ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਭਗਤ ਸਿੰਘ (27 ਸਤੰਬਰ 1907– 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ, 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ਼-ਨਾਲ਼ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਪ੍ਰਿਅੰਕਾ ਚੋਪੜਾ (ਜਨਮ 18 ਜੁਲਾਈ 1982) ਆਪਣੇ ਵਿਆਹ ਦੇ ਨਾਮ ਪ੍ਰਿਅੰਕਾ ਚੋਪੜਾ ਜੋਨਸ ਨਾਲ ਵੀ ਜਾਣੀ ਜਾਂਦੀ, ਇੱਕ ਭਾਰਤੀ ਅਦਾਕਾਰਾ, ਗਾਇਕਾ, ਫਿਲਮ ਨਿਰਮਾਤਾ, ਸਮਾਜ ਸੇਵਿਕਾ ਹੈ, ਜੋ 2000 ਵਿੱਚ ਵਿਸ਼ਵਸੁੰਦਰੀ ਚੁਣੀ ਗਈ। ਪ੍ਰਿਅੰਕਾ ਬਾਲੀਵੁੱਡ ਦੀ ਸਬ ਤੋਂ ਜਿਆਦਾ ਸ਼ੋਹਰਤ ਕਮਾਉਣ ਵਾਲਿਆਂ ਅਭਿਨੇਤਰੀਆਂ ਵਿੱਚੋਂ ਅਤੇ ਭਾਰਤ ਵਿੱਚ ਉੱਚਾ ਰੁਤਬਾ ਹਾਸਿਲ ਕਰਨ ਵਾਲਿਆਂ ਵਿੱਚੋਂ ਇੱਕ ਹੈ। ਉਸਨੇ ਕਈ ਪੁਰਸਕਾਰ ਪ੍ਰਾਪਤ ਕੀਤੇ,ਜਿਹਨਾਂ ਵਿੱਚੋਂ ਉਸਨੂੰ ਸਰਵੋਤਮ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਫਿਲਮਫ਼ੇਅਰ ਅਵਾਰਡ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ ਉਸ ਨੂੰ 2016 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਟਾਈਮ ਮੈਗਜ਼ੀਨ ਨੇ ਉਸਨੂੰ ਸੰਸਾਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਸੀ। ਫੋਰਬਜ਼ ਨੇ 2017 ਵਿੱਚ ਉਸਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚ ਵਿਚ ਸੂਚੀਬੱਧ ਕੀਤਾ ਸੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਅਤੇ ਸਦੀਵੀ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਵਿਸਥਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ, ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਆਪਣੀ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖਾਂ ਦਾ ਕੇਂਦਰੀ ਧਾਰਮਿਕ ਗਰੰਥ ਹੈ, ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ ਸੰਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਵਿਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿਚ 35 ਸੰਤਾਂ ਦੀ ਬਾਣੀ ਹੈ ਜਿਸ ਵਿਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (3 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਇਸ ਵਿਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਜ਼ਿਲ੍ਹਾ ਪੰਚਾਇਤ ਜਾਂ ਜ਼ਿਲ੍ਹਾ ਵਿਕਾਸ ਕੌਂਸਲ ਜਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਪੰਚਾਇਤੀ ਰਾਜ ਪ੍ਰਣਾਲੀ ਦਾ ਤੀਜਾ ਦਰਜਾ ਹੈ ਅਤੇ ਸਾਰੇ ਰਾਜਾਂ ਵਿੱਚ ਜ਼ਿਲ੍ਹਾ ਪੱਧਰ 'ਤੇ ਕੰਮ ਕਰਦਾ ਹੈ। ਜ਼ਿਲ੍ਹਾ ਪ੍ਰੀਸ਼ਦ ਇੱਕ ਚੁਣੀ ਹੋਈ ਸੰਸਥਾ ਹੈ ਜੋ ਇੱਕ ਜ਼ਿਲ੍ਹੇ ਦੇ ਸਮੁੱਚੇ ਪੇਂਡੂ ਖੇਤਰ ਦੀ ਨੁਮਾਇੰਦਗੀ ਕਰਦੀ ਹੈ। ਇੱਕ ਜ਼ਿਲ੍ਹਾ ਪੰਚਾਇਤ ਦੀ ਅਗਵਾਈ ਇੱਕ ਪ੍ਰਧਾਨ ਕਰਦਾ ਹੈ, ਜੋ ਇੱਕ ਚੁਣਿਆ ਹੋਇਆ ਮੈਂਬਰ ਹੁੰਦਾ ਹੈ। ਬਲਾਕ ਪੰਚਾਇਤ ਦੇ ਬਲਾਕ ਪ੍ਰਧਾਨ ਵੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਨੁਮਾਇੰਦਗੀ ਕਰਦੇ ਹਨ। ਰਾਜ ਵਿਧਾਨ ਸਭਾ ਦੇ ਮੈਂਬਰ ਅਤੇ ਭਾਰਤ ਦੀ ਸੰਸਦ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਨ। ਜ਼ਿਲ੍ਹਾ ਪ੍ਰੀਸ਼ਦ ਰਾਜ ਸਰਕਾਰ ਅਤੇ ਪਿੰਡ ਪੱਧਰੀ ਗ੍ਰਾਮ ਪੰਚਾਇਤ ਵਿਚਕਾਰ ਕੜੀ ਵਜੋਂ ਕੰਮ ਕਰਦੀ ਹੈ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।" ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਸਾਹਿਬਜ਼ਾਦਾ ਅਜੀਤ ਸਿੰਘ (11 ਫਰਵਰੀ 1687 – 23 ਦਸੰਬਰ 1704), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ। ਉਨ੍ਹਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਸਨ, ਪਰ ਉਨ੍ਹਾਂ ਦਾ ਜਨਮ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਹੋਰ ਦੋ ਭਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ, ਕ੍ਰਮਵਾਰ ਨੌਂ ਅਤੇ ਸੱਤ ਸਾਲ ਦੇ ਸਨ, ਨੂੰ ਸਰਹਿੰਦ - ਫ਼ਤਿਹਗੜ੍ਹ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ 'ਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਏਰੀਆਨਾ ਗ੍ਰਾਂਡੇ-ਬੁਟੇਰਾ ( /ˌ ɑːr i ˈ ɑː n ə ˈ ɡ r ɑː n d eɪ / ; [note 1] ਜਨਮ 26 ਜੂਨ, 1993) ਇੱਕ ਅਮਰੀਕੀ ਗਾਇਕ, ਗੀਤਕਾਰ, ਅਤੇ ਅਦਾਕਾਰਾ ਹੈ। ਉਸਦੀ ਚਾਰ-ਅਸ਼ਟਵ ਵੋਕਲ ਰੇਂਜ ਨੇ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ, ਅਤੇ ਉਸਦੀ ਨਿੱਜੀ ਜ਼ਿੰਦਗੀ ਮੀਡੀਆ ਦੇ ਵਿਆਪਕ ਧਿਆਨ ਦਾ ਵਿਸ਼ਾ ਰਹੀ ਹੈ। ਉਸਨੇ ਆਪਣੇ ਪੂਰੇ ਕਰੀਅਰ ਦੌਰਾਨ ਕਈ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ, ਜਿਸ ਵਿੱਚ ਦੋ ਗ੍ਰੈਮੀ ਅਵਾਰਡ, ਇੱਕ ਬ੍ਰਿਟ ਅਵਾਰਡ, ਇੱਕ ਬਾਂਬੀ ਅਵਾਰਡ, ਦੋ ਬਿਲਬੋਰਡ ਮਿਊਜ਼ਿਕ ਅਵਾਰਡ, ਤਿੰਨ ਅਮਰੀਕੀ ਮਿਊਜ਼ਿਕ ਅਵਾਰਡ, ਨੌਂ ਐਮਟੀਵੀ ਵੀਡੀਓ ਮਿਊਜ਼ਿਕ ਅਵਾਰਡ, ਅਤੇ 30 ਗਿਨੀਜ਼ ਵਰਲਡ ਰਿਕਾਰਡ ਸ਼ਾਮਲ ਹਨ।
ਡੇਵਿਡ (/ˈdeɪvɪd/; ਹਿਬਰੂ: דָּוִד, ਆਧੁਨਿਕ: David, Tiberian: Dāwīḏ, "ਪਿਆਰੇ") ਇਬਰਾਨੀ ਬਾਈਬਲ ਦੇ ਅਨੁਸਾਰ, ਇਜ਼ਰਾਈਲ ਦੇ ਯੂਨਾਈਟਿਡ ਕਿੰਗਡਮ ਦਾ ਤੀਜਾ ਰਾਜਾ ਸੀ। ਸੈਮੂਅਲ ਦੀਆਂ ਕਿਤਾਬਾਂ ਵਿੱਚ, ਉਸਨੂੰ ਇੱਕ ਨੌਜਵਾਨ ਚਰਵਾਹੇ ਅਤੇ ਰਬਾਬ ਵਾਦਕ ਵਜੋਂ ਦਰਸਾਇਆ ਗਿਆ ਹੈ ਜੋ ਦੱਖਣੀ ਕਨਾਨ ਵਿੱਚ ਫਲਿਸਤੀਆਂ ਦੇ ਇੱਕ ਚੈਂਪੀਅਨ ਗੋਲਿਅਥ ਨੂੰ ਮਾਰ ਕੇ ਪ੍ਰਸਿੱਧੀ ਪ੍ਰਾਪਤ ਕਰਦਾ ਹੈ। ਡੇਵਿਡ ਇਜ਼ਰਾਈਲ ਦੇ ਪਹਿਲੇ ਰਾਜੇ ਸ਼ਾਊਲ ਦਾ ਪਸੰਦੀਦਾ ਬਣ ਜਾਂਦਾ ਹੈ; ਉਹ ਸ਼ਾਊਲ ਦੇ ਪੁੱਤਰ ਜੋਨਾਥਨ ਨਾਲ ਵੀ ਖਾਸ ਤੌਰ 'ਤੇ ਗੂੜ੍ਹੀ ਦੋਸਤੀ ਕਰਦਾ ਹੈ। ਹਾਲਾਂਕਿ, ਡੇਵਿਡ ਦੀ ਗੱਦੀ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨ ਵਾਲੇ ਵਿਵੇਕ ਦੇ ਤਹਿਤ, ਸ਼ਾਊਲ ਨੇ ਡੇਵਿਡ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸ਼ਾਊਲ ਅਤੇ ਯੋਨਾਥਾਨ ਦੋਨੋਂ ਫਲਿਸਤੀਆਂ ਦੇ ਵਿਰੁੱਧ ਲੜਾਈ ਵਿੱਚ ਮਾਰੇ ਜਾਣ ਤੋਂ ਬਾਅਦ, ਇੱਕ 30 ਸਾਲਾਂ ਦਾ ਡੇਵਿਡ ਸਾਰੇ ਇਸਰਾਏਲ ਅਤੇ ਯਹੂਦਾਹ ਦਾ ਰਾਜਾ ਚੁਣਿਆ ਗਿਆ ਹੈ। ਸੱਤਾ ਵਿੱਚ ਆਉਣ ਤੋਂ ਬਾਅਦ, ਡੇਵਿਡ ਨੇ ਯਰੂਸ਼ਲਮ ਸ਼ਹਿਰ ਨੂੰ ਜਿੱਤ ਲਿਆ ਅਤੇ ਇਸਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਸਥਾਪਿਤ ਕੀਤਾ, ਬਾਅਦ ਵਿੱਚ ਨੇਮ ਦੇ ਸੰਦੂਕ ਨੂੰ ਇਜ਼ਰਾਈਲੀ ਧਰਮ ਵਿੱਚ ਪੂਜਾ ਦਾ ਕੇਂਦਰੀ ਬਿੰਦੂ ਹੋਣ ਲਈ ਸ਼ਹਿਰ ਵਿੱਚ ਲੈ ਗਿਆ।
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?
ਪੀਨਾਂਗ ਟਾਪੂ ਮਲੇਸ਼ੀਆ (ਉਦੋਂ ਮਲਾਇਆ) ਦੀ ਰਾਜਧਾਨੀ ਸੀ। ਹੁਣ ਇਹ ਸੂਬਾਈ ਰਾਜਧਾਨੀ ਹੈ। ਸਮੁੰਦਰ ਦੇ ਵਿਚਕਾਰ ਸਥਿਤ ਇਸ ਸ਼ਹਿਰ ਦਾ ਖੇਤਰਫਲ 293 ਵਰਗ ਕਿਲੋਮੀਟਰ ਹੈ। ਪੁਰਾਤਨ ਸਮੇਂ ਵਿੱਚ ਸਮੁੰਦਰੀ ਜਹਾਜ਼ਾਂ ਰਾਹੀਂ ਆਵਾਜਾਈ ਹੁੰਦੀ ਸੀ। ਇਹ ਮਲੇਸ਼ੀਆ ਦਾ ਸਭ ਤੋਂ ਵਧੀਆ ਸੈਰਗਾਹ ਹੈ। ਇਹ ਮਲੇਸ਼ੀਆ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਇਸ ਟਾਪੂ ’ਤੇ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਹਨ ਅਤੇ ਰਿਹਾਇਸ਼ ਪੱਖੋਂ ਇਸ ਨੂੰ ਲੋਕਾਂ ਦੀ ਪਹਿਲੀ ਪਸੰਦ ਮੰਨਿਆ ਜਾਂਦਾ ਹੈ। ਇੱਥੇ 59 ਫ਼ੀਸਦੀ ਚੀਨੀ, 32 ਫ਼ੀਸਦੀ ਮਾਲੇਈ ਅਤੇ 7 ਫ਼ੀਸਦੀ ਭਾਰਤੀ ਮੂਲ ਦੇ ਲੋਕ ਵੱਸਦੇ ਹਨ। ਪੀਨਾਂਗ ਸਥਾਨਕ ਪਕਵਾਨਾਂ ਦੇ ਮਾਮਲੇ ਬਿਹਤਰੀਨ ਸਥਾਨ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਨੂੰ ਮਲੇਸ਼ੀਆ ਦੇ ਭੋਜਨ ਦੀ ਰਾਜਧਾਨੀ ਕਿਹਾ ਜਾਂਦਾ ਹੈ। ਇਸ ਟਾਪੂ ’ਤੇ ਵੱਡੀ ਗਿਣਤੀ ਵਿੱਚ ਹੋਟਲ ਅਤੇ ਰਿਜ਼ੋਰਟਸ ਹਨ। ਇੱਥੇ ਆਵਾਜਾਈ ਦੇ ਸਾਧਨ ਵੱਡੀ ਮਾਤਰਾ ਵਿੱਚ ਉਪਲੱਬਧ ਹਨ। ਇੱਥੇ ਦਸੰਬਰ ਵਿੱਚ ਛੁੱਟੀਆਂ ਹੁੰਦੀਆਂ ਹਨ ਜਿਸ ਕਾਰਨ ਮਲੇਸ਼ੀਆ ਦੇ ਵੱਖ ਵੱਖ ਰਾਜਾਂ ਅਤੇ ਵਿਦੇਸ਼ਾਂ ਤੋਂ ਲੋਕ ਸਮੁੰਦਰੀ ਤੱਟ ’ਤੇ ਕੁਦਰਤੀ ਨਜ਼ਾਰੇ ਤੱਕਣ ਆਉਂਦੇ ਹਨ।
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਗੁਰੂ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਗੁਰੂ ਸਾਹਿਬ ਦਾ ਬਚਪਨ ਦਾ ਨਾਮ ਭਾਈ ਲਹਿਣਾ ਜੀ ਸੀ, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਸਾਹਿਬ ਨੇੜੇ) ਪੰਜਾਬ ਵਿਖੇ ਹੋਇਆ। ਆਪ ਜੀ ਇੱਕ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਆਪ ਜੀ ਦੇ ਪਿਤਾ ਜੀ ਇੱਕ ਛੋਟੇ ਪੱਧਰ ਦੇ ਸੁਦਾਗਰ ਸੀ, ਅਤੇ ਉਹ ਦੁਰਗਾ ਦੇ ਪੁਜਾਰੀ ਸਨ। ਆਪ ਜੀ ਦੀ ਮੁਲਾਕਾਤ ਸ਼੍ਰੀ ਗੁਰੂ ਨਾਨਕ ਦੇਵ ,ਸਿੱਖੀ ਦੇ ਬਾਨੀ ਨਾਲ ਹੋਣ ਤੋਂ ਬਾਅਦ ਸਿੱਖ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦਾ ਨਾ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ ਰੱਖ ਦਿੱਤਾ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਅਤੇ ਆਪਣੇ ਪੁੱਤਰਾਂ ਦੀ ਬਜਾਏ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੂਜਾ ਗੁਰੂ ਐਲਾਨ ਦਿੱਤਾ।
2019 ਕ੍ਰਿਕਟ ਵਿਸ਼ਵ ਕੱਪ ਗਰੁੱਪ ਸਟੇਜ
ਇਸ ਟੂਰਨਾਮੈਂਟ ਵਿੱਚ ਗਰੁੱਪ ਸਟੇਜ ਜਾਂ ਪਹਿਲਾ ਪੜਾਅ ਰਾਊਂਡ-ਰੌਬਿਨ ਹੈ, ਜਿਸ ਨਾਲ ਸਾਰੀਆਂ ਟੀਮਾਂ ਨੂੰ ਇੱਕ ਗਰੁੱਪ ਵਿੱਚ ਰਹਿ ਕੇ ਦੂਜੀਆਂ ਸਾਰੀਆਂ 9 ਟੀਮਾਂ ਵਿਰੁੱਧ ਇੱਕ-ਇੱਕ ਮੈਚ ਖੇਡਣਾ ਹੋਵੇਗਾ। ਪਹਿਲੇ ਪੜਾਅ ਵਿੱਚ 45 ਮੈਚ ਖੇਡੇ ਜਾਣਗੇ ਅਤੇ ਹਰੇਕ ਟੀਮ 9 ਮੈਚ ਖੇਡੇਗੀ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ 4 ਟੀਮਾਂ ਨੂੰ ਅੰਕ-ਤਾਲਿਕਾ ਦੇ ਹਿਸਾਬ ਨਾਲ ਨਾੱਕ-ਆਊਟ ਸੈਮੀਫਾਈਨਲਾਂ ਵਿੱਚ ਥਾਂ ਮਿਲੇਗੀ। ਅਜਿਹਾ ਫਾਰਮੈਟ 1992 ਕ੍ਰਿਕਟ ਵਿਸ਼ਵ ਕੱਪ ਵਿੱਚ ਵੀ ਵਰਤਿਆ ਗਿਆ ਸੀ, ਹਾਲਾਂਕਿ ਉਸ ਵਿੱਚ 10 ਦੀ ਬਜਾਏ 9 ਟੀਮਾਂ ਸ਼ਾਮਿਲ ਸਨ।
ਐਪਿਕ ਗੇਮਜ਼, ਇੰਕ ਇੱਕ ਅਮਰੀਕੀ ਵੀਡੀਓ ਗੇਮ ਅਤੇ ਸਾਫਟਵੇਅਰ ਡਿਵੈਲਪਰ ਅਤੇ ਪ੍ਰਕਾਸ਼ਕ ਹੈ ਜੋ ਕੈਰੀ, ਉੱਤਰੀ ਕੈਰੋਲੀਨਾ ਵਿੱਚ ਸਥਿਤ ਹੈ। ਕੰਪਨੀ ਦੀ ਸਥਾਪਨਾ ਟਿਮ ਸਵੀਨੀ ਦੁਆਰਾ 1991 ਵਿੱਚ ਪੋਟੋਮੈਕ ਕੰਪਿਊਟਰ ਸਿਸਟਮਜ਼ ਵਜੋਂ ਕੀਤੀ ਗਈ ਸੀ, ਜੋ ਅਸਲ ਵਿੱਚ ਪੋਟੋਮੈਕ, ਮੈਰੀਲੈਂਡ ਵਿੱਚ ਆਪਣੇ ਮਾਪਿਆਂ ਦੇ ਘਰ ਵਿੱਚ ਸਥਿਤ ਸੀ। ਆਪਣੀ ਪਹਿਲੀ ਵਪਾਰਕ ਵੀਡੀਓ ਗੇਮ ਰਿਲੀਜ਼, ZZT (1991) ਦੇ ਬਾਅਦ, ਕੰਪਨੀ 1992 ਦੇ ਸ਼ੁਰੂ ਵਿੱਚ ਐਪਿਕ ਮੈਗਾਗੇਮਸ, ਇੰਕ.
ਮੁਹੀ ਅਲ-ਦੀਨ ਮੁਹੰਮਦ (ਅੰ. 1618 – 3 ਮਾਰਚ 1707), ਆਮ ਤੌਰ 'ਤੇ ਔਰੰਗਜ਼ੇਬ ਅਤੇ ਉਸਦੇ ਰਾਜਕੀ ਸਿਰਲੇਖ ਆਲਮਗੀਰ ਦੁਆਰਾ ਜਾਣਿਆ ਜਾਂਦਾ ਹੈ, ਮੁਗਲ ਸਾਮਰਾਜ ਦਾ ਛੇਵਾਂ ਬਾਦਸ਼ਾਹ ਸੀ, ਜੋ ਜੁਲਾਈ 1658 ਤੋਂ ਲੈ ਕੇ 1707 ਵਿੱਚ ਆਪਣੀ ਮੌਤ ਤੱਕ ਰਾਜ ਕਰਦਾ ਰਿਹਾ। ਉਸ ਦੇ ਬਾਦਸ਼ਾਹਤ ਅਧੀਨ, ਮੁਗਲ ਭਾਰਤੀ ਉਪ-ਮਹਾਂਦੀਪ ਦੇ ਲਗਭਗ ਪੂਰੇ ਖੇਤਰ ਵਿੱਚ ਫੈਲੇ ਹੋਏ ਆਪਣੇ ਖੇਤਰ ਦੇ ਨਾਲ ਆਪਣੀ ਸਭ ਤੋਂ ਵੱਡੀ ਹੱਦ ਤੱਕ ਪਹੁੰਚ ਗਏ। ਵਿਆਪਕ ਤੌਰ 'ਤੇ ਆਖਰੀ ਪ੍ਰਭਾਵਸ਼ਾਲੀ ਮੁਗਲ ਸ਼ਾਸਕ ਮੰਨਿਆ ਜਾਂਦਾ ਹੈ, ਔਰੰਗਜ਼ੇਬ ਨੇ ਫਤਵਾ 'ਆਲਮਗਿਰੀ' ਦਾ ਸੰਕਲਨ ਕੀਤਾ ਅਤੇ ਪੂਰੇ ਭਾਰਤੀ ਉਪ ਮਹਾਂਦੀਪ ਵਿੱਚ ਸ਼ਰੀਆ ਅਤੇ ਇਸਲਾਮੀ ਅਰਥਸ਼ਾਸਤਰ ਨੂੰ ਪੂਰੀ ਤਰ੍ਹਾਂ ਸਥਾਪਤ ਕਰਨ ਵਾਲੇ ਕੁਝ ਰਾਜਿਆਂ ਵਿੱਚੋਂ ਇੱਕ ਸੀ। ਕੁਲੀਨ ਤਿਮੂਰਦ ਰਾਜਵੰਸ਼ ਨਾਲ ਸਬੰਧਤ, ਔਰੰਗਜ਼ੇਬ ਦਾ ਮੁਢਲਾ ਜੀਵਨ ਧਾਰਮਿਕ ਕੰਮਾਂ ਵਿੱਚ ਲੱਗਾ ਹੋਇਆ ਸੀ। ਉਸਨੇ ਆਪਣੇ ਪਿਤਾ ਸ਼ਾਹ ਜਹਾਨ (ਸ਼.
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ।
ਸੁਖਦੇਵ ਸਿੰਘ ਢਿੱਲੋਂ (1952 – 12 ਜੁਲਾਈ 1988), ਜਿਸਨੂੰ ਜਨਰਲ ਲਾਭ ਸਿੰਘ ਵਜੋਂ ਜਾਣਿਆ ਜਾਂਦਾ ਹੈ ਅਤੇ ਸੁੱਖਾ ਸਿਪਾਹੀ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਸਾਬਕਾ ਪੰਜਾਬ ਪੁਲਿਸ ਅਧਿਕਾਰੀ ਸੀ ਜੋ ਖਾੜਕੂ ਬਣ ਗਿਆ ਸੀ ਅਤੇ ਜਿਸਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਪਹਿਲੇ ਨੇਤਾ ਤੋਂ ਬਾਅਦ ਕਮਾਨ ਸੰਭਾਲੀ ਸੀ। ਉਹ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਾਥੀ ਸੀ ਅਤੇ ਸਾਕਾ ਨੀਲਾ ਤਾਰਾ ਦੌਰਾਨ ਭਾਰਤੀ ਫੌਜਵਿਰੁੱਧ ਲੜਿਆ ਸੀ। ਓਹ ਪੰਜਾਬ ਪੁਲਿਸ ਦੇ ਡੀ.ਜੀ.ਪੀ.
ਅਬੂਲ-ਫਤਿਹ ਜਲਾਲ-ਉਦ-ਦੀਨ ਮੁਹੰਮਦ ਅਕਬਰ (25 ਅਕਤੂਬਰ 1542 – 27 ਅਕਤੂਬਰ 1605), ਅਕਬਰ ਮਹਾਨ ਦੇ ਨਾਂ ਨਾਲ ਮਸ਼ਹੂਰ (ਫ਼ਾਰਸੀ: اکبر اعظم ਫ਼ਾਰਸੀ ਉਚਾਰਨ: [akbarɪ azam]), ਅਤੇ ਅਕਬਰ ਪਹਿਲੇ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ (ਫ਼ਾਰਸੀ ਉਚਾਰਨ: [akbar]), ਤੀਜਾ ਮੁਗਲ ਬਾਦਸ਼ਾਹ ਸੀ, ਜਿਸਨੇ 1556 ਤੋਂ 1605 ਤੱਕ ਰਾਜ ਕੀਤਾ। ਅਕਬਰ ਨੇ ਆਪਣੇ ਪਿਤਾ, ਹੁਮਾਯੂੰ, ਇੱਕ ਰਾਜਕੁਮਾਰ, ਬੈਰਮ ਖਾਨ ਦੇ ਅਧੀਨ, ਉੱਤਰਾਧਿਕਾਰੀ ਬਣਾਇਆ, ਜਿਸ ਨੇ ਨੌਜਵਾਨ ਸਮਰਾਟ ਦੀ ਭਾਰਤ ਵਿੱਚ ਮੁਗਲ ਡੋਮੇਨ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਵਿੱਚ ਮਦਦ ਕੀਤੀ।
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਕਸ਼ਮੀਰ (ਕਸ਼ਮੀਰੀ:کٔشِیر / कॅशीर; ਸਥਾਨਕ ਨਾਂ 'ਕਁਸ਼ੀਰ') ਭਾਰਤੀ ਉਪ ਮਹਾਂਦੀਪ ਦਾ ਉੱਤਰ-ਪੱਛਮੀ ਖੇਤਰ ਹੈ। 19ਵੀਂ ਸਦੀ ਦੇ ਮੱਧ ਤੱਕ ਕਸ਼ਮੀਰ ਦਾ ਭਾਵ ਸਿਰਫ਼ ਉੱਪਰਲੇ ਹਿਮਾਲਿਆ ਅਤੇ ਪੀਰ ਪੰਜਾਲ ਪਰਬਤ ਲੜੀ ਦੇ ਵਿਚਕਾਰ ਕਸ਼ਮੀਰ ਘਾਟੀ ਹੁੰਦਾ ਸੀ। ਅੱਜ ਇਹ ਇੱਕ ਬਹੁਤ ਵੱਡੇ ਖੇਤਰ ਨੂੰ ਦਰਸਾਉਂਦਾ ਹੈ ਜਿਸ ਵਿੱਚ ਭਾਰਤ ਦੁਆਰਾ ਪ੍ਰਸ਼ਾਸ਼ਨਿਤ ਜੰਮੂ ਅਤੇ ਕਸ਼ਮੀਰ ਪ੍ਰਦੇਸ਼ ਵੀ ਸ਼ਾਮਲ ਹੈ ਅਤੇ ਇਸ ਪ੍ਰਦੇਸ਼ ਵਿੱਚ ਕਸ਼ਮੀਰ ਘਾਟੀ ਤੋਂ ਇਲਾਵਾ ਜੰਮੂ, ਅਤੇ ਲੱਦਾਖ ਖੇਤਰ ਵੀ ਸ਼ਾਮਲ ਹਨ। ਪਾਕਿਸਤਾਨ ਦੇ ਪ੍ਰਸ਼ਾਸ਼ਨ ਹੇਠਲੇ ਆਜ਼ਾਦ ਕਸ਼ਮੀਰ ਅਤੇ ਗਿਲਗਿਤ–ਬਾਲਿਤਸਤਾਨ, ਅਤੇ ਚੀਨ ਦੇ ਪ੍ਰਸ਼ਾਸ਼ਨ ਹੇਠਲੇ ਅਕਸਾਈ ਚਿਨ ਅਤੇ ਟਰਾਂਸ-ਕਰਾਕੁਰਮ ਖੇਤਰ ਵੀ ਕਸ਼ਮੀਰ ਦੇ ਖੇਤਰ ਦਾ ਹਿੱਸਾ ਹਨ।
ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਸੰਯੁਕਤ ਰਾਸ਼ਟਰ (ਯੂਐਨ) ਦੀ ਇੱਕ ਵਿਸ਼ੇਸ਼ ਏਜੰਸੀ ਹੈ ਜਿਸਦਾ ਉਦੇਸ਼ ਵਿਸ਼ਵ ਸ਼ਾਂਤੀ ਅਤੇ ਸਿੱਖਿਆ, ਵਿਗਿਆਨ ਅਤੇ ਸਭਿਆਚਾਰ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੁਆਰਾ ਸੁਰੱਖਿਆ ਕਰਨਾ ਹੈ। ਇਸ ਦੇ 193 ਮੈਂਬਰ ਰਾਜ ਅਤੇ 11 ਸਹਿਯੋਗੀ ਮੈਂਬਰ ਹਨ, ਅਤੇ ਨਾਲ ਹੀ ਗੈਰ-ਸਰਕਾਰੀ, ਅੰਤਰ-ਸਰਕਾਰੀ ਅਤੇ ਨਿਜੀ ਖੇਤਰ ਵਿੱਚ ਭਾਈਵਾਲ ਹਨ। ਪੈਰਿਸ, ਫਰਾਂਸ ਵਿੱਚ ਵਰਲਡ ਹੈਰੀਟੇਜ ਸੈਂਟਰ ਵਿਖੇ ਮੁੱਖ ਦਫਤਰ, ਯੂਨੈਸਕੋ ਦੇ 53 ਖੇਤਰੀ ਖੇਤਰ ਦਫਤਰ ਹਨ ਅਤੇ 199 ਰਾਸ਼ਟਰੀ ਕਮਿਸ਼ਨ ਜੋ ਇਸਦੇ ਵਿਸ਼ਵਵਿਆਪੀ ਫ਼ਤਵੇ ਦੀ ਸਹੂਲਤ ਦਿੰਦੇ ਹਨ।
ਰਤਨ ਨਵਲ ਟਾਟਾ (28 ਦਸੰਬਰ 1937-9 ਅਕਤੂਬਰ 2024) ਇੱਕ ਭਾਰਤੀ ਉਦਯੋਗਪਤੀ, ਪਰਉਪਕਾਰੀ, ਅਤੇ ਟਾਟਾ ਸੰਨਜ਼ ਦਾ ਸਾਬਕਾ ਚੇਅਰਮੈਨ ਸੀ। ਉਹ 1990 ਤੋਂ 2012 ਤੱਕ, ਟਾਟਾ ਗਰੁੱਪ ਦਾ ਚੇਅਰਮੈਨ ਸੀ ਅਤੇ ਫਿਰ ਅਕਤੂਬਰ 2016 ਤੋਂ ਫਰਵਰੀ 2017 ਤੱਕ, ਅੰਤਰਿਮ ਚੇਅਰਮੈਨ ਵਜੋਂ, ਅਤੇ ਇਸਦੇ ਚੈਰੀਟੇਬਲ ਟਰੱਸਟਾਂ ਦੀ ਅਗਵਾਈ ਕਰਦਾ ਰਿਹਾ। ਉਹ ਭਾਰਤ ਦੇ ਦੋ ਨਾਗਰਿਕ ਪੁਰਸਕਾਰਾਂ ਪਦਮ ਵਿਭੂਸ਼ਣ (2008), ਦੂਜਾ ਸਰਵਉੱਚ ਨਾਗਰਿਕ ਸਨਮਾਨ, ਅਤੇ ਪਦਮ ਭੂਸ਼ਣ (2000), ਤੀਜਾ ਸਭ ਤੋਂ ਉੱਚ ਨਾਗਰਿਕ ਸਨਮਾਨ ਦਾ ਪ੍ਰਾਪਤਕਰਤਾ ਸੀ। ਰਤਨ ਟਾਟਾ ਦਾ ਜਨਮ 1937 ਵਿੱਚ ਹੋਇਆ ਸੀ। ਉਹ ਨਵਲ ਟਾਟਾ ਦਾ ਪੁੱਤਰ ਸੀ, ਜਿਸਨੂੰ ਬਾਅਦ ਵਿੱਚ ਟਾਟਾ ਗਰੁੱਪ ਦੇ ਸੰਸਥਾਪਕ ਜਮਸ਼ੇਤਜੀ ਟਾਟਾ ਦੇ ਪੁੱਤਰ ਰਤਨਜੀ ਟਾਟਾ ਨੇ ਗੋਦ ਲੈ ਲਿਆ। ਉਸਨੇ ਕਾਰਨੇਲ ਯੂਨੀਵਰਸਿਟੀ ਕਾਲਜ ਆਫ਼ ਆਰਕੀਟੈਕਚਰ ਅਤੇ ਹਾਰਵਰਡ ਬਿਜ਼ਨਸ ਸਕੂਲ ਵਿੱਚ ਪੜ੍ਹਾਈ ਕੀਤੀ। ਉਹ 1961 ਵਿੱਚ ਆਪਣੀ ਕੰਪਨੀ ਵਿੱਚ ਸ਼ਾਮਲ ਹੋਇਆ ਅਤੇ ਉਸ ਸਮੇਂ ਉਹ ਟਾਟਾ ਸਟੀਲ ਦੀ ਦੁਕਾਨ ਦੇ ਫਲੋਰ 'ਤੇ ਕੰਮ ਕਰਦਾ ਸੀ ਅਤੇ 1991 ਵਿੱਚ ਜੇ.ਆਰ.ਡੀ.
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਸ਼ਹੀਦ ਬਾਬਾ ਦੀਪ ਸਿੰਘ ਜੀ (26 ਜਨਵਰੀ 1682 - 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰੇ ਜਾਂਦੇ ਹਨ। ਉਹਨਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਹਨਾਂ ਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਹਨਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਹਨਾਂ ਨੂੰ 18ਵੀਂ ਸਦੀ ਦੇ ਆਪਣੇ ਮਹੱਤਵਪੂਰਨ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।
ਜਨਮਸਾਖੀ ਪਰੰਪਰਾ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਵਿਦਵਾਨਾਂ ਅਨੁਸਾਰ ‘ਸਾਖੀ` ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਾਕ੍ਰਸੀ` ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ‘ਗਵਾਹੀ`। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ ਉਹ ਮਨੁੱਖ ਜਿਸ ਨੇ ਕਿਸੇ ਘਟਨਾ ਜਾਂ ਵਸਤੂ ਨੂੰ ਅੱਖੀ ਵੇਖਿਆ ਹੋਵੇ।`` ਰਤਨ ਸਿੰਘ ਜੱਗੀ ਅਨੁਸਾਰ, “ ‘ਜਨਮ` ਤੋਂ ਭਾਵ ਇਥੇ ਭਾਵ ਕੇਵਲ ਪੈਦਾਇਸ਼ ਨਹੀਂ ਸਗੋਂ ਸਾਰਾ ਜੀਵਨ ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ‘ਜਨਮਸਾਖੀ` ਤੋਂ ਭਾਵ ਕਿਸੇ ਮਹਾਂਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿਤਾਂਤ ਹੈ।`` ਭਾਈ ਕਾਨ੍ਹਸਿੰਘ ਨੇ ਗੁਰਬਾਣੀ ਦੀ ਇੱਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇੱਕ ਸਾਖੀ) ਦੇ ਆਧਾਰ ਤੇ ਇਸ ਦਾ ਅਰਥ ਇਤਿਹਾਸ ਅਥਵਾ ਕਥਾ,ਜੋਅੱਖੀਂ ਡਿਠੀ ਕਹੀ ਗਈ ਹੋਵੇ` ਕੀਤਾ ਹੈ। ਪਰ ਜੇ ਸਾਖੀ ਸ਼ਬਦ ਦਾ ਅਰਥ ਇਸ ਦੇ ਪਰੰਪਰਾਗਤ ਪ੍ਰਯੋਗ ਦੇ ਸੰਦਰਭ ਵਿੱਚ ਕਰੀਏ ਤਾਂ ਉਕਤ ਤੁੱਕ ਵਿੱਚ ਇਹ 'ਗੁਰੂ ਦੇ ਬਚਨ' ਲਈ ਵੀ ਵਰਤਿਆ ਗਿਆ ਹੈ। ਪ੍ਰੋ.
ਰੋਂਡਾ ਜੀਨ ਰੌਸੀ ( / ˈr aʊz i / ; ਜਨਮ 1 ਫਰਵਰੀ 1987) ਇੱਕ ਅਮਰੀਕੀ ਪੇਸ਼ੇਵਰ ਪਹਿਲਵਾਨ, ਅਭਿਨੇਤਰੀ, ਸਾਬਕਾ ਜੂਡੋਕਾ ਅਤੇ ਮਿਕਸਡ ਮਾਰਸ਼ਲ ਕਲਾਕਾਰ ਹੈ। ਉਹ ਵਰਤਮਾਨ ਵਿੱਚ ਡਬਲਯੂਡਬਲਯੂਈ ਨਾਲ ਸਾਈਨ ਕੀਤੀ ਹੋਈ ਹੈ, ਜਿੱਥੇ ਉਹ ਸਮੈਕਡਾਊਨ ਬ੍ਰਾਂਡ 'ਤੇ ਪ੍ਰਦਰਸ਼ਨ ਕਰਦੀ ਹੈ। ਡਬਲਯੂਡਬਲਯੂਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (UFC) ਵਿੱਚ ਆਪਣੇ ਸਮੇਂ ਲਈ ਜਾਣੀ ਜਾਂਦੀ ਸੀ। ਉਸਦਾ ਲੰਬੇ ਸਮੇਂ ਤੋਂ ਉਪਨਾਮ, "ਰਾਊਡੀ", ਪੇਸ਼ੇਵਰ ਪਹਿਲਵਾਨ ਰੌਡੀ ਪਾਈਪਰ ਤੋਂ ਵਿਰਾਸਤ ਵਿੱਚ ਮਿਲਿਆ ਸੀ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੂਫ਼ੀ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਦਿਵਾਲੀ ਜਾਂ ਦੀਪਾਵਲੀ (ਅੰਗ੍ਰੇਜ਼ੀ: Diwali ਜਾਂ Deepawali) (ਜੈਨ ਦੀਵਾਲੀ, ਬੰਦੀ ਛੋੜ ਦਿਵਸ, ਤਿਹਾਰ, ਸੁਅੰਤੀ, ਸੋਹਰਾਈ ਅਤੇ ਬਾਂਦਨਾ ਤਿਉਹਾਰਾਂ ਨਾਲ਼ ਸਬੰਧਤ) ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਧਰਮ ਦੇ ਲੋਕਾਂ ਦੇ ਮੁੱਖ ਤਿਉਹਾਰਾਂ ਵਿਚੋਂ ਇਕ ਹੈ ਜਿਹੜਾ ਨੂਰ ਦਾ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ 'ਤੇ ਕੱਤਕ ਮਹੀਨੇ (ਅਕਤੂਬਰ ਅਤੇ ਨਵੰਬਰ ਵਿਚਕਾਰ) ਦੌਰਾਨ ਮਨਾਇਆ ਜਾਂਦਾ ਹੈ। ਦਿਵਾਲੀ ਹਨੇਰੇ 'ਤੇ ਚਾਨਣ, ਬੁਰਾਈ 'ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਫ਼ਤਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਦੌਲਤ ਦੀ ਦੇਵੀ ਲੱਛਮੀ ਅਤੇ ਸਿਆਣਪ ਅਤੇ ਵਿਘਨਾਂ ਨੂੰ ਹਰਾਉਣ ਵਾਲ਼ੇ ਦੇਵਤੇ ਗਣੇਸ਼ ਨਾਲ ਸਬੰਧਤ ਹੈ। ਕਈ ਖੇਤਰੀ ਪਰੰਪਰਾਵਾਂ ਮੁਤਾਬਕ ਇਹ ਤਿਉਹਾਰ ਸੀਤਾ ਅਤੇ ਰਾਮ, ਕ੍ਰਿਸ਼ਨ, ਦੁਰਗਾ, ਸ਼ਿਵ, ਕਾਲ਼ੀ, ਹਨੂੰਮਾਨ, ਕੁਬੇਰ, ਜਮ, ਜਮਨਾ, ਧੰਨਵੰਰਰੀ ਜਾਂ ਵਿਸ਼ਵਕਰਮਾ ਨਾਲ ਜੋੜਿਆ ਹੈ। ਇਸ ਤੋਂ ਇਲਾਵਾ, ਇਹ ਉਸ ਦਿਨ ਦੀ ਯਾਦ ਚ ਮਨਾਉਇਆ ਜਾਣ ਵਾਲ਼ਾ ਜਸ਼ਨ ਹੈ ਜਦੋਂ ਰਾਜਾ ਰਾਮ ਆਪਣੀ ਪਤਨੀ ਸੀਤਾ ਅਤੇ ਆਪਣੇ ਭਰਾ ਲਛਮਣ ਨਾਲ ਲੰਕਾ ਵਿਚ ਰਾਵਣ ਨੂੰ ਸ਼ਿਕਸਤ ਦੇਣ ਅਤੇ 14 ਸਾਲ ਦੀ ਜਲਾਵਤਨੀ ਉਪਰੰਤ ਅਯੁੱਧਿਆ ਵਾਪਸ ਆਇਆ ਸੀ।
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਦਿੱਲੀ ਸਲਤਨਤ ਦਿੱਲੀ ਵਿੱਚ ਸਥਿਤ ਇੱਕ ਇਸਲਾਮੀ ਸਾਮਰਾਜ ਸੀ ਜੋ 320 ਸਾਲਾਂ (1206-1526) ਲਈ ਭਾਰਤੀ ਉਪ ਮਹਾਂਦੀਪ ਦੇ ਵੱਡੇ ਹਿੱਸੇ ਵਿੱਚ ਫੈਲਿਆ ਹੋਇਆ ਸੀ। ਘੁਰਿਦ ਖ਼ਾਨਦਾਨ ਦੁਆਰਾ ਦੱਖਣੀ ਏਸ਼ੀਆ ਉੱਤੇ ਹਮਲੇ ਤੋਂ ਬਾਅਦ, ਪੰਜ ਰਾਜਵੰਸ਼ਾਂ ਨੇ ਦਿੱਲੀ ਸਲਤਨਤ ਉੱਤੇ ਕ੍ਰਮਵਾਰ ਰਾਜ ਕੀਤਾ: ਮਾਮਲੂਕ ਰਾਜਵੰਸ਼ (1206-1290), ਖ਼ਿਲਜੀ ਰਾਜਵੰਸ਼ (1290-1320), ਤੁਗ਼ਲਕ ਰਾਜਵੰਸ਼ (1320-1414), ਸੱਯਦ ਖ਼ਾਨਦਾਨ (1414–1451), ਅਤੇ ਲੋਧੀ ਰਾਜਵੰਸ਼ (1451–1526)। ਇਸ ਨੇ ਆਧੁਨਿਕ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ-ਨਾਲ ਦੱਖਣੀ ਨੇਪਾਲ ਦੇ ਕੁਝ ਹਿੱਸਿਆਂ ਦੇ ਵੱਡੇ ਹਿੱਸੇ ਨੂੰ ਕਵਰ ਕੀਤਾ।
ਫ਼ਰੀਦਉਦੀਨ ਮਸੂਦ ਗੰਜਸ਼ਕਰ (ਅੰਗ੍ਰੇਜ਼ੀ ਵਿੱਚ: Farīduddīn Masūd Ganjshakar; 4 ਅਪ੍ਰੈਲ 1188 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਰਹੱਸਵਾਦੀ, ਪ੍ਰਚਾਰਕ, ਕਵੀ ਅਤੇ ਧਾਰਮਿਕ ਉਪਦੇਸ਼ਕ ਸੀ। ਉਹ ਮੁਸਲਮਾਨਾਂ ਅਤੇ ਸਿੱਖਾਂ ਦੋਵਾਂ ਦੁਆਰਾ ਸਤਿਕਾਰਿਆ ਜਾਂਦਾ ਹੈ ਅਤੇ ਇਸਲਾਮੀ ਸੁਨਹਿਰੀ ਯੁੱਗ ਦੌਰਾਨ ਦੱਖਣੀ ਏਸ਼ੀਆ ਦੇ ਸਭ ਤੋਂ ਸਤਿਕਾਰਯੋਗ ਮੁਸਲਿਮ ਰਹੱਸਵਾਦੀਆਂ ਵਿੱਚੋਂ ਇੱਕ ਹੈ।
ਭਾਰਤੀ ਕਿਸਾਨ ਅੰਦੋਲਨ 2020-2021, ਭਾਰਤੀ ਸੰਸਦ ਦੁਆਰਾ ਸਤੰਬਰ, 2020 ਵਿਚ ਪਾਸ ਕੀਤੇ ਤਿੰਨ ਖੇਤ ਕਾਨੂੰਨਾਂ ਵਿਰੁੱਧ ਭਾਰਤੀ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੈ, ਜਿਸ ਨੂੰ ਵੱਖ ਵੱਖ ਕਿਸਾਨ ਸਮੂਹਾਂ (ਜਥੇਬੰਦੀਆਂ) ਦੁਆਰਾ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਵਜੋਂ ਦਰਸਾਇਆ ਗਿਆ ਹੈ। ਕਿਸਾਨ ਯੂਨੀਅਨਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਸੀ ਕਿ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਇਸ ਤੋਂ ਘੱਟ ਕਿਸੇ ਵੀ ਗੱਲ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਕਿਸਾਨ ਨੇਤਾਵਾਂ ਨੇ ਇਹਨਾਂ ਕਾਨੂੰਨਾਂ ਉੱਤੇ ਸੁਪਰੀਮ ਕੋਰਟ ਵੱਲੋਂ ਸਥਾਪਤ ਕਮੇਟੀ ਦੀ ਸ਼ਮੂਲੀਅਤ ਦੇ ਨਾਲ ਨਾਲ ਸੁਪਰੀਮ ਕੋਰਟ ਦੇ ਰੋਕ ਦੇ ਆਦੇਸ਼ ਨੂੰ ਰੱਦ ਕਰ ਦਿੱਤਾ। ਕੇਂਦਰ ਸਰਕਾਰ ਅਤੇ ਕਿਸਾਨੀ ਯੂਨੀਅਨਾਂ ਦੁਆਰਾ ਨੁਮਾਇੰਦਗੀ ਕਰਨ ਵਾਲੇ ਕਿਸਾਨਾਂ ਵਿਚ 14 ਅਕਤੂਬਰ 2020 ਅਤੇ 15 ਜਨਵਰੀ 2021 ਦੇ ਵਿਚਕਾਰ ਨੌਂ ਪੜਾਅ ਦੀ ਗੱਲਬਾਤ ਹੋਈ ਪਰ ਬੇਸਿੱਟਾ ਰਹੀ। ਇਸ ਲਈ ਦੇਸ਼ ਦੇ 500 ਤੋਂ ਵੱਧ ਕਿਸਾਨ ਸੰਗਠਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨ ਆਗੂਆਂ ਨੇ ਇਹਨਾਂ ਖੇਤੀ ਕਾਨੂੰਨਾਂ ਉੱਤੇ ਸੁਪਰੀਮ ਕੋਰਟ ਵੱਲੋਂ ਸਥਾਪਤ ਕਮੇਟੀ ਦੀ ਸ਼ਮੂਲੀਅਤ ਦੇ ਨਾਲ ਨਾਲ ਸੁਪਰੀਮ ਕੋਰਟ ਦੇ ਭਾਰਤ ਦੇ ਰੋਕ ਦੇ ਆਦੇਸ਼ ਨੂੰ ਵੀ ਰੱਦ ਕਰ ਦਿੱਤਾ। ਕਿਸਾਨ ਯੂਨੀਅਨਾਂ ਦੁਆਰਾ ਇਹਨਾਂ ਖੇਤੀ ਬਿੱਲਾਂ ਨੂੰ ਅਕਸਰ "ਕਿਸਾਨ ਵਿਰੋਧੀ ਬਿੱਲ" ਕਿਹਾ ਜਾਂਦਾ ਸੀ ਅਤੇ ਵਿਰੋਧੀ ਧਿਰ ਦੇ ਸਿਆਸਤਦਾਨ ਇਹ ਵੀ ਕਹਿੰਦੇ ਸਨ ਕਿ ਇਹ ਬਿੱਲ ਕਿਸਾਨਾਂ ਨੂੰ ਕਾਰਪੋਰੇਟ ਦੇ ਰਹਿਮ 'ਤੇ ਛੱਡ ਦੇਣਗੇ। ਕਿਸਾਨਾਂ ਨੇ ਐਮ.ਐਸ.ਪੀ. ਬਿੱਲ ਬਣਾਉਣ ਲਈ ਵੀ ਬੇਨਤੀ ਕੀਤੀ ਹੈ, ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਾਰਪੋਰੇਟ ਕੀਮਤਾਂ ਨੂੰ ਕੰਟਰੋਲ ਨਹੀਂ ਕਰ ਸਕਦੇ। ਹਾਲਾਂਕਿ, ਸਰਕਾਰ ਇਹ ਕਹਿੰਦੀ ਹੈ ਕਿ ਉਹ ਕਿਸਾਨਾਂ ਨੂੰ ਆਪਣੀ ਫ਼ਸਲ ਸਿੱਧੇ ਵੱਡੇ ਖਰੀਦਦਾਰਾਂ ਨੂੰ ਵੇਚਣਾ ਆਸਾਨ ਬਣਾਉਣਗੇ ਅਤੇ ਉਸ ਦੁਆਰਾ ਕਿਹਾ ਗਿਆ ਕਿ ਵਿਰੋਧ ਪ੍ਰਦਰਸ਼ਨ ਗਲਤ ਜਾਣਕਾਰੀ 'ਤੇ ਅਧਾਰਤ ਸਨ। ਕਾਰਵਾਈਆਂ ਦੀ ਸ਼ੁਰੂਆਤ ਤੋਂ ਤੁਰੰਤ ਬਾਅਦ, ਯੂਨੀਅਨਾਂ ਨੇ ਸਥਾਨਕ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜ਼ਿਆਦਾਤਰ ਪੰਜਾਬ ਵਿਚ .
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਨੂਰ-ਉਦ-ਦੀਨ ਮੁਹੰਮਦ ਸਲੀਮ (30 ਅਗਸਤ 1569 – 28 ਅਕਤੂਬਰ 1627), ਆਪਣੇ ਸ਼ਾਹੀ ਨਾਮ ਜਹਾਂਗੀਰ ਨਾਲ ਜਾਣਿਆ ਜਾਂਦਾ ਹੈ (ਫ਼ਾਰਸੀ: جهانگیر, ਫ਼ਾਰਸੀ ਉਚਾਰਨ: [d͡ʒahɑːn'giːr]; ਸ਼ਾ.ਅ. 'ਸੰਸਾਰ ਨੂੰ ਜਿੱਤਣ ਵਾਲਾ'), ਚੌਥਾ ਮੁਗਲ ਬਾਦਸ਼ਾਹ ਸੀ, ਜਿਸਨੇ 1605 ਤੋਂ ਲੈ ਕੇ 1627 ਵਿੱਚ ਮਰਨ ਤੱਕ ਰਾਜ ਕੀਤਾ। ਉਸਦਾ ਨਾਮ ਭਾਰਤੀ ਸੂਫੀ ਸੰਤ ਸਲੀਮ ਚਿਸ਼ਤੀ ਦੇ ਨਾਮ ਤੇ ਰੱਖਿਆ ਗਿਆ ਸੀ।
ਭਾਰਤੀ ਉਪ-ਮਹਾਂਦੀਪ ਵਿੱਚ ਫ਼ਾਰਸੀ ਭਾਸ਼ਾ
ਭਾਰਤੀ ਉਪ-ਮਹਾਂਦੀਪ ਵਿੱਚ ਫ਼ਾਰਸੀ ਭਾਸ਼ਾ ( Persian ), ਬ੍ਰਿਟਿਸ਼ ਬਸਤੀਵਾਦ ਤੋਂ ਪਹਿਲਾਂ, ਇਸ ਖੇਤਰ ਦੀ ਲਿੰਗੂਆ ਫ੍ਰੈਂਕਾ ਸੀ ਅਤੇ ਉੱਤਰੀ ਭਾਰਤ ਵਿੱਚ ਵਿਆਪਕ ਤੌਰ 'ਤੇ ਵਰਤੀ ਜਾਂਦੀ ਸਰਕਾਰੀ ਭਾਸ਼ਾ ਸੀ। ਇਸ ਭਾਸ਼ਾ ਨੂੰ 11ਵੀਂ ਸਦੀ ਤੋਂ ਬਾਅਦ ਵੱਖ-ਵੱਖ ਤੁਰਕੀ ਅਤੇ ਅਫਗਾਨ ਰਾਜ-ਘਰਾਣੇ ਦੱਖਣੀ ਏਸ਼ੀਆ ਵਿੱਚ ਲਿਆਏ, ਜਿਨ੍ਹਾਂ ਵਿੱਚੋਂ ਗਜ਼ਨਵੀ, ਦਿੱਲੀ ਸਲਤਨਤ ਅਤੇ ਮੁਗਲ ਰਾਜਵੰਸ਼ ਪ੍ਰਮੁੱਖ ਸਨ। ਇਨ੍ਹਾਂ ਸਾਮਰਾਜਾਂ ਦੇ ਅੰਦਰ ਅਦਾਲਤ ਅਤੇ ਰਾਜ ਪ੍ਰਬੰਧ ਵਿੱਚ ਫਾਰਸੀ ਦਾ ਅਧਿਕਾਰਤ ਦਰਜਾ ਸੀ। ਇਸਨੇ ਉਪ-ਮਹਾਂਦੀਪ ਵਿੱਚ ਰਾਜਨੀਤੀ, ਸਾਹਿਤ, ਸਿੱਖਿਆ, ਅਤੇ ਸਮਾਜਿਕ ਰੁਤਬੇ ਦੀ ਭਾਸ਼ਾ ਵਜੋਂ ਸੰਸਕ੍ਰਿਤ ਦੀ ਥਾਂ ਲੈ ਲਈ।
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਸਿੰਧੂ ਘਾਟੀ ਸੱਭਿਅਤਾ (ਅੰਗ੍ਰੇਜ਼ੀ: Indus Valley Civilisation) ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਪਸ਼ੂ ਪਾਲਣ (ਅੰਗ੍ਰੇਜ਼ੀ: Animal husbandry) ਮੀਟ, ਪਨੀਰ ,ਫਾਈਬਰ, ਦੁੱਧ, ਅੰਡੇ ਜਾਂ ਹੋਰ ਉਤਪਾਦਾਂ ਲਈ ਪਾਲੇ ਜਾ ਰਹੇ ਜਾਨਵਰਾਂ ਨਾਲ ਸੰਬੰਧਿਤ ਖੇਤੀਬਾੜੀ ਦੀ ਸ਼ਾਖਾ ਹੈ। ਇਸ ਵਿਚ ਪਸ਼ੂਆਂ ਦੀ ਰੋਜ਼ਾਨਾ ਦੀ ਦੇਖਭਾਲ, ਚੋਣਵੇਂ ਪ੍ਰਜਨਨ ਅਤੇ ਉਹਨਾਂ ਦੀ ਗਿਣਤੀ ਵਿੱਚ ਵਾਧਾ ਸ਼ਾਮਲ ਹੈ। ਪਸ਼ੂ ਪਾਲਣ, ਮਨੁੱਖਾਂ ਦੁਆਰਾ ਪਸ਼ੂਆਂ ਦਾ ਪ੍ਰਬੰਧਨ ਅਤੇ ਉਹਨਾਂ ਦੀ ਦੇਖਭਾਲ ਹੈ, ਜਿਸ ਵਿੱਚ ਉਹਨਾਂ ਦੇ ਜਮਾਂਦਰੂ ਗੁਣਾਂ ਅਤੇ ਵਿਵਹਾਰ (ਜਿਨਾਂ ਨੂੰ ਮਨੁੱਖਾਂ ਲਈ ਲਾਭਦਾਇਕ ਮੰਨਿਆ ਜਾਂਦਾ ਹੈ), ਨੂੰ ਅੱਗੇ ਵਧਾਇਆ ਜਾਂਦਾ ਹੈ। ਪਸ਼ੂਆਂ ਦਾ ਇੱਕ ਲੰਬਾ ਇਤਿਹਾਸ ਹੈ, ਨਵਓਲੀਥਿਕ ਕ੍ਰਾਂਤੀ ਦੇ ਨਾਲ ਸ਼ੁਰੂ ਹੋਇਆ 13 ਵੀਂ ਸਦੀ ਦੇ ਲਗਭਗ 13,000 ਬੀ.ਸੀ.
ਗੁਆਲਾਟੀਰੀ ਚਿਲੀ ਵਿੱਚ ਇੱਕ ਜੁਆਲਾਮੁਖੀ ਹੈ ਜਿਸਦੀ ਉਚਾਈ 6,060 ਤੋਂ 6,071 ਮੀਟਰ (19,882 ਤੋਂ 19,918 ) ਹੈ ਜੋ ਇਸ ਦੀ ਬਰਫ਼ ਦੀ ਟੋਪੀ ਦੇ ਅਧਾਰ ਤੇ ਹੈ। ਇਹ ਨੇਵਾਡੋਸ ਡੀ ਕਿਮਸਾਚਟਾ ਜੁਆਲਾਮੁਖੀ ਸਮੂਹ ਦੇ ਦੱਖਣ-ਪੱਛਮ ਵਿੱਚ ਸਥਿਤ ਹੈ-ਕੁਝ ਸਰੋਤ ਗੁਆਲਾਟੀਰੀ ਨੂੰ ਇੱਕ ਮੈਂਬਰ ਵਜੋਂ ਸ਼੍ਰੇਣੀਬੱਧ ਕਰਦੇ ਹਨ। ਗੁਆਲਾਟੀਰੀ ਇੱਕ ਸਟ੍ਰੈਟੋਵੋਲਕੈਨੋ ਹੈ ਜਿਸ ਦੇ ਸਿਖਰ ਦੇ ਆਲੇ-ਦੁਆਲੇ ਕਈ ਫਿਊਮਰੋਲ ਹਨ। ਸਿਖਰ ਇੱਕ ਲਾਵਾ ਗੁੰਬਦ ਜਾਂ ਜੁਆਲਾਮੁਖੀ ਪਲੱਗ ਹੋ ਸਕਦਾ ਹੈ, ਜਦੋਂ ਕਿ ਜੁਆਲਾਮੁਖੀ ਦੇ ਹੇਠਲੇ ਪਾਸੇ ਲਾਵਾ ਦੇ ਵਹਾਅ ਅਤੇ ਲਾਵਾ ਗੁੰਬਦਾਂ ਨਾਲ ਢੱਕੇ ਹੋਏ ਹਨ। ਜੁਆਲਾਮੁਖੀ ਦੇ ਫਟਣ ਨਾਲ ਜ਼ਿਆਦਾਤਰ ਡਾਸਾਈਟ ਦੇ ਨਾਲ-ਨਾਲ ਐਂਡੀਸਾਈਟ ਅਤੇ ਰਾਇਓਲਾਈਟ ਪੈਦਾ ਹੋਏ ਹਨ। ਪਿਛਲੇ ਗਲੇਸ਼ੀਏਸ਼ਨ ਨੇ ਗੁਆਲਾਟੀਰੀ ਉੱਤੇ ਮੋਰਾਇਨ ਛੱਡ ਦਿੱਤੇ ਹਨ।
ਨਿਥਿਆ ਮੈਨਨ (ਜਨਮ 8 ਅਪ੍ਰੈਲ 1988) ਇੱਕ ਭਾਰਤੀ ਅਭਿਨੇਤਰੀ ਅਤੇ ਗਾਇਕਾ ਹੈ ਜਿਸ ਨੇ ਵੱਖ-ਵੱਖ ਭਾਸ਼ਾਵਾਂ ਵਿੱਚ 50 ਤੋਂ ਵੱਧ ਫੀਚਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਨਿਥਿਆ ਮੈਨਨ ਦਸ ਸਾਲ ਦੀ ਉਮਰ ਵਿੱਚ, ਪਹਿਲੀ ਵਾਰ ਇੱਕ ਬੱਚੇ ਦੇ ਰੂਪ ਵਿੱਚ, ਫ੍ਰੈਂਚ-ਭਾਰਤੀ ਅੰਗਰੇਜ਼ੀ ਫ਼ਿਲਮ, ਹਨੂੰਮਾਨ (1998), ਵਿੱਚ ਤੱਬੂ ਦੀ ਛੋਟੀ ਭੈਣ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ। ਉਸ ਨੇ 17 ਸਾਲ ਦੀ ਉਮਰ ਵਿੱਚ 2006 ਵਿੱਚ ਰਿਲੀਜ਼ ਹੋਈ ਕੰਨੜ ਫ਼ਿਲਮ 7 ਓ' ਕਲਾਕ ਵਿੱਚ ਇੱਕ ਸਹਾਇਕ ਭੂਮਿਕਾ ਵਿੱਚ ਦਿਖਾਈ ਦੇ ਕੇ ਆਪਣਾ ਅਭਿਨੈ ਕਰੀਅਰ ਸ਼ੁਰੂ ਕੀਤਾ। ਉਸ ਨੇ ਮਲਿਆਲਮ ਵਿੱਚ ਆਕਾਸ਼ਾ ਗੋਪੁਰਮ (2008), ਤੇਲਗੂ ਵਿੱਚ ਅਲਾ ਮੋਦਲੈੰਡੀ (2011), ਤਾਮਿਲ ਵਿੱਚ ਨੂਟਰੇਨਬਧੂ (2011) ਵਿੱਚ ਅਤੇ ਮਿਸ਼ਨ ਮੰਗਲ (2019) ਵਿੱਚ ਹਿੰਦੀ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਪਲਾਸੀ ਦਾ ਲੜਾਈ (ਬੰਗਾਲੀ: পলাশীর যুদ্ধ, ਪੋਲਾਸ਼ੀਰ ਜੂਧੋ) 23 ਜੂਨ 1757 ਨੂੰ ਕਲਕੱਤਾ (ਹੁਣ ਕੋਲਕਾਤਾ) ਤੋਂ ਲਗਪਗ 150 ਕਿਮੀਃ ਉੱਤਰ ਵੱਲ ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ 22 ਮੀਲ ਦੂਰ ਨਾਦੀਆ ਜਿਲ੍ਹੇ ਵਿੱਚ ਹੁਗਲੀ ਨਦੀ ਦੇ ਕੰਢੇ ਪਲਾਸੀ ਨਾਮਕ ਸਥਾਨ 'ਤੇ ਹੋਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਬਰਤਾਨਵੀ ਈਸਟ ਇੰਡੀਆ ਕੰਪਨੀ ਦੀ ਫੌਜ ਸੀ ਅਤੇ ਦੂਜੇ ਪਾਸੇ ਬੰਗਾਲ ਦੇ ਨਵਾਬ ਅਤੇ ਉਸਦੇ ਫਰਾਂਸੀਸੀ ਹਮਾਇਤੀਆਂ ਦੀ ਫੌਜ। ਇਹ ਲੜਾਈ ਸੱਤ ਸਾਲ (1756–63) ਲੰਮੀ ਜੰਗ ਦੇ ਦੌਰਾਨ ਹੋਈ ਸੀ। ਕੰਪਨੀ ਦੀ ਫੌਜ ਨੇ ਰਾਬਰਟ ਕਲਾਈਵ ਦੀ ਅਗਵਾਈ ਵਿੱਚ ਨਵਾਬ ਸਿਰਾਜ-ਉਦ-ਦੌਲਾ ਨੂੰ ਹਰਾ ਦਿੱਤਾ ਸੀ l ਪਲਾਸੀ ਦੀ ਲੜਾਈ ਰੌਬਰਟ ਕਲਾਈਵ ਦੀ ਅਗਵਾਈ ਵਿੱਚ 23 ਜੂਨ 1757 ਨੂੰ ਬੰਗਾਲ ਦੇ ਨਵਾਬ ਅਤੇ ਉਸਦੇ ਫ੍ਰਾਂਸੀਸੀ ਸਹਿਯੋਗੀਆਂ ਦੀ ਇੱਕ ਕਿਤੇ ਵੱਡੀ ਤਾਕਤ ਉੱਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਇੱਕ ਨਿਰਣਾਇਕ ਜਿੱਤ ਸੀ। ਲੜਾਈ ਨੇ ਕੰਪਨੀ ਨੂੰ ਬੰਗਾਲ ਦਾ ਕੰਟਰੋਲ ਹਾਸਲ ਕਰਨ ਵਿੱਚ ਸਹਾਇਤਾ ਕੀਤੀ l ਅਗਲੇ ਸੌ ਸਾਲਾਂ ਵਿੱਚ, ਉਨ੍ਹਾਂ ਨੇ ਭਾਰਤੀ ਉਪ -ਮਹਾਂਦੀਪ, ਮਿਆਂਮਾਰ ਅਤੇ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਹਿੱਸੇ ਉੱਤੇ ਕਬਜ਼ਾ ਕਰ ਲਿਆ l ਇਹ ਲੜਾਈ ਹੁਗਲੀ ਨਦੀ ਦੇ ਕਿਨਾਰੇ ਪਲਾਸ਼ੀ (ਅੰਗਰੇਜ਼ੀ ਸੰਸਕਰਣ: ਪਲਾਸੀ) , ਜੋ ਕਲਕੱਤੇ ਦੇ ਉੱਤਰ ਵਿੱਚ ਲਗਭਗ 150 ਕਿਲੋਮੀਟਰ (93 ਮੀਲ) ਅਤੇ ਮੁਰਸ਼ਿਦਾਬਾਦ ਦੇ ਦੱਖਣ ਵਿੱਚ, ਜੋ ਉਸ ਸਮੇਂ ਬੰਗਾਲ ਦੀ ਰਾਜਧਾਨੀ ਸੀ (ਹੁਣ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ) ਵਿਖੇ ਹੋਈ l ਲੜਨ ਵਾਲੇ ਨਵਾਬ ਸਿਰਾਜ-ਉਦ-ਦੌਲਾ, ਬੰਗਾਲ ਦੇ ਆਖਰੀ ਸੁਤੰਤਰ ਨਵਾਬ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸਨ l ਉਹ, ਅਲੀਵਰਦੀ ਖਾਨ (ਉਸਦੇ ਨਾਨਾ) ਦਾ ਉੱਤਰਾਧਿਕਾਰੀ ਸੀ l ਸਿਰਾਜ-ਉਦ-ਦੌਲਾ ਸਾਲ ਪਹਿਲਾਂ ਹੀ ਬੰਗਾਲ ਦਾ ਨਵਾਬ ਬਣਿਆ ਸੀ ਅਤੇ ਉਸਨੇ ਅੰਗਰੇਜਾਂ ਨੂੰ ਉਨ੍ਹਾਂ ਦੇ ਕਿਲ੍ਹੇ ਦੇ ਵਿਸਥਾਰ ਨੂੰ ਰੋਕਣ ਦਾ ਹੁਕਮ ਦਿੱਤਾ ਸੀ l ਰਾਬਰਟ ਕਲਾਈਵ ਨੇ ਨਵਾਬ ਦੀ ਫ਼ੌਜ ਦੇ ਕਮਾਂਡਰ-ਇਨ-ਚੀਫ਼ ਮੀਰ ਜਾਫ਼ਰ ਨੂੰ ਰਿਸ਼ਵਤ ਦਿੱਤੀ ਅਤੇ ਉਸਨੂੰ ਬੰਗਾਲ ਦਾ ਨਵਾਬ ਬਣਾਉਣ ਦਾ ਵਾਅਦਾ ਵੀ ਕੀਤਾ। ਕਲਾਈਵ ਨੇ 1757 ਵਿੱਚ ਪਲਾਸੀ ਵਿਖੇ ਸਿਰਾਜ-ਉਦ-ਦੌਲਾ ਨੂੰ ਹਰਾਇਆ ਅਤੇ ਕਲਕੱਤੇ ਉੱਤੇ ਕਬਜ਼ਾ ਕਰ ਲਿਆ। ਇਹ ਲੜਾਈ ਨਵਾਬ ਸਿਰਾਜ-ਉਦ-ਦੌਲਾ ਦੁਆਰਾ ਬ੍ਰਿਟਿਸ਼-ਨਿਯੰਤਰਿਤ ਕਲਕੱਤੇ 'ਤੇ ਹਮਲੇ ਅਤੇ ਬਲੈਕ ਹੋਲ ਕਤਲੇਆਮ ਤੋਂ ਪਹਿਲਾਂ ਹੋਈ ਸੀ। ਅੰਗਰੇਜ਼ਾਂ ਨੇ ਕਰਨਲ ਰੌਬਰਟ ਕਲਾਈਵ ਅਤੇ ਐਡਮਿਰਲ ਚਾਰਲਸ ਵਾਟਸਨ ਦੀ ਅਗਵਾਈ ਵਿੱਚ ਮਦਰਾਸ ਤੋਂ ਬੰਗਾਲ ਫੌਜ ਭੇਜੀ ਅਤੇ ਕਲਕੱਤੇ ਉੱਤੇ ਮੁੜ ਕਬਜ਼ਾ ਕਰ ਲਿਆ। ਕਲਾਈਵ ਨੇ ਫਿਰ ਚੰਦਰਨਗਰ ਦੇ ਫਰਾਂਸੀਸੀ ਕਿਲ੍ਹੇ ਉੱਤੇ ਕਬਜ਼ੇ ਦੀ ਪਹਿਲ ਕੀਤੀ l ਸਿਰਾਜ-ਉਦ-ਦੌਲਾ ਅਤੇ ਬ੍ਰਿਟਿਸ਼ ਦਰਮਿਆਨ ਤਣਾਅ ਅਤੇ ਸ਼ੱਕ ਦਾ ਨਤੀਜਾ ਪਲਾਸੀ ਦੀ ਲੜਾਈ ਵਿੱਚ ਨਿੱਕਲਿਆ l ਇਹ ਲੜਾਈ ਸੱਤ ਸਾਲਾਂ ਦੀ ਲੜਾਈ (1756–1763) ਦੇ ਦੌਰਾਨ ਚਲਾਈ ਗਈ ਸੀ, ਅਤੇ, ਉਨ੍ਹਾਂ ਦੀ ਯੂਰਪ ਵਿੱਚ ਦੁਸ਼ਮਣੀ ਦੇ ਅਕਸ ਵਜੋਂ, ਫ੍ਰੈਂਚ ਈਸਟ ਇੰਡੀਆ ਕੰਪਨੀ (ਲਾ ਕੰਪੈਨੀ ਡੇਸ ਇੰਡੀਜ਼ ਓਰੀਐਂਟੇਲਸ) ਨੇ ਅੰਗਰੇਜ਼ਾਂ ਦੇ ਵਿਰੁੱਧ ਲੜਨ ਲਈ ਇੱਕ ਛੋਟੀ ਜਿਹੀ ਟੁਕੜੀ ਭੇਜੀ l ਸਿਰਾਜ-ਉਦ-ਦੌਲਾ ਕੋਲ ਗਿਣਤੀ ਦੇ ਪੱਖੋਂ ਬਿਹਤਰ ਸ਼ਕਤੀ ਸੀ ਅਤੇ ਉਸਨੇ ਪਲਾਸੀ ਵਿਖੇ ਆਪਣਾ ਪੱਖ ਰੱਖਿਆ l ਵੱਡੀ ਗਿਣਤੀ ਤੋਂ ਚਿੰਤਤ ਅੰਗਰੇਜ਼ਾਂ ਨੇ ਸਿਰਾਜ-ਉਦ-ਦੌਲਾ ਦੇ ਰੁਤਬਾ ਘਟਾਏ ਹੋਏ ਫ਼ੌਜ ਮੁਖੀ ਮੀਰ ਜਾਫਰ, ਇਸਦੇ ਨਾਲ ਯਾਰ ਲੂਤੁਫ਼ ਖ਼ਾਨ, ਜਗਤ ਸੇਠਾਂ (ਮਹਤਾਬ ਚੰਦ ਅਤੇ ਸਵਰੂਪ ਚੰਦ), ਉਮੀਚੰਦ ਅਤੇ ਰਾਏ ਦੁਰਲਭ ਨਾਲ ਮਿਲ ਕੇ ਇੱਕ ਸਾਜ਼ਿਸ਼ ਰਚੀ। ਇਸ ਤਰ੍ਹਾਂ,ਮੀਰ ਜਾਫਰ, ਰਾਏ ਦੁਰਲਭ ਅਤੇ ਯਾਰ ਲੂਤੁਫ ਖਾਨ ਨੇ ਆਪਣੀਆਂ ਫੌਜਾਂ ਨੂੰ ਜੰਗ ਦੇ ਮੈਦਾਨ ਦੇ ਨੇੜੇ ਇਕੱਠਾ ਕੀਤਾ ਪਰ ਅਸਲ ਵਿੱਚ ਲੜਾਈ ਵਿੱਚ ਸ਼ਾਮਲ ਹੋਣ ਲਈ ਕੋਈ ਕਦਮ ਨਹੀਂ ਚੁੱਕਿਆ l ਲਗਭਗ 50,000 ਸਿਪਾਹੀਆਂ, 40 ਤੋਪਾਂ ਅਤੇ 10 ਜੰਗੀ ਹਾਥੀਆਂ ਵਾਲੀ ਸਿਰਾਜ-ਉਦ-ਦੌਲਾ ਦੀ ਫੌਜ ਨੂੰ ਕਰਨਲ ਰੌਬਰਟ ਕਲਾਈਵ ਦੇ 3,000 ਸਿਪਾਹੀਆਂ ਨੇ ਹਰਾ ਦਿੱਤਾ। ਲੜਾਈ ਲਗਭਗ 11 ਘੰਟਿਆਂ ਵਿੱਚ ਸਮਾਪਤ ਹੋ ਗਈ।
ਸਿੱਖ ਜਾਂ ਸਿਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ 'ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦੇ ਹਨ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਬਦੀਲ ਰੂਪ ਹੈ। ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।" ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂ ਕਿ ਕਿਸੇ ਨਸਲੀ ਗਰੁਪ ਲਈ। ਪਰ ਕਿਉਂਕਿ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇੱਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜ਼ਬੂਤ ਨਸਲੀ-ਧਾਰਮਕ ਸਬੰਧ ਮੌਜੂਦ ਹਨ। ਬਹੁਤ ਦੇਸ਼, ਜਿਵੇਂ ਕਿ ਯੂਨਾਈਟਡ ਕਿੰਗਡਮ, ਇਸ ਕਰਕੇ ਸਿੱਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ। ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸਿੱਖਸ ਨੇ ਸਿੱਖਾਂ ਨੂੰ ਯੂ.ਐਸ.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਨਸ਼ਿਆਂ ਦੇ ਵਪਾਰ ਦੇ ਵਿਰੁੱਧ ਸੰਯੁਕਤ ਰਾਸ਼ਟਰ ਦਾ ਅੰਤਰਰਾਸ਼ਟਰੀ ਦਿਵਸ ਹੈ। ਇਹ 1989 ਤੋਂ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। 26 ਜੂਨ ਦੀ ਤਾਰੀਖ ਲਿਨ ਜ਼ੈਕਸੂ ਦੇ ਹੁਮੇਨ, ਗੁਆਂਗਡੋਂਗ ਵਿੱਚ ਅਫੀਮ ਦੇ ਵਪਾਰ ਨੂੰ ਖਤਮ ਕਰਨ ਦੀ ਯਾਦ ਵਿੱਚ ਹੈ, ਜੋ ਕਿ ਚੀਨ ਵਿੱਚ ਪਹਿਲੀ ਅਫੀਮ ਜੰਗ ਤੋਂ ਠੀਕ ਪਹਿਲਾਂ 25 ਜੂਨ, 1839 ਨੂੰ ਖਤਮ ਹੋ ਗਈ ਸੀ। ਇਹ ਪਾਲਣਾ 7 ਦਸੰਬਰ 1987 ਦੇ ਜਨਰਲ ਅਸੈਂਬਲੀ ਦੇ ਮਤੇ 42/112 ਦੁਆਰਾ ਸ਼ੁਰੂ ਕੀਤੀ ਗਈ ਸੀ।