ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਨਾਨਕ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ l55ਆਗ਼ਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਭਾਈ ਬਾਲਾ (1466 - 1544) ਦਾ ਜਨਮ 1466 ਨੂੰ ਰਾਇ-ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ) ਵਿੱਚ ਹੋਇਆ। ਭਾਈ ਬਾਲੇ ਵਾਲੀ ਜਨਮਸਾਖੀ ਅਨੁਸਾਰ ਉਹ ਭਾਈ ਮਰਦਾਨਾ ਅਤੇ ਗੁਰੂ ਨਾਨਕ ਦਾ ਸਾਥੀ ਸੀ ਅਤੇ ਉਸ ਨੇ ਗੁਰੂ ਜੀ ਅਤੇ ਮਰਦਾਨੇ ਦੇ ਨਾਲ ਚੀਨ, ਮੱਕਾ, ਅਤੇ ਭਾਰਤ ਵਿੱਚ ਯਾਤਰਾ ਕੀਤੀ। ਕਹਿੰਦੇ ਹਨ ਆਪਣੀ ਉਮਰ ਦੇ 70ਵਿਆਂ ਖਡੂਰ ਸਾਹਿੰਬ ਵਿਖੇ 1544 ਵਿੱਚ ਉਸ ਦੀ ਮੌਤ ਹੋ ਗਈ ਸੀ। ਉਸ ਦੀ ਇਤਹਾਸਕ ਹੋਂਦ ਆਣਹੋਂਦ ਦੇ ਬਾਰੇ ਬਹਿਸ ਚੱਲ ਰਹੀ ਹੈ।.
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ। ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ। ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ.
ਕਰਤਾਰਪੁਰ ਲਾਂਘਾ (English:Kartarpur Corridor) (ਉਰਦੂ: کرتارپور راہداری) ਗੁਆਂਢੀ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਪ੍ਰਸਤਾਵਿਤ ਸਰਹੱਦੀ ਲਾਂਘਾ ਹੈ। ਇਹ ਸਿੱਖ ਸ਼ਰਧਾਲੂਆਂ ਲਈ ਗੁਰਦੁਆਰਾ ਡੇਰਾ ਬਾਬਾ ਨਾਨਕ ਸਾਹਿਬ (ਪੰਜਾਬ, ਭਾਰਤ ਵਿਚ ਸਥਿਤ) ਅਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ (ਪੰਜਾਬ, ਪਾਕਿਸਤਾਨ)ਵਿਚਕਾਰ ਖੋਲ੍ਹਿਆ ਗਿਆ ਲਾਂਘਾ ਹੈ। ਇਸ ਯੋਜਨਾਬੰਦੀ ਅਧੀਨ, ਇਹ ਲਾਂਘਾ ਭਾਰਤ ਦੇ ਧਾਰਮਿਕ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਗੁਰਦੁਆਰੇ ਜੋ ਪਾਕਿਸਤਾਨ-ਭਾਰਤ ਸਰਹੱਦ ਤੋਂ ਪਾਕਿਸਤਾਨ ਵਿੱਚ 4.7 ਕਿਲੋਮੀਟਰ (2.9 ਮੀਲ) ਅੰਦਰ ਹਨ, ਨੂੰ ਬਿਨਾਂ ਵੀਜ਼ਾ ਇਜਾਜ਼ਤ ਲਏ ਤੋਂ ਜਾਣ ਦੇਣ ਦਾ ਫ਼ੈਸਲਾ ਹੋਇਆ ਹੈ। ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ ਅਠਾਰਾਂ ਵਰ੍ਹੇ ਕਿਰਤ ਕਰਕੇ ਆਪਣੇ ਦਰਸ਼ਨ ਨੂੰ ਹਕੀਕੀ ਰੂਪ ਦਿੱਤਾ। ਕਰਤਾਰਪੁਰ ਲਾਂਘਾ ਕੇਵਲ ਆਸਥਾ ਦਾ ਮਾਮਲਾ ਨਹੀਂ ਹੈ ਬਲਕਿ ਭਾਰਤ ਅਤੇ ਪਾਕਿਸਤਾਨ ਦੀ ਤਰੱਕੀ ਦਾ ਲਾਂਘਾ ਵੀ ਬਣ ਸਕਦਾ ਹੈ। ਗੁਰੂ ਨਾਨਕ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦਿਹਾੜੇ ਉੱਤੇ ਲਾਂਘਾ ਖੁੱਲ੍ਹਣ ਨਾਲ ਦੋਵੇਂ ਪਾਸਿਆਂ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਨਾਲ ਧਾਰਮਿਕ ਸਥਾਨਾਂ ਨਾਲ ਜੁੜਿਆ ਸੈਰ-ਸਪਾਟਾ ਵੀ ਵਿਕਸਿਤ ਹੋਵੇਗਾ। ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਅਤੇ ਬੇਰੁਜ਼ਗਾਰੀ, ਗ਼ਰੀਬੀ ਤੇ ਖੇਤੀ ਸੰਕਟ ਨਾਲ ਜੂਝ ਰਹੇ ਭਾਰਤ ਲਈ ਵੀ ਭਾਰਤ-ਪਾਕਿ ਸਰਹੱਦਾਂ ਮੋਕਲੀਆਂ ਕਰਨ ਲਈ ਰਾਹ ਖੁੱਲ੍ਹ ਸਕਦੇ ਹਨ। ਪਾਕਿਸਤਾਨ ਸਰਕਾਰ ਨੇ ਦਾਅਵਾ ਕੀਤਾ ਕਿ ਉਸ ਨੇ ਲਾਂਘਾ ਖੋਲ੍ਹਣ ਸਬੰਧੀ ਮਤੇ ’ਤੇ ਅੱਗੇ ਵਧਣ ਦਾ ਫ਼ੈਸਲਾ ਇਸਲਾਮੀ ਸਿਧਾਂਤਾਂ ਮੁਤਾਬਕ ਕੀਤਾ ਹੈ, ਜੋ ਸਾਰੇ ਧਰਮਾਂ ਦਾ ਸਨਮਾਨ ਅਤੇ ਪਾਕਿਸਤਾਨ ਦੇ ਅੰਦਰ ਵਿਸ਼ਵਾਸ ਤੇ ਧਾਰਮਿਕ ਸਹਿਣਸ਼ੀਲਤਾ ਨੂੰ ਹੁਲਾਰਾ ਦੇਣ ਦੀ ਨੀਤੀ ਦੀ ਵਕਾਲਤ ਕਰਦਾ ਹੈ।ਕਰਤਾਰਪੁਰ ਲਾਂਘੇ ਨੂੰ ਪਹਿਲੀ ਵਾਰ 1999 ਵਿੱਚ ਪਾਕਿਸਤਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ, ਨਵਾਜ਼ ਸ਼ਰੀਫ ਅਤੇ ਅਟਲ ਬਿਹਾਰੀ ਵਾਜਪਾਈ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀਇਹ ਕੋਰੀਡੋਰ ਨਵੰਬਰ 2019 ਵਿਚ ਗੁਰੂ ਨਾਨਕ ਦੇਵ ਜੀ ਦੀ 550 ਵੀਂ ਵਰ੍ਹੇਗੰਢ ਮੌਕੇ ਪੂਰਾ ਕਰ ਦਿੱਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵੱਲੋਂ ਇਸ ਲਾਂਘੇ ਦੇ ਖੁੱਲ੍ਹਣ ਦੀ ਤੁਲਨਾ ਬਰਲਿਨ ਦੀ ਦੀਵਾਰ ਦੇ ਡਿੱਗਣ ਨਾਲ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਕਰਤਾਰਪੁਰ ਲਾਂਘਾ ਜੰਗ ਤੋਂ ਪੈਦਾ ਹੋਣ ਵਾਲੇ ਹਨੇਰੇ ਵਿਰੁੱਧ ਅਮਨ ਦੀ ਲੋਅ ਹੈ।ਪਾਕਿਸਤਾਨ ਦੇ ਲੇਖਕਾਂ ਤੇ ਬੁੱਧੀਜੀਵੀਆਂ ਵੱਲੋਂ ਲਾਂਘਿਆਂ ਦਾ ਦਾਇਰਾ ਸਿਰਫ਼ ਸਿੱਖਾਂ ਤੱਕ ਮਹਿਦੂਦ ਨਾ ਕਰਨ ਦੀ ਵਕਾਲਤ ਕੀਤੀ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਸਿੱਖ ਧਰਮ ਦੇ 1469 ਤੋਂ 1708 ਵਿੱਚ ਦਸ ਗੁਰੂ ਹੋਏ ਹਨ। ਇਹ ਅਧਿਆਪਕ ਰੂਹਾਨੀ ਜੋਤ ਸਨ, ਜਿੰਨਾਂ ਦੀ ਜਿੰਦਗੀ ਦਾ ਮੁੱਖ ਮਕਸਦ ਲੋਕਾਂ ਦੀ ਭਲਾਈ ਹੀ ਮਕਸਦ ਸੀ। ਹਰ ਗੁਰੂ ਨੇ ਪਿਛਲੇ ਗੁਰੂ ਰਾਹੀਂ ਦਿੱਤੀਆਂ ਸਿੱਖਿਆਵਾਂ ਦਾ ਸਮਰਥਨ ਕੀਤਾ ਅਤੇ ਹੋਰ ਜਾਣਕਾਰੀ ਸ਼ਾਮਿਲ ਕੀਤੀ, ਜਿਸ ਦੇ ਨਤੀਜੇ ਵਜੋਂ ਸਿੱਖ ਧਰਮ ਦੀ ਨੀਂਹ ਤਿਆਰ ਹੋਈ। ਗੁਰੂ ਨਾਨਕ ਜੀ ਪਹਿਲੇ ਗੁਰੂ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਅਕਤੀ ਦੇ ਰੂਪ ਵਿੱਚ ਆਖਰੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੰਸਾਰ ਨੂੰ ਤਿਆਗਿਆ ਤਾਂ ਉਹਨਾਂ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਆਖਰੀ ਅਤੇ ਅੰਤਮ ਗੁਰੂ ਬਣਾਇਆ।
ਗੂਗਲ ਪਲੇ (ਪਹਿਲਾਂ ਐਂਡਰੌਇਡ ਮਾਰਕੀਟ) ਇੱਕ ਡਿਜੀਟਲ ਵਿਤਰਣ ਸੇਵਾ ਹੈ ਜੋ ਗੂਗਲ ਦੁਆਰਾ ਚਲਾਇਆ ਅਤੇ ਵਿਕਸਤ ਕੀਤਾ ਗਿਆ ਹੈ। ਇਹ ਐਂਡਰੋਇਡ ਓਪਰੇਟਿੰਗ ਸਿਸਟਮ ਲਈ ਅਧਿਕਾਰਕ ਐਪ ਸਟੋਰ ਦੇ ਤੌਰ ਤੇ ਕੰਮ ਕਰਦਾ ਹੈ, ਜਿਸ ਨਾਲ ਯੂਜ਼ਰਸ ਐਂਡਰਾਇਡ ਸਾਫਟਵੇਅਰ ਡਿਵੈਲਪਮੈਂਟ ਕਿੱਟ (ਐਸ.ਡੀ.ਕੇ.) ਨਾਲ ਵਿਕਸਿਤ ਕੀਤੇ ਐਪਲੀਕੇਸ਼ਨਾਂ ਨੂੰ ਬ੍ਰਾਊਜ਼ ਅਤੇ ਡਾਊਨਲੋਡ ਕਰ ਸਕਦੇ ਹਨ ਅਤੇ ਗੂਗਲ ਰਾਹੀਂ ਪ੍ਰਕਾਸ਼ਿਤ ਹੋ ਸਕਦੇ ਹਨ। ਗੂਗਲ ਪਲੇ ਡਿਜ਼ੀਟਲ ਮੀਡੀਆ ਸਟੋਰ ਦੇ ਤੌਰ ਤੇ ਵੀ ਕੰਮ ਕਰਦਾ ਹੈ, ਸੰਗੀਤ, ਰਸਾਲੇ, ਕਿਤਾਬਾਂ, ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਨੇ ਪਹਿਲਾਂ 11 ਮਾਰਚ, 2015 ਨੂੰ ਇੱਕ ਵੱਖਰੀ ਔਨਲਾਈਨ ਹਾਰਡਵੇਅਰ ਰਿਟੇਲਰ, ਗੂਗਲ ਸਟੋਰ ਦੀ ਸ਼ੁਰੂਆਤ ਤਕ ਖਰੀਦਣ ਲਈ ਗੂਗਲ ਹਾਰਡਵੇਅਰ ਡਵਇਸ ਨੂੰ ਖਰੀਦਿਆ ਸੀ। ਐਪਲੀਕੇਸ਼ਨ ਗੂਗਲ ਪਲੇ ਦੁਆਰਾ ਮੁਫਤ ਜਾਂ ਮੁਫਤ ਉਪਲਬਧ ਹਨ। ਉਹ ਸਿੱਧੇ ਕਿਸੇ Android ਡਿਵਾਈਸ ਉੱਤੇ ਪਲੇ ਸਟੋਰ ਮੋਬਾਈਲ ਐਪ ਦੁਆਰਾ ਜਾਂ ਗੂਗਲ ਪਲੇ ਵੈਬਸਾਈਟ ਤੋਂ ਡਿਵਾਈਸ ਤੇ ਡਿਪਲੋਚ ਕੀਤੇ ਜਾ ਸਕਦੇ ਹਨ। ਕਿਸੇ ਡਿਵਾਈਸ ਦੀ ਹਾਰਡਵੇਅਰ ਸਮਰੱਥਾਵਾਂ ਦਾ ਸ਼ੋਸ਼ਣ ਕਰਨ ਵਾਲੇ ਐਪਲੀਕੇਸ਼ਨਾਂ ਨੂੰ ਖਾਸ ਹਾਰਡਵੇਅਰ ਕੰਪੋਨੈਂਟਸ ਜਿਵੇਂ ਕਿ ਮੋਸ਼ਨ ਸੈਸਰ (ਮੋਸ਼ਨ-ਆਸ਼ਰਿਤ ਗੇਮਾਂ ਲਈ) ਜਾਂ ਫਰੰਟ-ਫੇਸਿੰਗ ਕੈਮਰਾ (ਔਨਲਾਈਨ ਵੀਡੀਓ ਕਾਲ ਕਰਨ ਲਈ) ਵਾਲੇ ਡਿਵਾਈਸਾਂ ਦੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਗੂਗਲ ਪਲੇ ਸਟੋਰ ਵਿੱਚ 2016 ਵਿੱਚ 82 ਬਿਲੀਅਨ ਤੋਂ ਵੱਧ ਏਪੀਐਂਡ ਡਾਊਨਲੋਡ ਹੋਏ ਅਤੇ 2017 ਵਿੱਚ ਪ੍ਰਕਾਸ਼ਿਤ 3.5 ਮਿਲੀਅਨ ਐਪਸ ਉੱਤੇ ਪਹੁੰਚ ਗਿਆ। ਇਹ ਸੁਰੱਖਿਆ ਨਾਲ ਜੁੜੇ ਕਈ ਮੁੱਦਿਆਂ ਦਾ ਵਿਸ਼ਾ ਰਿਹਾ ਹੈ, ਜਿਸ ਵਿੱਚ ਖਰਾਬ ਸੌਫਟਵੇਅਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਸਟੋਰ ਉੱਤੇ ਅਪਲੋਡ ਕੀਤਾ ਗਿਆ ਹੈ ਅਤੇ ਉਪਭੋਗਤਾਵਾਂ ਦੁਆਰਾ ਡਾਉਨਲੋਡ ਕੀਤਾ ਗਿਆ ਹੈ। ਗੂਗਲ ਪਲੇ 6 ਮਾਰਚ, 2012 ਨੂੰ ਲਾਂਚ ਕੀਤਾ ਗਿਆ ਸੀ, ਗੂਗਲ ਦੀ ਡਿਜੀਟਲ ਵਿਤਰਣ ਦੀ ਰਣਨੀਤੀ ਵਿਚ ਇਕ ਤਬਦੀਲੀ ਦਾ ਸੰਕੇਤ ਕਰਦੇ ਹੋਏ, ਇਕ ਬ੍ਰਾਂਡ ਦੇ ਤਹਿਤ ਐਂਡਰੌਇਡ ਮਾਰਕਿਟ, ਗੂਗਲ ਸੰਗੀਤ ਅਤੇ ਗੂਗਲ ਇੰਚਸਟੋਰ ਨੂੰ ਇਕੱਠਾ ਕੀਤਾ. ਗੂਗਲ ਪਲੇ ਬੈਨਰ ਹੇਠ ਕੰਮ ਕਰ ਰਹੀਆਂ ਸੇਵਾਵਾਂ ਹਨ: ਗੂਗਲ ਪਲੇ ਬੁਕਸ, ਗੂਗਲ ਪਲੇ ਗੇਮਸ, ਗੂਗਲ ਪਲੇ ਮੂਵੀਜ਼ ਅਤੇ ਟੀਵੀ, ਗੂਗਲ ਪਲੇ ਮਿਊਜ਼ਿਕ, ਗੂਗਲ ਪਲੇ ਨਿਊਜਸਟੈਂਡ ਅਤੇ ਗੂਗਲ ਪਲੇ ਕੰਸੋਲ.
ਗੁਰ ਅਮਰਦਾਸ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿਆਦ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿ੍ਹਨਾ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਕਰਤਾਰਪੁਰ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਦੀ ਤਹਿਸੀਲ ਸ਼ਕਰਗੜ੍ਹ ਦਾ ਸ਼ਹਿਰ ਹੈ। ਇਸ ਨਗਰ ਦੇ ਬਾਸ਼ਿੰਦੇ ਪੰਜਾਬੀ, ਉਰਦੂ, ਅੰਗਰੇਜ਼ੀ ਬੋਲਦੇ ਹਨ। ਇਸ ਨਗਰ ਦੇ ਜ਼ਿਆਦਾਕਰ ਵਾਸੀ ਮੁਸਲਮਾਨ ਹਨ। 1947 ਵੀ ਵੰਡ ਤੋਂ ਬਾਅਦ ਹਿੰਦੂ ਅਤੇ ਸਿੱਖ ਭਾਰਤ ਵਿੱਚ ਚਲੇ ਗਏ ਅਤੇ ਬਹੁਤ ਸਾਰੇ ਮੁਸਲਮਾਨ ਜਿਹੜੇ ਭਾਰਤ ਤੋਂ ਆਏ, ਇਸ ਇਲਾਕੇ ਵਿੱਚ ਵਸ ਗਏ। ਇਸ ਨਗਰ ਦੀ ਸਮੁੰਦਰੀ ਤਲ ਤੋਂ ਉੱਚਾਈ 155ਮੀਟਰ (511ਫੁੱਟ) ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ।ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨਿਸ਼ਾਨ ਦੀ ਰਚਨਾ ਕਰਕੇ ਇਸ ਦਾ ਇਸ ਦਾ ਪਾਠ(ਉਚਾਰਨ ਜਾਂ ਬੋਲ) ਇਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ। ਇਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇਕ ਕਰਤਾ (ਭਾਵ ਇਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਜਨਮਸਾਖੀ ਪਰੰਪਰਾ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਵਿਦਵਾਨਾਂ ਅਨੁਸਾਰ ‘ਸਾਖੀ` ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਾਕ੍ਰਸੀ` ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ‘ਗਵਾਹੀ`। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ ਉਹ ਮਨੁੱਖ ਜਿਸ ਨੇ ਕਿਸੇ ਘਟਨਾ ਜਾਂ ਵਸਤੂ ਨੂੰ ਅੱਖੀ ਵੇਖਿਆ ਹੋਵੇ।`` ਰਤਨ ਸਿੰਘ ਜੱਗੀ ਅਨੁਸਾਰ, “ ‘ਜਨਮ` ਤੋਂ ਭਾਵ ਇਥੇ ਭਾਵ ਕੇਵਲ ਪੈਦਾਇਸ਼ ਨਹੀਂ ਸਗੋਂ ਸਾਰਾ ਜੀਵਨ ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ‘ਜਨਮਸਾਖੀ` ਤੋਂ ਭਾਵ ਕਿਸੇ ਮਹਾਂਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿਤਾਂਤ ਹੈ।`` ਭਾਈ ਕਾਨ੍ਹਸਿੰਘ ਨੇ ਗੁਰਬਾਣੀ ਦੀ ਇੱਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇੱਕ ਸਾਖੀ)ਦੇ ਆਧਾਰ ਤੇ ਇਸ ਦਾ ਅਰਥ ਇਤਿਹਾਸ ਅਥਵਾ ਕਥਾ,ਜੋਅੱਖੀਂ ਡਿਠੀ ਕਹੀ ਗਈ ਹੋਵੇ` ਕੀਤਾ ਹੈ। ਪਰ ਜੇ ਸਾਖੀ ਸ਼ਬਦ ਦਾ ਅਰਥ ਇਸ ਦੇ ਪਰੰਪਰਾਗਤ ਪ੍ਰਯੋਗ ਦੇ ਸੰਦਰਭ ਵਿੱਚ ਕਰੀਏ ਤਾਂ ਉਕਤ ਤੁੱਕ ਵਿੱਚ ਇਹ ‘ਗੁਰੂ ਦੇ ਬਚਨ` ਲਈ ਵੀ ਵਰਤਿਆ ਗਿਆ ਹੈ।ਪ੍ਰੋ.
ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਕਰਤਾਰਪੁਰ, ਨਾਰੋਵਾਲ ਜ਼ਿਲ੍ਹਾ, ਪਾਕਿਸਤਾਨ ਵਿੱਚ ਲਾਹੌਰ ਤੋਂ 120 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਹੈ ਅਤੇ ਭਾਰਤ ਦੀ ਸਰਹੱਦ ਤੋਂ ਚਾਰ ਕਿੱਲੋਮੀਟਰ ਦੂਰ ਹੈ। ਇਹ ਉਸ ਇਤਿਹਾਸਕ ਸਥਾਨ ਤੇ ਬਣਾਇਆ ਗਿਆ ਹੈ ਜਿੱਥੇ ਗੁਰੂ ਨਾਨਕ ਦੇਵ ਦੀ 23 ਅੱਸੂ, ਸੰਵਤ 1596 (22 ਸਤੰਬਰ 1539) ਤੇ ਜੋਤੀ ਜੋਤ ਸਮਾਏ ਸਨ। ਇਸ ਅਸਥਾਨ ਦਾ ਸਬੰਧ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਗੁਰੂ ਨਾਨਕ ਦੇਵ ਜੀ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।ਇਸਨੂੰ ਡੇਰਾ ਨਾਨਕ ਬਾਬਾ ਵੀ ਕਹਿੰਦੇ ਹਨ ਅਤੇ ਇਸਨੂੰ ਡੇਰਾ ਸਾਹਿਬ ਰੇਲਵੇ ਸਟੇਸ਼ਨ ਲੱਗਦਾ ਹੈ। ਇਹ ਅਸਥਾਨ ਦਰਿਆ ਰਾਵੀ ਦੇ ਕੰਢੇ ਰੇਲਵੇ ਸਟੇਸ਼ਨ ਤੋਂ ਚਾਰ ਕਿਲੋਮੀਟਰ ਦੀ ਦੂਰੀ ਦੇ ਅੰਦਰ ਸਥਿਤ ਹੈ। ਮੌਜੂਦਾ ਇਮਾਰਤ 1,35,600 ਰੁਪੇ ਦੀ ਲਾਗਤ ਨਾਲ ਪਟਿਆਲਾ ਦੇ ਮਹਾਰਾਜਾ ਸਰਦਾਰ ਭੁਪਿੰਦਰ ਸਿੰਘ ਨੇ ਬਣਵਾਈ ਸੀ। 1995 ਵਿਚ ਪਾਕਿਸਤਾਨ ਦੀ ਸਰਕਾਰ ਨੇ ਇਹਦੀ ਮੁਰੰਮਤ ਕਰਵਾਈ ਸੀ, ਅਤੇ 2004 ਵਿਚ ਪੂਰੀ ਤਰ੍ਹਾਂ ਮੁੜ ਬਹਾਲ ਕਰ ਦਿੱਤੀ ਸੀ। ਇਹ ਇੱਕ ਖੁੱਲ੍ਹੀ ਅਤੇ ਸੁੰਦਰ ਇਮਾਰਤ ਹੈ। ਜੰਗਲ ਅਤੇ ਰਾਵੀ ਨਦੀ ਨੇੜੇ ਹੋਣ ਕਰਕੇ ਇਸ ਦੀ ਦੇਖਭਾਲ ਮੁਸ਼ਕਲ ਬਣ ਹੋ ਜਾਂਦੀ ਹੈ।
ਪ੍ਰਿਅੰਕਾ ਚੋਪੜਾ (ਜਨਮ 18 ਜੁਲਾਈ 1982) ਆਪਣੇ ਵਿਆਹ ਦੇ ਨਾਮ ਪ੍ਰਿਅੰਕਾ ਚੋਪੜਾ ਜੋਨਸ ਨਾਲ ਵੀ ਜਾਣੀ ਜਾਂਦੀ, ਇੱਕ ਭਾਰਤੀ ਅਦਾਕਾਰਾ, ਗਾਇਕਾ, ਫਿਲਮ ਨਿਰਮਾਤਾ, ਸਮਾਜ ਸੇਵਿਕਾ ਹੈ, ਜੋ 2000 ਵਿੱਚ ਵਿਸ਼ਵਸੁੰਦਰੀ ਚੁਣੀ ਗਈ। ਪ੍ਰਿਅੰਕਾ ਬਾਲੀਵੁੱਡ ਦੀ ਸਬ ਤੋਂ ਜਿਆਦਾ ਸ਼ੋਹਰਤ ਕਮਾਉਣ ਵਾਲਿਆਂ ਅਭਿਨੇਤਰੀਆਂ ਵਿੱਚੋਂ ਅਤੇ ਭਾਰਤ ਵਿੱਚ ਉੱਚਾ ਰੁਤਬਾ ਹਾਸਿਲ ਕਰਨ ਵਾਲਿਆਂ ਵਿੱਚੋਂ ਇੱਕ ਹੈ। ਉਸਨੇ ਕਈ ਪੁਰਸਕਾਰ ਪ੍ਰਾਪਤ ਕੀਤੇ,ਜਿਹਨਾਂ ਵਿੱਚੋਂ ਉਸਨੂੰ ਸਰਵੋਤਮ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਫਿਲਮਫ਼ੇਅਰ ਅਵਾਰਡ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ ਉਸ ਨੂੰ 2016 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਟਾਈਮ ਮੈਗਜ਼ੀਨ ਨੇ ਉਸਨੂੰ ਸੰਸਾਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਸੀ। ਫੋਰਬਜ਼ ਨੇ 2017 ਵਿੱਚ ਉਸਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚ ਵਿਚ ਸੂਚੀਬੱਧ ਕੀਤਾ ਸੀ।
ਨੰਦ ਲਾਲ ਨੂਰਪੁਰੀ (1906-1966) ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸੀ। ਉਸ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ।
ਭਗਤ ਰਵਿਦਾਸ ਸਾਹਿਬ (ਅੰ. 1450 – ਅੰ. 1520) ਸਿੱਖੀ ਅਤੇ ਰਵਿਦਾਸੀਆ ਦੇ ਬਾਨੀ ਅਤੇ ਪੰਦਰਾਂ ਸਿੱਖ ਭਗਤਾਂ ਵਿਚੋਂ ਇੱਕ ਇਲਾਹੀ ਸਖ਼ਸ਼ੀਅਤ ਸਨ। ਇਹਨਾਂ ਨੇ ਲੁਕਾਈ ਨੂੰ ਇੱਕ ਰੱਬ ਦੀ ਬੰਦਗੀ ਕਰਨ ਦਾ ਸੁਨੇਹਾ ਦਿੱਤਾ ਅਤੇ ਬਰਾਬਰਤਾ, ਬਰਾਦਰਾਨਾ ਪਿਆਰ ਅਤੇ ਇਤਫ਼ਾਕ ਉੱਤੇ ਮਬਨੀ ਇੱਕ ਅਨੋਖੇ ਵਤਨ ਬੇਗ਼ਮਪੁਰੇ ਦੇ ਸੰਕਲਪ ਨੂੰ ਜ਼ਾਹਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਰਵਿਦਾਸ ਸਾਹਿਬ ਦੇ 41 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਨਵੰਬਰ 2019 ਮੁਤਾਬਿਕ ਇਸ ਵਿਕੀ ’ਤੇ 32,629 ਲੇਖ ਹਨ ਅਤੇ ਇਸ ਦੇ ਕੁੱਲ 30,438 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,96,194 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.35.0-wmf.5 (c5c79e5) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇਕ ਮਘਦੀ ਧੂਣੀ ਸੀ ਤੇ ਇਕ ਲਟਾ-ਲਟ ਬਲਦੀ ਲਾਟ।”1.
ਗੁਰ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖਤ੍ਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਓਹ ਦੁਰਗਾ ਦੇ ਪੁਜਾਰੀ ਸਨ। ਇਹਨਾ ਦੀ ਮੁਲਾਕਾਤ ਗੁਰ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਮਸਜਿਦ ਅਲ-ਹਰਮ (Arabic: المسجد الحرام, ਅਰਥਾਤ " ਪਵਿੱਤਰ ਮਸਜਿਦ"), ਇਸਲਾਮ ਦੀ ਸਭ ਤੋਂ ਪਵਿਤਰ ਥਾਂ, ਕਾਬਾ ਨੂੰ ਪੂਰੀ ਤਰ੍ਹਾਂ ਵਲੋਂ ਘੇਰਨ ਵਾਲੀ ਇੱਕ ਮਸਜਿਦ ਹੈ। ਇਹ ਸਉਦੀ ਅਰਬ ਦੇ ਮੱਕੇ ਸ਼ਹਿਰ ਵਿੱਚ ਸਥਿਤ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਮਸਜਿਦ ਹੈ। ਦੁਨੀਆ ਭਰ ਦੇ ਮੁਸਲਮਾਨ ਨਮਾਜ਼ ਪੜ੍ਹਦੇ ਹੋਏ ਕਾਬੇ ਦੀ ਤਰਫ ਮੂੰਹ ਕਰਦੇ ਹਨ ਅਤੇ ਹਰ ਮੁਸਲਮਾਨ ਉੱਤੇ ਲਾਜ਼ਮੀ ਹੈ ਕਿ ਜੇਕਰ ਉਹ ਇਸਦਾ ਜਰੀਆ ਰੱਖਦਾ ਹੋਵੇ, ਤਾਂ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਇੱਥੇ ਹੱਜ ਉੱਤੇ ਆਏ ਅਤੇ ਕਾਬਾ ਦੀ ਤਵਾਫ (ਪਰਿਕਰਮਾ) ਕਰੇ।
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ । ਇਹਨਾਂ ਆਲੋਚਨਾ ਪ੍ਰਣਾਲੀਆਂ ਵਿਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ । ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ । ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ । ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ । ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ । ਪੱਛਮੀ ਚਿੰਤਕਾਂ ਵਿਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ । ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ । ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ । ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ । ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ : ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ । ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ । ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ । ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
ਨਾਮ ਜਪੋ ਜਾਂ ਨਾਮ ਸਿਮਰਨ ਮਤਲਵ ਗੁਰੂ ਦਾ ਨਾਮ ਜਪਨਾ ਹੈ। ਸਾਰੇ ਧਰਮਾਂ ਵਿੱਚ ਹਰੇਕ ਮਨੁੱਖ ਆਪਣੇ ਗੁਰੂ ਦਾ ਦੱਸਿਆ ਹੋਇਆ ਗੁਰੂ ਮੰਤਰ ਦਾ ਵਾਰ ਵਾਰ ਉੱਚਾਰਨ ਕਰਦਾ ਹੈ। ਹਰੇਕ ਮਨੁੱਖ ਵਿੱਚ ਪੰਜ ਵਿਕਾਰ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਦੀ ਬਹੁਲਤਾ ਹੋ ਜਾਂਦੀ ਹੈ ਤਾਂ ਉਸ ਦੀ ਸੁਧੀ ਵਾਸਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਸ ਮੈਲ ਨੂੰ ਨਾਮ ਸਿਮਰਨ ਸਹਿਜੇ ਹੀ ਕੱਟ ਦਿੰਦਾ ਹੈ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਸਰਬੱਤ ਦਾ ਭਲਾ ਸਮੁੱਚੀ ਮਨੁੱਖ ਜਾਤੀ ਵਿੱਚ ਪਰਮਾਤਮਾ ਦੀ ਜੋਤ ਸਮਝ ਕੇ ਬਿਨਾ ਕਿਸੇ ਮਜ਼੍ਹਬ, ਜਾਤ-ਪਾਤ, ਦੇਸ਼, ਕੌਮ ਦੇ ਵਿਤਕਾਰੇ ਦੇ, ਪ੍ਰੇਮ ਕਰਨਾ ਚਾਹੀਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਗੁਰੂ ਦੀ ਸੰਗਤ ਪ੍ਰਪਤ ਹੋਣ ਨਾਲ ਜੀਵ ਨੂੰ ਕਿਸੇ ਨਾਲ ਵੈਰ-ਵਿਰੋਧ ਨਹੀਂ ਹੁੰਦਾ ਤੇ ਕੋਈ ਉਸ ਨੂੰ ਓਪਰਾ ਨਹੀਂ ਦਿਸਦਾ। ਉਸ ਸਭ ਨਾਲ ਪ੍ਰੇਮ-ਭਾਵਨਾਂ ਵਾਲ ਵਰਤਾਓ ਕਰਨ ਲੱਗ ਪੈਂਦਾ ਹੈ।
ਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ 'ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ 'ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇ ਨਾ ਬਦਲਦਾ ਰਹਿੰਦਾ ਹੈ।
ਨਨਕਾਣਾ ਸਾਹਿਬ ਪੰਜਾਬ, ਪਾਕਿਸਤਾਨ ਦਾ ਇੱਕ ਸ਼ਹਿਰ ਹੈ। ਇਸਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਨਨਕਾਣਾ ਸਾਹਿਬ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪੰਜਾਬ, ਪਾਕਿਸਤਾਨ) ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਪਾਵਨ ਧਰਤ ਉਤੇ ਗੁਰੂ ਸਾਹਿਬ ਦਾ ਬਚਪਨ ਬੀਤਿਆ। ਲਾਹੌਰ ਤੋਂ ਇਹ 80 ਕਿਲੋਮੀਟਰ ਉੱਤੇ ਫੈਸਲਾਬਾਦ ਤੋਂ 75 ਕਿਲੋਮੀਟਰ ਦੇ ਫਾਸਲੇ ਉੱਤੇ ਹੈ। ਇਹਦਾ ਪੁਰਾਣਾ ਨਾਂ ਤਲਵੰਡੀ ਸੀ। ਇਹਨੂੰ ਰਾਇ ਭੋਇ ਦੀ ਤਲਵੰਡੀ ਅਤੇ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਸਿੱਖ ਧਰਮ ਦੀ ਨਿਉਂ ਰੱਖਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪੈਦਾ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਹੀ ਇਸ ਸਥਾਨ ਦਾ ਨਾਮ ਨਨਕਾਣਾ ਸਾਹਿਬ ਪੈ ਗਿਆ। ਗੁਰਦੁਆਰਾ ਜਨਮ ਅਸਥਾਨ ਸਾਹਿਬ ਇਸੇ ਸ਼ਹਿਰ ਵਿੱਚ ਵਾਕਿਆ ਹੈ ਇਸ ਲਈ ਇਹ ਥਾਂ ਸਿੱਖਾਂ ਲਈ ਬੜੀ ਪਵਿੱਤਰ ਹੈ।
ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਪਰਵ ਹਿੰਦੂ ਪੰਚਾਂਗ ਦੇ ਅਨੁਸਾਰ ਫ਼ਾਲਗੁਨ ਮਹੀਨਾ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲਾਂ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹੈ। ਦੂੱਜੇ ਦਿਨ, ਜਿਸਨੂੰ ਧੁਰੱਡੀ, ਧੁਲੇਂਡੀ, ਧੁਰਖੇਲ ਜਾਂ ਧੂਲਿਵੰਦਨ ਕਿਹਾ ਜਾਂਦਾ ਹੈ, ਲੋਕ ਇੱਕ ਦੂੱਜੇ ’ਤੇ ਰੰਗ, ਗੁਲਾਲ-ਗੁਲਾਲ ਇਤਆਦਿ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹੈ, ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬੰਨ ਜਾਂਦੇ ਹਨ। ਇੱਕ ਦੂੱਜੇ ਨੂੰ ਰੰਗਣੇ ਅਤੇ ਗਾਨੇ-ਵਜਾਉਣੇ ਦਾ ਦੌਰ ਦੁਪਹਿਰ ਤੱਕ ਚੱਲਦਾ ਹੈ। ਇਸਦੇ ਬਾਅਦ ਸਨਾਨ ਕਰਕੇ ਅਰਾਮ ਕਰਨ ਦੇ ਬਾਅਦ ਨਵੇਂ ਕੱਪੜੇ ਪੱਥਰ ਕੇ ਸ਼ਾਮ ਨੂੰ ਲੋਕ ਇੱਕ ਦੂੱਜੇ ਦੇ ਘਰ ਮਿਲਣ ਜਾਂਦੇ ਹਨ, ਗਲੇ ਮਿਲਦੇ ਹਨ ਅਤੇ ਮਿਠਾਈਆਂ ਖਿਡਾਉਂਦੇ ਹਨ।ਰਾਗ-ਰੰਗ ਦਾ ਇਹ ਲੋਕ ਪ੍ਰਿਅ ਪਰਵ ਬਸੰਤ ਦਾ ਸੁਨੇਹਾ ਵੀ ਹੈ। ਰਾਗ ਅਰਥਾਤ ਸੰਗੀਤ ਅਤੇ ਰੰਗ ਤਾਂ ਇਸਦੇ ਪ੍ਰਮੁੱਖ ਅੰਗ ਹਨ ਹੀ, ਪਰ ਇਨ੍ਹਾਂ ਨੂੰ ਉਤਕਰਸ਼ ਤੱਕ ਪਹੁੰਚਾਣ ਵਾਲੀ ਪਰਕਿਰਤੀ ਵੀ ਇਸ ਸਮੇਂ ਰੰਗ-ਬਿਰੰਗੇ ਜਵਾਨੀ ਨਾਲ ਆਪਣੀ ਚਰਮ ਦਸ਼ਾ ਉੱਤੇ ਹੁੰਦੀ ਹੈ। ਫਾਲਗੁਨ ਮਹੀਨਾ ਵਿੱਚ ਮਨਾਏ ਜਾਣ ਦੇ ਕਾਰਨ ਇਸਨੂੰ ਫਾਲਗੁਨੀ ਵੀ ਕਹਿੰਦੇ ਹਨ। ਹੋਲੀ ਦਾ ਤਿਉਹਾਰ ਬਸੰਤ ਪੰਚਮੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਉਸੀ ਦਿਨ ਪਹਿਲੀ ਵਾਰ ਗੁਲਾਲ ਉੜਾਇਆ ਜਾਂਦਾ ਹੈ। ਇਸ ਦਿਨ ਨਾਲ ਫਾਗ ਅਤੇ ਧਮਾਰ ਦਾ ਗਾਨਾ ਅਰੰਭ ਹੋ ਜਾਂਦਾ ਹੈ। ਖੇਤਾਂ ਵਿੱਚ ਸਰਸੋਂ ਖਿੜ ਉੱਠਦੀ ਹੈ। ਬਾਗ-ਬਗੀਚੇ ਵਿੱਚ ਫੁੱਲਾਂ ਦੀ ਆਕਰਸ਼ਕ ਛੇਵਾਂ ਛਾ ਜਾਂਦੀ ਹੈ। ਦਰਖਤ-ਬੂਟੇ, ਪਸ਼ੁ-ਪੰਛੀ ਅਤੇ ਮਨੁੱਖ ਸਭ ਖੁਸ਼ੀ ਨਾਲ ਪਰਿਪੂਰਣ ਹੋ ਜਾਂਦੇ ਹਨ। ਖੇਤਾਂ ਵਿੱਚ ਕਣਕ ਦੀਆਂ ਬਾਲੀਆਂ ਇਠਲਾਨੇ ਲੱਗਦੀਆਂ ਹਨ। ਕਿਸਾਨਾਂ ਦਾ ਹਰਦਏ ਖੁਸ਼ੀ ਨਾਲ ਨਾਚ ਉੱਠਦਾ ਹੈ। ਬੱਚੇ-ਬੂੜੇ ਸਾਰੇ ਵਿਅਕਤੀ ਸਭ ਕੁਝ ਸੰਕੋਚ ਅਤੇ ਰੂੜੀਆਂ ਭੁੱਲ ਕੇ ਢੋਲਕ-ਝਾਂਝ-ਮੰਜੀਰਾ ਦੀ ਧੁਨ ਨਾਲ ਨਾਚ-ਸੰਗੀਤ ਅਤੇ ਰੰਗਾਂ ਵਿੱਚ ਡੁੱਬ ਜਾਂਦੇ ਹੈ। ਚਾਰਾਂ ਤਰਫ ਰੰਗਾਂ ਦੀ ਫੁਆਰ ਫੂਟ ਪੈਂਦੀ ਹੈ।
ਸਾਇਪ੍ਰਸ ਪੂਰਵੀ ਭੂਮਧਿਅ ਸਾਗਰ ਉੱਤੇ ਗਰੀਸ ਦੇ ਪੂਰਵ , ਲੇਬਨਾਨ , ਸੀਰਿਆ ਅਤੇ ਇਸਰਾਇਲ ਦੇ ਪਸ਼ਚਮ , ਮਿਸਰ ਦੇ ਜਵਾਬ ਅਤੇ ਤੁਰਕੀ ਦੇ ਦੱਖਣ ਵਿੱਚ ਸਥਿਤ ਇੱਕ ਯੂਰੇਸ਼ੀਅਨ ਟਾਪੂ ਦੇਸ਼ ਹੈ। ਇਸਦੀ ਰਾਜਧਾਨੀ ਨਿਕੋਸਿਆ ਹੈ। ਇਸਦੀ ਮੁੱਖ - ਅਤੇਰਾਜਭਾਸ਼ਾਵਾਂਗਰੀਕ ਅਤੇ ਤੁਰਕੀ ਹਨ । ਇਹ 1960 ਵਿੱਚ ਬਰੀਟੀਸ਼ ਉਪਨਿਵੇਸ਼ ਵਲੋਂ ਆਜਾਦ ਹੋਇਆ ਲੋਕ-ਰਾਜ ਹੈ , ਜੋ 1961 ਵਿੱਚ ਰਾਸ਼ਟਰਮੰਡਲ ਦਾ ਮੈਂਬਰ ਬਣਾ ਅਤੇ 1 ਮਈ 2004 ਦੇ ਬਾਅਦ ਵਲੋਂ ਯੂਰੋਪੀ ਸੰਘ ਦਾ ਮੈਂਬਰ ਹੈ। ਸਾਇਪ੍ਰਸ ਖੇਤਰ ਦੀ ਉੱਨਤਅਰਥਵਿਅਵਸਥਾਵਾਂਵਿੱਚੋਂ ਇੱਕ ਹੈ।
ਬਰਲਿਨ ਦੀ ਕੰਧ (ਜਰਮਨ: Berliner Mauer) 1961 ਤੋਂ 1990 ਤੱਕ ਰਿਹਾ ਇੱਕ ਰੋਕ/ਨਾਕਾ ਸੀ, ਜਿਸ ਨੂੰ ਪੂਰਬੀ ਜਰਮਨੀ ਯਾਨੀ ਜਰਮਨ ਜਮਹੂਰੀ ਗਣਰਾਜ (ਜੀਡੀਆਰ) ਨੇ 13 ਅਗਸਤ 1961 ਨੂੰ ਖੜੀ ਕੀਤੀ ਸੀ। ਇਸਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ 1989 ਵਿੱਚ ਕੰਧ ਢਾਹ ਦਿੱਤੇ ਜਾਣ ਤੱਕ, ਜ਼ਮੀਨੀ ਤੌਰ 'ਤੇ ਪੂਰੀ ਤਰ੍ਹਾਂ ਅੱਡ ਅੱਡ ਕਰ ਰੱਖਿਆ ਸੀ। ਪਹਿਰੇ ਲਈ ਕੰਕਰੀਟ ਦੇ ਗੁੰਬਦ ਵੀ ਕੰਧ ਦਾ ਹਿੱਸਾ ਸਨ। ਇਨ੍ਹਾਂ ਨੇ ਵੱਡਾ ਖੇਤਰ ਮੱਲ ਰੱਖਿਆ ਸੀ, ਜਿਸ ਨੂੰ ਬਾਅਦ ਵਿੱਚ ਮੱਤ ਦੀ ਪੱਟੀ ਕਿਹਾ ਜਾਣ ਲੱਗ ਪਿਆ ਸੀ। ਇਸ ਵਿੱਚ ਗੱਡੀ-ਰੋਕ ਖਾਈਆਂ, ਫ਼ਾਕਿਰ ਬੈਡਜ਼ ਅਤੇ ਹੋਰ ਬਚਾਊ ਸਾਧਨ ਉਸਰੇ ਹੋਏ ਸਨ। ਸੋਵੀਅਤ-ਗਲਬੇ ਅਧੀਨ ਪੂਰਬੀ ਬਲਾਕ ਨੇ ਸਰਕਾਰੀ ਤੌਰ 'ਤੇ ਦਾਅਵਾ ਕੀਤਾ ਕਿ ਕੰਧ ਪੂਰਬੀ ਜਰਮਨੀ ਵਿੱਚ ਸਮਾਜਵਾਦੀ ਰਾਜ ਸਥਾਪਤ ਕਰਨ ਦੀ ਲੋਕਾਂ ਦੀ ਖਾਹਿਸ਼ ਨੂੰ ਫਾਸ਼ੀ ਸਾਜ਼ਿਸ਼ਾਂ ਤੋਂ ਬਚਾ ਕੇ ਨੇਪਰੇ ਚਾੜ੍ਹਨ ਲਈ ਖੜੀ ਕੀਤੀ ਹੈ। ਲੁਕਵਾਂ ਮਕਸਦ ਸੀਤ ਯੁਧ ਦੇ ਦੌਰ ਵਿੱਚ ਪੂਰਬੀ ਜਰਮਨੀ ਛੱਡ ਕੇ ਜਾ ਰਹੇ ਲੋਕਾਂ ਦੇ ਤਾਂਤੇ ਨੂੰ ਰੋਕਣਾ ਸੀ।
ਸੀ++ ( ਉਚਾਰਨ : ਸੀ ਪਲੱਸ-ਪਲੱਸ ) ਇੱਕ ਸਥੈਤਿਕ ਟਾਈਪ, ਅਜ਼ਾਦ - ਪ੍ਰਪਤਰ, ਬਹੁ-ਪ੍ਰਤੀਮਾਨ ਸੰਕਲਿਤ , ਇੱਕੋ ਜਿਹੀ ਵਰਤੋਂ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ। ਇਹ ਇੱਕ ਮੱਧਮ-ਪੱਧਰ ਦੀ ਭਾਸ਼ਾ ਦੇ ਰੂਪ ਵਿੱਚ ਜਾਣੀ ਜਾਂਦੀ ਹੈ, ਕਿਉਂਕਿ ਇਹ ਦੋਨਾਂ ਉੱਚ-ਪੱਧਰ ਅਤੇ ਹੇਠਲੇ-ਪੱਧਰ ਦੀ ਭਾਸ਼ਾ ਸਹੂਲਤਾਂ ਦਾ ਇੱਕ ਸੰਯੋਜਨ ਹੈ। ਇਸਨੂੰ ਬਜਾਰਨੇ ਸਟ੍ਰੋਸਟ੍ਰਪ (Bjarne Stroustrup) ਦੁਆਰਾ ਵਿਕਸਿਤ ਸੀ ਭਾਸ਼ਾ ਦੀ ਵਾਧੇ ਦੇ ਰੂਪ ਵਿੱਚ ਬੈੱਲ ਲੇਬੋਰਟਰੀਜ਼ ਵਿੱਚ 1979 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਭਾਸ਼ਾ ਦਾ ਮੂਲ ਨਾਮ C With Classes ਸੀ, ਜਿਸਨੂੰ 1983 ਵਿੱਚ ਬਦਲ ਕਰ C++ ਕਰ ਦਿੱਤਾ ਗਿਆ। ਇਹ ਇੱਕ ਵਸਤੂ ਅਧਾਰਿਤ ਭਾਸ਼ਾ (Object Oriented Language ) ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਆਸਾ ਕੀ ਵਾਰ (ਜਾਂ ਵਾਰ ਆਸਾ) ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦਾ ਕਲਾਮ ਹੈ ਜੋ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਅਤੇ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ। ਇਸ ਬਾਣੀ ਨੂੰ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ 24 ਪਉੜੀਆਂ ਅਤੇ 59 ਸਲੋਕ ਸੰਗ੍ਰਹਿਤ ਕਰ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਵੇਰੇ ਸੁਵਖਤੇ ਦੀ ਅਰਦਾਸ ਦੇ ਤੌਰ ਸ਼ਾਮਲ ਕੀਤਾ। ਇਸ ਵਿੱਚ ਕੁਝ ਸਲੋਕ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਦੇ ਵੀ ਸ਼ਾਮਲ ਕੀਤੇ ਗਏ ਹਨ ਜੋ ਪਉੜੀਆਂ ਦੇ ਥੀਮ ਤੇ ਸੰਦੇਸ਼ ਨਾਲ ਮੇਲ ਖਾਂਦੇ ਹਨ। ਇਹ ਬਾਣੀ ਸਮਕਾਲੀ ਸਮਾਜਿਕ, ਧਾਰਮਿਕ ਅਤੇ ਰਾਜਨੈਤਿਕ ਪਖੰਡਾਂ ਨੂੰ ਨੰਗਿਆਂ ਕਰਕੇ ਸੱਚ ਦਾ ਰਾਹ ਦਰਸਾਉਂਦੀ ਹੈ।
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਗੁਰਦਾਸ ਮਾਨ (ਜਨਮ 4 ਜਨਵਰੀ 1957) ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫ਼ਰ ਅਤੇ ਅਦਾਕਾਰ ਹਨ। 1980 ਵਿੱਚ ਗਾਏ ਗੀਤ, “ਦਿਲ ਦਾ ਮਾਮਲਾ ਹੈ” ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ। 2013 ਵਿਚ ਉਸ ਨੇ ਵੀਡੀਓ ਬਲੌਗ ਰਾਹੀਂ ਪੁਰਾਣੇ ਅਤੇ ਨਵੇਂ ਸੰਗੀਤ ਵੀਡੀਓ ਦੁਆਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੇ ਯੂ ਟਿਊਬ ਚੈਨਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ।
ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖ ਧਰਮ ਦਾ ਕੇਂਦਰੀ ਧਾਰਮਿਕ ਪਾਠ ਹੈ, ਜਿਸ ਨੂੰ ਸਿੱਖ ਧਰਮ ਦੇ ਅੰਤਮ ਸਰਬਸ਼ਕਤੀਮਾਨ ਗੁਰੂ ਮੰਨਦੇ ਹਨ। ਇਸ ਵਿਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿਚ 36 ਸੰਤਾਂ ਦੀ ਬਾਣੀ ਹੈ ਜਿਸ ਵਿਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (4 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਇਸ ਵਿਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ।
ਹੋਲੀ ਇਕ ਸਰਬ ਸਾਂਝਾ ਤਿਉਹਾਰ ਹੈ ਕੇਵਲ ਦੱਖਣ ਭਾਰਤ ਨੂੰ ਛੱਡ ਕੇ ਬਾਕੀ ਸਾਰੀ ਥਾਵਾਂ ਉੱਪਰ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਫੱਗਣ ਮਹਿਨੇ ਦੀ ਪੂਰਨਮਾਸੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਹ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਬਲਕਿ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ਕੇ ਭਾਵਨਾਂ ਨਾਲ ਮਨਾਉਂਦੇ ਹਨ। ਇਸਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ, ਇਸ ਦਿਨ ਲੋਕ ਰੰਗਾਂ ਨਾਲ ਇੱਕ ਦੂਜੇ ਨਾਲ ਹੋਲੀ ਦਾ ਤਿਉਹਾਰ ਮਨਾਉਂਦੇ ਅਤੇ ਖੁਸ਼ ਹੁੰਦੇ ਹਨ।
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸੱਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।
ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ.
ਗੁਰਮਤਿ ਸਿੱਖ ਧਰਮ ਦਾ ਇੱਕ ਅਦੁਤੀ ਤੇ ਨਿਵੇਕਲਾ ਸ਼ਬਦ ਹੈ, ਜਿਸਦੇ ਅਰਥ ਦਾ ਘੇਰਾ ਚੌਖਾ ਵਿਸ਼ਾਲ ਹੈ। ਇਹ ਸਿੱਖ ਚਿੰਤਨ ਅਤੇ ਵਿਹਾਰ ਦੇ ਸਿਧਾਂਤਕ, ਮਰਯਾਦਕ ਤੇ ਆਦੇਸ਼ਤਕ ਪਹਿਲੂਆਂ ਨੂੰ ਕਲਾਵੇ ਵਿੱਚ ਲੈਂਦਾ ਹੈ। ਜਿੰਨ੍ਹਾਂ ਸੰਕਲਪਾਂ ਉੱਤੇ ਇਹ ਸ਼ਬਦ ਲਾਗੂ ਹੁੰਦਾ ਹੈ, ਮੁੱਖ ਰੂਪ ਵਿੱਚ ਉਨ੍ਹਾਂ ਦਾ ਸੰਬੰਧ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ, ਨਿਯਮਾਂ ਅਤੇ ਮੀਮਾਂਸਿਕ ਢਾਂਚੇ ਨਾਲ ਹੈ। ਜੋ ਕਿ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ ਦੀ ਸਿੱਖਿਆ ਉੱਤੇ ਆਧਾਰਿਤ ਹਨ। ਨਾਲ ਹੀ ਇਹ ਸ਼ਬਦ ਸਿੱਖ ਜੀਵਨ-ਜਾਂਚ ਦੇ ਵਿਅਕਤੀਗਤ ਤੇ ਸਮੂਹਿਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਸ਼ਾਹ ਮੁਹੰਮਦ (1784-1862) ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬੀ ਦਾ ਸ਼ਾਇਰ ਸੀ। ਜੰਗਨਾਮਾ ਵਿੱਚ ਉਸਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪਹਿਲੀ ਅੰਗਰੇਜ਼-ਸਿੱਖ ਲੜਾਈ ਦੀ ਕਹਾਣੀ ਬਿਆਨ ਕੀਤੀ ਹੈ। ਸ਼ਾਹ ਮੁਹੰਮਦ ਦੂਰ-ਦ੍ਰਿਸ਼ਟੀ ਵਾਲਾ ਕਵੀ ਸੀ ਜੋ ਆਉਣ ਵਾਲੀਆਂ ਘਟਨਾਵਾਂ ਦੇ ਅਕਸ ਨੂੰ ਵੇਖ ਸਕਦਾ ਸੀ। ਉਸ ਦੇ ਅੰਦਾਜੇ ਤਜਰਬਿਆਂ ਅਤੇ ਤੱਥਾਂ ’ਤੇ ਆਧਾਰਤ ਸਨ।ਸ਼ਾਹ ਮੁਹੰਮਦ ਦਾ ਜਨਮ 1784 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਪਿੰਡ ਵਡਾਲਾ ਵੀਰਮ ਵਿੱਚ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਨੂੰ ਪਸੰਦ ਕਰਦਾ ਸੀ ਕਿਉਂ ਜੇ ਉਸਨੇ ਪੰਜਾਬ ਨੂੰ ਦੁੱਖਾਂ ਦੀ ਥਾਂ ਤੋਂ ਜੰਨਤ ਵਿੱਚ ਪਲਟ ਦਿੱਤਾ ਸੀ।
ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਾਮਾਜਕ ਤੌਰ ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।