੇਖੋਂ ਨੇ ਅੰਤ ਵਿੱਚ ਅਰਥ ਸ਼ਾਸਤਰ ਅਤੇ ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ। 1930 ਦੇ ਦਹਾਕੇ ਵਿੱਚ, ਉਸਨੇ ਅੰਗਰੇਜ਼ੀ ਵਿੱਚ ਲਿਖਣਾ ਸ਼ੁਰੂ ਕੀਤਾ, ਅਤੇ ਕੁਝ ਸ਼ੁਰੂਆਤੀ ਪ੍ਰਕਾਸ਼ਨਾਂ ਤੋਂ ਬਾਅਦ ਕੁਝ ਸਾਂਝੇ ਪ੍ਰਕਾਸ਼ਨਾਂ ਵਿੱਚ ਡਬਲਯੂ.ਐਚ.
ਸੱਤ ਬਗਾਨੇ ਪੰਜਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਦੁਆਰਾ 1988 ਵਿੱਚ ਲਿਖਿਆ ਇੱਕ ਨਾਟਕ ਹੈ। ਇਹ ਨਾਟਕ ਮਾਲਵੇ ਦੀ ਨਿਮਨ ਕਿਸਾਨੀ ਦੀ ਤ੍ਰਾਸਦੀ ਦੇ ਆਰਥਿਕ, ਸਮਾਜੀ, ਰਾਜਸੀ ਅਤੇ ਮਾਨਸਿਕ ਪਰਿਪੇਖ ਪੇਸ਼ ਕਰਦਾ ਹੈ। ਇਸ ਵਿੱਚ ਔਰਤ ਦੀ ਤ੍ਰਾਸਦੀ ਵੀ ਪੇਸ਼ ਹੁੰਦੀ ਹੈ। ਜੈ ਕੁਰ ਨੂੰ ਆਪਣੇ ਦਿਓਰ ਨਾਲ ਸਬੰਧ ਬਣਾਉਣੇ ਪੈਂਦੇ ਹਨ ਤਾਂ ਕਿ ਉਹਦੇ ਪੁੱਤਾਂ ਦੀ ਜ਼ਮੀਨ ਵੰਡੀ ਨਾ ਜਾਵੇ। ਜਦ ਸ਼ਰੀਕੇਬਾਜ਼ ਭੰਗੇ ਨੂੰ ਭੜਕਾ ਦਿੰਦੇ ਹਨ ਤਾਂ ਭੰਗਾ ਅੱਡ ਹੋ ਜਾਂਦਾ ਹੈ ਅਤੇ ਇਸ ਦੁੱਖ ਨਾਲ ਜੈ ਕੁਰ ਮਰ ਜਾਂਦੀ ਹੈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਮੈਰੀ ਸਕਡੋਵਸਕਾ ਕਿਉਰੀ, Maria Salomea Skłodowska-Curie (7 ਨਵੰਬਰ 1867 – 4 ਜੁਲਾਈ 1934) ਇੱਕ ਪੋਲਿਸ਼-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਸੀ। ਉਹ ਆਪਣੇ ਰੇਡੀਓਧਰਮਿਤਾ ਦੇ ਖੇਤਰ ਵਿੱਚ ਕੀਤੀ ਖੋਜ ਵਾਸਤੇ ਮਸ਼ਹੂਰ ਹੈ। ਉਹ ਦੋ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਔਰਤ ਸੀ। ਉਹ "ਯੂਨੀਵਰਸਿਟੀ ਆਫ਼ ਪੈਰਿਸ" ਦੀ ਪਹਿਲੀ ਮਹਿਲਾ ਪ੍ਰੋਫੈਸਰ ਸੀ, ਅਤੇ 1995 ਵਿੱਚ ਪੈਰਿਸ ਦੇ ਪੈਨੇਥਿਓਂ ਵਿਖੇ ਦਫਨਾਈ ਜਾਣ ਵਾਲੀ ਪਹਿਲੀ ਤੀਵੀਂ ਸੀ।
ਕਬੀਰ (ਹਿੰਦੀ: कबीर) (1398-1518) ਇੱਕ ਮਸ਼ਹੂਰ ਭਾਰਤੀ ਭਗਤੀ ਰਹੱਸਵਾਦੀ ਕਵੀ ਅਤੇ ਸੰਤ ਸਨ। ਉਨ੍ਹਾਂ ਦੀਆਂ ਲਿਖਤਾਂ ਨੇ ਹਿੰਦੂ ਧਰਮ ਦੀ ਭਗਤੀ ਲਹਿਰ ਨੂੰ ਪ੍ਰਭਾਵਿਤ ਕੀਤਾ, ਅਤੇ ਉਨ੍ਹਾਂ ਦੀਆਂ ਬਾਣੀਆਂ ਸਿੱਖ ਧਰਮ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ, ਸੰਤ ਗਰੀਬ ਦਾਸ ਦੇ ਸਤਿਗੁਰੂ ਗ੍ਰੰਥ ਸਾਹਿਬ ਅਤੇ ਧਰਮਦਾਸ ਦੇ ਕਬੀਰ ਸਾਗਰ ਵਿੱਚ ਮਿਲਦੀਆਂ ਹਨ। ਕਬੀਰ ਅਰਬੀ ਸ਼ਬਦ ਹੈ ਜਿਸ ਦਾ ਅਰਥ ਮਹਾਨ ਅਤੇ ਵੱਡਾ ਹੈ। ਕਬੀਰ ਸਾਹਿਬ ਜੀ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਸਾਹਿਬ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਜੀ ਨੂੰ ਆਪਣਾ ਬਾਨੀ ਮੰਨਦੇ ਹਨ। ਭਗਤ ਕਬੀਰ ਜੀ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ,ਕਬੀਰ ਸਾਗਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਕਬੀਰ ਸਾਹਿਬ ਦੇ ਮੂਲ ਗ੍ਰੰਥ ਬੀਜਕ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਸ੍ਰੀ ਜਗਦੀਸ਼ ਲਾਲ ਵਲੋਂ 'ਕਬੀਰ: ਜੀਵਨ ਤੇ ਬਾਣੀ' ਦੇ ਪਹਿਲੇ ਭਾਗ ਵਿੱਚ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਕਬੀਰ ਸਾਹਿਬ ਦਾ ਜੀਵਨ ਇਤਿਹਾਸ ਵੀ ਵਿਗਿਆਨਕ ਅਧਾਰ 'ਤੇ ਲਿਖਿਆ ਗਿਆ ਹੈ।
ਵਿਕੀਪੀਡੀਆ (ਅੰਗਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ। ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ। ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਜਲ੍ਹਿਆਂਵਾਲਾ ਬਾਗ ਹੱਤਿਆਕਾਂਡ, ਜਿਸ ਨੂੰ ਅੰਮ੍ਰਿਤਸਰ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ, 13 ਅਪ੍ਰੈਲ 1919 ਨੂੰ ਵਾਪਰਿਆ ਸੀ। ਰੌਲਟ ਐਕਟ ਦਾ ਵਿਰੋਧ ਕਰਨ ਲਈ, ਸਾਲਾਨਾ ਵਿਸਾਖੀ ਮੇਲੇ ਦੌਰਾਨ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ ਦੇ ਵਿਰੋਧ ਵਿਚ ਜਲ੍ਹਿਆਂਵਾਲਾ ਬਾਗ ਵਿਖੇ ਇੱਕ ਵੱਡੀ, ਸ਼ਾਂਤਮਈ ਭੀੜ ਇਕੱਠੀ ਹੋਈ ਸੀ। ਸੁਤੰਤਰਤਾ ਪੱਖੀ ਕਾਰਕੁਨਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫਤਾਰੀ। ਜਨਤਕ ਇਕੱਠ ਦੇ ਜਵਾਬ ਵਿੱਚ, ਅਸਥਾਈ ਬ੍ਰਿਗੇਡੀਅਰ ਜਨਰਲ ਆਰ.ਈ.ਐਚ.
ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ, ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ਿਤ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਪੁਸਤਕਾਲਾ ਸ਼ਬਦ ਦੀ ਉਤਪਤੀ ਹੜੱਪੀ ਸ਼ਬਦ ' ਪੁਸਤਕ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ। ਪੁਸਤਕਾਲਾ ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ - ਪੁਸਤਕ + ਆਲਾ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ ਕਿਤਾਬ ਕਹਿੰਦੇ ਨੇ ਤੇ ਆਲਾ ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ। ਪੁਸਤਕਾਲਾ ਦੇ ਭੰਡਾਰ ਵਿੱਚ - ਕਿਤਾਬਾਂ ਫ਼ਿਲਮਾਂ ਰਸਾਲੇ (ਮੈਗਜ਼ੀਨ) ਗ੍ਰਾਮੋਫ਼ੋਨ ਰਿਕਾਰਡ ਹੱਥੀਂ ਲਿਖੇ ਗਰੰਥ ਆਦਿ ਮੌਜੂਦ ਹੁੰਦੇ ਹਨ। ਪਹਿਲਾ ਕਿਤਾਬ ਘਰ ਸੁਮੇਰ ਵਿਚ ਲੱਭੀ ਕਨੀਫਾਰਮ ਲਿਪੀ ਵਿਚ ਮਿੱਟੀ ਦੀਆਂ ਗੋਲੀਆਂ ਲਿਖਣ ਦੇ ਮੁੱਢਲੇ ਰੂਪ ਦੇ ਪੁਰਾਲੇਖਾਂ ਸ਼ਾਮਲ ਸਨ, ਕੁਝ 2600 ਬੀ.ਸੀ. ਲਿਖਤੀ ਕਿਤਾਬਾਂ ਨਾਲ ਬਣੀਆਂ ਨਿੱਜੀ ਜਾਂ ਨਿੱਜੀ ਕਿਤਾਬ ਘਰ 5 ਵੀਂ ਸਦੀ ਬੀ.ਸੀ. ਵਿੱਚ ਪ੍ਰਾਚੀਨ ਗ੍ਰੀਸ ਵਿੱਚ ਪ੍ਰਗਟ ਹੋਈਆਂ। ਪੁਸਤਕਾਲਾ ਇੱਕ ਜਨਤਕ ਸੰਸਥਾ, ਇੱਕ ਸੰਸਥਾ, ਇੱਕ ਕਾਰਪੋਰੇਸ਼ਨ, ਜਾਂ ਇੱਕ ਨਿਜੀ ਵਿਅਕਤੀ ਦੁਆਰਾ ਵਰਤੋਂ ਅਤੇ ਪ੍ਰਬੰਧਨ ਲਈ ਰੱਖੀ ਜਾਂਦੀ ਹੈ। ਜਨਤਕ ਅਤੇ ਸੰਸਥਾਗਤ ਸੰਗ੍ਰਹਿ ਅਤੇ ਸੇਵਾਵਾਂ ਉਹਨਾਂ ਲੋਕਾਂ ਦੁਆਰਾ ਵਰਤੋਂ ਲਈ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਆਪਣੇ ਆਪ ਵਿੱਚ ਇੱਕ ਵਿਸ਼ਾਲ ਸੰਗ੍ਰਹਿ ਖਰੀਦਣਾ ਨਹੀਂ ਚਾਹੁੰਦੇ ਜਾਂ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਅਜਿਹੀ ਸਮੱਗਰੀ ਦੀ ਜਰੂਰਤ ਹੁੰਦੀ ਹੈ ਜਿਸਦੀ ਕਿਸੇ ਵਿਅਕਤੀ ਕੋਲੋਂ ਵਾਜਬ ਢੰਗ ਨਾਲ ਉਮੀਦ ਨਹੀਂ ਕੀਤੀ ਜਾ ਸਕਦੀ, ਜਾਂ ਜਿਨ੍ਹਾਂ ਨੂੰ ਆਪਣੀ ਖੋਜ ਨਾਲ ਪੇਸ਼ੇਵਰ ਸਹਾਇਤਾ ਦੀ ਲੋੜ ਹੁੰਦੀ ਹੈ। ਸਮੱਗਰੀ ਪ੍ਰਦਾਨ ਕਰਨ ਤੋਂ ਇਲਾਵਾ, ਲਾਇਬ੍ਰੇਰੀਆਂ ਲਾਇਬ੍ਰੇਰੀਅਨਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੀਆਂ ਹਨ ਜੋ ਜਾਣਕਾਰੀ ਨੂੰ ਲੱਭਣ ਅਤੇ ਸੰਗਠਿਤ ਕਰਨ ਅਤੇ ਜਾਣਕਾਰੀ ਦੀਆਂ ਜ਼ਰੂਰਤਾਂ ਦੀ ਵਿਆਖਿਆ ਕਰਨ ਦੇ ਮਾਹਰ ਹਨ। ਲਾਇਬ੍ਰੇਰੀਆਂ ਅਕਸਰ ਅਧਿਐਨ ਕਰਨ ਲਈ ਸ਼ਾਂਤ ਖੇਤਰ ਪ੍ਰਦਾਨ ਕਰਦੀਆਂ ਹਨ, ਅਤੇ ਉਹ ਅਕਸਰ ਸਮੂਹ ਅਧਿਐਨ ਅਤੇ ਸਹਿਯੋਗ ਦੀ ਸਹੂਲਤ ਲਈ ਸਾਂਝੇ ਖੇਤਰ ਵੀ ਪੇਸ਼ ਕਰਦੇ ਹਨ।ਲਾਇਬ੍ਰੇਰੀਆਂ ਅਕਸਰ ਆਪਣੇ ਇਲੈਕਟ੍ਰਾਨਿਕ ਸਰੋਤਾਂ ਅਤੇ ਇੰਟਰਨੈਟ ਦੀ ਵਰਤੋਂ ਲਈ ਜਨਤਕ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਬਹੁਤ ਸਾਰੇ ਫਾਰਮੈਟਾਂ ਵਿਚ ਅਤੇ ਬਹੁਤ ਸਾਰੇ ਸਰੋਤਾਂ ਤੋਂ ਜਾਣਕਾਰੀ ਤੱਕ ਪ੍ਰਤੀਬੰਧਿਤ ਪਹੁੰਚ ਪ੍ਰਾਪਤ ਕਰਨ ਲਈ ਆਧੁਨਿਕ ਲਾਇਬ੍ਰੇਰੀਆਂ ਨੂੰ ਸਥਾਨਾਂ ਦੇ ਤੌਰ ਤੇ ਤੇਜ਼ੀ ਨਾਲ ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਉਹ ਇਮਾਰਤ ਦੀਆਂ ਭੌਤਿਕ ਕੰਧਾਂ ਤੋਂ ਪਰੇ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਨ, ਇਲੈਕਟ੍ਰਾਨਿਕ ਮਾਧਨਾਂ ਨਾਲ ਪਹੁੰਚਯੋਗ ਸਮੱਗਰੀ ਪ੍ਰਦਾਨ ਕਰਕੇ, ਅਤੇ ਬਹੁਤ ਸਾਰੇ ਡਿਜੀਟਲ ਸਰੋਤਾਂ ਨਾਲ ਜਾਣਕਾਰੀ ਦੀ ਬਹੁਤ ਵੱਡੀ ਮਾਤਰਾ ਵਿੱਚ ਨੈਵੀਗੇਟ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਲਾਇਬ੍ਰੇਰੀਅਨਾਂ ਦੀ ਸਹਾਇਤਾ ਪ੍ਰਦਾਨ ਕਰਕੇ.
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਆਨੰਦਪੁਰ ਸਾਹਿਬ ਦਾ ਮਤਾ ਸਰਦਾਰ ਕਪੂਰ ਸਿੰਘ ਵੱਲੋਂ ਲਿਖੇ ਇਸ ਮਤੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਖਾਲਸਾ ਪੰਥ ਦੀ ਜਨਮ-ਭੂਮੀ ਆਨੰਦਪੁਰ ਸਾਹਿਬ ਵਿਖੇ 16,17 ਅਕਤੂਬਰ 1973 'ਚ ਪਾਸ ਕੀਤਾ ਸੀ, ਜਿਸ ਕਾਰਣ ਇਸਦਾ ਨਾਮ ਆਨੰਦਪੁਰ ਸਾਹਿਬ ਦਾ ਮਤਾ ਪੈ ਗਿਆ। 28 ਅਗਸਤ 1977 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ਨੇ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ ਸੀ। ਆਨੰਦਪੁਰ ਸਾਹਿਬ ਦਾ ਮਤਾ ਸਿੱਖ ਕੌਮ ਦੀ ਵਿਲੱਖਣ, ਮਿਆਰੀ, ਵੱਖਰੀ ਹੋਂਦ, ਹਸਤੀ, ਕੌਮੀਅਤ ਨੂੰ ਕਾਇਮ ਰੱਖਣ ਅਤੇ ਗੁਲਾਮੀ ਦੀਆਂ ਜ਼ਜੀਰਾਂ ਤੋੜ ਕੇ ਖਾਲਸੇ ਦੇ ਉਸ ਰਾਜਨੀਤਕ ਰੁਤਬੇ ਨੂੰ ਮੁੜ ਸੁਰਜੀਤ ਕਰਨ ਦਾ ਸਿੱਧਾ ਰਾਹ ਸੀ।28-29 ਅਕਤੂਬਰ ਨੂੰ ਲੁਧਿਆਣੇ ਵਿੱਚ ਹੋਈ ਅਕਾਲੀ ਕਾਨਫਰੰਸ ਦੌਰਾਨ ਇਸ ਮਤੇ ਦੀ ਰੂਪ ਰੇਖਾ ਕਈ ਰੈਜ਼ੋਲਿਊਸ਼ਨਾਂ ਦੁਆਰਾ ਸਾਹਮਣੇ ਆਈ ਜੋ ਉਸ ਵਕਤ ਅਖਤਿਆਰ ਕੀਤੇ ਗਏ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਮੂ਼ਲ ਮੰਤਰ ਗੂਰੂ ਬਾਣੀ ਦਾ ਅਧਾਰ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਮੂਲ ਮੰਤ੍ਰ ਦਾ ਅਰਥ ਸਾਰੇ ਮੰਤਰਾਂ ਦੀ ਜੜ੍ਹ ਹੈ। ਗੁਰੂ ਨਾਨਕ ਦੇਵ ਜੀ ਨੇ ਸੰਨ 1499 ਵਿੱਚ ਜਦ ਤਿੰਨ ਦਿਨ ਲਈ ਵੇਈਂ ਨਦੀ ਪ੍ਰਵੇਸ਼ ਕੀਤਾ ਸੀ ਤਾਂ ਬਾਹਰ ਆਉਣ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤ੍ਰ ਦਾ ਉਚਾਰਨ ਕੀਤਾ ਸੀ ਜਿਸ ਵਿੱਚ ਪ੍ਰਮਾਤਮਾ ਦੇ ਗੁਣਾਂ ਅਧਾਰਿਤ ਇਕ ਮੁਕੰਮਲ ਤਸਵੀਰ ਪੇਸ਼ ਕੀਤੀ ਗਈ ਸੀ।
ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਪੂਰਬ ਦਿਸ਼ਾ ਵੱਲ ਸੀ। ਇਸ ਉਦਾਸੀ ਵਿੱਚ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ ਸਨ।ਇਹ ਉਦਾਸੀ ਸੰਨ 1507 ਤੋਂ 1515ਤੱਕ ਰਹੀ। ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਚਲ ਕੇ ਤੁਲੰਬਾ (ਅੱਜ-ਕੱਲ੍ਹ ਮਖਦੂਮਪੁਰ) ਜ਼ਿਲ੍ਹਾ ਮੁਲਤਾਨ ਹੁੰਦੇ ਹੋਏ ਪਾਨੀਪਤ, ਬਨਾਰਸ,ਨਾਨਕਮਤਾ (ਜ਼ਿਲ੍ਹਾ ਨੈਨੀਤਾਲ) ਪਹੁੰਚੇ। ਉਥੋਂ ਟਾਂਡਾ ਵਣਜਾਰਾ (ਜ਼ਿਲ੍ਹਾ ਰਾਮਪੁਰ), ਅਸਾਮ ਦੇ ਸ਼ਹਿਰ ਕਾਮਰੂਪ ਤੇ ਆਸਾ ਦੇਸ਼ ਪਹੁੰਚੇ। ਵਾਪਸੀ ਤੇ ਸੈਦਪੁਰ (ਅੱਜ-ਕੱਲ੍ਹ ਐਮਨਾਬਾਦ (ਪਾਕਿਸਤਾਨ),ਸਿਆਲਕੋਟ(ਪਾਕਿਸਤਾਨ) ਹੁੰਦੇ ਹੋਏ ਤਲਵੰਡੀ (ਨਨਕਾਣਾ ਸਾਹਿਬ) ਠਹਿਰੇ।ਗੁਰੂ ਨਾਨਕ ਸਾਹਿਬ ਦੀ ਉਮਰ ਇਸ ਉਦਾਸੀ ਦੌਰਾਨ 31-37 ਸਾਲ ਸੀ।
ਇਕਾਂਗੀ ਇੱਕ ਅੰਕ ਵਾਲੇ ਨਾਟਕ ਨੂੰ ਕਹਿੰਦੇ ਹਨ, ਫਿਰ ਵੀ ਇਕਾਂਗੀ ਤੇ ਨਾਟਕ 'ਚ ਕਾਫ਼ੀ ਅੰਤਰ ਹੁੰਦਾ ਹੈ। ਪੰਜਾਬੀ ਇਕਾਂਗੀ ਦਾ ਇਤਿਹਾਸ ਬੋਲਦਾ ਹੈ ਕਿ ਨਾਟਕ ਨਾ ਇਕਾਂਗੀ ਦਾ ਵਿਸਥਾਰ ਹੁੰਦਾ ਹੈ ਤੇ ਨਾ ਹੀ ਇਕਾਂਗੀ ਨਾਟਕ ਦਾ ਸਾਰ ਹੁੰਦੀ ਹੈ।ਅੰਗਰੇਜ਼ੀ ਦੇ 'ਵਨ ਐਕਟ ਪਲੇ'(One Act Play) ਸ਼ਬਦ ਲਈ ਹਿੰਦੀ ਵਿੱਚ 'ਇਕਾਂਕੀ' ਅਤੇ ਪੰਜਾਬੀ ਵਿੱਚ ਇਕਾਂਗੀ ਸ਼ਬਦਾਂ ਦਾ ਉਪਯੋਗ ਹੁੰਦਾ ਹੈ। ਪੱਛਮ ਵਿੱਚ ਇਕਾਂਗੀ 20ਵੀਂ ਸ਼ਤਾਬਦੀ ਵਿੱਚ, ਵਿਸ਼ੇਸ਼ ਤੌਰ 'ਤੇ ਪਹਿਲੇ ਮਹਾਂ ਯੁੱਧ ਦੇ ਬਾਅਦ, ਅਤਿਅੰਤ ਹਰਮਨ ਪਿਆਰਾ ਹੋਈ। ਡਾ.
ਮਾਸਪੇਸ਼ੀਆਂ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?