ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਨਾਨਕ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ l55ਆਗ਼ਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਕਰਤਾਰਪੁਰ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਵਿੱਚ ਸ਼ਹਿਰ ਹੈ। ਇਸ ਨਗਰ ਦੇ ਵਾਸ਼ੀ ਪੰਜਾਬੀ, ਉਰਦੂ, ਅੰਗਰੇਜ਼ੀ ਬੋਲਦੇ ਹਨ। ਇਸ ਨਗਰ ਦੇ ਜ਼ਿਆਦਾ ਤਰ ਵਾਸ਼ੀ ਮੁਸਲਮਾਨ ਹਨ 1947 ਵੀ ਵੰਡ ਤੋਂ ਬਾਅਦ ਹਿੰਦੂ ਅਤੇ ਸਿੱਖ ਭਾਰਤ ਵਿੱਚ ਚਲੇ ਗਏ ਅਤੇ ਬਹੁਤ ਸਾਰੇ ਮੁਸਲਮਾਨ ਜਿਹੜੇ ਭਾਰਤ ਤੋਂ ਆਏ ਇਸ ਇਲਾਕੇ ਵਿੱਚ ਵਸ ਗਏ। ਇਸ ਨਗਰ ਦੀ ਸਮੁੰਦਰੀ ਤਲ ਤੋਂ ਉੱਚਾਈ 155ਮੀਟਰ (511ਫੁੱਟ) ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਕਰਤਾਰਪੁਰ ਲਾਂਘਾ (English:Kartarpur Corridor) (ਉਰਦੂ: کرتارپور راہداری) ਗੁਆਂਢੀ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪ੍ਰਸਤਾਵਿਤ ਸਰਹੱਦੀ ਲਾਂਘਾ ਹੈ। ਇਹ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ (ਪੰਜਾਬ, ਭਾਰਤ ਵਿਚ ਸਥਿਤ) ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਪੰਜਾਬ, ਪਾਕਿਸਤਾਨ)ਵਿਚਕਾਰ ਖੋਲ੍ਹਿਆ ਗਿਆ ਲਾਂਘਾ ਹੈ। ਇਸ ਯੋਜਨਾਬੰਦੀ ਅਧੀਨ, ਇਹ ਲਾਂਘਾ ਭਾਰਤ ਦੇ ਧਾਰਮਿਕ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਗੁਰਦੁਆਰੇ ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ਵਿੱਚ 4.7 ਕਿਲੋਮੀਟਰ (2.9 ਮੀਲ) ਅੰਦਰ ਹਨ, ਨੂੰ ਬਿਨਾਂ ਵੀਜ਼ਾ ਇਜਾਜ਼ਤ ਲਏ ਤੋਂ ਜਾਣ ਦੇਣ ਦਾ ਫ਼ੈਸਲਾ ਹੋਇਆ ਹੈ। ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਕਿਰਤ ਕਰਕੇ ਆਪਣੇ ਦਰਸ਼ਨ ਨੂੰ ਹਕੀਕੀ ਰੂਪ ਦਿੱਤਾ। ਕਰਤਾਰਪੁਰ ਲਾਂਘਾ ਕੇਵਲ ਆਸਥਾ ਦਾ ਮਾਮਲਾ ਨਹੀਂ ਹੈ ਬਲਕਿ ਭਾਰਤ ਅਤੇ ਪਾਕਿਸਤਾਨ ਦੀ ਤਰੱਕੀ ਦਾ ਲਾਂਘਾ ਵੀ ਬਣ ਸਕਦਾ ਹੈ। ਗੁਰੂ ਨਾਨਕ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਾਲ ਧਾਰਮਿਕ ਸਥਾਨਾਂ ਨਾਲ ਜੁੜਿਆ ਸੈਰ-ਸਪਾਟਾ ਵੀ ਵਿਕਸਿਤ ਹੋਵੇਗਾ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਅਤੇ ਬੇਰੁਜ਼ਗਾਰੀ, ਗ਼ਰੀਬੀ ਤੇ ਖੇਤੀ ਸੰਕਟ ਨਾਲ ਜੂਝ ਰਹੇ ਭਾਰਤ ਲਈ ਵੀ ਭਾਰਤ-ਪਾਕਿ ਸਰਹੱਦਾਂ ਮੋਕਲੀਆਂ ਕਰਨ ਲਈ ਰਾਹ ਖੁੱਲ੍ਹ ਸਕਦੇ ਹਨ। ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਲਾਂਘਾ ਖੋਲ੍ਹਣ ਸਬੰਧੀ ਮਤੇ ’ਤੇ ਅੱਗੇ ਵਧਣ ਦਾ ਫ਼ੈਸਲਾ ਇਸਲਾਮੀ ਸਿਧਾਂਤਾਂ ਮੁਤਾਬਕ ਕੀਤਾ ਹੈ, ਜੋ ਸਾਰੇ ਧਰਮਾਂ ਦਾ ਸਨਮਾਨ ਅਤੇ ਪਾਕਿਸਤਾਨ ਦੇ ਅੰਦਰ ਵਿਸ਼ਵਾਸ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਦੀ ਨੀਤੀ ਦੀ ਵਕਾਲਤ ਕਰਦਾ ਹੈ।ਕਰਤਾਰਪੁਰ ਲਾਂਘੇ ਨੂੰ ਪਹਿਲੀ ਵਾਰ 1999 ਵਿੱਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀਇਹ ਕੋਰੀਡੋਰ ਨਵੰਬਰ 2019 ਵਿਚ ਗੁਰੂ ਨਾਨਕ ਦੇਵ ਜੀ ਦੀ 550 ਵੀਂ ਵਰ੍ਹੇਗੰਢ ਮੌਕੇ ਪੂਰਾ ਕਰ ਦਿੱਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵੱਲੋਂ ਇਸ ਲਾਂਘੇ ਦੇ ਖੁੱਲ੍ਹਣ ਦੀ ਤੁਲਨਾ ਬਰਲਿਨ ਦੀ ਦੀਵਾਰ ਦੇ ਡਿੱਗਣ ਨਾਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਕਰਤਾਰਪੁਰ ਲਾਂਘਾ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ।ਪਾਕਿਸਤਾਨ ਦੇ ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਲਾਂਘਿਆਂ ਦਾ ਦਾਇਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਾ ਕਰਨ ਦੀ ਵਕਾਲਤ ਕੀਤੀ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ। ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ। ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ.
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਕੁਆਂਟਮ ਟੱਨਲਿੰਗ ਜਾਂ ਟੱਨਲਿੰਗ (ਸੁਰੰਗ ਬਣਾਉਣਾ) ਓਸ ਕੁਆਂਟਮ ਮਕੈਨੀਕਲ ਵਰਤਾਰੇ ਵੱਲ ਇਸ਼ਾਰਾ ਕਰਦੀ ਹੈ ਜਿੱਥੇ ਕੋਈ ਕਣ ਕਿਸੇ ਬੈਰੀਅਰ ਨੂੰ ਇਸ ਤਰਾਂ ਸੁਰੰਗ ਬਣਾ ਕੇ ਲੰਘ ਜਾਂਦਾ ਹੈ ਕਿ ਕਲਾਸੀਕਲ ਤੌਰ 'ਤੇ ਇੰਝ ਕਰ ਹੀ ਨਹੀਂ ਸਕਦਾ ਸੀ। ਇਹ ਕਈ ਭੌਤਿਕੀ ਵਰਤਾਰਿਆਂ ਅੰਦਰ ਇੱਕ ਲਾਜ਼ਮੀ ਭੂਮਿਕਾ ਅਦਾ ਕਰਦੀ ਹੈ, ਜਿਵੇਂ ਸੂਰਜ ਵਰਗੇ ਮੁੱਖ ਲੜੀ ਦੇ ਤਾਰਿਆਂ ਵਿੱਚ ਵਾਪਰਨ ਵਾਲਾ ਨਿਊਕਲੀਅਰ ਫਿਊਜ਼ਨ। ਇਸਦੀਆਂ ਮਹੱਤਵਪੂਰਨ ਐਪਲੀਕੇਸ਼ਨਾਂ ਟੱਨਲ ਡਾਇਓਡ, ਕੁਆਂਟਮ ਕੰਪਿਊਟਿੰਗ, ਅਤੇ ਸਕੈਨਿੰਗ ਟੱਨਲਿੰਗ ਮਾਈਕ੍ਰੋਸਕੋਪ ਵਰਗੇ ਮਾਡਰਨ ਡਿਵਾਈਸਾਂ ਵਿੱਚ ਹਨ। ਇਸ ਪ੍ਰਭਾਵ ਨੂੰ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਅਨੁਮਾਨਿਤ ਕੀਤਾ ਗਿਆ ਸੀ। ਅਤੇ ਇੱਕ ਸਰਵ ਸਧਾਰਨ ਵਰਤਾਰੇ ਦੇ ਤੌਰ 'ਤੇ ਇਸਦੀ ਸਵੀਕ੍ਰਿਤੀ ਅੱਧੀ ਸਦੀ ਤੱਕ ਆਈ ਸੀ।ਟੱਨਲਿੰਗ ਨੂੰ ਅਕਸਰ ਹੇਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਅਤੇ ਪਦਾਰਥ ਦੀ ਵੇਵ-ਪਾਰਟੀਕਲ ਡਿਓਐਲਟੀ ਵਰਤ ਕੇ ਸਮਝਾਇਆ ਜਾਂਦਾ ਹੈ। ਸ਼ੁੱਧ ਕੁਆਂਟਮ ਮਕੈਨੀਕਲ ਧਾਰਨਾਵਾਂ ਵਰਤਾਰੇ ਪ੍ਰਤਿ ਕੇਂਦਰੀ ਹਨ, ਇਸਲਈ ਕੁਆਂਟਮ ਟੱਨਲਿੰਗ ਕੁਆਂਟਮ ਮਕੈਨਿਕਸ ਦੇ ਉੱਤਮ ਨਤੀਜਿਆਂ ਵਿੱਚੋਂ ਇੱਕ ਹੈ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇਕ ਮਘਦੀ ਧੂਣੀ ਸੀ ਤੇ ਇਕ ਲਟਾ-ਲਟ ਬਲਦੀ ਲਾਟ।”1.
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਆਸਟਰੀਆ (ਅੰਗਰੇਜੀ: Austria ਅਤੇ ਜਰਮਨ: Österreich) ਯੂਰਪ ਦਾ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਆਨਾ ਹੈ। ਇਹ ਚਾਰੇ ਪਾਸੇਓਂ ਬਾਕੀ ਦੇਸ਼ਾਂ ਨਾਲ ਘਿਰਿਆ ਹੈ ਅਤੇ ਇਸ ਨਾਲ ਕੋਈ ਦੀ ਸਮੁੰਦਰ ਨਹੀਂ ਲੱਗਦਾ। ਉੱਤਰੀ ਦਿਸ਼ਾ ਤੋਂ ਇਸ ਦੇ ਨਾਲ ਜਰਮਨੀ ਅਤੇ ਚੈੱਕ ਰਿਪਬਲਿਕ, ਪੂਰਬੀ ਦਿਸ਼ਾ ਤੋਂ ਸਲੋਵਾਕੀਆ ਅਤੇ ਹੰਗਰੀ, ਦੱਖਣੀ ਦਿਸ਼ਾ ਤੋਂ ਸਲੋਵੇਨੀਂਆਂ ਅਤੇ ਇਟਲੀ, ਅਤੇ ਪੱਛਮੀ ਦਿਸ਼ਾ ਤੋਂ ਸਵੀਟਜ਼ਰਲੈਂਡ ਲੱਗਦੇ ਹਨ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਜੁਗਤਾਂ (ਬਿੰਬ ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਨਨਕਾਣਾ ਸਾਹਿਬ ਪੰਜਾਬ, ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਨਕਾਣਾ ਸਾਹਿਬ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪੰਜਾਬ, ਪਾਕਿਸਤਾਨ) ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ। ਲਾਹੌਰ ਤੋਂ ਇਹ 80 ਕਿਲੋਮੀਟਰ ਉੱਤੇ ਫੈਸਲਾਬਾਦ ਤੋਂ 75 ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਸਿੱਖ ਧਰਮ ਦੀ ਨਿਉਂ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੈਦਾ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਗੁਰਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿੱਚ ਵਾਕਿਆ ਹੈ ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ।
ਸਿੱਖਣਾ ਨਵਾਂ ਗਿਆਨ ਪ੍ਰਾਪਤ ਕਰਨ ਦੀ ਪ੍ਰਕਿਰਿਆ ਹੈ ਜਾਂ ਮੌਜੂਦਾ, ਗਿਆਨ, ਵਿਹਾਰ, ਹੁਨਰ, ਕਦਰਾਂ ਕੀਮਤਾਂ ਜਾਂ ਪਸੰਦ ਨੂੰ ਸੋਧਣਾ ਹੈ। ਸਿੱਖਣ ਦੀ ਯੋਗਤਾ ਮਨੁੱਖਾਂ, ਜਾਨਵਰਾਂ ਅਤੇ ਕੁਝ ਮਸ਼ੀਨਾਂ ਦੇ ਕੋਲ ਹੈ ; ਕੁਝ ਪੌਦਿਆਂ ਵਿੱਚ ਵੀ ਕਿਸੇ ਕਿਸਮ ਦੀ ਸਿਖਲਾਈ ਲਈ ਸਬੂਤ ਹਨ। ਕੁਝ ਸਿੱਖਣਾ ਤੁਰੰਤ ਹੁੰਦਾ ਹੈ, ਇੱਕ ਘਟਨਾ ਦੁਆਰਾ ਪ੍ਰੇਰਿਤ (ਜਿਵੇਂ ਕਿ ਗਰਮ ਚੁੱਲ੍ਹੇ ਨਾਲ ਸੜ ਜਾਂਣਾ ), ਪਰੰਤੂ ਬਹੁਤ ਹੁਨਰ ਅਤੇ ਗਿਆਨ ਬਾਰ-ਬਾਰ ਦੇ ਅਨੁਭਵਾਂ ਤੋਂ ਇਕੱਠੇ ਹੁੰਦੇ ਹਨ। ਸਿੱਖਣ ਦੁਆਰਾ ਆਈਆਂ ਤਬਦੀਲੀਆਂ ਅਕਸਰ ਜੀਵਨ ਭਰ ਰਹਿੰਦੀਆਂ ਹਨ, ਅਤੇ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਵੱਖ ਕਰਨਾ ਮੁਸ਼ਕਲ ਹੁੰਦਾ ਹੈ। ਮਨੁੱਖ ਜਨਮ ਤੋਂ ਪਹਿਲਾਂ ਸਿੱਖਣਾ ਸ਼ੁਰੂ ਕਰਦੇ ਹਨ ਅਤੇ ਉਹਨਾਂ ਦਾ ਲੋਕਾਂ ਅਤੇ ਉਨ੍ਹਾਂ ਦੇ ਵਾਤਾਵਰਨ ਦੇ ਆਪਸੀ ਪ੍ਰਭਾਵ ਦੇ ਨਤੀਜੇ ਵਜੋਂ ਮੌਤ ਤਕ ਸਿੱਖਣਾ ਜਾਰੀ ਰਹਿੰਦਾ ਹੈ। ਸਿੱਖਣ ਦੀ ਪ੍ਰਕਿਰਤੀ ਅਤੇ ਪ੍ਰਕਿਰਿਆਵਾਂ ਦਾ ਬਹੁਤ ਸਾਰੇ ਖੇਤਰਾਂ ਵਿਚ ਅਧਿਐਨ ਕੀਤਾ ਜਾਂਦਾ ਹੈ, ਜਿਸ ਵਿਚ ਸਿੱਖਿਆ ਮਨੋਵਿਗਿਆਨ, ਨਿਯੁਰੋਸਾਈਕੋਲੋਜੀ, ਪ੍ਰਯੋਗਾਤਮਕ ਮਨੋਵਿਗਿਆਨ ਅਤੇ ਸਿੱਖਿਆ ਸ਼ਾਸਤਰ ਸ਼ਾਮਲ ਹਨ । ਅਜਿਹੇ ਖੇਤਰਾਂ ਵਿੱਚ ਖੋਜ ਨੇ ਕਈ ਤਰ੍ਹਾਂ ਦੀ ਸਿਖਲਾਈ ਦੀ ਪਛਾਣ ਕੀਤੀ ਹੈ। ਉਦਾਹਰਨ ਲਈ, ਸਿਖਲਾਈ ਆਬਾਦੀ, ਜਾਂ ਟਕਸਾਲੀ ਕੰਡੀਸ਼ਨਿੰਗ, ਆਪਰੇਟ ਕੰਡੀਸ਼ਨਿੰਗ ਦੇ ਨਤੀਜੇ ਵਜੋਂ ਹੋ ਸਕਦੀ ਹੈ ਜਾਂ ਖੇਡਾਂ ਵਰਗੀਆਂ ਵਧੇਰੇ ਗੁੰਝਲਦਾਰ ਗਤੀਵਿਧੀਆਂ ਦੇ ਨਤੀਜੇ ਵਜੋਂ ਪਰ ਇਹ ਸਿਰਫ ਤੁਲਨਾਤਮਕ ਹੱਦ ਤਕ ਬੁੱਧੀਮਾਨ ਜਾਨਵਰਾਂ ਵਿੱਚ ਵੇਖੀ ਜਾਂਦੀ ਹੈ। ਸਿੱਖਣਾ ਸੁਚੇਤ ਜਾਂ ਚੇਤਨਾ ਜਾਗਰੂਕਤਾ ਤੋਂ ਬਿਨਾਂ ਹੋ ਸਕਦਾ ਹੈ। ਇਹ ਜਾਣਦਿਆਂ ਕਿ ਕਿਸੇ ਅਸ਼ੁੱਭ ਘਟਨਾ ਨੂੰ ਟਾਲਿਆ ਨਹੀਂ ਜਾ ਸਕਦਾ ਅਤੇ ਬਚਿਆ ਨਹੀਂ ਜਾ ਸਕਦਾ ਜਿਸਦੇ ਨਤੀਜੇ ਵਜੋਂ ਅਜਿਹੀ ਸਥਿਤੀ ਹੋ ਸਕਦੀ ਹੈ ਜਿਸ ਨੂੰ ਸਿੱਖੀ ਲਾਚਾਰੀ ਕਿਹਾ ਜਾਂਦਾ ਹੈ। ਮਨੁੱਖੀ ਵਿਵਹਾਰ ਸੰਬੰਧੀ ਸਿਖਲਾਈ ਦਾ ਜਨਮ ਤੋਂ ਪਹਿਲਾਂ ਸਬੂਤ ਮਿਲਦਾ ਹੈ, ਜਿਸ ਵਿੱਚ ਗਰਭ ਅਵਸਥਾ ਦੇ 32 ਹਫ਼ਤਿਆਂ ਦੇ ਅਰੰਭਕ ਤੌਰ ਤੇ ਆਦਤ ਵੇਖੀ ਗਈ ਹੈ। ਇਹ ਦਰਸਾਉਂਦਾ ਹੈ ਕਿ ਕੇਂਦਰੀ ਦਿਮਾਗੀ ਪ੍ਰਣਾਲੀ ਵਿਕਾਸ ਦੇ ਸ਼ੁਰੂਆਤ ਵਿੱਚ ਹੀ ਸੰਤੋਸ਼ਜਨਕ ਹਾਲਤ ਵਿੱਚ ਵਿਕਸਤ ਹੋਣ ਲਗਦੀ ਹੈ। ਖੇਡ ਨੂੰ ਕਈ ਸਿਧਾਂਤਕਾਰਾਂ ਦੁਆਰਾ ਸਿਖਲਾਈ ਦੇ ਪਹਿਲੇ ਰੂਪ ਵਜੋਂ ਦਰਸਾਇਆ ਗਿਆ ਹੈ। ਬੱਚੇ ਦੁਨੀਆ ਦੇ ਨਾਲ ਪ੍ਰਯੋਗ ਕਰਦੇ ਹਨ, ਨਿਯਮ ਸਿੱਖਦੇ ਹਨ, ਅਤੇ ਖੇਡ ਦੁਆਰਾ ਪਰਸਪਰ ਪ੍ਰਭਾਵ ਪਾਉਣਾ ਸਿੱਖਦੇ ਹਨ। ਲੇਵ ਵੀਗੋਤਸਕੀ ਇਸ ਗੱਲ ਨਾਲ ਸਹਿਮਤ ਹੈ ਕਿ ਖੇਡ ਬੱਚਿਆਂ ਦੇ ਵਿਕਾਸ ਲਈ ਮਹੱਤਵਪੂਰਣ ਹੈ, ਕਿਉਂਕਿ ਉਹ ਵਿੱਦਿਅਕ ਖੇਡਾਂ ਖੇਡਣ ਦੁਆਰਾ ਆਪਣੇ ਵਾਤਾਵਰਣ ਨੂੰ ਅਰਥ ਭਰਪੂਰ ਬਣਾਉਂਦੇ ਹਨ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਾਮਾਜਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।
ਗੇਅ ਇਸ਼ਨਾਨ ਘਰ, ਜਿਸ ਨੂੰ ਗੇਅ ਸੁਆਨਾ ਜਾਂ ਗੇਅ ਸਟੀਮਬਾਥ ਵੀ ਕਿਹਾ ਜਾਂਦਾ ਹੈ, ਜੋ ਮਰਦਾਂ ਦੇ ਮਰਦਾਂ ਨਾਲ ਜਿਨਸੀ ਸਬੰਧ ਬਣਾਉਣ ਲਈ ਇਕ ਵਪਾਰਕ ਥਾਂ ਹੈ। ਸਮੂਹਿਕ ਗੰਦੀ ਭਾਸ਼ਾ ਵਿੱਚ, ਇਸ ਨੂੰ ਇੱਕ ਬਾਥਹਾਊਸ ਨੂੰ ਸਿਰਫ਼ "ਦ ਬਾਥ", "ਸੁਆਨਾ" ਜਾਂ "ਦ ਟੱਬਜ਼" ਕਿਹਾ ਜਾ ਸਕਦਾ ਹੈ। ਆਮ ਤੌਰ 'ਤੇ ਇਹ ਗੇਅ ਬਾਥ ਨੂੰ ਮੁੱਖ ਤੌਰ ਤੇ ਨਹਾਉਣ ਦੀ ਬਜਾਏ ਸਮਲਿੰਗੀ ਨਹਾਉਣ ਜਾਂ ਲਿੰਗੀ ਕਿਰਿਆਵਾਂ ਲਈ ਵਰਤਿਆ ਜਾਂਦਾ ਹੈ।ਇਸ ਗੇਅ ਬਾਥ ਵਿੱਚ ਆਉਣ ਵਾਲੇ ਹਰ ਇਕ ਮਰਦ ਨੂੰ, ਉਸਦਾ ਲਿੰਗਕ ਵਿਵਹਾਰ ਦੇਖੇ ਬਿਨਾਂ, ਗੇਅ ਨਹੀਂ ਮੰਨਿਆ ਜਾ ਸਕਦਾ। ਬਾਥਹਾਊਸ ਔਰਤਾਂ ਲਈ ਸਮਾਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੇ ਬਹੁਤ ਘੱਟ ਹੁੰਦੇ ਹਨ, ਪਰ ਕੁਝ ਪੁਰਸ਼ਾਂ ਦੇ ਘਰਾਂ ਵਿਚ ਕਦੇ-ਕਦੇ "ਲੈਸਬੀਅਨ" ਜਾਂ "ਸਿਰਫ਼ ਔਰਤਾਂ ਦੀ ਹੀ" ਰਾਤ ਹੁੰਦੀ ਹੈ। ਬਾਥ ਹਾਉਸ ਦੇ ਆਕਾਰ ਅਤੇ ਸਹੂਲਤਾਂ ਵਿਚ ਕਾਫ਼ੀ ਬਦਲਾਵ ਹੋ ਸਕਦਾ ਹੈ- ਛੋਟੀਆਂ ਸੰਸਥਾਵਾਂ ਤੋਂ 10 ਜਾਂ 20 ਕਮਰੇ ਅਤੇ ਕਈ ਤਰ੍ਹਾਂ ਦੀਆਂ ਕਮਰੇ ਦੀਆਂ ਸਟਾਈਲ ਜਾਂ ਸਾਈਟਾਂ ਅਤੇ ਕਈ ਭਾਫ਼ ਵਾਲੇ ਜੈਕੂਜ਼ੀ ਟੱਬ ਅਤੇ ਕਈ ਵਾਰ ਸਵਿਮਿੰਗ ਪੂਲ ਨਾਲ ਮਲਟੀ-ਸਟੋਰੀ ਸੁਆਨਾ ਮਿਲਦੇ ਹਨ।. ਜ਼ਿਆਦਾਤਰ ਲੋਕਾਂ ਕੋਲ ਭਾਫ਼ ਦਾ ਕਮਰਾ (ਜਾਂ ਬਰਫ ਵਾਲਾ ਸੁਆਨਾ) ਸ਼ਾਵਰ, ਲਾਕਰ ਅਤੇ ਛੋਟੇ ਪ੍ਰਾਈਵੇਟ ਰੂਮ ਹਨ। ਬਹੁਤ ਸਾਰੇ ਬਾਥ ਹਾਉਸ ਕਾਨੂੰਨੀ ਤੌਰ ਤੇ ਮੈਂਬਰਸ਼ਿਪ ਲੈਣੀ ਪੈਂਦੀ ਹੈ ਅਤੇ ਮੈਂਬਰਸ਼ਿਪ ਸਿਰਫ਼ ਹਨ ਉਹਨਾਂ ਬਾਲਗ ਲੋਕਾਂ ਲਈ ਹੁੰਦੀ ਹਨ ਜੋ ਇਸ ਦਾ ਮੈਂਬਰ ਬਣਨਾ ਚਹੁੰਦੇ ਹਨ, ਇਸ ਲਈ ਬਹੁਤ ਥੋੜੀ ਫੀਸ ਹੁੰਦੀ ਹੈ। ਕੋਠੇ ਤੋਂ ਉਲਟ, ਇਥੇ ਗਾਹਕ ਸਿਰਫ ਸਹੂਲਤਾਂ ਦੀ ਵਰਤੋਂ ਲਈ ਭੁਗਤਾਨ ਕਰਦੇ ਹਨ। ਇਸ ਜਗਾ ਉੱਪਰ ਜੇਕਰ ਜਿਨਸੀ ਗਤੀਵਿਧੀ ਵਾਪਰਦੀ ਹੈ, ਤਾਂ ਇਹ ਸਥਾਪਤੀ ਦੇ ਸਟਾਫ ਦੁਆਰਾ ਨਹੀਂ ਦਿੱਤੀ ਜਾਂਦੀ ਹੈ,ਸਗੋਂ ਇਹ ਗਾਹਕਾਂ ਦੇ ਆਪਸੀ ਵਿਚਕਾਰ ਵਾਪਰਦੀ ਹੈ, ਅਤੇ ਇਸ ਵਿੱਚ ਪੈਸੇ ਦੀ ਕੋਈ ਬਦਲੀ ਨਹੀਂ ਕੀਤੀ ਜਾਂਦੀ. ਕਈ ਗੇਅ ਹਾਉਸ ਕਾਨੂੰਨੀ ਕਾਰਨਾਂ ਕਰਕੇ, ਵੇਸਵਾਗਮਨੀ ਨੂੰ ਸਪਸ਼ਟ ਤੌਰ ਤੇ ਵਰਜਿਤ ਜਾਂ ਨਿਰਾਸ਼ ਕਰਦੇ ਹਨ ਅਤੇ ਜਾਣੀਆ ਪਛਾਣੀਆਂ ਵੇਸਵਾਵਾਵਾਂ ਨੂੰ ਰੋਕਦੇ ਹਨ.
ਗੁਰ ਅਮਰਦਾਸ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿਆਦ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿ੍ਹਨਾ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਰੁਡੋਲਫ਼ ਕ੍ਰਿਸਟੋਫ਼ ਯੂਕੇਨ (ਜਰਮਨ: [ˈɔʏkn̩]; 5 ਜਨਵਰੀ 1846 – 15 ਸਤੰਬਰ 1926) ਇੱਕ ਜਰਮਨ ਫ਼ਿਲਾਸਫ਼ਰ ਸੀ। ਉਸ ਨੇ ਸਵੀਡਿਸ਼ ਅਕੈਡਮੀ ਦੇ ਮੈਂਬਰ ਦੁਆਰਾ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਉਸ ਨੂੰ 1908 ਵਿੱਚ "ਸੱਚ ਲਈ ਉਸਦੀ ਸੁਹਿਰਦ ਖੋਜ, ਉਸ ਦੀ ਵਿੰਨ ਦੇਣ ਵਾਲੀ ਸੋਚ ਦੀ ਸ਼ਕਤੀ, ਉਸ ਦੀ ਦ੍ਰਿਸ਼ਟੀ ਦੀ ਵਿਸ਼ਾਲ ਰੇਂਜ ਅਤੇ ਪ੍ਰਸਤੁਤੀ ਵਿੱਚ ਨਿੱਘ ਅਤੇ ਤਾਕਤ ਜਿਸ ਨੂੰ ਉਸ ਨੇ ਆਪਣੇ ਅਨੇਕ ਕਾਰਜਾਂ ਵਿੱਚ ਸਾਬਤ ਕੀਤਾ ਹੈ ਅਤੇ ਇੱਕ ਆਦਰਸ਼ਵਾਦੀ ਜੀਵਨ ਫ਼ਲਸਫ਼ਾ ਵਿਕਸਿਤ ਕਰਨ ਲਈ," ਸਾਹਿਤ ਦੇ ਲਈ ਨੋਬਲ ਪੁਰਸਕਾਰ ਪ੍ਰਾਪਤ ਕੀਤਾ।
ਜਨਮਸਾਖੀ ਪਰੰਪਰਾ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਵਿਦਵਾਨਾਂ ਅਨੁਸਾਰ ‘ਸਾਖੀ` ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਾਕ੍ਰਸੀ` ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ‘ਗਵਾਹੀ`। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ ਉਹ ਮਨੁੱਖ ਜਿਸ ਨੇ ਕਿਸੇ ਘਟਨਾ ਜਾਂ ਵਸਤੂ ਨੂੰ ਅੱਖੀ ਵੇਖਿਆ ਹੋਵੇ।`` ਰਤਨ ਸਿੰਘ ਜੱਗੀ ਅਨੁਸਾਰ, “ ‘ਜਨਮ` ਤੋਂ ਭਾਵ ਇਥੇ ਭਾਵ ਕੇਵਲ ਪੈਦਾਇਸ਼ ਨਹੀਂ ਸਗੋਂ ਸਾਰਾ ਜੀਵਨ ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ‘ਜਨਮਸਾਖੀ` ਤੋਂ ਭਾਵ ਕਿਸੇ ਮਹਾਂਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿਤਾਂਤ ਹੈ।`` ਭਾਈ ਕਾਨ੍ਹਸਿੰਘ ਨੇ ਗੁਰਬਾਣੀ ਦੀ ਇੱਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇੱਕ ਸਾਖੀ)ਦੇ ਆਧਾਰ ਤੇ ਇਸ ਦਾ ਅਰਥ ਇਤਿਹਾਸ ਅਥਵਾ ਕਥਾ,ਜੋਅੱਖੀਂ ਡਿਠੀ ਕਹੀ ਗਈ ਹੋਵੇ` ਕੀਤਾ ਹੈ। ਪਰ ਜੇ ਸਾਖੀ ਸ਼ਬਦ ਦਾ ਅਰਥ ਇਸ ਦੇ ਪਰੰਪਰਾਗਤ ਪ੍ਰਯੋਗ ਦੇ ਸੰਦਰਭ ਵਿੱਚ ਕਰੀਏ ਤਾਂ ਉਕਤ ਤੁੱਕ ਵਿੱਚ ਇਹ ‘ਗੁਰੂ ਦੇ ਬਚਨ` ਲਈ ਵੀ ਵਰਤਿਆ ਗਿਆ ਹੈ।ਪ੍ਰੋ.
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਗੁਰਮਤਿ ਸਿੱਖ ਧਰਮ ਦਾ ਇੱਕ ਅਦੁਤੀ ਤੇ ਨਿਵੇਕਲਾ ਸ਼ਬਦ ਹੈ, ਜਿਸਦੇ ਅਰਥ ਦਾ ਘੇਰਾ ਚੌਖਾ ਵਿਸ਼ਾਲ ਹੈ। ਇਹ ਸਿੱਖ ਚਿੰਤਨ ਅਤੇ ਵਿਹਾਰ ਦੇ ਸਿਧਾਂਤਕ, ਮਰਯਾਦਕ ਤੇ ਆਦੇਸ਼ਤਕ ਪਹਿਲੂਆਂ ਨੂੰ ਕਲਾਵੇ ਵਿੱਚ ਲੈਂਦਾ ਹੈ। ਜਿੰਨ੍ਹਾਂ ਸੰਕਲਪਾਂ ਉੱਤੇ ਇਹ ਸ਼ਬਦ ਲਾਗੂ ਹੁੰਦਾ ਹੈ, ਮੁੱਖ ਰੂਪ ਵਿੱਚ ਉਨ੍ਹਾਂ ਦਾ ਸੰਬੰਧ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ, ਨਿਯਮਾਂ ਅਤੇ ਮੀਮਾਂਸਿਕ ਢਾਂਚੇ ਨਾਲ ਹੈ। ਜੋ ਕਿ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ ਦੀ ਸਿੱਖਿਆ ਉੱਤੇ ਆਧਾਰਿਤ ਹਨ। ਨਾਲ ਹੀ ਇਹ ਸ਼ਬਦ ਸਿੱਖ ਜੀਵਨ-ਜਾਂਚ ਦੇ ਵਿਅਕਤੀਗਤ ਤੇ ਸਮੂਹਿਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ।ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨਿਸ਼ਾਨ ਦੀ ਰਚਨਾ ਕਰਕੇ ਇਸ ਦਾ ਇਸ ਦਾ ਪਾਠ(ਉਚਾਰਨ ਜਾਂ ਬੋਲ) ਇਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇਕ ਕਰਤਾ (ਭਾਵ ਇਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ । ਇਹਨਾਂ ਆਲੋਚਨਾ ਪ੍ਰਣਾਲੀਆਂ ਵਿਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ । ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ । ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ । ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ । ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ । ਪੱਛਮੀ ਚਿੰਤਕਾਂ ਵਿਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ । ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ । ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ । ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ । ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ : ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ । ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ । ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ । ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਭਾਈ ਬਾਲਾ (1466 - 1544) ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿੱਚ ਹੋਇਆ। ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਸਾਥੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚੀਨ, ਮੱਕਾ, ਅਤੇ ਭਾਰਤ ਵਿੱਚ ਯਾਤਰਾ ਕੀਤੀ। ਕਹਿੰਦੇ ਹਨ ਆਪਣੀ ਉਮਰ ਦੇ 70ਵਿਆਂ ਖਡੂਰ ਸਾਹਿੰਬ ਵਿਖੇ 1544 ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਇਤਹਾਸਕ ਹੋਂਦ ਆਣਹੋਂਦ ਦੇ ਬਾਰੇ ਬਹਿਸ ਚੱਲ ਰਹੀ ਹੈ।.
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਨਵੰਬਰ 2019 ਮੁਤਾਬਿਕ ਇਸ ਵਿਕੀ ’ਤੇ 32,602 ਲੇਖ ਹਨ ਅਤੇ ਇਸ ਦੇ ਕੁੱਲ 30,421 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,96,045 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.35.0-wmf.5 (c5c79e5) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ :- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆਂ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3, ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।
ਸਿੱਖ ਧਰਮ ਦੇ 1469 ਤੋਂ 1708 ਵਿੱਚ ਦਸ ਗੁਰੂ ਹੋਏ ਹਨ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।
ਸਮਾਜਿਕ ਪੂੰਜੀ ਸਮਾਜ ਸ਼ਾਸਤਰ, ਅਰਥਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਇਕ ਸੰਕਲਪ ਹੈ, ਜੋ ਸਮਾਜਿਕ ਸੰਬੰਧਾਂ ਅਤੇ ਸੋਸ਼ਲ ਨੈਟਵਰਕਸ ਦੀ ਪ੍ਰਤਿਨਿਧਤਾ ਕਰਦਾ ਹੈ, ਜਿਨ੍ਹਾਂ ਨੂੰ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਹੋਰ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲੇ ਸਰੋਤ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ, ਅਜਿਹੀਆਂ ਬਹੁਤ ਸਾਰੀਆਂ ਪ੍ਰੀਭਾਸ਼ਾਵਾਂ ਅਤੇ ਸੰਕਲਪ (ਉਦਾਹਰਨ ਲਈ, ਸੱਭਿਆਚਾਰਕ ਪੂੰਜੀ, ਸਿਵਲ ਪੂੰਜੀ) ਹਨ, ਜੋ ਕਿ ਸਮਾਜ ਦੇ ਲੱਛਣਾਂ ਨੂੰ, ਲੋਕਾਂ ਦੇ ਆਪਸੀ ਸੰਬੰਧਾਂ ਦੇ ਪੱਖੋਂ, ਸਮਾਜਿਕ ਤੌਰ ਤੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਰਜਾਂ ਦੀ ਕਾਰਗਰਤਾ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਕਾਰਕਾਂ ਦੇ ਨਿਰਣੇ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਦੇ ਆਮ ਵਿਚਾਰ ਨੂੰ ਇਕਮੁੱਠ ਕਰਦੇ ਹਨ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਯੂਟਿਊਬ (ਜਾਂ ਯੂ-ਟਿਊਬ, ਯੂ ਟਿਊਬ, ਯੂਟੂਬ; ਅੰਗਰੇਜੀ: YouTube) ਪੇਪਾਲ (PayPal) ਦੇ ਤਿੰਨ ਸਾਬਕਾ ਮੁਲਜਮਾਂ ਦੁਆਰਾ ਬਣਾਈ ਇੱਕ ਵੀਡੀਓ ਸਾਂਝੀ ਕਰਨ ਵਾਲੀ ਵੈੱਬਸਾਈਟ ਹੈ ਜਿਸ ’ਤੇ ਵਰਤੋਂਕਾਰ ਵੀਡੀਓ ਵੇਖ ਅਤੇ ਖ਼ੁਦ ਆਪਣੀ ਵੀਡੀਓ ਚੜ੍ਹਾ ਸਕਦੇ ਹਨ। ਨਵੰਬਰ 2006 ਵਿੱਚ ਗੂਗਲ ਨੇ ਇਸਨੂੰ 1.65 ਬਿਲੀਅਨ ਅਮਰੀਕੀ ਡਾਲਰਾਂ ਵਿੱਚ ਖਰੀਦ ਲਿਆ ਅਤੇ ਹੁਣ ਇਸਨੂੰ ਗੂਗਲ ਦੀ ਸਹਾਇਕ ਦੇ ਰੂਪ ਵਿੱਚ ਚਲਾਉਂਦੀ ਹੈ। ਆਨਲਾਈਨ ਵੀਡੀਓ ਦੇਖਣ ਲਈ ਦੁਨੀਆਂ ਭਰ 'ਚ ਯੂਟਿਊਬ ਦਾ ਇਸਤੇਮਾਲ ਸਭ ਤੋਂ ਜ਼ਿਆਦਾ ਹੁੰਦਾ ਹੈ। ਯੂਟਿਊਬ 'ਤੇ ਜਿਨ੍ਹਾਂ ਵੀਡੀਓਜ਼ ਨੂੰ ਤੁਸੀਂ ਸਭ ਤੋਂ ਜ਼ਿਆਦਾ ਵੇਖਦੇ ਹੋ ਉਨ੍ਹਾਂ ਨੂੰ ਤੁਸੀਂ ਆਫਲਾਈਨ ਸੇਵ ਕਰ ਲੈਂਦੇ ਹਨ ਜਿਸ ਨਾਲ ਅਸੀਂ ਇਸ ਨੂੰ ਦੁਆਰਾ ਵੀ ਵੇਖ ਸਕਦੇ ਹੋ। ਇੰਟਰਨੈੱਟ ਤੇ ਯੂ ਟਯੂਬ ਰਾਂਹੀ ਪਹਿਲੀ ਵੀਡੀਉ Me at the zoo ਚੜਾਉਣ ਦੀ ਸ਼ੁਰਆਤ 23 ਅਪਰੈਲ, 2005 ਨੂੰ ਹੋਈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਕਪਾਲ ਮੋਚਨ ਹਰਿਆਣਾ ਦੇ ਸ਼ਹਿਰ ਜਗਾਧਰੀ ਤੋਂ 20 ਕੁ ਕਿਲੋਮੀਟਰ ਦੂਰ ਸਿੰਧੂ ਵਣ ਵਿਖੇ ਹੈ। ਇਥੇ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮੇਲਾ ਲਗਦਾ ਹੈ। ਕਪਾਲ ਮੋਚਨ ਦੇ ਇਸ ਸਥਾਨ ਨੂੰ ਪਾਪ ਮੁਕਤੀ ਦਾ ਸਥਾਨ ਕਿਹਾ ਜਾਂਦਾ ਹੈ। ਇਸ ਤੀਰਥ ਅਸਥਾਨ ਨੂੰ ਤਿੰਨ ਲੋਕਾਂ ਦਾ ਪ੍ਰਸਿੱਧ ਤੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਮੰਨਿਆ ਗਿਆ ਹੈ। ਕਪਾਲ ਮੋਚਨ ਨਦੀ ਦੇ ਵਹਿਣ 'ਚ ਕੋਈ ਰੁਕਾਵਟ ਆ ਜਾਣ ਕਾਰਨ ਬਣਿਆ ਤਲਾਅ ਜਿਸ ਦੇ ਕਿਨਾਰਿਆਂ 'ਤੇ ਹੀ ਇੱਕ ਉੱਚਾ ਟਿੱਲਾ ਇੱਟਾਂ ਅਤੇ ਪੱਥਰ ਦਾ 100 ਵਰਗ ਫੁੱਟ ਦੇ ਘੇਰਾ ਦਾ ਬਣਿਆ ਹੋਇਆ ਹੈ। ਕਪਾਲ ਮੋਚਨ ਦੇ ਉੱਤਰ ਵੱਲ ਲੱਗਭਗ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਬ੍ਰਹਮ ਕੁੰਡ ਹੈ। ਇਸ ਦੇ ਦੱਖਣ ਵੱਲ 500 ਫੁੱਟ ਵਰਗਾਕਾਰ ਸਰੋਵਰ ਰਿਣ ਮੋਚਨ ਹੈ ਜਿਸ 'ਤੇ ਉੱਤਰੀ-ਪੱਛਮੀ ਕਿਨਾਰਿਆਂ 'ਤੇ ਪੌੜੀਆਂ ਬਣੀਆਂ ਹੋਈਆਂ ਹਨ।
ਕ੍ਰਮਗੁਣਿਤ ਜਿਸ ਨੂੰ ਅੰਗਰੇਜ਼ੀ ਵਿੱਚ factorial ਕਿਹਾ ਜਾਂਦਾ ਹੈ ਇਸ ਨੂੰ n! ਨਾਲ ਦਰਸਾਇਆ ਜਾਂਦਾ ਹੈ। ਜਿਸ ਅੰਕ ਦਾ ਕ੍ਰਮਗੁਣਿਤ ਕਰਨਾ ਹੋਵੇ ਉਸ ਅੰਕ ਤੋਂ ਲੱਗ ਕੇ 1 ਤੱਕ ਦੇ ਘਟਦੇ ਕਰਮ ਵਿੱਚ ਸਾਰੇ ਧਨਾਤਮਿਕ ਪੂਰਨ ਅੰਕਾ ਨੂੰ ਗੁਣਾ ਕਰਨ ਤੇ ਜੋ ਸੰੰਖਿਆ ਪ੍ਰਪਤ ਹੁੰਦੀ ਹੈ ਉਸ ਨੂੰ ਉਸ ਅੰਕ ਦਾ ਕ੍ਰਮਗੁਣਿਤ ਿਕਹਾ ਜਾਂਦਾ ਹੈ। ਇਸ ਦੀ ਵਰਤੋਂ ਗਣਿਤ ਦੀਆਂ ਵੱਖ ਵੱਖ ਉਪ-ਵਿਸਿਆਂ ਿਵੱਚ ਹੁੰਦੀ ਹੈ।ਜਿਵੇ: 5 ! = 5 × 4 × 3 × 2 × 1 = 120.
ਭਾਈ ਗੁਰਦਾਸ (1551 – 25 ਅਗਸਤ 1636) ਦਾ ਜਨਮ ਪੰਜਾਬ ਦੇ ਛੋਟੇ ਜੇਹੇ ਪਿੰਡ ਗੋਇੰਦਵਾਲ ਵਿੱਚ ਪਿਤਾ ਸ੍ਰੀ ਭਾਈ ਦਾਤਾਰ ਚੰਦ ਭੱਲਾ ਅਤੇ ਮਾਤਾ ਜੀਵਾਨੀ ਦੇ ਗ੍ਰਹਿ ਵਿਖੇ ਹੋਇਆ। ਆਪ ਜਦੋਂ ਸਿਰਫ 3 ਸਾਲ ਦੇ ਸਨ ਤਾਂ ਆਪ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ। ਅਾਪ ਇੱਕ ਪੰਜਾਬੀ ਸਿੱਖ ਲੇਖਕ, ਇਤਿਹਾਸਕਾਰ ਅਤੇ ਪ੍ਰਚਾਰਕ ਸਨ। ਅਾਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਲਿਖਾਰੀ ਸਨ ਅਤੇ ਅਾਪ ਨੇ ਚਾਰ ਸਿੱਖ ਗੁਰੂਆਂ ਦਾ ਸਾਥ ਨਿਭਾਇਆ।
ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।
ਫਾਸਟ ਫੂਡ, ਜਨ-ਉਤਪਾਦਨ ਭੋਜਨ ਹੈ ਜੋ ਆਮ ਤੌਰ 'ਤੇ ਰਵਾਇਤੀ ਭੋਜਨ ਦੇ ਮੁਕਾਬਲੇ ਜਲਦੀ ਤਿਆਰ ਕੀਤੇ ਜਾਂਦੇ ਹਨ। ਇਹ ਭੋਜਨ ਆਮ ਤੌਰ 'ਤੇ ਦੂਜੇ ਭੋਜਨ ਅਤੇ ਪਕਵਾਨਾਂ ਦੇ ਮੁਕਾਬਲੇ ਘੱਟ ਪੌਸ਼ਟਿਕ ਮੁੱਲਵਾਨ ਹੁੰਦਾ ਹੈ। ਘੱਟ ਤਿਆਰੀ ਕਰਨ ਦੇ ਸਮੇਂ ਦੇ ਕਾਰਨ, ਭੋਜਨ ਨੂੰ ਫਾਸਟ ਫੂਡ ਸਮਝਿਆ ਜਾ ਸਕਦਾ ਹੈ, ਖਾਸਤੌਰ 'ਤੇ ਇਹ ਸ਼ਬਦ ਇੱਕ ਰੈਸਟੋਰੈਂਟ ਵਿੱਚ ਵੇਚਿਆ ਭੋਜਨ ਜਾਂ ਫ੍ਰੋਜ਼ਨ, ਪ੍ਰੀਰਾਇਡ ਜਾਂ ਪਹਿਲਾਂ ਤਿਆਰ ਸਮੱਗਰੀ ਨਾਲ ਸਟੋਰ ਦਾ ਹਵਾਲਾ ਦਿੰਦਾ ਹੈ, ਅਤੇ ਗਾਹਕ ਨੂੰ ਇੱਕ ਪੈਕ ਕੀਤੇ ਰੂਪ ਵਿੱਚ ਦਿੱਤਾ ਜਾਂਦਾ ਹੈ।
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 32,595 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਸਮਾਜਿਕ ਮੇਲ-ਜੋਲ ਸੇਵਾਵਾਂ ਜਿਹਨਾਂ ਅਧੀਨ ਸਮਾਜਿਕ ਨੈੱਟਵਰਕ ਵੈੱਬਸਾਈਟਾਂ ਵੀ ਆਉਂਦੀਆਂ ਹਨ, ਅਜਿਹੀਆਂ ਵੈੱਬ-ਅਧਾਰਤ ਸੇਵਾਵਾਂ ਹਨ ਜਿਨ੍ਹਾਂ ਦੀ ਹੇਠ ਲਿਖੇ ਕਾਰਜਾਂ ਲਈ ਵਰਤੋਂ ਹੋ ਸਕਦੀ ਹੈ: ਸਮਾਜਿਕ ਮੀਡਿਆ ,ਸੰਚਾਰ ਕਰਨ ਵਿਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਦਾਨ ਪ੍ਰਦਾਨ ਕਰਨ ਵਿਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧ ਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿਚ ਸਾਂਜੀ ਕਰਦੇ ਹਨ। ਮਨੁੱਖ ਨੇ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਕਈ ਖੋਜਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕਈਆਂ ਦੇ ਲਾਭ ਅਤੇ ਕਈਆਂ ਦੀਆਂ ਹਾਨੀਆਂ ਸਾਡੇ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨ ਜਿਵੇਂ ਫੇਸਬੁੱਕ ਅਤੇ ਮੋਬਾਈਲ ਫੋਨ ਆਦਿ ਮੌਜੂਦਾ ਸਮੇਂ ਸੂਚਨਾ ਸੰਚਾਰ ਦਾ ਮਹੱਤਵਪੂਰਨ ਸਾਧਨ ਬਣ ਗਏ ਹਨ। ਕੰਪਿਊਟਰਾਂ ਅਤੇ ਮੋਬਾਈਲਾਂ ਜ਼ਰੀਏ ਅਜੋਕੀ ਨਵੀਂ ਪਨੀਰੀ ਪਾਗਲ ਹੋਈ ਫਿਰਦੀ ਹੈ। ਹਰ ਕਿਸੇ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਫੋਨ ਅਤੇ ਇੰਟਰਨੈੱਟ ਦਾ ਕੁਨੈਕਸ਼ਨ ਹੈ। ਦੇਸ਼-ਵਿਦੇਸ਼ ਦੀਆਂ ਨਾਮੀਂ ਹਸਤੀਆਂ ਪ੍ਰਤੀ ਲੋਕ ਗ਼ਲਤ ਸੰਦੇਸ਼ ਜਾਂ ਟਿੱਪਣੀਆਂ ਦੀ ਵਰਤੋਂ ਕਰਦੇ ਹਨ। ਤਕਨੀਕ ਇਨਸਾਨ ਦੀ ਤਰੱਕੀ ਲਈ ਹੈ, ਪਰ ਅਸੀਂ ਉਸ ਦੀ ਗ਼ਲਤ ਵਰਤੋਂ ਕਰ ਰਹੇ ਹਾਂ। ਸਭ ਤੋਂ ਵੱਧ ਦੁਰਵਰਤੋਂ ਸ਼ੋਸ਼ਲ ਮੀਡੀਆ ਦੀ ਹੋ ਰਹੀ ਹੈ। ਇਹ ਜਿਸ ਕੰਮ ਲਈ ਈਜਾਦ ਹੋਇਆ ਸੀ, ਉਸ ਦੀ ਬਜਾਇ ਇਸ ਦਾ ਇਸਤੇਮਾਲ ਦੰਗੇ ਭੜਕਾਉਣ, ਅਸ਼ਲੀਲਤਾ ਫੈਲਾਉਣ ਅਤੇ ਇੱਕ ਦੂਜੇ ਨੂੰ ਬਦਨਾਮ ਕਰਨ ਆਦਿ ਲਈ ਕੀਤਾ ਜਾ ਰਿਹਾ ਹੈ ਜੋ ਸਹੀ ਨਹੀਂ।.
ਪੰਜਾਬੀ ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ਼ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ '"ਬੁਝਣ ਵਾਲੀਆਂ ਬਾਤਾਂ"' ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ (ਬੱਚਿਆਂ ਲਈ ਮਾਮਾ) ਰਾਹ ਭੁੱਲ ਜਾਂਦੇ ਹਨ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।
ਪਾਤਰ (ਜਾਂ ਕਾਲਪਨਿਕ ਪਾਤਰ) ਵਾਰਤਾ ਕਲਾ ਕ੍ਰਿਤੀ (ਜਿਵੇਂ ਕੋਈ ਨਾਵਲ, ਨਾਟਕ, ਟੈਲੀਵੀਯਨ ਦੀ ਲੜੀ ਜਾਂ ਫਿਲਮ) ਵਿੱਚ ਇੱਕ ਵਿਅਕਤੀ ਹੁੰਦਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ ਕਰੈਕਟਰ (character) ਕਹਿੰਦੇ ਹਨ ਜੋ ਪ੍ਰਾਚੀਨ ਯੂਨਾਨੀ ਸ਼ਬਦ χαρακτήρ, ਤੋਂ ਆਇਆ ਹੈ ਅਤੇ ਬਹਾਲੀ ਦੇ ਸਮੇਂ ਤੋਂ ਪ੍ਰਚਲਿਤ ਹੈ। ਪਰ,ਟੌਮ ਜੋਨਸ ਵਿਚ 1749 ਵਿੱਚ ਆਉਣ ਦੇ ਬਾਅਦ ਇਹ ਵਧੇਰੇ ਵਿਆਪਕ ਵਰਤਿਆ ਜਾਣ ਲੱਗਿਆ ਹੈ। ਇਸ ਤੋਂ , "ਇੱਕ ਅਦਾਕਾਰ ਵਲੋਂ ਨਿਭਾਏ ਪਾਰਟ" ਦੇ ਅਰਥਾਂ ਦਾ ਰੰਗ ਚੜ੍ਹ ਗਿਆ ਹੈ। ਪਾਤਰ, ਖਾਸ ਤੌਰ ਤੇ ਜਦ ਇੱਕ ਅਦਾਕਾਰ ਥੀਏਟਰ ਜਾਂ ਸਿਨੇਮਾ ਵਿੱਚ ਨਿਭਾਇਆ ਗਿਆ ਹੋਵੇ ਤਾਂ "ਇੱਕ ਮਨੁੱਖੀ ਵਿਅਕਤੀ ਦਾ ਭਰਮ" ਇਸ ਵਿਚ ਸਮਾ ਜਾਂਦਾ ਹੈ। ਸਾਹਿਤ ਵਿੱਚ, ਪਾਤਰ ਪਾਠਕ ਨੂੰ ਆਪਣੀਆਂ ਕਹਾਣੀਆ ਦੁਆਰਾ ਰਾਹ-ਦਰਸਾਊ ਹੁੰਦੇ ਹਨ, ਪਲਾਟ ਅਤੇ ਵਿਚਾਰ ਥੀਮ ਸਮਝਣ ਲਈ ਇਮਦਾਦੀ ਹੁੰਦੇ ਹਨ।18ਵੀਂ ਸਦੀ ਦੇ ਅੰਤ ਦੇ ਬਾਅਦ , "ਪਾਤਰ ਵਿੱਚ " ਵਾਕੰਸ ਦੀ ਵਰਤੋਂ ਇੱਕ ਅਭਿਨੇਤਾ ਦੇ ਅਸਰਦਾਰ ਮਾਨਵੀਕਰਨ ਦਾ ਵਰਣਨ ਕਰਨ ਲਈ ਕੀਤੀ ਜਾਣ ਲੱਗੀ ਹੈ। 19ਵੀਂ ਸਦੀ ਦੇ ਬਾਅਦ ਪਾਤਰ ਘੜਨ/ਬਣਾਉਣ ਦੀ ਕਲਾ ਨੂੰ ਪਾਤਰ ਉਸਾਰੀ ਕਹਿੰਦੇ ਹਨ।
ਗੁਰ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖਤ੍ਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਓਹ ਦੁਰਗਾ ਦੇ ਪੁਜਾਰੀ ਸਨ। ਇਹਨਾ ਦੀ ਮੁਲਾਕਾਤ ਗੁਰ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।