ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਗੁਰੂ ਅਰਜਨ ਦੇਵ (15 ਅਪਰੈਲ 1563 – 30 ਮਈ 1606) ਸਿੱਖਾਂ ਦੇ ਪੰਜਵੇਂ ਗੁਰੂ ਅਤੇ ਪਹਿਲੇ ਸ਼ਹੀਦ ਸਿੱਖ ਗੁਰੂ ਸੀ। ਉਨ੍ਹਾਂ ਨੇ ਸਿੱਖ ਧਰਮ ਗ੍ਰੰਥ ਦਾ ਪਹਿਲਾ ਅਧਿਕਾਰਤ ਸੰਸਕਰਣ 'ਆਦਿ ਗ੍ਰੰਥ' ਨਾਮਕ ਸੰਸਕਰਨ ਸੰਕਲਿਤ ਕੀਤਾ, ਜਿਸ ਨੂੰ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਫੈਲਾਇਆ ਗਿਆ। ਉਨ੍ਹਾਂ ਨੂੰ ਸਿੱਖ ਧਰਮ ਵਿੱਚ ਸ਼ਹੀਦ ਹੋਏ ਦੋ ਗੁਰੂਆਂ ਵਿੱਚੋਂ ਪਹਿਲਾ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਕਰਤਾਰਪੁਰ (ਜਲੰਧਰ ਜ਼ਿਲ੍ਹਾ), ਹਰਗੋਬਿੰਦਪੁਰ ਅਤੇ ਤਰਨਤਾਰਨ ਦੀਆਂ ਬਸਤੀਆਂ ਦੀ ਸਥਾਪਨਾ ਦਾ ਸਿਹਰਾ ਦਿੱਤਾ ਜਾਂਦਾ ਹੈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [guru gobind singh]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਆਪ ਜੀ ਸਿੱਖ ਕੌਮ ਦੇ ਆਖਰੀ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿੱਚ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੇ ਵੱਲੋਂ ਸ਼ਹੀਦ ਕਰਵਾ ਦਿੱਤਾ ਗਿਆ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ 'ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਵਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Sri Guru Granth Sahib) ਸਿੱਖ ਧਰਮ ਦਾ ਕੇਂਦਰੀ ਪਵਿੱਤਰ ਧਾਰਮਿਕ ਗ੍ਰੰਥ ਹੈ, ਜਿਸ ਨੂੰ ਸਿੱਖਾਂ ਦੇ ਦਸ ਮਨੁੱਖੀ ਗੁਰੂਆਂ ਤੋਂ ਬਾਅਦ ਗਿਆਰਵਾਂ ਅਤੇ ਅੰਤਿਮ, ਪ੍ਰਭੂਸੱਤਾ ਸੰਪੰਨ ਅਤੇ ਸਦੀਵੀ ਗੁਰੂ ਮੰਨਿਆ ਜਾਂਦਾ ਹੈ। ਇਹ ਸੰਨ 1469 ਤੋਂ ਲੈ ਕੇ ਸੰਨ 1708 ਤੱਕ ਦੇ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਸਮੂਹ ਵਿਸਥਾਰਮਈ ਗ੍ਰੰਥ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ ਅਤੇ ਸਿੱਖਾਂ ਦਾ ਮਾਰਗ-ਦਰਸ਼ਕ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸ ਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਉਸ ਦੀ ਖੱਬੀ ਅੱਖ ਦੀ ਨਜ਼ਰ ਚਲੀ ਗਈ। ਉਸ ਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸ ਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਪੁਰਸਕਾਰ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰਫਲ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ (ਅੰਗ੍ਰੇਜ਼ੀ: Guru Granth Sahib), ਸਿੱਖਾਂ ਦਾ ਕੇਂਦਰੀ ਧਾਰਮਿਕ ਗ੍ਰੰਥ ਹੈ ਅਤੇ ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹੈ। ਗੁਰੂ ਅਰਜਨ ਸਾਹਿਬ ਨੇ ਇਸ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ, 1604 ਨੂੰ ਪੂਰਾ ਕੀਤਾ। ਇਸ ਵਿੱਚ 1430 ਅੰਗ (ਪੰਨੇ) ਹਨ, ਜਿਸ ਵਿੱਚ 36 ਸੰਤਾਂ, ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ), ਦੀ ਬਾਣੀ ਸ਼ਾਮਲ ਹੈ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿੱਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾਵਾਂ ਸ਼ਾਮਲ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਜਾਤੀ-ਪਿਛੋਕੜਾਂ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਦਰਜ ਹੈ, ਜਿਨ੍ਹਾਂ ਵਿੱਚ ਸ਼ੂਦਰ ਅਤੇ ਅਛੂਤ ਵੀ ਸ਼ਾਮਲ ਹਨ। ਇਸ ਵਿੱਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ 1705 ਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਾਮਲ ਕੀਤੀ।
ਭਗਤ ਸਿੰਘ (27 ਸਤੰਬਰ 1907 – 23 ਮਾਰਚ 1931) ਇੱਕ ਭਾਰਤੀ ਬਸਤੀਵਾਦੀ ਵਿਰੋਧੀ ਕ੍ਰਾਂਤੀਕਾਰੀ ਸੀ ਜਿਸਨੇ ਦਸੰਬਰ 1928 ਵਿੱਚ ਇੱਕ ਜੂਨੀਅਰ ਬ੍ਰਿਟਿਸ਼ ਪੁਲਿਸ ਅਫ਼ਸਰ ਦੇ ਗਲਤੀ ਨਾਲ ਕੀਤੇ ਗਏ ਕਤਲ ਵਿੱਚ ਹਿੱਸਾ ਲਿਆ ਸੀ, ਜਿਸਦਾ ਉਦੇਸ਼ ਇੱਕ ਭਾਰਤੀ ਰਾਸ਼ਟਰਵਾਦੀ ਦੀ ਮੌਤ ਦਾ ਬਦਲਾ ਲੈਣਾ ਸੀ। ਬਾਅਦ ਵਿੱਚ ਉਸਨੇ ਦਿੱਲੀ ਵਿੱਚ ਕੇਂਦਰੀ ਵਿਧਾਨ ਸਭਾ ਉੱਤੇ ਵੱਡੇ ਪੱਧਰ 'ਤੇ ਪ੍ਰਤੀਕਾਤਮਕ ਬੰਬ ਧਮਾਕੇ ਅਤੇ ਜੇਲ੍ਹ ਵਿੱਚ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਜਿਸਨੇ - ਭਾਰਤੀ ਮਾਲਕੀ ਵਾਲੇ ਅਖਬਾਰਾਂ ਵਿੱਚ ਹਮਦਰਦੀ ਭਰੇ ਕਵਰੇਜ ਦੇ ਪਿੱਛੇ - ਉਸਨੂੰ ਪੰਜਾਬ ਖੇਤਰ ਵਿੱਚ ਇੱਕ ਘਰੇਲੂ ਨਾਮ ਬਣਾ ਦਿੱਤਾ, ਅਤੇ, 23 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੇ ਜਾਣ ਤੋਂ ਬਾਅਦ, ਉੱਤਰੀ ਭਾਰਤ ਵਿੱਚ ਇੱਕ ਸ਼ਹੀਦ ਅਤੇ ਲੋਕ ਨਾਇਕ ਬਣ ਗਿਆ। ਬੋਲਸ਼ੇਵਵਾਦ ਅਤੇ ਅਰਾਜਕਤਾਵਾਦ ਤੋਂ ਵਿਚਾਰ ਉਧਾਰ ਲੈਣਾ, 1930 ਦੇ ਦਹਾਕੇ ਵਿੱਚ, ਕ੍ਰਿਸ਼ਮਈ ਭਗਤ ਸਿੰਘ ਨੇ ਭਾਰਤ ਵਿੱਚ ਵਧ ਰਹੀ ਖਾੜਕੂਵਾਦ ਨੂੰ ਉਤਸ਼ਾਹਿਤ ਕੀਤਾ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਹਿੰਸਕ, ਅਤੇ ਅੰਤ ਵਿੱਚ ਭਾਰਤ ਦੀ ਆਜ਼ਾਦੀ ਲਈ ਸਫਲ ਮੁਹਿੰਮ ਵਿੱਚ ਤੁਰੰਤ ਆਤਮ-ਨਿਰੀਖਣ ਨੂੰ ਪ੍ਰੇਰਿਤ ਕੀਤਾ। ਦਸੰਬਰ 1928 ਵਿੱਚ, ਭਗਤ ਸਿੰਘ ਅਤੇ ਉਸ ਦੇ ਇੱਕ ਸਾਥੀ, ਸ਼ਿਵਰਾਮ ਰਾਜਗੁਰੂ, ਦੋਵੇਂ ਇੱਕ ਛੋਟੇ ਜਿਹੇ ਇਨਕਲਾਬੀ ਸਮੂਹ, ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (ਜੋ ਕਿ ਆਰਮੀ, ਜਾਂ ਐਚਐਸਆਰਏ ਵੀ ਹੈ) ਦੇ ਮੈਂਬਰ ਸਨ, ਨੇ ਲਾਹੌਰ, ਪੰਜਾਬ ਵਿੱਚ, ਜੋ ਕਿ ਅੱਜ ਪਾਕਿਸਤਾਨ ਵਿੱਚ ਹੈ, ਇੱਕ 21 ਸਾਲਾ ਬ੍ਰਿਟਿਸ਼ ਪੁਲਿਸ ਅਫ਼ਸਰ, ਜੌਨ ਪੀ.
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿੱਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲ਼ੀ ਬੋਲੀ ਹੈ।
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|
ਬਾਬਾ ਦੀਪ ਸਿੰਘ (26 ਜਨਵਰੀ 1682 – 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰਿਆ ਜਾਂਦਾ ਹੈ। ਉਸਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਸਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਨ੍ਹਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਸਨੂੰ 18ਵੀਂ ਸਦੀ ਦੇ ਆਪਣੇ ਪ੍ਰਸਿੱਧ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਵਿਸਾਖੀ ਜਾਂ ਬੈਸਾਖੀ ਵੈਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਦਰਸਾਉਂਦਾ ਹੈ ਅਤੇ ਰਵਾਇਤੀ ਤੌਰ 'ਤੇ ਹਰ ਸਾਲ 13 ਅਪਰੈਲ ਅਤੇ ਕਈ ਵਾਰ 14 ਅਪਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਤੌਰ 'ਤੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਬਸੰਤ ਦੇ ਬਾਅਦ ਹਾੜੀ ਦੀ ਵਾਢੀ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਤਿਉਹਾਰ ਨੂੰ ਭਾਰਤ ਦੇ ਵੱਖ-ਵੱਖ ਸੱਭਿਆਚਾਰ ਅਤੇ ਡਾਇਸਪੋਰਾ ਵੀ ਮਨਾਉਂਦੇ ਹਨ। ਇਹ ਵਾਢੀ ਦੇ ਤਿਉਹਾਰ ਵਜੋਂ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵਿਸਾਖੀ ਭਾਰਤੀ ਸੂਰਜੀ ਨਵੇਂ ਸਾਲ ਦੀ ਤਾਰੀਖ ਵੀ ਹੈ।
ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲ੍ਹਾ ਇੱਕ ਪ੍ਰਸ਼ਾਸਕੀ ਭੂਗੋਲਿਕ ਇਕਾਈ ਹੈ, ਜਿਸਦਾ ਮੁਖੀ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਡਿਪਟੀ ਕਮਿਸ਼ਨਰ, ਭਾਰਤੀ ਪ੍ਰਸ਼ਾਸਨਿਕ ਸੇਵਾ ਨਾਲ ਸਬੰਧਤ ਇੱਕ ਅਧਿਕਾਰੀ ਹੁੰਦਾ ਹੈ। ਜ਼ਿਲ੍ਹਾ ਮੈਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਦੀ ਸਹਾਇਤਾ ਪੰਜਾਬ ਸਿਵਲ ਸਰਵਿਸ ਅਤੇ ਹੋਰ ਰਾਜ ਸੇਵਾਵਾਂ ਨਾਲ ਸਬੰਧਤ ਬਹੁਤ ਸਾਰੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ। 14 ਮਈ 2021 ਨੂੰ ਸੰਗਰੂਰ ਜ਼ਿਲ੍ਹੇ ਤੋਂ ਮਾਲੇਰਕੋਟਲਾ ਜ਼ਿਲ੍ਹੇ ਨੂੰ 23ਵੇਂ ਜ਼ਿਲ੍ਹੇ ਵਜੋਂ ਵੰਡਣ ਤੋਂ ਬਾਅਦ ਪੰਜਾਬ ਵਿੱਚ 23 ਜ਼ਿਲ੍ਹੇ ਹਨ।
ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼
ਪ੍ਰਸ਼ਾਸਕੀ ਮਕਸਦ ਲਈ, ਭਾਰਤ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜ਼ਿਆਦਾਤਰ ਹਿੱਸਿਆਂ ਨੂੰ ਰਾਜ ਜਾਂ ਪ੍ਰਾਂਤ ਕਿਹਾ ਜਾਂਦਾ ਹੈ ਅਤੇ ਕੁਛ ਹਿੱਸਿਆਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ ਕਿਹਾ ਜਾਂਦਾ ਹੈ। ਭਾਰਤ ਵਿੱਚ 28 ਸੂਬੇ ਅਤੇ 8 ਕੇਂਦਰੀ ਸ਼ਾਸਤ ਪ੍ਰਦੇਸ਼ ਹਨ। ਇਹ ਅੱਗੇ ਜ਼ਿਲ੍ਹਿਆਂ ਅਤੇ ਡਿਵੀਜ਼ਨਾਂ ਵਿੱਚ ਵੰਡੇ ਹੋਏ ਹਨ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਸਵੈ-ਜੀਵਨੀ ਕਿਸੇ ਮਨੁੱਖ ਦੁਆਰਾ ਆਪਣੇ ਸਮੂਚੇ ਜੀਵਨ ਜਾਂ ਉਸਦੇ ਇੱਕ ਖ਼ਾਸ ਹਿੱਸੇ ਬਾਰੇ ਲਿਖੀ ਇੱਕ ਬਿਰਤਾਂਤਕ ਰਚਨਾ ਹੁੰਦੀ ਹੈ। ਇਹ ਅੰਗ੍ਰੇਜ਼ੀ ਪਦ “autobiography " ਦਾ ਪਰਿਆਇਵਾਚੀ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਸ੍ਵੈ-ਜੀਵਨੀ ਚਿਤਰ। ਐਨਸਾਈਕਲੋਪੀਡੀਆ ਬ੍ਰਿਟੇਨਿਕਾ ਅਨੁਸਾਰ- ਸਵੈ-ਜੀਵਨੀ ਵਿਅਕਤੀਗਤ ਮਾਨਵੀ ਅਨੁਭਵ ਦਾ ਬਿਉਰਾ ਹੈ ਜੋ ਕਰਤਾ ਦੁਆਰਾ ਲਿਖਿਆ ਜਾਂਦਾ ਹੈ। ਲੈਕਸੀਕਨ ਆਫ ਲਿਟਰੇਰੀ ਸਮਾਜ ਟਰਮਜ਼- ਸ੍ਵੈ-ਜੀਵਨੀ ਕਿਸੇ ਵਿਅਕਤੀ ਦਾ ਆਪਣੇ ਦੁਆਰਾ ਲਿਖਿਆ ਆਪਣੇ ਹੀ ਜੀਵਨ ਦਾ ਬਿਉਰਾ ਹੈ। ਸੰਸਮਰਣਾਂ, ਰੋਜ਼ਨਾਮਚਿਆਂ ਅਤੇ ਪੱਤਰਾਂ ਦੀ ਅਸੰਯੁਕਤ ਵੰਨਗੀ ਦੇ ਟਾਕਰੇ ਵਿਚ ਇਹ ਲੇਖਕ ਦੇ ਜੀਵਨ ਦਾ ਕ੍ਰਮਬੱਧ ਚਲਦਾ ਬਿਰਤਾਂਤ ਹੈ। ਵਿਸ਼ਵਕੋਸ਼ਾ ਤੇ ਡਿਕਸ਼ਨਰੀਆਂ ਵਿਚ ਵਰਵਿਤ ਪਰਿਭਾਸ਼ਾਵਾ ਦੇ ਅਧਿਐਨ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਵਿਚ ਸ੍ਵੈ-ਜੀਵਨੀ ਸੰਬੰਧੀ ਕੁਝ ਕੁ ਵਿਚਾਰਾਂ ਨੂੰ ਹੀ ਬਾਰ-ਬਾਰ ਦੁਹਰਾਇਆ ਗਿਆ ਹੈ ਅਰਥਾਤ ਸਵੈ-ਜੀਵਨੀ ਵਿਚ ਲੇਖਕ ਖੁਦ ਆਪਣੇ ਬਾਰੇ ਲਿਖਦਾ ਹੈ, ਅੰਦਰ ਝਾਤੀ ਪਾਉਂਦਾ ਹੈ, ਜੀਵਨ ਦਾ ਕ੍ਰਮਬੱਧ ਵਿਕਾਸ ਪੇਸ਼ ਕਰਦਾ ਹੈ ਅਤੇ ਆਪਣੇ ਹੀ ਜੀਵਨ ਨੂੰ ਵਿਸ਼ਾਲ ਪਿਛੋਕੜ ਵਿੱਚ ਰੱਖ ਕੇ ਪੇਸ਼ ਕਰਦਾ ਹੈ। ਸਵੈ-ਜੀਵਨੀ ਆਪਣੇ ਬੀਤੇ ਇਤਿਹਾਸ ਨੂੰ ਆਪਣੀ ਯਾਦ-ਸ਼ਕਤੀ ਰਾਹੀਂ ਸਾਕਾਰ ਕਰਕੇ ਉਸ ਨੂੰ ਕਲਾਤਮਕ ਢੰਗ ਨਾਲ ਪ੍ਰਸਤੁਤ ਕਰਨ ਦਾ ਹੁਨਰ ਹੈ। ਇਸ ਦਾ ਕੇਂਦਰ ਬਿੰਦੂ ਸ੍ਵੈ-ਜੀਵਨੀਕਾਰ ਆਪ ਹੁੰਦਾ ਹੈ। ਸਵੈ-ਜੀਵਨੀ ਨਾਇਕ ਦੇ ਆਪਣੇ ਮੂੰਹੋਂ ਬਿਆਨ ਕੀਤਾ ਆਪਣਾ ਜੀਵਨ ਇਤਿਹਾਸ ਹੈ। ਇਹ ਹੋ ਚੁੱਕੇ, ਲੰਘ ਚੁੱਕੇ ਜੀਵਨ ਦੀ ਪੁਨਰ ਸਿਰਜਣਾ ਦਾ ਉਪਰਾਲਾ ਹੈ। ਸ੍ਵੈ-ਜੀਵਨੀ ਦਾ ਕੇਂਦਰੀ ਧੁਰਾ ਲੇਖਕ ਖੁਦ ਹੁੰਦਾ ਹੈ ਪਰ ਇਸ ਦਾ ਇਹ ਅਰਥ ਕਦਾਚਿਤ ਨਹੀਂ ਕਿ ਇਸ ਵਿਚ ਇਤਿਹਾਸ ਦੀ ਕੋਈ ਦਖਲ ਅੰਦਾਜ਼ੀ ਨਹੀਂ, ਇਤਿਹਾਸ ਤਾਂ ਸਵੈ-ਜੀਵਨੀ ਦੀ ਸੰਰਚਨਾ ਦਾ ਇਕ ਲਾਜਮੀ ਜੁਜ਼ ਹੈ। ਜੀਵਨ ਇਤਿਹਾਸ ਵਿਚ ਲੇਖਕ ਦਾ ਸਮਕਾਲੀ ਇਤਿਹਾਸ ਵੀ ਜ਼ਜਬ ਹੋ ਜਾਂਦੀ ਹੈ। ਚੰਗੀ ਸਵੈ-ਜੀਵਨੀ ਜਿੱਥੇ ਲੇਖਕ ਦੇ ਵਿਅਕਤੀ ਬਿੰਬ ਦੀ ਪੁਨਰ-ਸਿਰਜਣਾ ਕਰਦੀ ਹੈ ਉੱਥੇ ਇਹ ਸਮਕਾਲੀ ਇਤਿਹਾਸ ਨੂੰ ਵੀ ਆਪਣੇ ਕਲਾਵੇ ਵਿਚ ਸਮੇਟਣ ਦੀ ਅਥਾਹ ਤੇ ਅਧਾਰ ਸਮਰੱਥਾ ਰੱਖਦੀ ਹੈ। ਸ੍ਵੈ-ਜੀਵਨੀ ਵਿਚ ਪ੍ਰਸਤੁਤ ਇਤਿਹਾਸ ਵੀ ਸ਼ੁੱਧ ਇਤਿਹਾਸ ਲੇਖਕ ਦੇ ਨਾਲ ਇਸ ਤਰ੍ਹਾਂ ਦੁੰਦਾਤਮਕ ਰਿਸ਼ਤੇ ਵਿਚ ਬੱਝਾ ਹੁੰਦਾ ਹੈ ਕਿ ਉਸਦੀ ਸ਼ੁੱਧ ਤੇ ਨਿਰਪੇਖ ਹੋਂਦ ਲਗਭਗ ਗਾਇਬ ਹੋਂਦ ਦੇ ਲੱਗਪਗ ਹੋ ਜਾਂਦੀ ਹੈ। ਇਸ ਵਿਚ ‘ਸਵੈ- ਤੇ ਇਤਿਹਾਸ ਇਕ ਦੂਜੇ ਨਾਲ ਦੰਦਾਤਮਕ ਰਿਸ਼ਤੇ ਵਿਚ ਬੱਝ ਕੇ ਇਕ ਦੂਜੇ ਨੂੰ ਅਸਲੋਂ ਨਵੀਂ ਸਾਰਥਕਤਾ ਪ੍ਰਦਾਨ ਕਰਦੇ ਹਨ। ਸਵੈ-ਜੀਵਨੀ ਵਿਚ ਪ੍ਰਸਤੁਤ ਨਾਇਕ ਕਿਸ ਭਾਂਤ ਦਾ ਹੁੰਦਾ ਹੈ ਜਾਂ ਕਿਸ ਭਾਤ ਦਾ ਹੋਣਾ ਚਾਹੀਦਾ ਹੈ? ਆਮ ਤੌਰ ਉਪਰ ਸਵੈ-ਜੀਵਨੀ ਦਾ ਨਾਇਕ ਐਸਾ ਵਿਅਕਤੀ ਹੁੰਦਾ ਹੈ। ਜਿਸ ਨੇ ਕਿਸੇ ਨੇ ਖੇਤਰ ਵਿੱਚ ਮਹੱਤਵਪੂਰਣ ਤੇ ਗਿਣਨਯੋਗ ਪ੍ਰਾਪਤੀਆਂ ਕੀਤੀਆਂ ਹੋਣ। ਉਹ ਖੇਤਰ ਚਾਹੇ ਰਾਜਨੀਤੀ ਦਾ ਹੋਵੇ ਧਰਮ ਦਾ, ਕਲਾ ਜਾਂ ਸਾਹਿਤ ਦਾ ਆਪਣੀਆਂ ਇਹਨਾਂ ਪ੍ਰਾਪਤੀਆਂ ਸਦਕਾ ਹੀ ਉਹ ਪ੍ਰਸਿੱਧ ਤੇ ਲੋਕਪ੍ਰਿਯਤ ਹੁੰਦਾ ਹੈ। ਸਵੈ-ਜੀਵਨੀ ਦਾ ਮਨੋਰਥ ਹੁੰਦਾ ਹੈ ਆਪਣੇ ਜੀਵਨ ਬਿੰਬ ਨੂੰ ਵੇਰਵਿਆਂ ਦੀ ਬਾਰੀਕੀ ਸਾਹਿਤ ਉਜਾਗਰ ਕਰਨਾ। ਇਸੇ ਰਾਹੀਂ ਹੀ ਸਵੈ-ਜੀਵਨੀਕਾਰ ਦੇ ਜੀਵਨ ਦਾ ਮਹਾਂਦ੍ਰਿਸ਼ ਉੱਘੜ ਕੇ ਸਾਹਮਣੇ ਆਉਂਦਾ ਹੈ। ਇਹ ਦ੍ਰਿਸ਼ ਸੰਪੂਰਣ ਤਾਂ ਹੀ ਹੁੰਦਾ ਹੈ ਜੇਕਰ ਉਹ ਆਪਣੇ ਬਚਪਨ, ਜਵਾਨੀ ਤੇ ਵਰਤਮਾਨ ਸਥਿਤੀ, ਸੁਭਾਅ, ਰੁਚੀਆ, ਆਦਤਾ, ਪ੍ਰਾਪਤੀਆਂ, ਅਪ੍ਰਾਪਤੀਆਂ ਨੂੰ ਉਭਾਰੇ। ਕਿਸੇ ਵਿਅਕਤੀ ਦੇ ਜੀਵਨ ਬਿੰਬ ਨੂੰ ਚਿਤਰਦੀ ਹੋਈ ਸਵੈ-ਜੀਵਨੀ ਦੀ ਵਿਧਾ ਉਸ ਤੋਂ ਪਾਰ ਫੈਲ ਕੇ ਮਾਨਣ ਦੀਆਂ ਭਾਵਨਾਵਾਂ, ਰੌਂਅ, ਪ੍ਰਾਪਤੀਆਂ ਵਿਸ਼ਾਦ ਸੰਕਟ ਦੇ ਪੀੜਾ ਆਦਿ ਨੂੰ ਪਕੜਣ ਦੀ ਕੋਸ਼ਿਸ਼ ਕਰਦੀ ਹੈ। ਸਵੈ-ਜੀਵਨੀ ਦੀ ਵਿਧਾ ਦੀ ਰੂਪਗਤ ਵਿਸ਼ੇਸ਼ਤਾ ਸੰਬੰਧੀ ਚਰਚਾ ਕਰਦੇ ਸਮੇਂ ਆਮ ਤੌਰ ਤੇ ਵਾਰਤਕ ਦੇ ਸਾਧਾਰਨ ਗੁਣਾਂ ਨੂੰ ਦੁਹਰਾਇਆ ਜਾਂਦਾ ਹੈ। ਅਰਥਾਤ ਸ੍ਵੈ-ਜੀਵਨੀ ਵਿਚ ਸਰਲਤਾ, ਸੰਖੇਪਤਾ, ਸੰਜਮ, ਸਪੱਸ਼ਟਤਾ ਤੇ ਰੌਚਕਤਾ ਆਦਿ ਗੁਣਾਂ ਦਾ ਹੋਣਾ ਜ਼ਰੂਰੀ ਹੈ। ਉਸ ਦੀ ਸਿਰਜਣਾ ਵਿਚ ਉਸ ਦਾ ਅਤੀਤ ਤੇ ਵਰਤਮਾਨ ਇਕ ਦੂਜੇ ਵਿਚ ਸਮੋਏ ਜਾਂਦੇ ਹਨ। ਉਹ ਕਈ ਤਰ੍ਹਾਂ ਦੀਆਂ ਸਾਹਿਤਕ ਜੁਗਤਾਂ ਜਿਵੇਂ ਪਿਰਤ ਝਾਤ, ਅਲੰਕਾਰ, ਬਿੰਬ, ਪ੍ਰਤੀਕ ਦੀ ਵਰਤੋਂ ਕਰਦਾ ਹੈ। 'ਸਵੈਜੀਵਨੀ ਸ਼ਾਸਤਰ' ਵਿਚ ੲਿਸ ਵਿਧਾ ਸੰਬੰਧੀ ਡਾ. ਧਰਮ ਚੰਦ ਵਾਤਿਸ਼ ਦੇ ਵਿਚਾਰ ਗੌਲਣਯੋਗ ਹਨ ਜਿਨ੍ਹਾਂ ਵਿਚੋਂ ਕੁਝ ਚੁਣਿੰਦਾ ਵਿਚਾਰ ਨਿਮਨ ਅਨੁਸਾਰ ਹਨ: "ਸਵੈਜੀਵਨੀ ਦਾ ਸ਼ਖਸੀਅਤੀ ਤੱਤ" ਸਵੈਜੀਵਨੀ ਕਲਾ ਦਾ ਵਿਕਾਸ ਅਜਿਹੀ ਚੀਜ ਹੈ ਜੋ ਰਚਣੲੀ ਵਿਅਕਤੀਅਾਂ ਦੇ ਪ੍ਰਗਟਾਅ ਨਾਲ ਮਿਲਾਪ ਤੋਂ ਬਿਨਾ ਚਿਤਵੀ ਨਹੀਂ ਜਾ ਸਕਦੀ। ਜੀਵਨ ਦਾ ਨੇੜਵਾਂ ਅਧਿਅੈਨ ਅਤੇ ਕਲਾਤਮਕ ਅਸਫਲਤਾਵਾਂ, ਦੁਖਦਾੲੀ ਸ਼ੱਕਾਂ ਤੇ ਖੁਸ਼ੀਅਾਂ ਭਰੀਅਾਂ ਜਿੱਤਾਂ ਦੇ ਨਾਲ ਨਾਲ ਰਚਨਾ ਕਰਨ ਅਤੇ ਅਗੇ ਵਧਣ ਦੇ ਨਵੇਂ ਕਾਰਾਗਰ ਢੰਗਾਂ ਦੀ ਅਣਥਕ ਖੋਜ- ੲਿਹ ਸਾਰਾ ਕੁਝ ਸਵੈਜੀਵਨੀ ਲੇਖਕ ਦੀ ਪ੍ਰੇਰਣਾ ਭਰਪੂਰ ਕਿਰਤ ਵਿਚ ਸ਼ਾਮਲ ਹੁੰਦਾ ਹੈ। ਸਵੈਜੀਵਨੀ ਲੇਖਕ ਅਾਪਣੀਅਾਂ ਨਜ਼ਰਾਂ ਸਾਹਮਣੇ ਵਾਪਰ ਚੁੱਕੇ ਅਤੀਤ ਨੂੰ ਕੇਵਲ ਨਿਸ਼ਚਿਤ ਹੀ ਨਹੀਂ ਕਰਦਾ ਸਗੋਂ ੳੁਸ ਅਤੀਤ ਵਿਚੋਂ ਵਿਸ਼ਲੇਸ਼ਣ ਕਰਨ ਚੋਣ ਕਰਨ ਅਤੇ ਜੋੜਨ ਦਾ ਯਤਨ ਵੀ ਕਰਦਾ ਹੈ। "ਸਵੈਜੀਵਨੀ ਦਾ ੲਿਤਹਾਸਕ ਤੱਤ" ੲਿਤਹਾਸ ਅਤੇ ਸਵੈਜੀਵਨੀ ਦਾ ਵਿਸ਼ੇਸ ਸੰਬੰਧ ਹੈ। ਦੋਵੇਂ ਹੀ ਅਾਪਣੀ ਸਮੱਗਰੀ ਬੀਤੇ ਸਮੇਂ ਚੋਂ ਲੈਂਦੇ ਹਨ। ਜਦੋਂ ਕੋੲੀ ਲੇਖਕ ਅਾਪਣੀ ਸਵੈਜੀਵਨੀ ਲਿਖ ਰਿਹਾ ਹੁੰਦਾ ਹੈ ਤਾਂ ਸਹਿਜ ਸੁਭਾਅ ੳੁਸ ਦੇ ਸਮੇਂ ਦੀਅਾਂ ਘਟਨਾਵਾਂ ੳੁਸ ਦੀ ਰਚਨਾ ਵਿਚ ਪ੍ਰਵੇਸ਼ ਕਰ ਜਾਂਦੀਅਾਂ ਹਨ। ਸਵੈਜੀਵਨੀ ਵਿਚ ੲਿਤਹਾਸਕ ਤੱਥ ਕਿਥੋਂ ਤਕ ਪ੍ਰਵੇਸ਼ ਕਰਦੇ ਹਨ, ੲਿਸ ਸੰਬੰਧ ਵਿਚ ਕਰਤਾਰ ਸਿੰਘ ਦੁਗਲ ਦਾ ਕਥਨ ੲਿਸ ਧਾਰਨਾ ਨੂੰ ਸਪਸ਼ਟ ਕਰਦਾ ਹੈ: ੲਿਹ ਸਵੈਜੀਵਨੀ ਮੇਰੀ ਕਹਾਣੀ ਹੈ। ਨਾਲੇ ਮੇਰੇ ਜਮਾਨੇ ਦੀ ਕਹਾਣੀ ਹੈ। ੳੁਸ ਹੱਦ ਤਕ ਜਿਥੋਂ ਤੀਕ ਸਮੇਂ ਦੇ ਹਾਲਾਤ ਮੇਰੇ ਜੀਵਨ ਵਿਚ ਦਾਖਲ ਰਖਦੇ ਸਨ। ਅੰਗਰੇ ਦੀ ਗੁਲਾਮੀ, ਜਿਥੋਂ ਤਕ ੳੁਸ ਨੇ ਮੈਨੂੰ ਪ੍ਰੇਸ਼ਾਨ ਕੀਤਾ, ਅਜਾਦੀ ਲੲੀ ਜੱਦੋ ਜਹਿਦ, ਜਿਥੋਂ ਤਕ ਸਾਡੇ ਟੱਬਰ ਨੇ ੳੁਸ ਵਿਚ ਹਿੱਸਾ ਪਾੲਿਅਾ। ਦੇਸ਼ ਦੀ ਵੰਡ ਜਿਥੋਂ ਤਕ ਅਸੀਂ ਲੁਟੇ ਪੁਟੇ ਗੲੇ।ਅਜਾਦੀ ਦਾ ਹਿਲੋਰਾ ਜਿਥੋਂ ਤਕ ਮੈਂ ੳੁਸ ਨੂੰ ਮਾਣਿਅਾ। ਸਰਮਾੲੇਦਾਰੀ ਦੀ ਬਦਜੋਕੀ, ਸਮਾਜ ਦੀ ਕਾਣੀਵੰਡ, ਫੀਤਾਸ਼ਾਹੀ, ਸਿਅਾਸੀ ਪੈਂਤੜਾਬਾਜ਼ੀ, ਸਰਕਾਰੀ ਢਾਂਚੇ ਦੀ ਨਿਰਮਮਤਾ, ਜਿਥੋਂ ਤੀਕ ਮੇਰੀ ਸ਼ਖਸੀਅਤ ਨੂੰ ਘੜਿਅਾ, ਭੰਨਿਅਾ, ਸੰਵਾਰਿਅਾ, ਮੈਨੂੰ ੳੁਹ ਕੁਝ ਬਣਨ ਵਿਚ ਹਿੱਸਾ ਪਾੲਿਅਾ ਜੋ ਕੁਝ ਮੈਂ ਹਾਂ। "ਸਵੈਜੀਵਨੀ ਦਾ ਸਾਹਿਤਕ ਤੱਤ" ਅਤੀਤ ਦੇ ਤ੍ੱਥਾਂ ਦਾ ਨਿਰੋਲ ਸੰਗ੍ਰਹਿ ੳੁਵੇਂ ਹੀ ਸਵੈਜੀਵਨੀ ਨਹੀਂ ਹੁੰਦੀ ਜਿਵੇਂ ਅੰਡਿਅਾਂ ਦੀ ਟੋਕਰੀ ਅਾਮਲੇਟ ਨਹੀਂ ਹੁੰਦੀ। ੲਿਸ ਵਿਚ ਬੀਤੇ ਦੀ ਪੇਸ਼ਕਾਰੀ ਸੁਹਜਮੲੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ੳੁਸ ਨੂੰ ਸਾਹਿਤਕ ਕਲਾਬਾਜੀਅਾਂ, ਕਲਪਨਾ ਅਤੇ ਸ਼ਬਦ ਅਾਡੰਬਰ ਦੀ ਵਰਤੋਂ ਬੜੀ ਸੋਚ ਸਮਝ ਨਾਲ ਕਰਨੀ ਚਾਹੀਦੀ ਹੈ। ਸਾਹਿਤ ਅਤੇ ਸਵੈਜੀਵਨੀ ਦੀ ੲਿਕ ਵਿਲੱਖਣ ਸਾਂਝ ਹੈ। ਜਦੋਂ ਅਸੀਂ ੲਿਹ ਮੰਨ ਕੇ ਚਲਦੇ ਹਾਂ ਕਿ ਹਰ ਸਾਹਿਤਕ ਸਿਰਜਣਾ ਵਿਚ ਸਵੈਜੀਵਨਤਮਕ ਤੱਤ ਹੁੰਦਾ ਹੈ ਤਾਂ ਫਿਰ ਸਵੈ ਜੀਵਨੀ ਸਾਹਿਤਕ ਤੱਤ ਦੀ ਮੇਜ਼ਬਾਨੀ ਤੋਂ ਕਿਵੇੰ ਬਚ ਸਕਦੀ ਹੈ?
ਸਾਕਾ ਨੀਲਾ ਤਾਰਾ (ਅੰਗ੍ਰੇਜ਼ੀ ਨਾਮ: Operation Blue Star) - 1 ਤੋਂ 10 ਜੂਨ 1984 ਦੇ ਵਿਚਕਾਰ ਭਾਰਤੀ ਫੌਜ ਦੁਆਰਾ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਤੇ ਕੀਤੀ ਹੋਈ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਅੱਤਵਾਦੀ ਕਹਿ ਕੇ ਫੌਜ ਗੁਰੁਦਵਾਰੇ ਵਿੱਚੋਂ ਕੱਢਣਾ ਚਾਹੁੰਦੀ ਸੀ। ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ ਅਤੇ ਸਿੱਖ ਧਰਮ ਦੇ ਪਵਿੱਤਰ ਅਸਥਾਨਾਂ ਦਾ ਨੁਕਸਾਨ ਹੋਇਆ।
ਗੁਰੂ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖ ਧਰਮ ਦੇ ਦਸ ਸਿੱਖ ਗੁਰੂਆਂ ਵਿੱਚੋਂ ਦੂਜੇ ਗੁਰੂ ਸੀ। ਗੁਰੂ ਨਾਨਕ, ਸਿੱਖੀ ਦੇ ਬਾਨੀ, ਨਾਲ ਮੁਲਾਕਾਤ ਹੋਣ ਤੋਂ ਬਾਅਦ ਉਹ ਸਿੱਖ ਬਣ ਗਏ। ਗੁਰੂ ਨਾਨਕ ਜੀ ਨਾਲ਼ ਕੰਮ ਕਰਨ ਅਤੇ ਉਨ੍ਹਾਂ ਦੀ ਸੇਵਾ ਕਰਨ ਤੋਂ ਬਾਅਦ ਗੁਰੂ ਨਾਨਕ ਨੇ ਉਨ੍ਹਾਂ ਦਾ ਨਾਂ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਰੱਖ ਦਿੱਤਾ ਅਤੇ ਉਨ੍ਹਾਂ ਨੂੰ ਦੂਜੇ ਸਿੱਖ ਗੁਰੂ ਵਜੋਂ ਚੁਣਿਆ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।
ਊਧਮ ਸਿੰਘ (ਜਨਮ ਸ਼ੇਰ ਸਿੰਘ; 26 ਦਸੰਬਰ 1899 — 31 ਜੁਲਾਈ 1940) ਗਦਰ ਪਾਰਟੀ ਅਤੇ HSRA ਨਾਲ ਸਬੰਧਤ ਇੱਕ ਭਾਰਤੀ ਕ੍ਰਾਂਤੀਕਾਰੀ ਸੀ, ਜੋ 13 ਮਾਰਚ 1940 ਨੂੰ ਭਾਰਤ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓ'ਡਵਾਇਰ ਦੀ ਹੱਤਿਆ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ। ਇਹ ਕਤਲ 1919 ਵਿੱਚ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਊਧਮ ਸਿੰਘ ਤੇ ਬਾਅਦ ਵਿੱਚ ਕਤਲ ਦਾ ਮੁਕੱਦਮਾ ਚਲਾਇਆ ਅਤੇ ਦੋਸ਼ੀ ਠਹਿਰਾਇਆ ਗਿਆ ਅਤੇ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ। ਹਿਰਾਸਤ ਵਿੱਚ ਰਹਿਣ ਦੌਰਾਨ, ਉਸਨੇ 'ਰਾਮ ਮੁਹੰਮਦ ਸਿੰਘ ਆਜ਼ਾਦ' ਨਾਮ ਦੀ ਵਰਤੋਂ ਕੀਤੀ, ਜੋ ਭਾਰਤ ਵਿੱਚ ਧਰਮ ਨਿਰਪੱਖ ਅਤੇ ਉਸਦੀ ਬਸਤੀਵਾਦੀ ਵਿਰੋਧੀ ਭਾਵਨਾ ਨੂੰ ਦਰਸਾਉਂਦਾ ਹੈ।
ਇਲੂਮੀਨਾਤੀ ਜਾਂ ਇਲੂਮਿਨਾਟੀ (ਅੰਗ੍ਰੇਜ਼ੀ: Illuminati; /əˌluːmɪˈnɑːti/; ਲਾਤੀਨੀ: ਇਲੂਮਿਨਾਟਸ ਦਾ ਬਹੁਵਚਨ, 'ਪ੍ਰਕਾਸ਼ਵਾਨ') ਕਈ ਸਮੂਹਾਂ ਨੂੰ ਦਿੱਤਾ ਗਿਆ ਇੱਕ ਨਾਮ ਹੈ, ਅਸਲ ਅਤੇ ਕਾਲਪਨਿਕ ਦੋਵੇਂ। ਇਤਿਹਾਸਕ ਤੌਰ 'ਤੇ, ਇਹ ਨਾਮ ਆਮ ਤੌਰ 'ਤੇ ਬਾਵੇਰੀਅਨ ਇਲੂਮਿਨਾਟੀ ਨੂੰ ਦਰਸਾਉਂਦਾ ਹੈ, ਇੱਕ ਗਿਆਨ-ਯੁੱਗ ਗੁਪਤ ਸਮਾਜ ਜੋ 1 ਮਈ 1776 ਨੂੰ ਬਾਵੇਰੀਆ ਦੇ ਚੋਣ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਸੀ। ਸਮਾਜ ਦੇ ਦੱਸੇ ਗਏ ਟੀਚੇ ਅੰਧਵਿਸ਼ਵਾਸ, ਅਸ਼ਲੀਲਤਾ, ਜਨਤਕ ਜੀਵਨ ਉੱਤੇ ਧਾਰਮਿਕ ਪ੍ਰਭਾਵ ਅਤੇ ਰਾਜਿਆਂ ਦੁਆਰਾ ਰਾਜ ਸ਼ਕਤੀ ਦੀ ਦੁਰਵਰਤੋਂ ਦਾ ਵਿਰੋਧ ਕਰਨਾ ਸਨ। "ਦਿਨ ਦਾ ਕ੍ਰਮ", ਉਨ੍ਹਾਂ ਨੇ ਆਪਣੇ ਆਮ ਕਾਨੂੰਨਾਂ ਵਿੱਚ ਲਿਖਿਆ, "ਬੇਇਨਸਾਫ਼ੀ ਦੇ ਭੰਡਾਰੀਆਂ ਦੀਆਂ ਚਾਲਾਂ ਨੂੰ ਖਤਮ ਕਰਨਾ ਹੈ, ਉਨ੍ਹਾਂ 'ਤੇ ਹਾਵੀ ਹੋਏ ਬਿਨਾਂ ਉਨ੍ਹਾਂ ਨੂੰ ਕੰਟਰੋਲ ਕਰਨਾ ਹੈ।"
ਰੱਖੜੀ, ਰਕਸ਼ਾ ਬੰਧਨ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਵਚਨਵੱਧ ਹੋ ਜਾਂਦੇ ਹਨ। ਇਹ ਇੱਕ ਪ੍ਰਸਿੱਧ ਅਤੇ ਪਰੰਪਰਾਗਤ ਤੌਰ 'ਤੇ ਹਿੰਦੂ ਸਲਾਨਾ ਰੀਤ ਹੈ ਅਤੇ ਇਹ ਤਿਉਹਾਰ ਹਿੰਦੂ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ ਦੁਨੀਆਂ ਅਤੇ ਖ਼ਾਸਕਰ ਦੱਖਣੀ ਏਸ਼ੀਆ ਦੇ ਕਈ ਭਾਗਾਂ ਅਤੇ ਧਾਰਮਿਕ ਸਮੂਹਾਂ ਦੁਆਰਾ ਵੀ ਮਨਾਇਆ ਜਾਂਦਾ ਹੈ। ਰਕਸ਼ਾ ਬੰਧਨ੍ਹ ਸਾਵਣ ਮਹੀਨੇ ਦੇ ਅੰਤਮ ਦਿਨ ਤੇ ਮਨਾਇਆ ਜਾਂਦਾ ਹੈ, ਜੋ ਆਮ ਤੌਰ 'ਤੇ ਅਗਸਤ ਵਿੱਚ ਆਉਂਦਾ ਹੈ। ਇਸ ਦਿਨ, ਹਰ ਉਮਰ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਦੁਆਲੇ ਰੱਖੜੀ ਨਾਮਕ ਇੱਕ ਤਵੀਤ ਜਾਂ ਤਾਜ਼ੀ ਬੰਨ੍ਹਦੀਆਂ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ ਕਿਉਂਕਿ ਇਸ ਤੇਜ਼ ਰਫਤਾਰ ਮਸ਼ਨੀ ਯੁੱਗ ਵਿੱਚ ਇੱਕ ਦੂਜੇ ਨੁੰ ਮਿਲਣ ਲਈ ਸਮੇਂ ਦਾ ਜਿਵੇਂ ਕਾਲ ਪੈ ਗਿਆ ਹੈ।
ਸਿੰਧੂ ਘਾਟੀ ਸੱਭਿਅਤਾ (ਅੰਗ੍ਰੇਜ਼ੀ: Indus Valley Civilisation) ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।
ਗੁਰੂ ਤੇਗ ਬਹਾਦਰ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ 1665 ਤੋਂ 1675 ਵਿੱਚ ਆਪਣੇ ਸਿਰ ਕਲਮ ਕਰਨ ਤੱਕ ਸਿੱਖਾਂ ਦੇ ਆਗੂ ਰਹੇ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ। ਉਨ੍ਹਾਂ ਦਾ ਜਨਮ 1621 ਵਿੱਚ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਹੋਇਆ ਸੀ ਅਤੇ ਛੇਵੇਂ ਸਿੱਖ ਗੁਰੂ, ਗੁਰੂ ਹਰਗੋਬਿੰਦ ਦੇ ਸਭ ਤੋਂ ਛੋਟੇ ਪੁੱਤਰ ਸਨ। ਇੱਕ ਸਿਧਾਂਤਕ ਅਤੇ ਨਿਡਰ ਯੋਧਾ ਮੰਨਿਆ ਜਾਂਦਾ ਹੈ, ਉਹ ਇੱਕ ਵਿਦਵਾਨ ਅਧਿਆਤਮਿਕ ਵਿਦਵਾਨ ਅਤੇ ਇੱਕ ਕਵੀ ਸੀ ਜਿਸ ਦੇ 115 ਭਜਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹਨ, ਜੋ ਕਿ ਸਿੱਖ ਧਰਮ ਦਾ ਮੁੱਖ ਪਾਠ ਹੈ। ਉਹ 1664 ਵਿੱਚ ਆਨੰਦਪੁਰ ਸਾਹਿਬ ਦੇ ਸੰਸਥਾਪਕ ਸਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਨ। 1974 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਤੋਂ ਹਟਾਉਣ ਲਈ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਗਿਆ ਸੀ।
ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ। ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ.
ਲੁਕਣ ਮੀਚੀ ਦਾ ਅਰਥ ਹੈ ‘ਲੁਕਣਾ ਅਤੇ ਲੱਭਣਾ’। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਸੰਬੰਧੀ ਕੋਈ ਬੰਦਿਸ਼ ਨਹੀਂ ਪਰ ਚੰਗੇ ਮਨੋਰੰਜਨ ਲਈ ਪੰਜ ਖਿਡਾਰੀਆਂ ਤੋਂ ਲੈ ਕੇ 15 ਤਕ ਖਿਡਾਰੀ ਹੋ ਸਕਦੇ ਹਨ। ਇਹ ਖੇਡ ਲੜਕੇ-ਲੜਕੀਆਂ ਇਕੱਠੇ ਵੀ ਖੇਡ ਲੈਂਦੇ ਹਨ। ਇੱਕ ਥਾਂ ਇਕੱਠੇ ਹੋ ਕੇ ਦਾਈ (ਵਾਰੀ) ਦੇਣ ਵਾਲੇ ਦੀ ਚੋਣ ਕਰਦੇ ਹਨ। ਛੋਟੇ ਜਿਹੇ ਪ੍ਰਸ਼ਨ ਜਾਂ ਟੈਸਟ ਤੋਂ ਬਾਅਦ ਜੋ ਹਾਰ ਗਿਆ, ਉਸ ਨੂੰ ਦਾਈ ਦੇਣੀ ਪੈਂਦੀ ਹੈ। ਦਾਈ ਦੇਣ ਵਾਲੇ ਨੂੰ ਆਪਣੀਆਂ ਅੱਖਾਂ 90 ਸੈਕਿੰਡ ਤੱਕ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਬਾਕੀ ਖਿਡਾਰੀ ਆਪੋ-ਆਪਣੀਆਂ ਥਾਵਾਂ ‘ਤੇ ਲੁਕ ਜਾਂਦੇ ਹਨ। ਦਾਈ ਦੇਣ ਵਾਲਾ, ਓਨੀ ਦੇਰ ਤਕ ਆਪਣੀਆਂ ਅੱਖਾਂ ਨਹੀਂ ਖੋਲ੍ਹਦਾ, ਜਿੰਨੀ ਦੇਰ ਤਕ ਅੱਗੋਂ ਆਵਾਜ਼ ਨਹੀਂ ਆਉਂਦੀ “ਆ ਜਾਓ ਜਾ ਅ ਜੋਂ”। ਦਾਈ ਦੇਣ ਵਾਲਾ ਅੱਖਾਂ ਖੋਲ੍ਹ ਕੇ ਆਵਾਜ਼ ਦੇ ਅੰਦਾਜ਼ੇ ਨਾਲ ਦੂਜੇ ਖਿਡਾਰੀਆਂ ਦੀ ਭਾਲ ਕਰਦਾ ਹੈ। ਜੇਕਰ ਸਭ ਖਿਡਾਰੀ ਉਸ ਤੋਂ ਬਚ ਕੇ ਨਿਸ਼ਚਿਤ ਕੀਤੀ ਥਾਂ ‘ਤੇ ਬਿਨਾਂ ਪਕੜੇ ਆ ਜਾਂਦੇ ਹਨ ਤਾਂ ਉਸ ਨੂੰ ਦੁਬਾਰਾ ਦਾਈ ਦੇਣੀ ਪੈਂਦੀ ਹੈ। ਜੇਕਰ ਉਹ ਲੁਕੇ ਖਿਡਾਰੀਆਂ ਵਿੱਚੋਂ ਕਿਸੇ ਨੂੰ ਪਕੜ ਲੈਂਦਾ ਹੈ ਤਾਂ ਉਸ ਨਵੇਂ ਖਿਡਾਰੀ ਨੂੰ ਦਾਈ ਦੇਣੀ ਪੈਂਦੀ ਹੈ, ਭਾਵ ਉਹ ਅੱਖਾਂ ਬੰਦ ਕਰਦਾ ਹੈ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਆਮ ਤੌਰ ‘ਤੇ ਸ਼ਾਮ ਨੂੰ ਖੇਡੀ ਜਾਂਦੀ ਹੈ। ਜੇਕਰ ਲੁਕਣ ਦਾ ਵਧੀਆ ਪ੍ਰਬੰਧ ਹੋਵੇ ਤਾਂ ਇਸ ਨੂੰ ਦਿਨ ਵੇਲੇ ਵੀ ਖੇਡਿਆ ਜਾ ਸਕਦਾ ਹੈ। ਇਹ ਖੇਡ ਜਿੱਥੇ ਸਰੀਰਕ ਤੰਦਰੁਸਤੀ ਬਖਸ਼ਦੀ ਹੈ ਉੱਥੇ ਹੀ ਇਸ ਨਾਲ ਆਪਸੀ ਪਿਆਰ ਵਧਦਾ ਹੈ। ਖਿਡਾਰੀਆਂ ਨੂੰ ਲੱਭਣ ਦੇ ਅੰਦਾਜ਼ੇ ਨਾਲ ਮਾਨਸਿਕ ਵਿਕਾਸ ਵੀ ਤੇਜ਼ ਹੁੰਦਾ ਹੈ।
ਕਬੀਰ (ਹਿੰਦੀ: कबीर) (1398-1518) ਇੱਕ ਮਸ਼ਹੂਰ ਭਾਰਤੀ ਭਗਤੀ ਰਹੱਸਵਾਦੀ ਕਵੀ ਅਤੇ ਸੰਤ ਸਨ। ਉਨ੍ਹਾਂ ਦੀਆਂ ਲਿਖਤਾਂ ਨੇ ਹਿੰਦੂ ਧਰਮ ਦੀ ਭਗਤੀ ਲਹਿਰ ਨੂੰ ਪ੍ਰਭਾਵਿਤ ਕੀਤਾ, ਅਤੇ ਉਨ੍ਹਾਂ ਦੀਆਂ ਬਾਣੀਆਂ ਸਿੱਖ ਧਰਮ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ, ਸੰਤ ਗਰੀਬ ਦਾਸ ਦੇ ਸਤਿਗੁਰੂ ਗ੍ਰੰਥ ਸਾਹਿਬ ਅਤੇ ਧਰਮਦਾਸ ਦੇ ਕਬੀਰ ਸਾਗਰ ਵਿੱਚ ਮਿਲਦੀਆਂ ਹਨ। ਕਬੀਰ ਅਰਬੀ ਸ਼ਬਦ ਹੈ ਜਿਸ ਦਾ ਅਰਥ ਮਹਾਨ ਅਤੇ ਵੱਡਾ ਹੈ। ਕਬੀਰ ਸਾਹਿਬ ਜੀ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਸਾਹਿਬ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਜੀ ਨੂੰ ਆਪਣਾ ਬਾਨੀ ਮੰਨਦੇ ਹਨ। ਭਗਤ ਕਬੀਰ ਜੀ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ,ਕਬੀਰ ਸਾਗਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ। ਕਬੀਰ ਸਾਹਿਬ ਦੇ ਮੂਲ ਗ੍ਰੰਥ ਬੀਜਕ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਸ੍ਰੀ ਜਗਦੀਸ਼ ਲਾਲ ਵਲੋਂ 'ਕਬੀਰ: ਜੀਵਨ ਤੇ ਬਾਣੀ' ਦੇ ਪਹਿਲੇ ਭਾਗ ਵਿੱਚ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਕਬੀਰ ਸਾਹਿਬ ਦਾ ਜੀਵਨ ਇਤਿਹਾਸ ਵੀ ਵਿਗਿਆਨਕ ਅਧਾਰ 'ਤੇ ਲਿਖਿਆ ਗਿਆ ਹੈ।
ਜੀਵਨੀ ਰਚਨਾ ਦਾ ਮੂਲ ਅਧਾਰ ਜਨਮਸਾਖੀ ਮੰਨਿਆ ਗਿਆ ਹੈ। ਪੁਰਾਤਨ ਪੰਜਾਬੀ ਵਾਰਤਕ ਦਾ ਮੁੱਢ ਵੀ ਗੁਰੂ ਨਾਨਕ ਕਾਲ ਵਿੱਚ ਜਨਮ ਸਾਖੀ ਤੋਂ ਬੱਝਦਾ ਹੈ। ਜਨਮਸਾਖੀ ਤੇ ਬਚਨ ਪੰਜਾਬੀ ਵਾਰਤਕ ਦੇ ਪੁਰਾਤਨ ਰੂਪ ਹਨ, ਭਾਈ ਵੀਰ ਸਿੰਘ ਨੇ ਜਿਹਨਾਂ ਨੂੰ ਜੀਵਨੀ ਰੂਪ ਵਜੋਂ ਵਿਕਸਿਤ ਕੀਤਾ। ਆਧੁਨਿਕ ਪੰਜਾਬੀ ਵਾਰਤਕ ਅੱਜ ਬਹੁਤ ਵਿਕਸਤ ਹੋ ਚੁਕੀ ਹੈ, ਸਮਕਾਲ ਵਿੱਚ 600 ਦੇ ਲਗਭਗ ਜੀਵਨੀ ਰਚਨਾਵਾਂ ਇਸ ਵਰਗ ਅੰਦਰ ਮਿਲਦੀਆਂ ਹਨ।ਪਹਿਲਾਂ ਜੀਵਨੀ ਖੇਤਰ ਵਿੱਚ ਨਾਇਕ ਜਾਂ ਮਹਾਨ ਵਿਅਕਤੀ ਦੀ ਹੀ ਗੱਲ ਕੀਤੀ ਜਾਂਦੀ ਸੀ, ਸੁਤੰਤਰਤਾ ਤੋਂ ਮਗਰੋਂ ਸਧਾਰਨ ਵਿਅਕਤੀ ਨੂੰ ਵੀ ਮਹੱਤਵ ਮਿਲਣ ਲੱਗਿਆ। ਫਿਰ ਵੀ ਜੀਵਨੀ ਕਿਸੇ ਵਿਸ਼ੇਸ਼ ਵਿਅਕਤੀ ਨਾਲ ਸੰਬੰਧ ਰੱਖਦੀ ਹੈ, ਜਿਥੇ ਕੁਝ ਆਦਰਸ਼ ਮਹੱਤਵ ਰੱਖਦੇ ਹਨ।
ਗੁਰਦਿਆਲ ਸਿੰਘ (10 ਜਨਵਰੀ 1933 - 16 ਅਗਸਤ 2016) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਅਨੁਵਾਦਕ ਸੀ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਬਾਅਦ ਵਿੱਚ ਪੜ੍ਹਨ ਕਰਕੇ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਿਆ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਿਆ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਇਆ।
ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ
ਸਾਹਿਤ ਦਾ ਭਾਵ ਅਜਿਹੀ ਰਚਨਾ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਹੋਣ। ਕਈ ਵਿਦਵਾਨਾਂ ਅਨੁਸਾਰ ਸਾਹਿਤ ਸ਼ਬਦ ਦੀ ਉਤਪਤੀ ਸਾ ਅਤੇ ਹਿਤ ਹੈ। ਸਾ ਦਾ ਅਰਥ ਹੈ ਸਾਰਿਆਂ ਨਾਲ ਅਤੇ ਹਿਤ ਦਾ ਮਤਲਬ ਪਿਆਰ (ਸਾਹਿਤਯ ਭਾਵ ਸਾਹਿਤਮ) ਸੋ ਸਾਹਿਤ ਦਾ ਭਾਵ ਪਿਆਰ ਤੋਂ ਉਪਜਿਆ ਹੋਇਆ ਰਚਨਾ ਵਿੱਚ ਨਿਰੇ ਪਿਆਰ ਦੇ ਭਾਵ ਆਉਣ ਨਾਲ ਰਚਨਾ ਸਾਹਿਤ ਨਹੀਂ ਅਖਵਾ ਸਕਦੀ। ਸੁੰਦਰ ਰਚਨਾ ਨੂੰ ਕਲਾ ਕਹਿੰਦੇ ਹਨ। ਸ਼ਬਦ ਰੂਪੀ ਸੁੰਦਰ ਰਚਨਾ ਨੂੰ ਸਾਹਿਤ ਆਖਦੇ ਹਨ। ਲਿਖਣ ਢੰਗ ਦੀ ਕਾਢ ਤੋਂ ਪਹਿਲਾਂ ਸਾਹਿਤ ਮੌਖਿਕ ਹੁੰਦਾ ਸੀ। ਸਾਹਿਤ ਦੇ ਅਨਪੜ੍ਹ ਕਰਤਾ ਇਸ ਨੂੰ ਉਚਾਰ ਕੇ ਪ੍ਰਗਟ ਕਰਦੇ ਹਨ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।
ਲੋਕ ਗੀਤਾਂ ਦੀ ਰਚਨਾ ਕਈ ਵਿਸ਼ੇਸ਼ ਕਵੀ ਨਹੀਂ ਕਰਦਾ, ਸਗੋਂ ਲੋਕਾਂ ਦੇ ਦਿਲੀ ਭਾਵ ਗੀਤਾਂ ਦਾ ਰੂਪ ਧਾਰ ਕੇ ਫੁੱਟ ਨਿਕਲਦੇ ਹਨ। ਇਸ ਕਰਕੇ ਇਸ ਦਾ ਜਨਮ ਮਨੁੱਖੀ ਸਭਿਅਤਾ ਦੇ ਨਾਲ ਹੀ ਹੋਇਆ ਹੈ ਤੇ ਇਨ੍ਹਾਂ ਦਾ ਵਹਿਣ ਨਿਰੰਤਰ ਵਹਿ ਰਿਹਾ ਹੈ। ਪੰਜਾਬ ਦੇ ਲੰਮੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਔਰਤਾਂ ‘ਲੰਮੇ ਗੌਣ’ ਦਾ ਨਾਂ ਦਿੰਦੀਆਂ ਹਨ। ਇਹ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਲੋਕ ਗੀਤ ਹਨ ਜਿਹਨਾਂ ਵਿੱਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਮੀ ਹੇਕ ਲਾ ਕੇ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਨੂੰ ਇੱਕ ਜਾਂ ਦੋ-ਦੋ ਦੇ ਜੋਟੇ ਬਣਾ ਕੇ ਸਾਂਝੀ ਹੇਕ ਨਾਲ ਗਾਇਆ ਜਾਂਦਾ ਹੈ- ਇੱਕ ਧਿਰ ਗੀਤ ਦਾ ਇੱਕ ਅੰਤਰਾ ਗਾਉਂਦੀ ਹੈ ਤੇ ਦੂਜੀ ਧਿਰ ਅਗਲੇਰੇ ਅੰਤਰੇ ਦੇ ਬੋਲ ਬੋਲਦੀ ਹੈ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜੋਖ਼ਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਨ ਵਾਲੇ ਇਨ੍ਹਾਂ ਗੀਤਾਂ ਨੂੰ ਔਰਤ ਨੇ ਖ਼ੁਦ ਹੀ ਸਿਰਜਿਆ ਹੈ। ਇਹ ਉਸ ਦੀ ਧੁਰ ਅੰਦਰੋਂ ਨਿਕਲੀ ਵਿਲਕਣੀ ਦੀਆਂ ਹੂਕਾਂ ਹਨ…ਧੂਹ ਪਾਉਂਦੀਆਂ ਦਿਲ ਦੀਆਂ ਆਵਾਜ਼ਾਂ। ਜਦੋਂ ਉਹ ਇਨ੍ਹਾਂ ਨੂੰ ਕਰੁਣਾਮਈ ਸੁਰ ਵਿੱਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਾਉਕੇ ਸੁਣਾਈ ਦੇਣ ਲੱਗਦੇ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਅਨੇਕਾਂ ਵਗੋਚਿਆਂ ਦਾ ਸੰਚਾਰ ਇਨ੍ਹਾਂ ਗੌਣਾਂ ਰਾਹੀਂ ਕੀਤਾ ਹੈ। ਇਨ੍ਹਾਂ ਗੌਣਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਦ੍ਰਿਸ਼ ਸਾਫ਼ ਨਜ਼ਰੀਂ ਆਉਂਦੇ ਹਨ। ਖੂਹਾਂ ’ਤੇ ਪਾਣੀ ਭਰਦੀਆਂ ਮੁਟਿਆਰਾਂ, ਤ੍ਰਿੰਞਣਾਂ ’ਚ ਕੱਤਦੀਆਂ ਸੁਆਣੀਆਂ ਅਤੇ ਪੀਂਘਾਂ ਝੂਟਦੀਆਂ ਅੱਲ੍ਹੜ ਮੁਟਿਆਰਾਂ ਦੀਆਂ ਝਲਕੀਆਂ ਤੋਂ ਇਲਾਵਾ ਘੋੜੇ ’ਤੇ ਅਸਵਾਰ ਭੈਣਾਂ ਨੂੰ ਮਿਲਣ ਆਉਂਦੇ ਵੀਰ ਅਤੇ ਡੋਲੀ ਚੁੱਕੀ ਜਾਂਦੇ ਕਹਾਰਾਂ ਦੀਆਂ ਟੋਲੀਆਂ ਦੇ ਝਲਕਾਰੇ ਵੀ ਇਨ੍ਹਾਂ ਗੀਤਾਂ ’ਚ ਨਜ਼ਰੀ ਪੈਂਦੇ ਹਨ। ਇਹ ਉਸ ਜ਼ਮਾਨੇ ਦੀ ਬਾਤ ਪਾਉਂਦੇ ਹਨ ਜਦੋਂ ਪੰਜਾਬ ਦੇ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ- ਖੇਤੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਹੋਈ- ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ, ਨਦੀਆਂ-ਨਾਲਿਆਂ ’ਤੇ ਕੋਈ ਪੁਲ ਨਹੀਂ ਸਨ।
ਵਾਰਤਕ ਸ਼ਬਦ ਦਾ ਅਰਥ ਵਾਰਤਕ ਸ਼ਬਦਾ ਦਾ ਨਿਕਾਸ ਸੰਸਕ੍ਰਿਤ ਦੇ ‘ਵ੍ਰਿਤਿ` ਧਾਤੂ ਤੋ ਹੌਇਆ ਹੈ। ਇਸ ਦਾ ਅਰਥ ਟੀਕਾ ਹੈ ਭਾਵ ਉਹ ਗ੍ਰੰਥ ਜਿਸ ਦੁਆਰਾ ਸੂਤਰਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਵਾਰਤਕ ਦਾ ਸੰਬੰਧ ਵਾਰਤਾ ਨਾਲ ਵੀ ਹੈ ਜਿਸ ਦਾ ਭਾਵ ਗੱਲਬਾਤ ਜਾਂ ਪ੍ਰਸੰਗ ਹੈ। ਅਰਬੀ, ਫਾਰਸੀ ਅਤੇ ਉਰਦੂ ਵਿੱਚ ਵਾਰਤਕ ਲਈ ‘ਨਸਰ` ਸ਼ਬਦ ਦੀ ਵਰਤੋਂ ਹੁੰਦੀ ਹੈ ਜਿਸ ਦਾ ਅਰਥ ਹੈ ਖਿਲੇਰਨਾ ਜਾਂ ਬਿਖੇਰਨਾ ਜਿਸ ਤੋਂ ਸਪੱਸ਼ਟ ਭਾਵ ਵਿਆਖਿਆਂ ਦਾ ਨਿਕਲਦਾ ਹੈ। ਜਿਸ ਲਈ ਵਾਰਤਕ ਜਾਂ ਨਸਰ ਵਿਚਾਰਾਂ ਦਾ ਖਿਲੇਰਾ ਜਾ ਵਿਆਖਿਆ ਹੈ। ਪਰਿਭਾਸ਼ਾ 1) ਵੇਟਲੀ ਅਨੁਸਾਰ, “ਵਾਰਤਕ ਅਤੇ ਕਵਿਤਾ ਵਿੱਚ ਫ਼ਰਕ ਧੁਨੀ ਦੀ ਬਣਤਰ ਦਾ ਹੈ। ਇਹ ਵਿਚਾਰ ਕਵਿਤਾ ਅਤੇ ਸੰਗੀਤ ਦੇ ਸਬੰਧ ਕਰ ਕੇ ਬਣਿਆ ਹੈ ਕਿਉਂਕਿ ਸਧਾਰਨ ਬੋਲਾਂ ਅਤੇ ਗੀਤ ਵਿੱਚ ਫ਼ਰਕ ਸਪਸ਼ੱਟ ਹੈ।” 2) ਡਰਾਇਡ ਦੇ ਕਾਥਨ ਅਨੁਸਾਰ, “ਵਾਰਤਕ ਵਿੱਚ ਆਪਣਾ ਹੀ ਵਿਸ਼ੇਸ਼ ਸਮਤਾਲ ਹੁੰਦਾ ਹੈ। ਆਪਣੀ ਪੁਸਤਕ Fables ਦੀ ਪ੍ਰਸਤਾਵਨਾ ਵਿੱਚ ਉਹ ਲਿਖਦਾ ਹੈ: ਵਿਚਾਰ ਇੰਨੀ ਤੇਜ਼ੀ ਨਾਲ ਮੇਰੇ ਅੰਦਰ ਇੱਕਠੇ ਹੁੰਦੇ ਹਨ ਤਾਂ ਮੇਰੀ ਵੱਡੀ ਮੁਸ਼ਕਿਲ ਉਨ੍ਹਾਂ ਵਿਚੋ ਚੁਣਨ ਦੀ ਜਾਂ ਰਦ ਕਰਨ ਦੀ ਹੁੰਦੀ ਹੈ- ਕੀ ਉਨ੍ਹਾਂ ਨੂੰ ਕਵਿਤਾ ਵਿੱਚ ਪਰੋਇਆ ਜਾਏ ਤਾਂ ਉਨ੍ਹਾਂ ਨੂੰ ਵਾਰਤਕ ਦੇ ਵਖਰੇ ਤਾਲ ਵਿੱਚ ਸ਼ਸ਼ੋਭਤ ਕੀਤਾ ਜਾਏ।” 3) ਜੋਨੇਥਨ ਸਵਿਫ਼ਟ ਅਨੁਸਾਰ, “ਵਾਰਤਕ ਵਿੱਚ ਸਰਲਤਾ, ਸਪਸ਼ਟਤਾ ਦੇ ਗੁਣ ਹੋਣੇ ਜ਼ਰੂਰੀ ਹਨ, ਅਤੇ ਸੰਖੇਪਤਾ ਦੇ ਗੁਣ ਹੋਏ ਜ਼ਰੂਰੀ ਹਨ। ਇਹਦੇ ਤਰਕ, ਦਲੀਲ ਅਤੇ ਸੋਚ-ਉਡਾਰੀ ਦੇ ਵੀ ਹੋਰ ਉਪਯੋਗੀ ਗੁਣ ਹੁੰਦੇ ਹਨ। ਦਿਲ ਦੀ ਗਲ ਕਰਨ ਵਾਲੇ ਸ਼ਬਦ ਕਵਿਤਾ ਦਾ ਜਾਮਾ ਪਹਿਰਦੇ ਹਨ ਅਤੇ ਦਿਮਾਗ ਦੀ ਭਾਸ਼ਾ ਵਾਰਤਕ ਰਾਹੀਂ ਪ੍ਰਗਟ ਹੁੰਦੀ ਹੈ।” 2)ਸੋ ਵਾਰਤਕ ਵਿੱਚ ਲੇਖਕ ਕਿਸੇ ਛੰਦ ਦੀ ਵਰਤੋਂ ਨਹੀਂ ਕਰਦਾ, ਨਾ ਹੀ ਇਸ ਨੂੰ ਅਲੰਕਾਰਾਂ ਦੇ ਗਹਿਣਿਆ ਨਾਲ ਸਿੰਗਾਰਦਾ ਹੈ, ਇਸ ਵਿੱਚ ਸਾਹਿੱਤਕਾਰ ਆਪਣੇ ਵਿਚਾਰਾਂ ਨੂੰ ਇਸ ਪ੍ਰਕਾਰ ਲਿਪੀ ਬੱਧ ਕਰਦਾ ਹੈ ਕਿ ਉਹ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ ਅਤੇ ਉਸ ਵਿੱਚ ਬੁੱਧੀ-ਤੱਤ ਦੀ ਪ੍ਰਧਾਰਨਾ ਹੁੰਦੀ ਹੈ। ਨਾਨਕ ਕਾਲ ਦੀ ਵਾਰਤਕ ਕੋਈ ਵੀ ਸਾਹਿਤ ਵੰਨਗੀ ਖਲਾਅ ਵਿਚੋਂ ਪੈਦਾ ਨਹੀ ਹੁੰਦੀ ਇਹ ਵੀ ਠੀਕ ਹੈ ਕਿ ਮੁੱਢਲੀ ਪੰਜਾਬੀ ਵਾਰਤਕ ਨਾਨਕ ਦੀ ਸ਼ਖ਼ਸੀਅਤ ਦੇ ਦੁਆਲੇ ਘੁੰਮਦੀ ਹੈ। ਪਰ ਇਹ ਵੀ ਸੱਚ ਹੈ ਕਿ ਸਿਰਫ ਨਾਨਕ ਦੀ ਸ਼ਖ਼ਸੀਅਤ ਹੀ ਕਿਸੇ ਲੇਖਕ ਤੋਂ ਵਾਰਤਕ ਨਹੀ ਲਿਖਵਾ ਸਕਦੀ। ਇਸ ਲਈ ਪਹਿਲਾ ਵਾਰਤਕ ਲੲੀ ਉਚਿਤ ਮਾਹੌਲ ਹੋਣਾ ਜਰੁਰੀ ਹੈ। ਪੰਜਾਬੀ ਵਾਰਤਕ ਦੇ ਪਿਛੋਕੜ ਦੀ ਜੇਕਰ ਗਲ ਕਰੀਏ ਤਾਂ ਇਸਤੇ ਹੋਰ ਭਾਸ਼ਾਵਾਂ ਦਾ ਵੀ ਪ੍ਰਭਾਵ ਮਾੜਾ ਮੋਟਾ ਰਿਹਾ ਹੈ। ਜਿਸ ਵਿਚ ਸੰਸਕ੍ਰਿਤ, ਪ੍ਰਾਕਿਰਤਾਂ, ਅਪਭ੍ਰੰਸ਼, ਬ੍ਰਜ ਅਯੇ ਆਰਬੀ ਫ਼ਾਰਸੀ ਭਾਸ਼ਾਵਾਂ ਦੇ ਸਾਹਿਤ ਨੂੰ ਵੀ ਸ਼ਾਮਿਲ ਕੀਤਾ। ਜਿਵੇ ਕਿ ਸਾਨੂੰ ਪਤਾ ਹੈ ਕਿ ਸੰਸਕ੍ਰਿਤ ਭਾਰਤ ਦੀਆਂ ਮੁੱਢਲੀਆ ਤਿੰਨ ਭਾਸ਼ਾਵਾਂ ਵਿਚੋਂ ਇੱਕ ਹੈ।ਇਸੇ ਵਿਚੋ ਹੀ ਅਪਭ੍ਰੰਸ਼ ਤੇ ਪ੍ਰਾਕਿਰਤਾ ਦਾ ਵਿਕਾਸ ਹੋਇਆ। ਮੱਧਕਾਲ ਵਿੱਚ ਹੀ ਇਸਲਾਮ ਦੇ ਭਾਰਤ ਵਿਚ ਪ੍ਰਵੇਸ਼ ਨਾਲ ਅਰਬੀ ਫ਼ਾਰਸੀ ਦਾ ਪ੍ਰਭਾਵ ਪਿਆ। ਪੰਜਾਬੀ ਮੱਧਕਾਲੀ ਵਾਰਤਕ ਦੇ ਜਨਮ ਤੋਂ ਪਹਿਲਾਂ ਇਹਨਾਂ ਦਾ ਸਾਹਿਤ ਮਿਲਦਾ ਹੈ ਖਾਸ ਤੌਰ ਤੇ ਵਾਰਤਕ । ਸਾਡੇ ਸਾਹਿਤਕਾਰਾਂ ਇੰਨਾ ਨਮੂਨਿਆਂ ਨੂੰ ਪੜਿਆ, ਮਿਸਾਲ ਵਜੋਂ ਸੰਸਕ੍ਰਿਤ ਵਿੱਚ ਹਿਤੋਉਪਦੇਸ਼ ਦੀਆਂ ਨੀਤੀਆਂ ਕਥਾਵਾਂ ਬੜੀਆਂ ਪ੍ਰਸਿੱਧ ਸਨ ਤੇ ਇਹ ਜਨ ਜਨ ਤੱਕ ਪਹੁੰਚੀਆਂ ਇਸੇ ਤਰਾਂ ਸੰਸਕ੍ਰਿਤ ਵਿਚ ਕਥਾ ਵੀ ਰਚੀਆਂ ਗਈਆਂ। ਜੋ ਭਾਸ਼ਾਈ ਬਦਲਾਅ ਕਾਰਨ ਜਨ ਸਧਾਰਨ ਤੱਕ ਪਹੁੰਚੀਆਂ। ਸੁਬੋਧ ਤੇ ਭਾਣ ਭੱਟ ਸੰਸਕ੍ਰਿਤ ਦੇ ਦੋ ਮਹਾਨ ਸਾਹਿਤਕਾਰ ਹੋਏ ਸਨ, ਸੁਬੋਧ ਦੀ 'ਵਾਸਵਦਤਾ' ਅਤੇ ਬਾਣ ਭੱਟ ਦੀ 'ਹਰਸ਼ ਚਰਿਤ੍ਰ' ਅਤੇ 'ਕਾਦੰਬਰੀ' ਦੋ ਬੜੀਆ ਹੀ ਪ੍ਰਸਿੱਧ ਰਚਨਾਵਾਂ ਸਨ। ਪ੍ਰਾਕਿਰਤਾ ਵਿਚੋਂ ਪਾਲੀ ਕਾਫੀ ਪ੍ਰਚਲਿਤ ਸੀ ਮਹਾਤਮਾਂ ਬੁੱਧ ਨੇ ਆਪਣੇ ਸਾਰੇ ਗ੍ਰੰਥ ਇਸੇ ਭਾਸ਼ਾ ਵਿੱਚ ਹੀ ਉਸ ਨਾਲ ਸਬੰਧਿਤ ਬਹੁਤ ਸਾਰੀਆਂ ਜਾਤਕ ਕਥਾਵਾਂ ਇਸੇ ਭਾਸ਼ਾ ਵਿਚ ਉਪਲਬਧ ਹਨ। ਇਹਨਾਂ ਜਾਤਕ ਕਥਾਵਾਂ ਦੇ ਮੋਟਿਫ ਸਾਖੀਆਂ ਵਿੱਚ ਤਲਾਸ਼ੇ ਜਾ ਸਕਦੇ ਹਨ। ਇਸੇ ਭਾਸ਼ਾ ਵਿਚ 1200ਸਾਲ ਤੱਕ ਨੀਤੀ ਕਥਾਵਾਂ , ਦੰਦ ਕਥਾਵਾਂ, ਰੁਮਾਂਸ ਕਥਾਵਾਂ ਅਤੇ ਪਰੀ ਕਥਾਵਾਂ ਰਚੀਆਂ ਗਈਆਂ। ਲੇਕਿਨ ਜਾਤਕ ਕਥਾਵਾਂ ਨੇ ਪੂਰੇ ਭਾਰਤ ਨੂੰ ਪ੍ਰਭਾਵਿਤ ਕੀਤਾ ਜਿੱਥੇ ਜਿੱਥੇ ਬੁੱਧ ਧਰਮ ਦਾ ਪ੍ਰਭਾਵ ਪਾਇਆ ਉਥੇ ਜਾਤਕ ਕਥਾਵਾਂ ਵੀ ਪਹੁੰਚੀਆਂ। ਬ੍ਰਜ ਭਾਸ਼ਾ ਵਿਵਿਚ ਪ੍ਰਮੁੱਖ ਰੂਪ ਵਿਚ ਸਾਰ ਮਹਾਤਮਾਂ ਲਿਖੇ ਮਿਲਦੇ ਹਨ। ਇਸ ਦੀ ਮੁੱਢਲੀ ਰਚਨਾ 'ਗੋਰਖ ਸਾਰ' ਹੈ। ਇਸ ਦਾ ਰਚਨਾ ਕਾਲ 1360ਈ.ਦੇ ਲਗਭਗ ਹੈ। ਡਾ.ਤ੍ਰਿਲੋਚਨ ਨੇ ਬ੍ਰਿਜ ਭਾਸ਼ਾ ਦੇ ਪ੍ਰਭਾਵ ਵਾਲੀ ਵਾਰਤਕ ਵੰਨਗੀ 'ਇਕਾਦਸ਼ੀ ਮਹਾਤਮ' ਦੀ ਖੋਜ ਕੀਤੀ ਹੈ। ਉਹਨਾਂ ਅਨੁਸਾਰ ਇਹ 13ਵੀਂ ਸਦੀ ਦੀ ਰਚਨਾ ਹੈ। ਭਾਰਤ ਵਿਚ ਹਿੰਦੂ ਰਾਜ ਖਤਮ ਹੁੰਦਾ ਹੈ ਤੇ ਮੁਸਲਮਾਨਾਂ ਦੇ ਹਮਲੇ ਸ਼ੁਰੂ ਹੁੰਦੇ ਹਨ। ਪਿੱਛੋ ਜਾ ਕੇ ਮੁਸਲਮਾਨ ਸਾਮਰਾਜ ਦੀ ਸਥਾਪਨਾ ਹੁੰਦੀ ਹੈ।ਇਸ ਸ਼ਾਸਨ ਵਿਵਸਥਾ ਦੇ ਫਲਸਰੂਪ ਅਰਬੀ ਫ਼ਾਰਸੀ ਦੀਆਂ ਸਾਹਿਤ ਦੀਆਂ ਵੰਨਗੀਆਂ ਪ੍ਰਵੇਸ਼ ਕਰਦੀਆਂ ਹਨ। ਫ਼ਾਰਸੀ ਸਾਹਿਤ ਦਾ 'ਮਸਨਵੀ' ਕਾਵਿ ਰੂਪ ਖ਼ਾਸ ਤੌਰ ਤੇ ਪੰਜਾਬੀ ਵਾਰਤਕ ਨੂੰ ਪ੍ਰਭਾਵਿਤ ਕਰਦਾ ਹੈ। ਇਹਨਾਂ ਤੋਂ ਪ੍ਰਾਪਤ ਪ੍ਰਭਾਵ ਤੇ ਪ੍ਰਗਟਾਅ ਮਾਧਿਅਮ ਨੂੰ ਉਹਨਾਂ ਆਪਣੀਆਂ ਜਨਮਸਾਖੀਆਂ ਵਿਚ ਵਰਤਿਆ।ਮੱਧਕਾਲੀ ਪੰਜਾਬੀ ਵਾਰਤਕ ਦੇ ਕੁਝ ਕਾਰਨਾਂ ਵਿੱਚ, ਹਿੰਦੂ ਅਤੇ ਮੁਸਲਮਾਨ ਸਭਿਆਚਾਰ ਦੂਜੇ ਸਥਾਨ ਪ੍ਰਦਾਨ ਨੂੰ ਵੀ ਇਕ ਹੋਰ ਮਹੱਤਵਪੂਰਨ ਕਾਰਨ ਸਮਝਿਆ ਜਾ ਸਕਦਾ ਹੈ।ਇਸਲਾਮ ਦੇ ਪ੍ਰਭਾਵ ਅਧੀਨ ਦੋ ਮੁਸਲਿਮ ਬਣੇ ਉਹਨਾਂ ਲਈ ਅਰਬੀ ਫ਼ਾਰਸੀ ਅਸਲੋਂ ਨਵੀਂ ਭਾਸ਼ਾ ਸੀ। ਸੁਰਿੰਦਰ ਸਿੰਘ ਕੋਹਲੀ ਨੂੰ ਇਸ ਤਣਾਉ ਭਰੇ ਮਾਹੌਲ ਲਈ ਹੇਠ ਲਿਖੀਆਂ ਧਾਰਨਾਵਾਂ ਦਿੱਤੀਆਂ ਹਨ। 1.ਅਰਬੀ ਫ਼ਾਰਸੀ ਨਾ ਜਾਣਨ ਵਾਲੇ ਮੁਸਲਮਾਨਾਂ ਲਈ ਵਾਰਤਕ ਸਿਰਜਣਾ। 2.ਸੰਸਕ੍ਰਿਤ, ਪ੍ਰਕਿਰਤਕ, ਅਪਭ੍ਰੰਸ਼ ਨਾ ਜਾਣਨ ਵਾਲਿਆ ਲੲੀ ਸਾਹਿਤ ਰਚਨਾ 3. ਗੁਰੂ ਨਾਨਕ ਵੱਲੋਂ ਚਲਾਈ ਸਿੱਖ ਲਹਿਰ ਲਈ ਵਾਰਤਕ ਸਿਰਜਣਾ। ਮੱਧਕਾਲੀ ਵਾਰਤਕ ਦੇ ਹੇਠ ਲਿਖੇ ਰੂਪਾਂ ਨੂੰ ਜਨਮ ਲਿਆ: 1.ਜਨਮਸਾਖੀ 'ਜਨਮਸਾਖੀ' ਸ਼ਬਦ ਦਾ ਮੂਲ 'ਸਾਖੀ' ਹੈ। ਸਾਖੀ ਸ਼ਬਦ ਦਾ ਸ਼ਾਬਦਿਕ ਅਰਥ ਹੈ, ਗਵਾਹੀ। ਪਰ ਇਥੇ ਸਾਖੀ ਸਾਹਿਤ ਰੂਪ ਤੋਂ ਭਾਵ ਹੈ-ਅੱਖੀ ਦੇਖੀ ਕਹਾਣੀ। ਜਨਮਸਾਖੀ ਸਾਹਿਤ ਰੂਪ ਆਪਣੇ ਮੁੱਢਲੇ ਰੂਪ ਵਿਚ ਗੁਰੂ ਨਾਨਕ ਨਾਲ ਸਬੰਧਤ ਸਨ। ਉਹ ਆਪਣੇ ਆਪ ਵਿਚ ਇਕ ਮਹਾਨ ਸ਼ਖ਼ਸੀਅਤ ਸਨ। ਇਸ ਲਈ ਮੱਧਕਾਲੀ ਪਾਠਕ/ ਸਰੋਤਾਂ ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦਾ ਸੀ ਕਿ ਲੇਖਕ ਦੀ ਰਚਨਾ ਸੱਚ ਤੇ ਅਧਾਰਿਤ ਹੈ।ਇਸ ਸਾਹਿਤ ਰੂਪ ਦਾ ਭਾਵ ਇਹ ਸੀ -ਇਹ ਇਹ ਕਹਾਣੀ ਵਿਚ ਇਤਿਹਾਸਕ ਗਵਾਹੀ ਮਿਲੇ। ਦੂਸਰੇ ਸ਼ਬਦਾਂ ਵਿਚ ਇਹ ਕਥਾਵਾਂ ਕਾਲਪਨਿਕ ਨਹੀ ਸਗੋਂ ਯਥਾਰਥਕ ਅਤੇ ਇਤਿਹਾਸਕ ਹਨ। ਡਾ.ਕਰਨਜੀਤ ਸਿੰਘ ਅਨੁਸਾਰ, 'ਗਲਪ' ਨੂੰ 'ਤੱਥ' ਵਾਂਗ ਪੇਸ਼ ਕਰਨ ਦੀ ਵਿਧੀ ਮੱਧਕਾਲੀ ਸਾਹਿਤ ਵਿਚ ਕੲੀ ਥਾਈ ਮਿਲਦੀ ਹੈ। ਸਾਖੀ ਅਤੇ ਜਨਮਸਾਖੀ ਵਿਚ ਹਲਕਾ ਜਿਹਾ ਭੇਦ ਹੈ। ਸਾਖੀ ਵਿੱਚ ਕਿਹੇ ਘਟਨਾ ਨੂੰ ਜਾ ਕਿਸੇ ਇੱਕ ਕਹਾਣੀ ਨੂੰ ਆਧਾਰ ਬਣਾਇਆ ਜਾਂਦਾ ਹੈ। ਇਸੇ ਤਰ੍ਹਾਂ ਜੇਕਰ ਕਿਸੇ ਮਹਾਨ ਵਿਅਕਤੀ ਦੇ ਜੀਵਨ ਨੂੰ ਵਿਸਥਾਰ-ਪੂਰਵਕ ਅਤੇ ਤਰਤੀਬ ਵਿੱਚ ਪੇਸ਼ ਨਾ ਕੀਤਾ ਜਾਵੇ ਤਾ ਵੀ ਅਜਿਹੀ ਰਚਨਾ 'ਸਾਖੀ-ਸੰਗ੍ਰਹਿ' ਹੀ ਹੋਵੇਗੀ 'ਜਨਮ ਸਾਖੀ' ਨਹੀ। ਜਨਮਸਾਖੀ ਵਿਚ ਕਿਸੇ ਵਿਅਕਤੀ ਵਿਸ਼ੇਸ਼ ਦੀ ਜਨਮ ਤੋ ਲੈ ਕੇ ਮੌਤ ਤੱਕ ਦਾ ਜੀਵਨ ਬਿਰਤਾਂਤ ਪੇਸ਼ ਕੀਤਾ ਜਾਂਦਾ ਹੈਂ। ਪੰਜਾਬੀ ਵਿਚ ਜਨਮ ਸਾਖੀ ਸਾਹਿਤ ਰੂਪ ਗੁਰੂ ਨਾਨਕ ਦੇ ਜੀਵਨ ਵੇਰਵਿਆਂ ਨਾਲ ਸਬੰਧਤ ਹੋ ਗਿਆ। ਦੂਸਰੇ ਵਿਅਕਤੀ ਲੲੀ ਸਾਖੀਆ ਤਾਂ ਹਨ ਜਨਮਸਾਖੀ ਨਹੀ। ਮੱਧਕਾਲੀ ਜਨਮਸਾਖੀ ਸਾਹਿਤ ਵਿਚ ਪੁਰਾਤਨ ਜਨਮਸਾਖੀ, ਸੋਢੀ ਮਿਹਰਬਾਨ ਵਾਲੀ ਜਨਮਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮਸਾਖੀ, ਆਦਿ ਸਾਖੀਆ ਅਤੇ ਭਾਈ ਬਿਧੀ ਚੰਦ ਵਾਲੀ ਜਨਮਸਾਖੀ ਪ੍ਰਮੁੱਖ ਹਨ। ਇਹ ਸਾਰੀਆਂ 16ਵੀਂ ਸਦੀ ਤੋਂ 18ਵੀਂ ਸਦੀ ਦੇ ਵਿਚਕਾਰ ਲਿਖੀਆਂ ਗਈਆਂ ਹਨ। 2.ਸਾਖੀਆਂ ਸਾਖੀ ਅਤੇ ਜਨਮਸਾਖੀ ਵਿਚਲਾ ਅੰਤਰ ਉੱਪਰ ਸੱਪਸ਼ਟ ਕਰ ਦਿੱਤਾ ਗਿਆ ਹੈ। ਅਰਥਾਤ ਸਾਖੀਆਂ ਵਿੱਚ ਘਟਨਾ ਜ਼ਰੂਰੀ ਤੌਰ 'ਤੇ ਕਿਸੇ ਗੁਰੂ ਨਾਲ ਸਬੰਧਿਤ ਨਹੀਂ ਹੁੰਦੀ। ਸਾਖੀ ਵਿੱਚ ਗੁਰੂ ਤੋਂ ਇਲਾਵਾ ਕੋਈ ਸਾਧ, ਸੰਤ ਜਾਂ ਸਿੱਖ ਵੀ ਨਾਇਕ ਹੋ ਸਕਦਾ ਹੈ। 'ਸਿੱਖਾ ਦੀ ਭਗਤਮਾਲਾ ', 'ਸੌ ਸਾਖੀ' ਅਤੇ 'ਅੱਡਣ ਸ਼ਾਹ ਦੀਆ ਸਾਖੀਆ' ਇਹ ਕਿਸਮ ਦੀਆ ਰਚਨਾਵਾਂ ਹਨ। ਇਹਨਾ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਅਤੇ ਗੁਰੂ ਗੋਬਿੰਦ ਜੀ ਦੀਆਂ ਸਾਖੀਆ ਵੀ ਮਿਲਦੀਆ ਹਨ। 3.ਪਰਚੀ ਸਾਹਿਤ ਪਰਚੀ ਸ਼ਬਦ ਸੰਸਕ੍ਰਿਤ ਦੇ 'ਪਰਿਚਯ' ਤੋ ਬਣਿਆ ਹੈ। ਜਿਸ ਦਾ ਅਰਥ ਹੈ ਜਾਣ ਪਛਾਣ। ਇਹ ਸਾਹਿਤ ਰੂਪ ਕਿਸੇ ਮਹਾਨ ਵਿਅਕਤੀ ਦੇ ਉਪਦੇਸ਼ ਜਾਂ ਸਿੱਖਿਆ ਰਾਹੀ ਉਸ ਦਾ ਪਰਿਚਯ ਜਾ ਜਾਣ ਪਛਾਣ ਕਰਵਾਉਂਦਾ ਹੈ। ਇਸ ਦੀ ਸੁਰ ਉਪਦੇਸ਼ਾਤਮਕ ਹੁੰਦੀ ਹੈ। ਇਸ ਦੀ ਪ੍ਰਕਿਰਤੀ ਵਿਸ਼ਲੇਸ਼ਣਾਤਮਕ ਹੈ। ਇਹ ਧਾਰਮਿਕ ਵਿਚਾਰਧਾਰਾ ਨਾਲ ਸਬੰਧ ਰੱਖਣ ਵਾਲਾ ਰੂਪ ਹੈ।ਮੱਧਕਾਲੀ ਪੰਜਾਬੀ ਸਾਹਿਤ ਵਿਚ ਪਰਚੀਆਂ ਸੇਵਾ ਦਾਸ ਅਤੇ ਪਰਚੀਆਂ ਭਾਈ ਕਨੱਈਆ ਜੀ ਪ੍ਰਮੁੱਖ ਹਨ। 4. ਰਹਿਤਨਾਮਾ ਸਾਹਿਤ ਰਹਿਤਨਾਮਾ ਅਜਿਹਾ ਸਾਹਿਤ ਰੂਪ ਹੈ ਜੋ ਕਿਸੇ ਵਿਸ਼ੇਸ਼ ਧਰਮ ਸੰਪ੍ਰਦਾਇ ਦੇ ਲੋਕਾ ਦੀ ਰਹਿਣੀ ਬਹਿਣੀ, ਖਾਸ ਤੌਰ ਧਾਰਮਿਕ ਰਹਿਣੀ ਬਹਿਣੀ ਨੂੰ ਠੀਖ ਰੱਖਣ ਲਈ ਨਿਰਦੇਸ਼ ਹੁੰਦੇ ਹਨ । ਇਸ ਦੀ ਖਾਸ ਲੋੜ ਉਦੋਂ ਪਈ ਜਦੋਂ ਗੁਰੂ ਗੋਬਿੰਦ ਨੇ ਖਾਲਸੇ ਦੀ ਸਿਰਜਣਾ ਕੀਤੀ। ਇਸ ਨਿਯਮਬੱਧਤਾ ਨੂੰ ਵਾਰਤਕ ਵਿਚ ਅੰਕਿਤ ਕਯਨ ਵਾਲੀ ਵੰਨਗੀ ਨੂੰ ਰਹਿਤਨਾਮਾ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਵੱਲੋਂ ਸਥਾਪਤ ਕੀਤੀ ਸਿੱਖ ਮਰਿਆਦਾ ਨੂੰ ਭਾਈ ਦਇਆ ਸਿੰਘ , ਦੇਸਾ ਸਿੰਘ, ਚੌਪਾ ਸਿੰਘ ਆਦਿ ਸਿੱਖਾਂ ਨੇ ਲਿਖਿਆ। ਪ੍ਰੇਮ ਸੁਮਾਰਗ ਗਰੰਥ ਅਤੇ ਸੁਧਰਾਮ ਮਾਰਗ ਗਰੰਥ ਨੇ ਵੀ ਇਸ ਕਿਸਮ ਦੀਆ ਹੀ ਰਚਨਾਵਾਂ ਹਨ। ਮੁਸਲਮਾਨਾਂ ਨੇ ਨਵ- ਮੁਸਲਮਾਨਾਂ ਨੂੰ ਇਸਲਾਮੀ ਰਹਿਤ ਮਰਯਾਦਾ ਸਮਝਾਉਣ ਲੲੀ 'ਪੱਕੀ ਰੋਟੀ' ਨਾਮ ਦੀ ਵਾਰਤਕ ਪੁਸਤਕ ਲਿਖੀ ਜੋ ਰਹਿਤਨਾਮਾ ਸਾਹਿਤ ਦੀ ਇਕ ਹੋਰ ਵੰਨਗੀ। ਇਸ ਸਾਹਿਤ ਰੂਪ ਨੂੰ ਮੱਧਕਾਲ ਵਿੱਚ ਕਾਫ਼ੀ ਮਕਬੂਲੀਅਤ ਪ੍ਰਾਪਤ ਹੋਈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਥਨ ਰਾਹੀ ਇਹ ਸਥਾਪਨਾ ਪੇਸ਼ ਕਰ ਦਿੱਤੀ ਸੀ- "ਰਹਿਤ ਪਿਆਰੀ ਮੁਝ ਕਉ, ਸਿੱਖੁ ਪਿਆਰਾ ਨਾਹਿ।" 5.
ਅਜਮੇਰ ਰੋਡੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਲਿਖਣ ਵਾਲੇ ਇੱਕ ਬਹੁਵਿਧਾ ਕੈਨੇਡੀਅਨ ਪੰਜਾਬੀ ਲੇਖਕ ਹਨ ਜੋ ਕਵਿਤਾ, ਨਾਟਕ ਅਤੇ ਵਾਰਤਕ ਲਿਖਦੇ ਹਨ। ਉਹਨਾਂ ਦੀ ਪਹਿਲੀ ਕਿਤਾਬ ਵਿਸ਼ਵ ਦੀ ਨੁਹਾਰ ਆਈਨਸਟਾਈਨ ਦੇ ਸਾਪੇਖਤਾ ਦੇ ਸਿਧਾਂਤ ਬਾਰੇ ਹੈ ਅਤੇ ਇਹ ਪਲੈਟੋ ਦੀ ਰਿਪਬਲਿਕ ਤੋਂ ਪ੍ਰਭਾਵਿਤ ਹੋ ਕੇ ਡਾਇਲਾਗ ਵਿਧੀ ਵਿੱਚ ਲਿਖੀ ਗਈ ਹੈ। ਇਸ ਨੂੰ ਪੰਜਾਬੀ ਯੁਨੀਵਰਸਿਟੀ ਨੇ 1966 ਵਿੱਚ ਪ੍ਰਕਾਸ਼ਿਤ ਕੀਤਾ ਸੀ। ਅਜਮੇਰ ਰੋਡੇ ਨੂੰ ਕੈਨੇਡਾ ਵਿੱਚ ਪੰਜਾਬੀ ਥੀਏਟਰ ਦਾ ਮੋਢੀ ਮੰਨਿਆ ਜਾਂਦਾ ਹੈ। ਉਹਨਾਂ ਨੇ ਕੈਨੇਡਾ ਵਿੱਚ ਪੰਜਾਬੀ ਦਾ ਪਹਿਲਾ ਨਾਟਕ, ਦੂਜਾ ਪਾਸਾ, ਲਿਖਿਆ ਅਤੇ ਡਾਇਰੈਕਟ ਕੀਤਾ ਸੀ।
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਭਾਰਤੀ ਕਾਵਿ ਸ਼ਾਸਤਰ ਵਿੱਚ ਚਾਹੇ ਆਚਾਰੀਆ ਵਾਮਨ ਤੋਂ ਪਹਿਲਾਂ ਰੀਤੀ ਤੱਤ ਦੀ ਖੋਜ਼ ਹੋ ਚੁੱਕੀ ਸੀ,ਫਿਰ ਵੀ ਵਾਮਨ ਨੇ ਸਭ ਤੋਂ ਪਹਿਲਾਂ ਰੀਤੀ ਦਾ ਸਪਸ਼ਟ ਵਿਵੇਚਨ ਕਰਦੇ ਹੋਏ ਰੀਤੀ ਨੂੰ "ਕਾਵਿ ਦੀ ਆਤਮਾ" ਕਿਹਾ ਹੈ। ਆਚਾਰੀਆ ਵਾਮਨ ਦੇ ਗਰੰਥ 'ਕਾਵ੍ਯ ਅਲੰਕਾਰ ਸੂਤ੍ਰ ਵਿਤ੍ਰਿ' ਵਿੱਚ ਇਹ ਜ਼ਿਕਰ ਹੈ, "ਰੀਤੀ ਰੀਤਿਰਾਤਮਾ ਕਾਵਯਸਯ" ਰੀਤੀ ਦੀ ਲੱਛਣ ਵਿਸ਼ਿਸ਼ਟ ਪਦ ਰਚਨਾ ਕਿਹਾ ਹੈ। ਵਾਮਨ ਅਨੁਸਾਰ ਵਿਸ਼ਿਸ਼ਟ ਪਦ ਰਚਨਾ ਰੀਤੀ ਅਖਵਾਉਂਦੀ ਹੈ ('ਵਸ਼ਿਸ਼ਟ ਪਦਰਚਨਾ ਰੀਤੀ')। ਸੰਪ੍ਰਾਦਾਇ ਦੀ ਮਹੱਤਤਾ ਰਸ, ਧੁਨੀ ਸੰਪ੍ਰਦਾਵਾਂ ਦੀ ਤੁਲਨਾ ਵਿੱਚ ਭਾਵੇਂ ਵਧੇਰੇ ਨਹੀ, ਪ੍ਰੰਤੂ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇਹ ਸੰਪ੍ਰਾਦਾਇ ਇੱਕ ਉਲੇਖਨੀ ਸੰਪ੍ਰਾਦਾਇ ਰਹੀ ਹੈ।
"ਕਾਮਾਗਾਟਾਮਾਰੂ ਕਾਂਡ" ਵਿੱਚ ਜਾਪਾਨੀ ਭਾਫ ਸਟੀਮਰ ਕਾਮਾਗਾਟਾਮਾਰੂ ਸ਼ਾਮਲ ਸੀ, ਜਿਸ 'ਤੇ ਬ੍ਰਿਟਿਸ਼ ਭਾਰਤ ਦੇ ਲੋਕਾਂ ਦੇ ਇੱਕ ਸਮੂਹ ਨੇ ਅਪ੍ਰੈਲ 1914 ਵਿੱਚ ਕੈਨੇਡਾ ਆਵਾਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਬਜ ਬਜ, ਕਲਕੱਤਾ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਉੱਥੇ, ਭਾਰਤੀ ਇੰਪੀਰੀਅਲ ਪੁਲਿਸ ਨੇ ਸਮੂਹ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਸਿੱਟੇ ਵਜੋਂ ਦੰਗਾ ਹੋਇਆ ਅਤੇ ਪੁਲਿਸ ਦੁਆਰਾ ਉਹਨਾਂ 'ਤੇ ਗੋਲੀਬਾਰੀ ਕੀਤੀ ਗਈ, ਨਤੀਜੇ ਵਜੋਂ 22 ਲੋਕਾਂ ਦੀ ਮੌਤ ਹੋ ਗਈ।
ਭਾਈ ਮਨੀ ਸਿੰਘ (7 ਅਪਰੈਲ 1644 – 14 ਜੂਨ 1738) 18ਵੀਂ ਸਦੀ ਦੇ ਸਿੱਖ ਵਿਦਵਾਨ ਅਤੇ ਸ਼ਹੀਦ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਸਨ ਅਤੇ ਜਦੋਂ ਗੁਰੂ ਜੀ ਨੇ ਮਾਰਚ 1699 ਵਿੱਚ ਖ਼ਾਲਸਾ ਸਿਰਜਿਆ ਸੀ ਤਾਂ ਉਹਨਾਂ ਨੇ ਸਿੱਖ ਧਰਮ ਅਪਣਾਇਆ ਸੀ। ਇਸ ਤੋਂ ਤੁਰੰਤ ਬਾਅਦ, ਗੁਰੂ ਜੀ ਨੇ ਉਹਨਾਂ ਨੂੰ ਹਰਿਮੰਦਰ ਸਾਹਿਬ ਦਾ ਚਾਰਜ ਸੰਭਾਲਣ ਲਈ ਅੰਮ੍ਰਿਤਸਰ ਭੇਜਿਆ, ਜੋ ਕਿ 1696 ਤੋਂ ਬਿਨਾਂ ਕਿਸੇ ਨਿਗਰਾਨ ਦੇ ਸੀ। ਉਹਨਾਂ ਨੇ ਸਿੱਖ ਇਤਿਹਾਸ ਦੇ ਇੱਕ ਨਾਜ਼ੁਕ ਪੜਾਅ 'ਤੇ ਸਿੱਖ ਧਰਮ ਨੂੰ ਸੰਭਾਲਿਆ ਅਤੇ ਅਗਵਾਈ ਕੀਤੀ।
ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਸੰਪ੍ਰਦਾਇਕ ਗ੍ਰੰਥਾਂ ਵਿੱਚ ਨਾਥ ਸੰਪ੍ਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ। ਸਿੱਧ-ਮੱਤ, ਨਾਥ-ਮੱਤ, ਸਿੱਧ-ਮਾਰਗ, ਯੋਗ ਮਾਰਗ, ਯੋਗ ਸੰਪ੍ਰਦਾ, ਅਵਧੂਤ ਮੱਤ ਆਦਿ।1 ਪਰੰਤੂ ਇਸ ਸੰਪ੍ਰਦਾ ਦਾ ਪ੍ਰਚੱਲਿਤ ਨਾਂ ਨਾਥ ਸੰਪ੍ਰਦਾ ਰਿਹਾ ਹੈ ਅਤੇ ਇਸਦੇ ਅਨੁਯਾਈ ਲਈ ਪ੍ਰਚਲਿਤ ਨਾਂ ਨਾਥ ਅਤੇ ਸਿੱਧਹੀ ਰਹੇ ਹਨ। ਇਹ ਨਿਰਣਾ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸੰਪ੍ਰਦਾ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਵੇ ਅਤੇ ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਇਸਦੇ ਸਾਹਿਤ ਨੂੰ ਕਿਸ ਸਿਰਲੇਖ ਅਧੀਨ ਰੱਖਿਆ ਜਾਵੇ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ, ਇਸ ਸੰਪ੍ਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ।2 ਡਾ.
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ(travelogue) ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ। ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿੱਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ। ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਉਹ ਡਾਇਰੀ ਹੈ, ਜਿਸ ਵਿੱਚ ਸਫ਼ਰ ਦੇ ਹਾਲ-ਹਵਾਲ ਲਿਖੇ ਹੋਣ। ਜੀਤ ਸਿੰਘ ਸੀਤਲ ਸਫ਼ਰਨਾਮੇ ਬਾਰੇ ਲਿਖਦੇ ਹਨ ਕਿ ਇਸ ਵਿੱਚ ਕਿਸੇ ਵਿਅਕਤੀ ਦੇ ਯਾਤਰਾ ਸਮਾਚਾਰ ਵਰਣਨ ਕੀਤੇ ਜਾਂਦੇ ਹਨ। ਭਾਵੇਂ ਇਸ ਸਾਹਿਤਕ ਰੂਪ ਦਾ ਸਮਾਚਾਰ ਘਟਨਾਕ੍ਰਮ ਅਨੁਸਾਰ ਚੱਲਦਾ ਹੈ ਪਰ ਵਿਸ਼ੇਸ਼ ਉਤਸੁਕਤਾ ਉਸ ਵਿਅਕਤੀ ਬਾਰੇ ਨਹੀਂ ਹੁੰਦੀ ਸਗੋਂ ਉਸ ਵਿਸ਼ੇਸ਼ ਭੂਮੀ ਜਾਂ ਸਭਿਅਤਾ ਦੀ ਹੁੰਦੀ ਹੈ ਜੋ ਯਾਤਰਾ ਦਾ ਕੇਂਦਰ ਬਣਦੀ ਹੈ।
ਇਤਿਹਾਸ ਕਦੇ ਵੀ ਸਾਹਿਤ ਤੋਂ ਨਿਰਲੇਪ ਨਹੀਂ ਹੋ ਸਕਦਾ ਅਤੇ ਨਾ ਹੀ ਸਾਹਿਤ ਇਤਿਹਾਸ ਤੋਂ ਬਿਨਾਂ ਰਚਿਆ ਜਾ ਸਕਦਾ ਹੈ। ਜਦੋਂ ਅਸੀਂ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਦਾ ਸਾਹਿਤ ਪੜ੍ਹਦੇ ਹਾਂ ਤਾਂ ਸਾਨੂੰ ਇਤਿਹਾਸ ਤੋਂ ਬਿਨਾਂ ਸਾਹਿਤ ਨੂੰ ਸਮਝਣਾ ਅਸੰਭਵ ਹੈ ਇਤਿਹਾਸ ਜੋ ਕਿ ਸਾਨੂੰ ਨਿਸ਼ਚਿਤ, ਸੀਮਾਵਾਂ, ਘਟਨਾਵਾਂ, ਥਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸ ਦੇ ਆਧਾਰ ਉੱਤੇ ਅਸੀਂ ਸਾਹਿਤ ਦੇ ਇਤਿਹਾਸ ਦੀ ਕਾਲਵੰਡ/ਨਾਮਕਰਣ ਕਰਦੇ ਹਾਂ ਤਾਂ ਅਸੀਂ ਸਾਹਿਤ ਦੇ ਨਿਯਮਾਂ ਦੀ ਸਹੀ ਵਿਆਖਿਆ ਕਰਦੇ ਹਾਂ। ਜਦੋਂ ਕੋਈ ਵੀ ਸਾਹਿਤਕਾਰ ਰਚਨਾ ਕਰਦਾ ਹੈ ਤਾਂ ਉਸਦੇ ਸਾਹਮਣੇ ਇਤਿਹਾਸ ਦੀ ਪੂਰਨ ਰੂਪ ਵਿੱਚ ਜਾਣਕਾਰੀ ਹੋਣੀ ਵਧੇਰੇ ਜਰੂਰੀ ਹੈ।
ਦਿਵਾਲੀ ਜਾਂ ਦੀਪਾਵਲੀ (ਅੰਗ੍ਰੇਜ਼ੀ: Diwali ਜਾਂ Deepawali) (ਜੈਨ ਦੀਵਾਲੀ, ਬੰਦੀ ਛੋੜ ਦਿਵਸ, ਤਿਹਾਰ, ਸੁਅੰਤੀ, ਸੋਹਰਾਈ ਅਤੇ ਬਾਂਦਨਾ ਤਿਉਹਾਰਾਂ ਨਾਲ਼ ਸਬੰਧਤ) ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਧਰਮ ਦੇ ਲੋਕਾਂ ਦੇ ਮੁੱਖ ਤਿਉਹਾਰਾਂ ਵਿਚੋਂ ਇਕ ਹੈ ਜਿਹੜਾ ਨੂਰ ਦਾ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ 'ਤੇ ਕੱਤਕ ਮਹੀਨੇ (ਅਕਤੂਬਰ ਅਤੇ ਨਵੰਬਰ ਵਿਚਕਾਰ) ਦੌਰਾਨ ਮਨਾਇਆ ਜਾਂਦਾ ਹੈ। ਦਿਵਾਲੀ ਹਨੇਰੇ 'ਤੇ ਚਾਨਣ, ਬੁਰਾਈ 'ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਫ਼ਤਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਦੌਲਤ ਦੀ ਦੇਵੀ ਲੱਛਮੀ ਅਤੇ ਸਿਆਣਪ ਅਤੇ ਵਿਘਨਾਂ ਨੂੰ ਹਰਾਉਣ ਵਾਲ਼ੇ ਦੇਵਤੇ ਗਣੇਸ਼ ਨਾਲ ਸਬੰਧਤ ਹੈ। ਕਈ ਖੇਤਰੀ ਪਰੰਪਰਾਵਾਂ ਮੁਤਾਬਕ ਇਹ ਤਿਉਹਾਰ ਸੀਤਾ ਅਤੇ ਰਾਮ, ਕ੍ਰਿਸ਼ਨ, ਦੁਰਗਾ, ਸ਼ਿਵ, ਕਾਲ਼ੀ, ਹਨੂੰਮਾਨ, ਕੁਬੇਰ, ਜਮ, ਜਮਨਾ, ਧੰਨਵੰਰਰੀ ਜਾਂ ਵਿਸ਼ਵਕਰਮਾ ਨਾਲ ਜੋੜਿਆ ਹੈ। ਇਸ ਤੋਂ ਇਲਾਵਾ, ਇਹ ਉਸ ਦਿਨ ਦੀ ਯਾਦ ਚ ਮਨਾਉਇਆ ਜਾਣ ਵਾਲ਼ਾ ਜਸ਼ਨ ਹੈ ਜਦੋਂ ਰਾਜਾ ਰਾਮ ਆਪਣੀ ਪਤਨੀ ਸੀਤਾ ਅਤੇ ਆਪਣੇ ਭਰਾ ਲਛਮਣ ਨਾਲ ਲੰਕਾ ਵਿਚ ਰਾਵਣ ਨੂੰ ਸ਼ਿਕਸਤ ਦੇਣ ਅਤੇ 14 ਸਾਲ ਦੀ ਜਲਾਵਤਨੀ ਉਪਰੰਤ ਅਯੁੱਧਿਆ ਵਾਪਸ ਆਇਆ ਸੀ।
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਰਕਬੇ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼, ਜੂਨ 2023 ਤਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ। ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ। ਇਸ ਦੀ ਸਰਹੱਦ ਨਾਲ ਉੱਤਰ ਵੱਲ ਚੀਨ, ਨੇਪਾਲ , ਭੂਟਾਨ ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ ਆਦਿ ਲੱਗਦੇ ਹਨ। ਇਹ ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ। ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਸਤਲੁਜ, ਪੰਜਾਬ, ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਸਰੋਤ ਤਿੱਬਤ ਵਿੱਚ ਮਾਨਸਰੋਵਰ ਝੀਲ ਦੇ ਨੇੜੇ ਰਕਾਸ਼ ਤਾਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)
ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।[1]
ਦੁਆਬਾ ਜਿਸ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਵੀ ਕਿਹਾ ਜਾਂਦਾ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਇਸ ਇਲਾਕੇ ਦੇ ਲੋਕਾਂ ਨੂੰ ਦੁਆਬੀਏ ਕਿਹਾ ਜਾਂਦਾ ਹੈ। ਇਹ ਸ਼ਬਦ ਦੋ+ਆਬ ਮਤਲਵ ਦੋ ਪਾਣੀਆਂ ਦੀ ਧਰਤੀ ਤੋਂ ਬਣਿਆ ਹੈ। ਇਸ ਇਲਾਕੇ ਵਿੱਚ 35% ਅਬਾਦੀ ਪਛੜੀਆਂ ਸ਼੍ਰੇਣੀਆਂ ਲੋਕਾਂ ਦੀ ਹੈ। ਇਸ ਨੂੰ ਐਨਆਰ ਆਈ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਦੁਆਬੇ ਦੇ ਇਲਾਕੇ ਨੂੰ ਮੰਜਕੀ, ਦੋਨਾ, ਧੱਕ, ਸਿਰੋਵਾਲ, ਕੰਡੀ ਅਤੇ ਬੇਟ ਵੰਡਿਆ ਗਿਆ ਹੈ। ਦੋਨਾ, ਮੰਜਕੀ ਅਤੇ ਧੱਕ ਦੇ ਇਲਾਕਿਆ ਦੀ ਕੋਈ ਸੀਮਾ ਨਹੀਂ ਹੈ ਤਾਂ ਵੀ ਨੈਸ਼ਨਲ ਹਾਈਵੇ 1 (ਭਾਰਤ) ਮੰਜਕੀ ਅਤੇ ਧੱਕ ਨੂੰ ਵੰਡਦੀ ਹੈ। ਹਰੇਕ ਇਲਾਕੇ ਦਾ ਆਪਣਾ ਸੱਭਿਆਚਾਰ ਹੈ।